ਭਾਰਤ ਸਰਕਾਰ 40 ਪੱਤਰਕਾਰਾਂ ਦੀ ਜਾਸੂਸੀ ਪੈਗੇਸਸ ਰਾਹੀਂ ਕਰ ਰਹੀ ਹੈ

Read Time:2 Minute, 52 Second

ਫੌਰਬਿਡਨ ਸਟੋਰੀਸ ਅਤੇ ਐਮਨੇਸਟੀ ਇੰਟਰਨੈਸ਼ਨਲ ਨੇ ਫੋਨ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ ਜਿੰਨਾਂ ਦੀ ਭਾਰਤ ਸਰਕਾਰ ਵੱਲੋਂ ਪੈਗੇਸਸ ਰਾਹੀਂ ਜਾਸੂਸੀ ਕੀਤੀ ਜਾ ਰਹੀ ਹੈ। ਇਸ ਸੂਚੀ ਵਿੱਚ ਦੋ ਮੰਤਰੀਆਂ ਸਮੇਤ 40 ਪੱਤਰਕਾਰਾਂ ਦਾ ਨਾਮ ਸ਼ਾਮਿਲ ਹੈ।

ਪੈਗੇਸਸ ਕੀ ਹੈ?

ਪੈਗੇਸਸ ਇਜ਼ਰਾਈਲੀ ਕੰਪਨੀ, ਐਨਐਸਓ ਗਰੁੱਪ ਵੱਲੋਂ ਕਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਲੋਕਾਂ ਦੀ ਜਾਸੂਸੀ ਕਰਨ ਲਈ ਵੇਚਿਆ ਜਾਂਦਾ ਹੈ। ਪੈਗੇਸਸ ਰਾਹੀਂ ਕਿਸੇ ਦੇ ਫੋਨ ਦਾ ਡੇਟਾ, ਸੁਨੇਹੇ, ਗੱਲਾਂ-ਬਾਤਾਂ, ਟਿਕਾਣੇ ਬਾਰੇ ਜਾਣਿਆ ਜਾ ਸਕਦਾ ਹੈ।

ਪੈਗੇਸਸ ਬਹੁਤ ਹੀ ਉੱਨਤ ਵਾਇਰਸ ਹੈ, ਇਸ ਨੂੰ ਫੋਨ ਵਿੱਚ ਸਿਰਫ ਇੱਕ ਮਿਸ ਕਾੱਲ ਰਾਹੀਂ ਪਾ ਦਿੱਤਾ ਜਾਂਦਾ ਹੈ। ਮਿਸ ਕਾੱਲ ਤੋਂ ਬਾਅਦ ਪੈਗੇਸਸ ਤੁਹਾਡੇ ਫੋਨ ਦਾ ਸਾਰਾ ਡਾਟਾ ਹਾਸਿਲ ਕਰਨ ਦੇ ਸਮਰੱਥ ਹੋ ਜਾਂਦਾ ਹੈ।

ਪਹਿਲਾਂ ਵੀ ਨਰਿੰਦਰ ਮੋਦੀ ਦੀ ਸਰਕਾਰ ਉੱਤੇ ਲੱਗੇ ਸਨ ਦੋਸ਼

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਉੱਤੇ ਪਹਿਲਾਂ ਵੀ ਪੱਤਰਕਾਰਾਂ ਅਤੇ ਕੁਝ ਸਿਆਸੀ ਲੋਕਾਂ ਦੀ ਪੈਗਾਸਸ ਰਾਹੀਂ ਜਾਸੂਸੀ ਕਰਵਾਉਣ ਦੇ ਦੋਸ਼ ਲੱਗੇ ਹਨ ਅਤੇ ਹੁਣ ਫਿਰ 40 ਪੱਤਰਕਾਰਾਂ ਦੀ ਜਾਸੂਸੀ ਹੋਣ ਦਾ ਖੁਲਾਸਾ ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਇੱਕ ਸ਼ਰਮਨਾਕ ਕਾਰਾ ਹੈ।

ਇਹਨਾਂ 40 ਪੱਤਰਕਾਰਾਂ ਵਿੱਚੋਂ ਦਿੱਲੀ ਦੀਆਂ ਵੱਡੀਆਂ ਖਬਰੀ ਏਜੰਸੀਆਂ ਦੇ ਪੱਤਰਕਾਰ ਹਨ ਜੋ ਭਾਰਤੀ ਫੌਜ, ਸਿੱਖਿਆ, ਚੋਣ ਕਮਿਸ਼ਨ, ਕਸ਼ਮੀਰ ਮੁੱਦੇ ਬਾਰੇ ਲਿਖਦੇ ਹਨ।

ਦਿੱਲੀ ਦੇ ਮੀਡੀਆ ਤੋਂ ਬਿਨਾਂ ਪੰਜਾਬ ਤੋਂ ਰੋਜਾਨਾ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਦਾ ਨਾਮ ਵੀ ਇਸ ਸੂਚੀ ਵਿੱਚ ਆਇਆ ਹੈ, ਜਸਪਾਲ ਸਿੰਘ ਹੇਰਾਂ ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਬਾਰੇ ਬੇਬਾਕੀ ਨਾਲ ਲੰਮੇ ਸਮੇਂ ਤੋਂ ਲਿਖਦੇ ਆਏ ਹਨ ਅਤੇ ਝਾਰਖੰਡ ਦੇ ਪੱਤਰਕਾਰ ਰੂਪੇਸ਼ ਕੁਮਾਰ ਸਿੰਘ ਦਾ ਨਾਮ ਵੀ ਇਸ ਸੂਚੀ ਵਿੱਚ ਹੈ ਜੋ ਭਾਰਤ ਸਰਕਾਰ ਵੱਲੋਂ ਆਦਿਵਾਸੀਆਂ ਉੱਤੇ ਹੋ ਰਹੇ ਜ਼ੁਲਮਾਂ ਬਾਰੇ ਲਿਖਦੇ ਰਹੇ ਹਨ। ਰੂਪੇਸ਼ ਕੁਮਾਰ ਸਿੰਘ ਉੱਤੇ ਦੋ ਸਾਲ ਪਹਿਲਾਂ UAPA ਅਧੀਨ ਮੁਕੱਦਮਾ ਵੀ ਹੋਇਆ ਸੀ ਅਤੇ ਉਹ ਜ਼ੇਲ੍ਹ ਵੀ ਜਾ ਚੁੱਕੇ ਹਨ।

ਅਸੀਂ ਅਦਾਰਾ ‘ਪੰਜ ਤੀਰ’ ਵੱਲੋਂ ਭਾਰਤ ਸਰਕਾਰ ਦੇ ਇਸ ਸ਼ਰਮਨਾਕ ਕਾਰੇ ਦੀ ਨਿੰਦਾ ਕਰਦੇ ਹਾਂ ਅਤੇ ਇਹਨਾਂ ਪੱਤਰਕਾਰਾਂ ਨੂੰ ਵਧਾਈ ਭੇਜਦੇ ਹਾਂ ਕਿ ਹਨੇਰਿਆਂ ਦੇ ਦੌਰ ਵਿੱਚ ਉਹ ਚਾਨਣ ਮੁਨਾਰੇ ਸਾਬਿਤ ਹੋ ਰਹੇ ਹਨ, ਸਰਕਾਰਾਂ ਦੀ ਅੱਖਾਂ ਵਿੱਚ ਰੜਕ ਰਹੇ ਹਨ।

Leave a Reply

Your email address will not be published. Required fields are marked *

Social profiles