ਸਿੱਖ ਨਸਲਕੁਸ਼ੀ ‘ਤੇ ਬਣੀ ਲੜੀਵਾਰ ‘ਗ੍ਰਹਿਣ’ ਅਤੇ ਇਸਦੀਆਂ ਉਲਝਣਾਂ- ਬਲਤੇਜ ਸਿੰਘ

Read Time:14 Minute, 2 Second

24 ਜੂਨ ਨੂੰ ਹੌਟਸਟਾਰ ‘ਤੇ ਵੈੱਬ ਸੀਰੀਜ਼ ‘ਗ੍ਰਹਿਣ’ ਰਿਲੀਜ਼ ਹੋਈ ਹੈ ਜੋ ਬੋਕਾਰੋ ਦੇ ਸਨਅਤੀ ਖੇਤਰਾਂ ਵਿੱਚ ਹੋਈ ਸਿੱਖ ਨਸਲਕੁਸ਼ੀ 1984 ਉੱਤੇ ਆਧਾਰਿਤ ਹੈ। ਬੀਤੇ ਵਿੱਚ ਹੋਈਆਂ ਬੇਇਨਸਾਫੀਆਂ ਅਤੇ ਪੁਲਿਸ ਜਾਂਚ-ਪੜਤਾਲਾਂ ਬਾਰੇ ਬਣਦੀਆਂ ਫਿਲਮ/ ਲੜੀਵਾਰਾਂ ਵਿੱਚ ਅਕਸਰ ਕੁਝ ਵੀ ਨਵਾਂ ਨਹੀਂ ਹੁੰਦਾ। ਜਿੰਨਾਂ ਕੁ ਬਿਰਤਾਂਤ ਆਮ ਜਨ ਵਿੱਚ ਸਵਿਕਾਰਿਆ ਜਾ ਚੁੱਕਾ ਹੁੰਦਾ ਫਿਲਮਾਂ/ ਲੜੀਵਾਰ ਉਸ ਤੋਂ ਵੀ ਇੱਕ ਕਦਮ ਪਿੱਛੇ ਖੜ ਕੇ ਬੋਲਦੇ ਹਨ ਅਤੇ ਇੱਕ ਕਹਾਣੀ ਜੋ ਸਾਰੀਆਂ ਹੀ ਫਿਲਮਾਂ/ਨਾਟਕਾਂ ਵਿੱਚ ਸਾਂਝੀ ਹੁੰਦੀ ਹੈ, ਉਹ ਇਹ ਹੈ ਕਿ ਇੱਕ ਇਮਾਨਦਾਰ ਅਫਸਰ, ਉਹਦੀ ਬਰਖਾਸਤੀ ਅਤੇ ਬਰਖਾਸਤੀ ਤੋਂ ਬਾਅਦ ਬਹੁਤ ਤਨਦੇਹੀ ਨਾਲ ਨਿਭਾਈ ਡਿਊਟੀ ਵਿੱਚੋਂ ਨਿੱਕਲਿਆ ਇਨਸਾਫ। ਫਿਲਮ ਦੇ ਆਖਿਰ ਉੱਤੇ ਮਿਲੇ ਇਸ ਇਨਸਾਫ ਨਾਲ ਦਰਸ਼ਕ ਦਾ ਮਨ ਭਾਰਤੀ ਲੋਕਤੰਤਰ, ਨਿਆਂ-ਪ੍ਰਣਾਲੀ ਲਈ ਗਦ ਗਦ ਹੋ ਉੱਠਦਾ ਹੈ ਅਤੇ ਦਰਸ਼ਕ ਲੁਕਵੇਂ ਰੂਪ ਵਿੱਚ ਇਹ ਮੰਨ ਲੈਂਦਾ ਹੈ ਕਿ ਇਨਸਾਫ ਸਿਆਸੀ ਨੇਤਾਵਾਂ ਕਰਕੇ ਰੁਕਦਾ ਹੈ ਅਤੇ ਖਾਕੀ ਵਰਦੀ ਦੀ ਤਾਨਾਸ਼ਾਹੀ ਉਸ ਰੁਕੇ ਹੋਏ ਇਨਸਾਫ ਨੂੰ ਕੱਢ ਲਿਆਉਂਦੀ ਹੈ। ਉਹ ਗੱਲ ਵੱਖਰੀ ਹੈ ਕਿ ਫਿਲਮਾਂ ਵਿੱਚ ਦਿਖਾਇਆ ਪੁਲਿਸ ਦਾ ਧੜਾਧੜ ਐਨਕਾਊਂਟਰ ਕਰਨ ਵਾਲਾ ਕਿਰਦਾਰ ਜਦੋਂ ਹਕੀਕਤ ਵਿੱਚ ਆਉਂਦਾ ਹੈ ਤਾਂ ਪੁਲਿਸੀਆ ਬੰਦੂਕਾਂ ਦੇ ਸਾਹਮਣੇ ਸਭ ਤੋਂ ਪਹਿਲੇ ਸਿਰ ਗਰੀਬ-ਗੁਰਬਿਆਂ, ਘੱਟ ਗਿਣਤੀਆਂ ਜਾਂ ਦਲਿਤਾਂ ਦੇ ਹੀ ਆਉਂਦੇ ਹਨ। ਨਹੀਂ ਯਕੀਨ ਤਾਂ ਦੇਸ਼ ਭਰ ਵਿੱਚ ਹੁਣ ਤੱਕ ਹੋਏ ਐਨਕਾਊਂਟਰਾਂ ਵਿੱਚ ਮਾਰੇ ਗਏ ਲੋਕਾਂ ਦੇ ਨਾਮ ਦੇਖ ਲਓ।

‘ਗ੍ਰਹਿਣ’ ਲੜੀਵਾਰ ਵੀ ਇਹੋ ਜਿਹੀ ਹੀ ਹੈ ਅਤੇ ਇਮਾਨਦਾਰ ਅਫਸਰਾਂ ਨੂੰ ਉਡੀਕ ਰਹੀ ਹੈ। ਪਰ ਇਸ ਲੜੀਵਾਰ ਵਿੱਚ ਇਸ ਤੋਂ ਵੀ ਜਿਆਦਾ ਬੁਰਾ ਹਿੱਸਾ ਇਹ ਹੈ ਕਿ ਅਕਤੂਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਦਰਦ ਦਿਖਾਉਣ ਦੀ ਬਜਾਇ ਇਹ ਸਿੱਖਾਂ ਦੇ ਜਖ਼ਮਾਂ ਨੂੰ ਕੁਰੇਦਣ ਵਾਲੀ ਹੈ। ਫਿਲਮ ਦੀ ਸਾਰੀ ਕਹਾਣੀ ਇੱਕ ਦੰਗਾਈ ਦੀ ਪ੍ਰੇਮ ਕਹਾਣੀ ਹੈ ਅਤੇ ਫਿਲਮ ਦੇ ਸਾਰੇ ਦ੍ਰਿਸ਼ ਉਸ ਦੰਗਾਈ ਨੂੰ ਜਾਇਜ ਠਹਿਰਾਉਂਦੇ ਹਨ। ਆਖਿਰ ਤੱਕ ਪਹੁੰਚਦੇ ਪਹੁੰਚਦੇ ਲੜੀਵਾਰ ਘਾੜੇ ਬੜੇ ਹੀ ਚਲਾਕ ਸੰਗੀਤ, ਦ੍ਰਿਸ਼ਾਂ, ਗੱਲਾਂਬਾਤਾਂ ਜ਼ਰੀਏ ਦਰਸ਼ਕ ਨੂੰ ਇਸ ਪੜਾਅ ਤੇ ਲੈ ਆਉਂਦੇ ਹਨ ਜਿੱਥੇ ਦਰਸ਼ਕ ਸਹਿਜੇ ਹੀ ਅਜਿਹਾ ਸੀਨ ਦੇਖ ਲੈਂਦਾ ਹੈ ਜਿਸ ਵਿੱਚ ਇੱਕ ਦੰਗਾ ਪੀੜਤ (ਮਨਜੀਤ ਕੌਰ), ਦੰਗਾਈ (ਰਿਸ਼ੀ ਰੰਜਨ) ਨੂੰ ਕਹਿ ਰਹੀ ਹੁੰਦੀ ਹੈ, “ਤੂੰ ਮੇਰੀ ਨਜ਼ਰਾਂ ਵਿੱਚ ਕਦੇ ਵੀ ਗੁਨਾਹਗਾਰ ਨਹੀਂ ਸੀ।” ਅਤੇ ਇੱਕ ਹੋਰ ਦੰਗਾ ਪੀੜਤ (ਅਮ੍ਰਿਤਾ ਸਿੰਘ), ਦੰਗਾਈ (ਰਿਸ਼ੀ ਰੰਜਨ) ਨੂੰ ਕਹਿੰਦੀ ਹੈ, “ਕਿ ਮੈਨੂੰ ਮਾਫ ਕਰ ਦਓ, ਮੈਂ ਤੁਹਾਨੂੰ ਗਲਤ ਸਮਝਿਆ।“ ਭਾਵੁਕ ਕਰ ਦੇਣ ਵਾਲੇ ਸੰਗੀਤ ਦੇ ਪਿੱਛੇ ਸੁਣਿਆ ਜਾਣ ਵਾਲਾ ਇਹ ਡਾਇਲੋਗ ਬੇਹੱਦ ਘਿਨਾਉਣਾ ਹੈ।

ਫਿਲਮ ਦੀ ਲੇਖ ਨਾਲੋਂ ਵਿਲੱਖਣਤਾ ਇਹ ਹੀ ਹੁੰਦੀ ਹੈ ਕਿ ਉਸ ਕੋਲ ਬਿਰਤਾਂਤ ਸਿਰਜਣ ਲਈ ਬਹੁਤ ਕੁਝ ਹੁੰਦਾ ਹੈ। ਫਿਲਮ ਸਿਰਫ ਡਾਇਲੋਗ ਹੀ ਨਹੀਂ, ਦਿਖਾਈਆਂ ਗਈਆਂ ਝਾਕੀਆਂ, ਸੰਗੀਤ ਸਭ ਰਾਹੀਂ ਬਿਰਤਾਂਤ ਸਿਰਜ ਰਹੀ ਹੁੰਦੀ ਹੈ। ਇਸ ਲੜੀਵਾਰ ਵਿੱਚ ਵੀ ਕੁਝ ਡਾਇਲਾਗ ਅਤੇ ਦ੍ਰਿਸ਼ ਅਜਿਹੇ ਹਨ ਜੋ ਬਿਰਤਾਂਤ ਸਿਰਜਣ ਵਿੱਚ ਸਹਾਈ ਹਨ। ਜਿਵੇਂ ਇਸ ਲੜੀਵਾਰ ਵਿੱਚ ਦੋ ਦੰਗਾਈ ਦਿਖਾਏ ਹਨ ਇੱਕ ਰਿਸ਼ੀ ਰੰਜਨ ਅਤੇ ਦੂਜਾ ਗੁਰੂ।  ਦਰਸ਼ਕ ਦੰਗਾਈਆਂ ਨੂੰ ਜਿਆਦਾ ਸਖਤੀ ਨਾਲ ਨਾ ਦੇਖਣ ਇਸ ਲਈ ਦੋਹੇਂ ਹਿੰਦੂ ਦੰਗਾਈਆਂ ਨੂੰ 1984 ਸਿੱਖ ਨਸਲਕੁਸ਼ੀ ਤੋਂ ਬਾਅਦ ਵਿੱਚ ਸਿੱਖ ਪਹਿਚਾਣ (ਪੱਗ ਅਤੇ ਵਧੀ ਹੋਈ ਦਾਹੜੀ) ਵਿੱਚ ਦਿਖਾਇਆ ਗਿਆ ਹੈ। ਉਹਨਾਂ ਵਿੱਚੋਂ ਇੱਕ ਸਿੱਖ ਬਣ ਕੇ ਆਪਣਾ ਆਮ ਪਰਿਵਾਰ ਚਲਾ ਰਿਹਾ ਹੈ ਅਤੇ ਦੂਸਰਾ ਪਾਗਲ ਹੋ ਕੇ ਗੁਰਦੁਆਰੇ ਵਿੱਚ ਸੇਵਾ ਕਰ ਰਿਹਾ ਹੈ। ਲੜੀਵਾਰ ਦੇ ਕੁਝ ਡਾਇਲਾਗ ਵੀ ਕਾਤਲਾਂ ਪ੍ਰਤੀ ਦਰਸ਼ਕਾਂ ਦਾ ਰੁਖ ਨਰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਰਿਸ਼ੀ ਰੰਜਨ ਵਾਰ-ਵਾਰ ਬੋਲਦਾ ਹੈ, “ਉਸ ਵੇਲੇ ਹਾਲਾਤ ਹੀ ਇਹ ਸਨ ਕਿ ਤੁਸੀਂ ਜਾਂ ਤਾਂ ਉਹਨਾਂ (ਨਸਲਕੁਸ਼ੀ ਕਰਨ ਵਾਲਿਆਂ) ਦੇ ਨਾਲ ਖੜ ਸਕਦੇ ਸੀ ਜਾਂ ਉਹਨਾਂ ਦੇ ਖਿਲਾਫ।”

ਲੜੀਵਾਰ ਕਿਤੇ ਵੀ ਇਹ ਸਵਾਲ ਨਹੀਂ ਕਰਦੀ ਕਿ ਰਿਸ਼ੀ ਰੰਜਨ ਨੇ ਖਿਲਾਫ ਹੋਣਾ ਕਿਉਂ ਨਹੀਂ ਚੁਣਿਆ? ਸਗੋਂ ਇਹ ਦੱਸਣ ਤੁਰ ਪੈਂਦੀ ਹੈ ਕਿ ਉਹ ਦੰਗਈਆਂ ਦੇ ਨਾਲ ਰਲ ਰਲ ਕੇ ਕੀ-ਕੀ ਫਾਇਦੇ ਕਰਾ ਗਿਆ। ਜਿਵੇਂ ਇੱਕ ਸਿੱਖ ਦੁਕਾਨਦਾਰ ਦੀ ਜਾਨ ਬਚਾਉਣ ਲਈ ਉਸ ਦੀ ਕਾਰ ਫੂਕਣਾ, ਅਤੇ ਸਭ ਤੋਂ ਘਟੀਆ ਗੱਲ ਕਿ ਆਪਣੀ ਸਿੱਖ ਪ੍ਰੇਮਿਕਾ ਦੇ ਟੱਬਰ ਨੂੰ ਬਚਾਉਣ ਲਈ ਦੰਗਈਆਂ ਦਾ ਆਗੂ ਬਣ ਜਾਣਾ ਤਾਂ ਜੋ ਇੱਕ ਖਾਸ ਟੱਬਰ ਨੂੰ ਬਚਾਇਆ ਜਾ ਸਕੇ। ਫਿਲਮ ਘਾੜੇ ਇਹ ਦਿਖਾਉਣ ਤੋਂ ਬਚਦੇ ਰਹੇ ਕਿ ਆਗੂ ਬਣ ਕੇ ਉਸਨੇ ਹੋਰ ਕਿੰਨੇ ਸਿੱਖਾਂ ਦੇ ਕਤਲ ਕੀਤੇ?

ਲੜੀਵਾਰ 1984 ਦੇ 30 ਸਾਲ ਗੁਜ਼ਰ ਜਾਣ ਤੋਂ ਬਾਅਦ ਸਿੱਖਾਂ ਨੂੰ ਇਨਸਾਫ ਨਾ ਮਿਲਣ ਦੀ ਗੱਲ ਛੇੜਦਾ ਹੈ ਅਤੇ ਦੱਸਦਾ ਹੈ ਕਿ ਜੋ 1984 ਵਿੱਚ ਸਿੱਖਾਂ ਖਿਲਾਫ ਮਾਹੌਲ ਬਣਿਆ ਸੀ ਉਹ ਅੱਜ “ਹਿੰਦ ਨਗਰ” (ਇਹ ਸ਼ਾਇਦ ਹਿੰਦੋਸਤਾਨ ਲਈ ਚਿੰਨਾਤਮਕ ਹੋਵੇ) ਵਿੱਚ ਮੁਸਲਮਾਨਾਂ ਖਿਲਾਫ ਬਣ ਰਿਹਾ ਹੈ। ਮੁਸਲਮਾਨਾਂ ਦਾ ਨਾਮ ਵੋਟਰ ਲਿਸਟ ਵਿੱਚੋਂ ਕੱਢਿਆ ਜਾ ਰਿਹਾ ਹੈ। ਦੰਗੇ ਹੋਣ ਦੇ ਮਾਹੌਲ ਵਿੱਚ ਫਿਲਮ ਘਾੜਾ ਇੱਥੇ ਵੀ ਸਿਰਫ ਮੁਸਲਮਾਨਾਂ ਵੱਲੋਂ ਰੱਖੇ ਪੈਟ੍ਰੌਲ ਬੰਬ, ਦਾਤ, ਹਥਿਆਰ ਹੀ ਲੱਭ ਸਕਿਆ ਜੋ ਮੁਸਲਮਾਨ ਅਨੁਸਾਰ ਉਸ ਨੇ ਆਪਣੀ ਸਵੈ-ਰੱਖਿਆ ਲਈ ਰੱਖੇ ਹਨ। ਦੰਗਾ ਮਟੀਰੀਅਲ ਦੇ ਤੌਰ ਉੱਤੇ ਹਿੰਦੂਆਂ ਕੋਲੋਂ ਸਿਰਫ ਵਟਸਐਪ ਵੀਡੀਓ ਬਰਾਮਦ ਹੁੰਦੀ ਹੈ ਇਹ ਲੜੀਵਾਰ ਦਾ ਸੱਤਵਾਂ ਐਪੀਸੋਡ ਹੈ ਇਸ ਵਿੱਚ ਫਿਲਮ ਘਾੜਾ ਆਪਣੀ ਘਟੀਆ ਲੈਵਲ ਦੀ ਕਮੀਨਗੀ ਓਦੋਂ ਦਿਖਾਉਂਦਾ ਹੈ ਜਦੋਂ ਇੱਕ ਪੁਲਿਸ ਵਾਲੀ ਲੜ ਰਹੇ ਦੰਗਈਆਂ ਵਿੱਚ ਜਾ ਕੇ ਪੁਰਾਣੀਆਂ ਫਿਲਮਾਂ ਵਾਲੀ ਨਾਨਾ ਪਾਟੇਕਰ ਬਣ ਜਾਂਦੀ ਹੈ ਅਤੇ ਮਨੁੱਖਤਾਵਾਦੀ ਭਾਸ਼ਣ ਦੇ ਕੇ ਆਖਿਰ ‘ਤੇ ਕਹਿੰਦੀ ਹੈ, “ਦੰਗਈ ਦਾ ਕੋਈ ਧਰਮ ਨਹੀਂ ਹੁੰਦਾ।” ਇਸ ਮਾਮਲੇ ਵਿੱਚ ਮੈਨੂੰ ਫਿਲਮਾਂ ਤੇ ਰੋਸ ਆਉਂਦਾ ਹੈ ਕਿ ਫਿਲਮਾਂ ਇੱਕ-ਤਰਫੀ ਚਰਚਾ ਹਨ ਜੇਕਰ ਫਿਲਮ ਵਿੱਚ ਦਰਸ਼ਕ ਸਵਾਲ ਕਰ ਸਕਦਾ ਹੁੰਦਾ ਤਾਂ ਮੈਂ ਪੁੱਛਦਾ ਕਿ ਜੇਕਰ ਦੰਗਈ ਦਾ ਕੋਈ ਧਰਮ ਨਹੀਂ ਹੁੰਦਾ ਤਾਂ “ਦੰਗਿਆਂ” ਵਿੱਚ ਮਰਨ ਵਾਲੇ ਸਿਰਫ ਇੱਕ ਖਾਸ ਧਰਮ ਦੇ ਹੀ ਕਿਉਂ ਹੁੰਦੇ ਹਨ?

ਵੈਸੇ ਇਹ ਵੀ ਇੱਕ ਤ੍ਰਾਸਦੀ ਹੀ ਹੈ ਕਿ ਦੇਸ਼ ਦੇ ਫਿਲਮਘਾੜੇ ਅਤੇ ਲੇਖਕ ਦੰਗੇ ਅਤੇ ਨਸਲਕੁਸ਼ੀ ਵਿੱਚ ਫਰਕ ਕਰਨ ਤੋਂ ਅਸਮਰੱਥ ਹਨ। ਉਹ ਹਾਲੇ ਤੱਕ ਆਪਣੀਆਂ ਲਿਖਤਾਂ ਅਤੇ ਫਿਲਮਾਂ ਵਿੱਚ 1984 ਹਿੰਦੂ-ਸਿੱਖ ਦੰਗੇ ਕਹਿੰਦੇ ਹਨ।

ਲੜੀਵਾਰ ਦਾ ਇੱਕ ਡਾਇਲੋਗ ਹੈ ਜੋ ਦੋ ਵਾਰ ਬੋਲਿਆ ਗਿਆ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਹਰ ਚੀਜ਼ ਨੂੰ ਕਾਲੇ-ਚਿੱਟੇ ਵਿੱਚ ਦੇਖਦੇ ਹੋ ਯਾਨਿ ਦੋ ਧੁਰਿਆਂ ਨੂੰ ਹੀ ਦਿਖਦੇ ਹੋ। ਇਹ ਡਾਇਲੋਗ ਸ਼ੁਰੂ ਵਿੱਚ ਡੀ.ਆਈ.ਜੀ ਬੋਲਦਾ ਹੈ ਅਤੇ ਆਖਿਰ ਉੱਤੇ ਦੰਗਿਆਂ ਨੂੰ ਭੜਕਾਉਣ ਵਾਲਾ ਨੇਤਾ ਸੰਜੇ ਸਿੰਘ ਜੋ ਕਿਸੇ ਵੇਲੇ ਕਾਂਗਰਸ ਦਾ ਨੇਤਾ ਰਹਿ ਚੁੱਕਿਆ ਹੁੰਦਾ ਹੈ। ਇਸੇ ਡਾਇਲੋਗ ਰਾਹੀਂ ਹੀ ਲੜੀਵਾਰ ਆਪਣਾ ਅਸਲ ਬਿਰਤਾਂਤ ਸਿਰਜ ਰਹੀ ਹੈ ਵਿਚਕਾਰ ਦੇ ਭਾਂਤ-ਭਾਂਤ ਦੇ ਰੰਗ ਤਲਾਸ਼ਦੀ ਲੜੀਵਾਰ ਆਪ ਵੀ ਉਲਝੀ ਹੈ ਅਤੇ ਦਰਸ਼ਕ ਨੂੰ ਕਿਸੇ ਵਿੱਚ-ਵਿਚਾਲੇ ਵਿੱਚ ਉਲਝਾ ਰਹੀ ਹੈ। ਉਂਝ ਲੜੀਵਾਰ ਦਾ ਇਹ ਡਾਇਲੋਗ ਆਪਾਵਿਰੋਧੀ ਹੈ ਜਦੋਂ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਉਂਦੀ ਹੈ ਓਦੋਂ ਇਹ ਦਰਸ਼ਕਾਂ ਨੂੰ ਕਹਿੰਦੇ ਹਨ ਕਿ ਕੁਝ ਵੀ ਕਾਲਾ-ਚਿੱਟਾ ਯਾਨਿ ਕਿ ਸਿੱਧਾ ਸਿੱਧਾ ਨਾ ਦੇਖੋ। ਉਸ ਦੀਆਂ ਤਹਿਆਂ ਫਰੋਲੋ, ਪਰਦੇ ਪਿੱਛੇ ਦੀਆਂ ਘਟਨਾਵਾਂ ਦੇਖੋ ਦੋਸ਼ੀ ਕੋਈ ਹੋਰ ਹਨ ਪਰ ਜਦੋਂ ਕਤਲੇਆਮ ਦੇ ਦਿਨਾਂ ਦੀ ਗੱਲ ਤੁਰਦੀ ਹੈ ਤਾਂ ਫਿਲਮ ਘਾੜੇ ਆਪ ਕਾਲੇ-ਚਿੱਟੇ ‘ਚ ਹੀ ਦੇਖ ਰਿਹਾ ਹੈ। ਫਿਲਮ ਘਾੜਾ 1984 ਕਤਲੇਆਮ ਦਾ ਸਾਰਾ ਇਲਜ਼ਾਮ ਘਟਾ ਘਟਾ ਕੇ ਕੁਝ ਲੋਕਾਂ ਦੇ ਸਿਆਸੀ ਫਾਇਦੇ ਜਾਂ ਨਿੱਜੀ ਫਾਇਦਿਆਂ ਨਾਲ ਜੋੜ ਕੇ ਇਹ ਸਾਬਿਤ ਕਰ ਰਿਹਾ ਹੈ ਕਿ ਬਾਕੀ ਦੇ ਹਿੰਦੂ ਜੋ ਦੰਗਾ ਕਰਨ ਵਿੱਚ ਸ਼ਾਮਿਲ ਸਨ ਉਹ ਬੁੱਗ ਸਨ। ਉਹਨਾਂ ਨੂੰ ਤਾਂ ਕੁਝ ਨਹੀਂ ਪਤਾ ਸੀ ਬੱਸ ਬਾਹਰੋਂ ਕੋਈ ਆਇਆ ਆਪਣੇ ਨਿੱਜੀ ਫਾਇਦਿਆਂ ਲਈ ਉਹਨਾਂ ਵਿਚਾਰਿਆਂ ਨੂੰ ਭੜਕਾ ਗਿਆ। ਫਿਲਮ ਦੀ ਇਹ ਗੱਲ ਬਹੁਗਿਣਤੀਵਾਦ ‘ਤੇ ਉਂਗਲ ਧਰਨ ਤੋਂ ਬਚਦੀ ਹੈ, ਬਹੁ-ਗਿਣਤੀ ਜੋ ਦੂਜਿਆਂ ਨੂੰ ਉਹਨਾਂ ਦੇ ਪਹਿਰਾਵੇ, ਖਾਣ-ਪਹਿਨਣ, ਸੱਭਿਆਚਾਰ ਕਰਕੇ ਨਫਰਤ ਕਰ ਰਹੀ ਹੈ। ਜਦੋਂ ਵੀ ਕਦੇ ਬਹੁ-ਗਿਣਤੀ ਵੱਲੋਂ ਕੀਤੇ ਦੰਗਿਆਂ ਦੀ ਜਾਂ ਕਤਲੇਆਮਾਂ ਦੀ ਗੱਲ ਹੋਵੇਗੀ ਤਾਂ ਬਹੁ-ਗਿਣਤੀ ਨੂੰ ਇਹ ਵਿਚਾਰਨਾ ਪਵੇਗਾ ਕਿ ਕਿਹੜੀਆਂ ਚੀਜ਼ਾਂ ਹਨ ਜੋ ਸਾਨੂੰ ਹਥਿਆਰ ਚੁਕਾ ਕੇ ਲੋਕਾਂ ਦੀਆਂ ਦੁਕਾਨਾਂ ਲੁਟਵਾ ਦਿੰਦੀਆਂ ਹਨ। ਕਿਹੜੀ ਚੀਜ਼ ਹੈ ਜੋ ਤੁਹਾਨੂੰ ਓਦੋਂ ਚੁੱਪ ਰੱਖਦੀ ਹੈ ਜਦੋਂ ਤੁਹਾਡੇ ਧਰਮ ਦੇ ਲੋਕ ਤੁਹਾਡੇ ਧਰਮ ਦੇ ਨਾਮ ‘ਤੇ ਫਸਾਦ ਕਰ ਰਹੇ ਹੁੰਦੇ ਹਨ। ਜਦੋਂ ਤੁਹਾਡੇ ਧਰਮ ਦੇ ਲੋਕ ਫਸਾਦ ਕਰ ਰਹੇ ਹੁੰਦੇ ਹਨ ਅਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਕੋਲ ਉਹਨਾਂ ਦੇ ਨਾਲ ਖੜਣਾ ਜਾਂ ਵਿਰੋਧ ‘ਚ ਖੜਣਾ ਚੁਣਨ ਤੋਂ ਬਿਨਾਂ ਕੋਈ ਰਾਹ ਨਹੀਂ ਤਾਂ ਤੁਹਾਡੇ ਵਿੱਚੋਂ ਬਹੁਤੇ ਨਾਲ ਖੜਣਾ ਹੀ ਕਿਉਂ ਚੁਣਦੇ ਹਨ? ਕਿਉਂਕਿ ਇਹ ਬਹੁ-ਗਿਣਤੀਵਾਦ ਹੈ ਹਰ ਇੱਕ ਆਪਣੀ ਖਾਸ ਪਹਿਚਾਣ ਕਰਕੇ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਦਾ ਹੈ, ਲੋਕ ਓਦੋਂ ਸੁਰੱਖਿਅਤ ਮਹਿਸੂਸ ਕਰਦੇ ਹਨ ਜਦੋਂ ਉਹਨਾਂ ਵਾਲੀ ਪਹਿਚਾਣ ਦੇ ਲੋਕ ਸੱਤਾ ਵਿੱਚ ਹੋਣ, ਸੱਤਾ ਵਿੱਚ ਜਾ ਕੇ ਉਹ ਦੂਜੇ ਧਰਮਾਂ ਦੇ ਲੋਕਾਂ ਨਾਲ ਕਿੰਨਾ ਮਰਜੀ ਜਬਰ ਕਰਨ ਤੁਹਾਨੂੰ ਇਸ ਨਾਲ ਫਰਕ ਨਹੀਂ ਪੈਂਦਾ। ਇਹ ਚੀਜ਼ਾਂ ਹੀ ਤੁਹਾਨੂੰ ਸੰਭਾਵੀ ਦੰਗਈ ਬਣਾਉਂਦੀਆਂ ਹਨ।

ਉਂਝ ਕੋਈ ਸੱਜਣ ਇਤਰਾਜ਼ ਕਰ ਸਕਦਾ ਹੈ ਕਿ ਲੜੀਵਾਰ ਨੇ 1984 ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ, ਜਾਤ-ਪਾਤ ਦੇ ਮੁੱਦੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਕਿ ਇਹ ਲੜੀਵਾਰ ਦੇ ਸਕਾਰਾਤਮਕ ਪੱਖ ਹਨ ਇਹਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਤਾਂ ਫਿਲਮ ਦਾ ਕੰਮ ਸਿਰਫ ਕਹਾਣੀ ਸੁਣਾਉਣਾ ਨਹੀਂ ਹੁੰਦਾ, ਫਿਲਮ ਨੇ ਉਸ ਕਹਾਣੀ ਜਰੀਏ ਕੋਈ ਵਿਚਾਰ ਦੇਣਾ ਹੁੰਦਾ ਹੈ ਕੋਈ ਬਿਰਤਾਂਤ ਘੜਣਾ ਹੁੰਦਾ ਹੈ। ਇਸੇ ਲਈ ਆਪਣੀ ਸਾਰੀ ਗੱਲ ਵੀ ਉਸੇ ‘ਤੇ ਹੀ ਕੇਂਦਰਿਤ ਰਹਿਣੀ ਚਾਹੀਦੀ ਹੁੰਦੀ ਹੈ ਕਿ ਆਖਿਰ ਵਿੱਚ ਦਰਸ਼ਕ ਲੈਕੇ ਕੀ ਜਾ ਰਿਹਾ ਹੈ?

ਜਿਵੇਂ ਆਪਾਂ ਸ਼ੁਰੂ ਵਿੱਚ ਹੀ ਗੱਲ ਕੀਤੀ ਕਿ ਲੜੀਵਾਰ ਦੇ ਇਸ ਸੀਜ਼ਨ ਦਾ ਪੂਰਾ ਜ਼ੋਰ ਸਿੱਖਾਂ ਦੇ ਕਾਤਲ ਦੀ ਇੱਕ ਨਿੱਜੀ ਪ੍ਰੇਮ ਕਹਾਣੀ ਸੁਣਾ ਕੇ ਉਸ ਨੂੰ ਬਰੀ ਕਰਨ ‘ਤੇ ਲੱਗਿਆ ਹੈ। ਇਸ ਸੀਜ਼ਨ ਦੇ ਸੱਤ ਐਪੀਸੋਡਾਂ ਦਾ ਕਹਿਣਾ ਹੈ ਕਿ ਗਲੀਆਂ ਵਿੱਚ ਜਾ ਕੇ ਸਿੱਖਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਮਾਰਨ ਵਾਲੀ ਭੀੜ ਦੀ ਅਗਵਾਈ ਕਰਨ ਵਾਲੇ ਲੋਕ ਦਿਲ ਦੇ ਮਾੜੇ ਨਹੀਂ ਸਨ ਸਿਰਫ ਉਹਨਾਂ ਨੂੰ ਭੜਕਾਉਣ ਵਾਲੇ ਸੰਜੇ ਸਿੰਘ ਵਰਗੇ ਨੇਤਾ ਮਾੜੇ ਸਨ ਪਰ ਅੱਠਵੇਂ ਐਪੀਸੋਡ ਵਿੱਚ ਸੰਜੇ ਸਿੰਘ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਹੁਣ ਤੱਕ ਸਾਰਾ ਕੁਝ ਕਾਲੇ-ਚਿੱਟੇ ਵਿੱਚ ਦੇਖ ਰਹੇ ਸੀ। ਇੱਕ ਮਜ਼ਦੂਰ ਯੂਨੀਅਨ ਦਾ ਨੇਤਾ ਇੰਨਾ ਕੁਝ ਨਹੀਂ ਕਰ ਸਕਦਾ। ਹੁਣ ਸੰਭਵ ਹੈ ਕਿ ਜੇ ਫਿਲਮ ਘਾੜੇ ਅਗਲਾ ਸੀਜ਼ਨ ਬਣਾਉਣ ਤਾਂ ਸੰਜੇ ਸਿੰਘ ਦੀਆਂ ਐਮ.ਐਲ.ਏ ਬਣਨ ਦੀਆਂ ਜਾਂ ਕੁਝ ਪਰਿਵਾਰਕ “ਮਜ਼ਬੂਰੀਆਂ” ਦਿਖਾ ਕੇ ਉਸ ਨੂੰ ਵੀ ਬਰੀ ਕਰ ਦੇਣ।

ਵੈਸੇ ਇਸ ਲੜੀਵਾਰ ਨੇ ਕਾਂਗਰਸ ਦੇ ਮੁੱਖ ਮੰਤਰੀ ਜਿਸ ਨੂੰ ਕਿਸੇ ਵੇਲੇ ਇੰਦਰਾ ਗਾਂਧੀ ਦਾ ਥਾਪੜਾ ਮਿਲਦਾ ਦਿਖਾਇਆ, 1984 ਦੀ ਰਾਤ ਜਿਸ ਦੀ ਚਿੱਟੀ ਅੰਬੈਸਡਰ ਲੋਕਾਂ ਨੂੰ ਅਸਲਾ ਬਾਰੂਦ, ਪੈਟ੍ਰੌਲ ਵੰਡਦੀ ਦਿਖਾਈ। ਉਸ ਨੇਤਾ ਨੂੰ ਚੰਗਾ ਦਿਖਾਉਣ ਦਾ ਕੰਮ ਕੁਝ ਦ੍ਰਿਸ਼ਾਂ ਅਤੇ ਡਾਇਲਾਗਾਂ ਰਾਹੀਂ ਸ਼ੁਰੂ ਕਰ ਦਿੱਤਾ ਹੈ। ਕੁਝ ਦ੍ਰਿਸ਼ ਹਨ ਜਿੰਨਾਂ ਵਿੱਚ ਉਹ ਮੁੱਖ ਮੰਤਰੀ ਰਹਿ ਚੁੱਕੇ ਆਪਣੇ ਪਿਓ ਤੋਂ ਉਲਟ ਸੋਚਦਾ ਹੈ। ਉਹ ਹੁਣ ਦੰਗੇ ਭੜਾਕਉਣ ਦੀ ਸਿਆਸਤ ਛੱਡ ਚੁੱਕਾ ਹੈ ਅਤੇ ਰੋਕਣ ਦੀ ਸਿਆਸਤ ਕਰ ਰਿਹਾ ਹੈ। ਹੁਣ ਇਹ ਵੀ ਹੋ ਸਕਦੈ ਕਿ ਜੇ ਇਸ ਲੜੀਵਾਰ ਦੇ ਅਗਲੇ ਸੀਜ਼ਨ ਬਣਨ ਤਾਂ ਉਹ ਮੁੱਖ ਮੰਤਰੀ ਦੀਆਂ ਵੀ ਕੁਝ “ਮਜ਼ਬੂਰੀਆਂ” ਦਿਖਾ ਦਿੱਤੀਆਂ ਜਾਣ ਅਤੇ ਆਖਿਰ ਉਹ ਮੁੱਖ ਮੰਤਰੀ ਵੀ ਤੁਹਾਨੂੰ ਕਹਿ ਦੇਵੇ ਤੁਸੀਂ ਸਭ ਕੁਝ “ਕਾਲੇ-ਚਿਟੇ ਵਿੱਚ ਦੇਖ ਰਹੋ।“ ਅਤੇ ਫਿਰ ਮਨੁੱਖੀ ਨੈਤਿਕਤਾ, ਸੁਭਾਅ ਉਸਦੀਆਂ ਪਰਤਾਂ ਫੋਲਦੇ-ਫੋਲਦੇ ਆਖਿਰ ਤੁਸੀਂ ਇਸ ਕੋਝੇ ਮਜਾਕ ‘ਤੇ ਪਹੁੰਚ ਜਾਓਂਗੇ ਕਿ ਓਹ ਦੋਸ਼ੀ ਤਾਂ ਕੋਈ ਹੈ ਹੀ ਨਹੀਂ ਸੀ, ਦੋਸ਼ੀ ਤਾਂ ਹਾਲਾਤ ਸਨ।

Leave a Reply

Your email address will not be published. Required fields are marked *

Social profiles