ਵਿਸ਼ਵਗੁਰੂ ਦੀ ਪਹਿਚਾਣ ਅੱਜ-ਕੱਲ੍ਹ ਸਿਵੇ ਬਣੇ ਹੋਏ ਹਨ – ਬਲਤੇਜ ਸਿੰਘ

Read Time:8 Minute, 50 Second

ਦੁਨੀਆਂ ਭਰ ਦੇ ਅਖਬਾਰਾਂ/ਰਸਾਲਿਆਂ ਵਿੱਚ ਭਾਰਤ ਦੇ ਸਿਵਿਆਂ ਦੀਆਂ ਤਸਵੀਰਾਂ ਹਨ। ਕੋਈ ਵੀ ਵਿਦੇਸ਼ੀ ਦੋਸਤ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਹੀ ਸੁਚੇਤ ਹੋ ਕੇ ਹਾਲ-ਚਾਲ ਪੁੱਛਦਾ ਹੈ। ਹਰ ਗੱਲ ਬਾਤ ਦੀ ਪਹਿਲੀ ਸਤਰ ਹੁੰਦੀ ਹੈ, “ਉਮੀਦ ਹੈ ਤੁਸੀਂ ਠੀਕ ਹੋਵੋਂਗੇ, ਮੈਂ ਸੁਣ ਰਿਹਾਂ ਹਾਂ ਕਿ ਤੁਹਾਡੇ ਦੇਸ਼ ਵਿੱਚ ਬਹੁਤ ਮਾੜਾ ਹਾਲ ਹੈ।” ਦੁਨੀਆਂ ਭਰ ਦੇ ਨੇਕ ਦਿਲ ਲੋਕ ਸਾਨੂੰ ਤਰਸ ਦੀ ਨਿਗ੍ਹਾ ਨਾਲ ਦੇਖ ਰਹੇ ਹਨ। ਭਾਰਤ ਵਿੱਚ ਸਰਕਾਰ ਪੱਖੀ ਪੱਤਰਕਾਰ ਅਤੇ ਅਦਾਕਾਰ ਲੇਖਕਾਂ, ਬੁੱਧੀਜੀਵੀਆਂ ਨੂੰ ਵਰਜ ਰਹੇ ਹਨ ਕਿ ਉਹ ਦੇਸ਼ ਬਾਰੇ ਕੁਝ ਵੀ ਨਾ ਲਿਖਣ। ਕਿਉਂਕਿ ਜੇ ਉਹ ਕੁਝ ਲਿਖਣਗੇ ਤਾਂ ਵਿਦੇਸ਼ਾਂ ਵਿੱਚ ਸਾਡੀ ਬਦਨਾਮੀ ਹੋਵੇਗੀ। ਵਿਸ਼ਵਗੁਰੂ ਬਣਨ ਦੀ ਚਾਹਤ ਰੱਖਣ ਵਾਲੇ ਹਰ ਸੱਚ ਲੁਕਾ ਲੈਣਾ ਚਾਹੁੰਦੇ ਹਨ। ਉਹਨਾਂ ਭਾਅ ਦੀਂ ਦੁਨੀਆਂ ਉੱਤੇ ਰਾਜ ਝੂਠ ਦੇ ਸਿਰ ‘ਤੇ ਹੀ ਹੋਵੇਗਾ।

ਲੋਕ ਇਸ ਵੇਲੇ ਆਕਸੀਜਨ, ਸਿਹਤ ਸਹੂਲਤਾਂ ਖੁਣੋਂ ਮਰ ਰਹੇ ਹਨ, ਪਿਛਲੇ ਲਗਾਤਾਰ ਸਾਲਾਂ ਤੋਂ ਆਰਥਿਕ ਮੰਦੀ ਦੀ ਮਾਰ ਝੱਲਦੇ ਲੋਕ ਹੋਰ ਗਰੀਬ ਹੋ ਰਹੇ ਹਨ। ਤਾਂ ਸਵਾਲ ਆਉਂਦਾ ਹੈ ਕਿ ਦੇਸ਼ ਦੇ ਹਾਕਮ ਕੀ ਕਰ ਰਹੇ ਹਨ? ਹਾਕਮ ਉਹ ਹੀ ਕਰ ਰਹੇ ਹਨ ਜਿਸ ਵਿੱਚ ਉਹ ਮਾਹਿਰ ਹਨ। ਉਹ ਆਂਕੜੇ ਲੁਕਾ ਰਹੇ ਹਨ, ਸ਼ੋਸ਼ਲ ਮੀਡੀਆ ਰਾਹੀਂ ਰਿਪੋਰਟਿੰਗ ਕਰਨ ਜਾਂ ਮਦਦ ਕਰਨ ਵਾਲਿਆਂ ਨੂੰ ਧਮਕਾ ਰਹੇ ਹਨ ਅਤੇ ਸਭ ਤੋਂ ਜਰੂਰੀ ਉਹ ਸਿਵੇ ਬਣਾ ਰਹੇ ਹਨ। ਦਿੱਲੀ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਨੇ ਸਿਵਿਆਂ ਦੀਆਂ ਲੱਕੜਾਂ ਵਿੱਚ ਆ ਰਹੀ ਕਿੱਲਤ ਨੂੰ ਪੂਰੀ ਕਰਨ ਲਈ ਹੋਰ ਦਰੱਖਤ ਵੱਢਣ ਦੀ ਆਗਿਆ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ 35 ਹੋਰ ਨਵੇਂ ਸਿਵੇ ਬਣਾਏ ਗਏ ਹਨ।

ਵੈਸੇ ਜਾਣਕਾਰੀ ਲਈ ਦੱਸ ਦਿਆਂ ਕਿ ਹਿੰਦੁਤਵ ਦਾ ਮਾਡਲ ਰਾਜ ਹੁਣ ਗੁਜਰਾਤ ਨਹੀਂ ਰਿਹਾ ਉੱਤਰ ਪ੍ਰਦੇਸ਼ ਹੋ ਗਿਆ ਹੈ। ਜਿਵੇਂ ਕਿਸੇ ਵੇਲੇ ਨਰਿੰਦਰ ਮੋਦੀ ਨੇ ਵਾਜਪਾਈ ਦੀ ਕੱਟੜ ਹਿੰਦੂ ਦੀ ਦਿੱਖ ਨੂੰ ਫਿੱਕਾ ਕੀਤਾ ਸੀ ਉਵੇਂ ਹੀ ਹੁਣ ਬਤੌਰ ਤਾਨਾਸ਼ਾਹ ਨਰਿੰਦਰ ਮੋਦੀ, ਯੋਗੀ ਅਦਿੱਤਿਆਨਾਥ ਸਾਹਮਣੇ ਥੋੜਾ ਫਿੱਕਾ ਲੱਗ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੀਆਂ ਚੋਣਾਂ ਵਿੱਚ ਇਹ ਇੱਕ ਵੱਡਾ ਮੁੱਦਾ ਬਣਿਆ ਸੀ ਕਿ ਬਾਕੀ ਸਰਕਾਰਾਂ ਕਬਰਿਸਤਾਨ ਬਣਾਉਂਦੀਆਂ ਹਨ ਅਸੀਂ ਸ਼ਮਸ਼ਾਨ ਘਾਟ ਬਣਾਵਾਂਗੇ। ਰੈਲੀ ਵਿੱਚ ਆਈ ਭੀੜ ਬਹੁਤ ਉਤਸੁਕ ਹੋ ਕੇ ਚੀਖ ਰਹੀ ਸੀ। ਤਾਂ ਹੁਣ ਜਦੋਂ ਸੋਚਦੇ ਹਾਂ ਕਿ ਹਾਕਮ ਕੀ ਕਰ ਰਹੇ ਹਨ ਤਾਂ ਉਹ ਉਹੀ ਕਰ ਰਹੇ ਹਨ ਜਿਸ ਲਈ ਉਹ ਚੁਣੇ ਗਏ। ਭਾਰਤ ਦੀ ਬਹੁ-ਗਿਣਤੀ ਨੇ ਭਾਜਪਾ ਨੂੰ 2002 ਦੇ ਦੰਗਿਆਂ ਦੇ ਆਧਾਰ ‘ਤੇ ਚੁਣਿਆ ਕਿਉਂਕਿ ਬਤੌਰ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਉਹ ਸਭ ਤੋਂ ਵੱਡੀ “ਪ੍ਰਾਪਤੀ” ਸੀ। ਇਸ ਦੀ ਪੁਸ਼ਟੀ ਬੀਤੇ ਦਿਨੀਂ ਕੰਗਣਾ ਰਣੌਤ ਦੇ ਆਖਿਰੀ ਟਵੀਟ ਨੇ ਕੀਤੀ ਹੈ ਜਿਸ ਵਿੱਚ ਉਹਨੇ ਲਿਖਿਆ, “ਮੋਦੀ ਜੀ ਤੁਸੀਂ ਆਪਣਾ ਸ਼ੁਰੂਆਤੀ 2000 ਵਾਲਾ ਰੂਪ ਦੋਬਾਰਾ ਲੈ ਕੇ ਆਓ……” ਹਾਕਮ ਦੰਗੇ ਕਰਵਾ ਕੇ ਲੋਕਾਂ ਨੂੰ ਮਾਰਨ ਵਿੱਚ ਮਾਹਿਰ ਸਨ। ਉਹਨਾਂ ਨੂੰ ਚੁਣਿਆ ਗਿਆ ਸੀ ਕਿ ਉਹ ਸ਼ਮਸ਼ਾਨ ਘਾਟ ਬਣਾਉਣ ਤੇ ਹੁਣ ਉਹਨਾਂ ਤੋਂ ਹੋਰ ਆਸ ਕੀ ਹੋ ਸਕਦੀ ਹੈ। ਸਰਕਾਰ ਦੇ ਦੋਸਤ ਤਾਂ ਨਾ ਦੰਗਿਆਂ ‘ਚ ਮਰਦੇ ਸਨ ਅਤੇ ਨਾ ਹੀ ਹੁਣ ਮਰ ਰਹੇ ਹਨ। ਸਰਕਾਰ ਦੇ ਮਿੱਤਰ ਤਾਂ ਰਾਤੋਂ-ਰਾਤ ਵਿਦੇਸ਼ਾਂ ਵਿੱਚ ਉੱਡ ਗਏ। ਜਿਸ ਦਿਨ ਵਿਦੇਸ਼ੀ ਸਰਕਾਰਾਂ ਨੇ ਇਹ ਐਲਾਨ ਕੀਤਾ ਕਿ ਭਾਰਤ ਵੱਲੋਂ ਆਉਂਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ। ਭਾਰਤ ਦੇ ਸਿਖਰਲੇ ਅਮੀਰ ਦੇਸ਼ ਛੱਡ ਗਏ। ਜਿਵੇਂ ਸਰਕਾਰਾਂ ਲਈ ਲੋਕ ਵੋਟ ਹੁੰਦੇ ਹਨ ਉਵੇਂ ਹੀ ਸਿਖਰਲੇ ਅਮੀਰਾਂ ਲਈ ਲੋਕ ਖਪਤਕਾਰ ਹੁੰਦੇ ਹਨ। ਇਸ ਢਾਂਚੇ ਦੇ ਬਾਜ਼ਾਰ ਵਿੱਚ ਆਮ ਲੋਕਾਂ ਦੀ ਕੀਮਤ ਬੱਸ ਇੰਨੀ ਕੁ ਹੀ ਹੈ।

ਸਰਕਾਰ ਕੋਲ ਬਿਮਾਰੀ ਦੀ ਰੋਕਥਾਮ ਲਈ ਜਦੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੁੰਦਾ ਓਦੋਂ ਤਾਲਾਬੰਦੀ ਕਰ ਦਿੱਤੀ ਜਾਂਦੀ ਹੈ। ਇਹ ਜਾਣਦਿਆਂ ਵੀ ਕਿ ਤਾਲਾਬੰਦੀ ਸਿਰਫ ਵਕਤੀ ਠਾਹਰ ਦੇ ਸਕਦੀ ਹੈ ਪਰ ਬਿਮਾਰੀ ਦੇ ਇਲਾਜ ਵਿੱਚ ਮਦਦਗਾਰ ਨਹੀਂ ਹੈ ਤਾਂ ਵੀ ਬਿਨਾਂ ਕੋਈ ਰਾਹਤ ਸਹੂਲਤ ਦਿੱਤਿਆਂ ਤਾਲਾਬੰਦੀ ਮੜ ਦਿੱਤੀ ਜਾਂਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਜੋ ਸਿਰਫ ਭੁੱਖ ਨਾਲ ਮਰਨ ਲਈ ਬਣੇ ਹੋਣ ਉਹਨਾਂ ਨੂੰ ਬਿਮਾਰੀ ਨਾਲ ਨਹੀਂ ਮਰਨਾ ਚਾਹੀਦਾ। ਇਸੇ ਲਈ ਸਰਕਾਰ ਉਹਨਾਂ ਦਾ “ਖਿਆਲ ਰੱਖਣ” ਲਈ ਉਹਨਾਂ ਨੂੰ ਘਰਾਂ ‘ਚ ਬੰਦ ਰਹਿਣ ਦਾ ਸੁਨੇਹਾ ਦੇ ਰਹੀ ਹੈ। ਜਦੋਂ ਜਦੋਂ ਸਰਕਾਰ ਲੋਕਾਂ ਨੂੰ ਆਪੋ-ਆਪਣੇ ਘਰਾਂ ‘ਚ ਰਹਿਣ ਦਾ ਸੁਨੇਹਾ ਦਿੰਦੀ ਹੈ। ਬੇ-ਘਰੇ ਗਰੀਬਾਂ ਦੀ ਇੱਕ ਵੱਡੀ ਭੀੜ ਸੜਕਾਂ ‘ਤੇ ਦਿਖਣ ਲੱਗ ਜਾਂਦੀ ਹੈ। ਇਸ ਬਿਮਾਰੀ ਦੌਰਾਨ ਸਮਾਜ ਦੇ ਬਾਕੀ ਹਿੱਸਿਆਂ ਯਾਨਿ ਅਮੀਰਾਂ ਅਤੇ ਮੱਧਵਰਗ ਲਈ ਸਹੂਲਤ ਇਹ ਰਹੀ ਕਿ ਇਹਨਾਂ ਨੂੰ ਬਿਮਾਰੀ ਤੋਂ ਬਚਣ ਲਈ ਗਰੀਬਾਂ ਨਾਲ ਛੂਆ-ਛੂਤ ਕਰਨਾ ਸਿੱਖਣਾ ਨਹੀਂ ਪਿਆ। ਭਾਰਤ ਦੇ ਲੋਕ ਇਸਨੂੰ ਸਦੀਆਂ ਤੋਂ ਅਮਲ ਵਿੱਚ ਲਿਆਉਂਦੇ ਹੀ ਆਏ ਸਨ ਅਤੇ ਇਹ ਛੂਆ-ਛੂਤ ਸਿਵਿਆਂ ਤੱਕ ਹੁੰਦਾ ਹੈ।

ਇੱਕ ਖਬਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਹਲਕੇ ਵਾਰਾਣਸੀ ਦੇ ਸਿਵਿਆਂ ਵਿੱਚ ਲਾਸ਼ਾਂ ਦੀ ਗਿਣਤੀ ਤਿਗੁਣੀ ਹੋ ਗਈ ਹੈ ਅਤੇ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੋਦੀ ਬੰਗਾਲ ਵਿੱਚ 15 ਤੋਂ ਵੱਧ ਰੈਲੀਆਂ ਕਰ ਚੁੱਕੇ ਸਨ। ਬੰਗਾਲ ਵਿੱਚ ਵੱਡੇ ਵੱਡੇ ਇਕੱਠ ਕਰਕੇ ਕੋਰੋਨਾ ਮਹਾਂਮਾਰੀ ਫੈਲਾਉਣ ਤੋਂ ਬਾਅਦ, ਪੰਚਾਇਤੀ ਚੋਣਾਂ ਵਿੱਚ ਵਾਰਾਣਸੀ ਦੀ ਯਾਦ ਆਉਣੀ ਸੁਭਾਵਿਕ ਸੀ। ਤਾਂ ਫਿਰ ਤਿੰਨ ਕੁ ਹਫਤੇ ਪਹਿਲਾਂ ਵਾਰਾਣਸੀ ਵਿੱਚ ਕੋਵਿਡ ਦੀ ਹਾਲਤ ਬਾਰੇ ਇੱਕ ਰੀਵੀਊ ਮੀਟਿੰਗ ਕੀਤੀ ਗਈ। ਵਾਰਾਣਾਸੀ ਵਾਸੀਆਂ ਨੂੰ ਮੋਦੀ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹਨਾਂ ਇਹ ਮੀਟਿੰਗ ਜਨਤਕ ਇਕੱਠ ਕਰਕੇ ਨਹੀਂ ਕੀਤੀ।

ਮੇਰੇ ਘਰ ਤੋਂ 4-5 ਕਿ.ਮੀ ਦੂਰ 25 ਸੈਕਟਰ ਚੰਡੀਗੜ ਦੇ ਸਿਵਿਆਂ ਦਾ ਹਸ਼ਰ ਵੀ ਸ਼ਾਇਦ ਦੇਸ਼ ਦੀ ਹਰ ਥਾਂ ਵਰਗਾ ਹੈ। ਪੰਡਿਤ ਦਾ ਕਹਿਣਾ ਹੈ ਕਿ ਪਹਿਲਾਂ ਰੋਜ਼ਾਨਾ 10 ਲਾਸ਼ਾਂ ਆਉਂਦੀਆਂ ਸਨ ਅਤੇ ਹੁਣ 30 ਦੇ ਕਰੀਬ ਰੋਜ਼ਾਨਾ ਲਾਸ਼ਾਂ ਆ ਰਹੀਆਂ ਹਨ। ਲਾਸ਼ਾਂ ਵਿੱਚ ਸਭ ਤੋਂ ਜਿਆਦਾ ਦਿਲ ਦੇ ਮਰੀਜ ਹੁੰਦੇ ਹਨ। ਸਿਵਿਆਂ ਵਿੱਚ ਜਾ ਕੇ ਹਾਲਾਤਾਂ ਦੀ ਰਿਪੋਰਟਿੰਗ ਕਰਨੀ ਸ਼ਾਇਦ ਕਿਸੇ ਲਈ ਸਭ ਤੋਂ ਉਦਾਸ ਕਰਨ ਵਾਲਾ ਕੰਮ ਹੈ। ਬੇਬਸੀ ਹੈ ਕਿ ਤੁਸੀਂ ਕੁਝ ਨਹੀਂ ਕਰ ਸਕਦੇ, 50 ਕੁ ਸਾਲਾਂ ਦੀ ਮਾਤਾ ਦੇ ਕੀਰਨੇ ਦੱਸ ਰਹੇ ਸਨ ਕਿ ਪੁੱਤ ਹਾਲੇ 26 ਤੋਂ 30 ਸਾਲ ਦਾ ਹੋਣਾ ਹੈ। ਇੰਨੇ ਬੁਰੇ ਆਂਕੜਿਆਂ ਨੂੰ ਨੋਟਸ ਵਿੱਚ ਲਿਖਣਾ ਲਟਾ ਲਟ ਬਲ ਰਹੇ ਸਿਵਿਆਂ ਦੀਆਂ “ਚੰਗੀਆਂ” ਤਸਵੀਰਾਂ ਖਿੱਚਣ ਤੋਂ ਬੁਰਾ ਸਾਡੀ ਜ਼ਿੰਦਗੀ ‘ਚ ਹੋਰ ਕੀ ਸਕਦਾ ਸੀ?

ਖੈਰ, ਇਸ ਵੇਲੇ ਜਦੋਂ ਦੇਸ਼ ਦੇ ਆਮ ਲੋਕ ਇੱਕ ਪਾਸੇ ਤਾਂ ਇਹਨਾਂ ਮੁਸ਼ਕਿਲ ਹਾਲਤਾਂ ਵਿੱਚ ਗੁਜ਼ਰ ਰਹੇ ਹਨ ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਸ ਬੇਕਿਰਕ ਸਰਕਾਰ ਖਿਲਾਫ ਪਿਛਲੇ ਲਗਭਗ ਸੱਤ ਮਹੀਨਿਆਂ ਤੋਂ ਇੱਕ ਮੋਰਚਾ ਖੋਲਿਆ ਹੋਇਆ ਹੈ। ਲੋਕਾਂ ਕੋਲ ਲੜਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਿਆ ਹੋਇਆ। ਮੋਰਚੇ ‘ਤੇ ਬੈਠੇ ਡਾਕਟਰ ਸਵੈਮਾਣ ਸਿੰਘ ਦਾ ਕਹਿਣਾ ਹੈ ਕਿ ਸਿਰਫ 2% ਲੱਗਦਾ ਹੈ ਕਿ ਅਸੀਂ ਕੋਰੋਨਾ ਨਾਲ ਮਰੀਏ ਪਰ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੁੰਦੇ ਹਨ ਤਾਂ ਅਸੀਂ 100% ਮਾਰੇ ਜਾਵਾਂਗੇ। ਜਦੋਂ ਲੋਕਾਂ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਤਾਂ ਉਹ ਲੜ ਰਹੇ ਹਨ ਜਦੋਂ ਤੱਕ ਲੜਣ ਦੀ ਲੋੜ ਬਾਕੀ ਹੈ। ਸਾਡੇ ਲੋਕ ਅਸੰਵੇਦਨਸ਼ੀਲ ਹਾਕਮਾਂ ਸਾਹਮਣੇ ਨਿਡਰ ਹੋਏ ਖੜੇ ਹਨ। ਜਦਕਿ ਕਿਸੇ ਵੀ ਸਰਕਾਰ ਦੀ ਇਸ ਵੇਲੇ ਜੁੰਮੇਵਾਰੀ ਇਹ ਬਣਦੀ ਹੈ ਕਿ ਉਹ ਲੋਕਾਂ ਪ੍ਰਤੀ ਫਿਕਰਮੰਦੀ ਜਤਾਉਂਦਿਆਂ ਫੌਰਨ ਕਾਨੂੰਨ ਰੱਦ ਕਰਦੀ ਤਾਂ ਕਿ ਲੋਕ ਆਪਣੇ ਘਰਾਂ ਨੂੰ ਪਰਤ ਸਕਦੇ। ਪਰ ਫਿਰ ਸੋਚਦੇ ਹਾਂ ਜੇ ਸਰਕਾਰ ਇੰਨੀ ਹੀ ਫਿਕਰਮੰਦ ਹੁੰਦੀ ਕਾਨੂੰਨ ਪਾਸ ਹੀ ਕਿਉਂ ਕਰਦੀ।

Leave a Reply

Your email address will not be published. Required fields are marked *

Social profiles