ਸਾਡਾ ਖੇਤੀ ਪ੍ਰਬੰਧ ਸ਼ੁਰੂ ਤੋਂ ਲੈ ਕੇ ਹੁਣ ਤੱਕ: ਨਰਸਿੰਘ ਦਿਆਲ

ਤਸਵੀਰ ਸ੍ਰੋਤ: ਐਰਿਕ ਥਰਮਨ
Read Time:43 Minute, 48 Second

 ਲੋੜੀਂਦਾ ਭੋਜਨ, ਚੰਗੀ ਸਿਹਤ ਅਤੇ ਜ਼ਰੂਰੀ ਊਰਜਾ ਆਦਿ ਕਾਲ ਤੋਂ ਹੀ ਮਨੁੱਖੀ ਜਾਤ ਦੀਆਂ ਤਿੰਨ ਮੁੱਖ ਸਮੱਸਿਆਵਾਂ ਰਹੀਆਂ ਹਨ, ਜਿਸਦੀਆਂ ਕੋਸ਼ਿਸ਼ਾਂ ਵਿੱਚ ਉਹ ਹਜੇ ਤੱਕ ਲੱਗਿਆ ਹੋਇਆ ਹੈ। ਅੱਜ ਤੋਂ ਕਰੀਬ 60-70 ਹਜ਼ਾਰ ਸਾਲ ਪਹਿਲਾਂ, ਆਪਣੇ ਲੜੀਵਾਰ ਵਿਕਾਸ ਦੇ ਪਹਿਲੇ ਪੜਾਅ ਵਿੱਚ, ਮਨੁੱਖ ਹੋਰਾਂ ਜੰਗਲੀ ਰਿਸ਼ਤੇਦਾਰਾਂ ਤੋਂ ਜ਼ਿਆਦਾ ਭਿੰਨ ਨਹੀਂ ਸੀ। ਹਾਂ ਉਸ ਦਾ ਦਿਮਾਗ਼ ਜ਼ਰੂਰ ਉਨ੍ਹਾਂ ਤੋਂ ਜ਼ਿਆਦਾ ਵਿਕਸਿਤ ਸੀ। ਉਸ ਦੇ ਅਗਲੇ ਪੈਰਾਂ ਨੇ ਹੱਥਾਂ ਦਾ ਰੂਪ ਲੈ ਲਿਆ ਅਤੇ ਉਹ ਸਿੱਧਾ ਖੜਾ ਹੋ ਕੇ ਦੋਵਾਂ ਪੈਰਾਂ ਤੇ ਤੁਰ ਸਕਦਾ ਸੀ। ਉਸ ਨੂੰ ਜੋ ਵੀ ਕੰਦ, ਮੂਲ, ਫਲ ਆਦਿ ਖਾਣ ਨੂੰ ਮਿਲਦੇ ਉਹ ਖਾ ਲੈਂਦਾ ਸੀ, ਸ਼ੁਰੂ ਵਿੱਚ ਉਹ ਮਾਸਾਹਾਰੀ ਹੀ ਸੀ ਅਤੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ। ਉਹ ਜੰਗਲਾਂ ਵਿੱਚ ਘੁੰਮ ਘੁੰਮ ਕੇ ਜਾਨਵਰਾਂ ਨੂੰ ਫੜਦਾ, ਮਾਰਦਾ ਅਤੇ ਭੋਜਨ ਇਕੱਠਾ ਕਰਦਾ ਸੀ। ਉਹ ਸਮੂਹ ਦੇ ਨਾਲ ਗੁਫਾਵਾਂ ਵਿੱਚ ਰਹਿੰਦਾ ਸੀ। ਅੰਨ ਪੈਦਾਵਾਰ ਦੀ ਹਾਲਤ ਵਿੱਚ ਪਹੁੰਚਣ ਲਈ ਉਸ ਨੂੰ ਕਈ ਹਜ਼ਾਰ ਵਰ੍ਹੇ ਲੱਗ ਗਏ।

ਜੰਗਲੀ ਪੌਦਿਆਂ ਨੂੰ ਖੇਤੀ ਲਾਇਕ ਬਣਾਉਣ ਦੀ ਕਿਰਿਆ ਮਨੁੱਖੀ ਇਤਿਹਾਸ ਦਾ ਇੱਕ ਚਮਤਕਾਰੀ ਸੁਨਹਿਰਾ ਕਾਲ ਹੈ। ਬਨਸਪਤੀ ਪ੍ਰਜਨਣ ਨੂੰ ਸਮਝਣ ਲਈ ਸਾਨੂੰ ਕਈ ਸਾਲ ਪੁਰਾਣੇ ਪੂਰਵ ਇਤਿਹਾਸਕ ਕਾਲ ਵਿੱਚ ਜਾਣਾ ਪਵੇਗਾ, ਜਦ ਵਧੇਰੇ ਵਿਸ਼ਵਾਸਯੋਗ ਅਨਾਜ ਸ੍ਰੋਤ ਲਈ ਮਨੁੱਖ ਨੇ ਜਿਵੇਂ ਕਿਵੇਂ ਬਣਾਏ ਗਏ ਆਪਣੇ ਪੱਥਰਾਂ ਦੇ ਟੇਢੇ ਮੇਢੇ ਔਜ਼ਾਰਾਂ ਨਾਲ ਮਿੱਟੀ ਨੂੰ ਪੁੱਟਿਆ ਹੋਵੇਗਾ ਅਤੇ ਖਾਣ ਲਾਇਕ ਕਿਸੇ ਜੰਗਲੀ ਪੌਦੇ ਦੇ ਬੀਜਾਂ ਨੂੰ ਬੋਇਆ ਹੋਵੇਗਾ। ਮਨੁੱਖੀ ਇਤਿਹਾਸ ਦੀ ਇਹ ਸ਼ੁੱਭ ਘਟਨਾ ਅੱਜ ਤੋਂ ਕੋਈ 15-20 ਹਜ਼ਾਰ ਸਾਲ ਪਹਿਲਾਂ ਘਟੀ ਸੀ। ਖ਼ਾਸ ਗੁਣਾਂ ਵਾਲੇ ਪੌਦਿਆਂ ਦੀ ਪਛਾਣ ਅਤੇ ਚੋਣ ਕਰ ਕੇ ਪੌਦਿਆਂ ਨੂੰ ਉਗਾਉਣਾ ਬਹੁਤ ਬਾਅਦ ਦੀ ਘਟਨਾ ਹੈ। ਹੌਲੀ ਹੌਲੀ ਅਨੁਭਵ ਨਾਲ ਉਸ ਨੇ ਸਮਝ ਲਿਆ ਕਿ ਚੰਗੇ ਪੌਦਿਆਂ ਦੇ ਬੀਜਾਂ ਵਿੱਚ ਚੰਗੇ ਪੌਦੇ ਹੀ ਉੱਗਦੇ ਹਨ ਅਤੇ ਖ਼ਰਾਬ ਪੌਦਿਆਂ ਦੇ ਬੀਜਾਂ ਵਿੱਚ ਖ਼ਰਾਬ ਪੌਦੇ। ਆਖ਼ਿਰ ਉਸ ਨੂੰ ਚੰਗੇ ਅਤੇ ਸਿਹਤਮੰਦ ਬੀਜਾਂ ਨੂੰ ਬਚਾ ਕੇ ਅਗਲੇ ਸਾਲ ਤੱਕ ਦੁਬਾਰਾ ਉਗਾਉਣ ਲਈ ਰੱਖਣਾ ਬਿਹਤਰ ਲੱਗਿਆ ਹੋਵੇਗਾ। ਇਹ ਸੰਸਾਰ ਦਾ ਪਹਿਲਾ ਬੀਜ ਭੰਡਾਰ ਸੀ। ਬਾਅਦ ਦੇ ਸਾਲਾਂ ਵਿੱਚ ਅਨਾਜ ਪੌਦਿਆਂ ਦਾ ਬੀਜ ਸੰਗ੍ਰਹਿ ਮਨੁੱਖ ਦਾ ਇੱਕ ਮੁੱਖ ਕੰਮ ਹੋ ਗਿਆ।  ਖੇਤੀ ਦਾ ਜਨਮ ਇਸੇ ਤਰ੍ਹਾਂ ਹੋਇਆ ਅਤੇ ਇਸ ਵਿੱਚ ਕਈ ਹਜ਼ਾਰ ਸਾਲ ਲੱਗੇ। ਪਸ਼ੂਆਂ ਦਾ ਸ਼ਿਕਾਰ ਤਾਂ ਉਹ ਕਰਦਾ ਹੀ ਸੀ।

ਚੌਲ, ਕਣਕ, ਜੌਂ ਮੱਕੀ, ਮਟਰ, ਆਲੂ , ਅਰਹਰ, ਮੂਲ਼ੀ, ਅਖਰੋਟ ਆਦਿ ਪੁਰਾਣੀਆਂ ਫ਼ਸਲਾਂ ਹਨ, ਪਰ ਇਹ ਅਨੁਮਾਨ ਲਾਉਣਾ ਮੁਸ਼ਕਿਲ ਹੈ ਕਿ ਉਹ ਕਿੰਨੀਆਂ ਪੁਰਾਣੀਆਂ ਹਨ। ਸ਼ਾਇਦ ਇਹਨਾਂ ਫ਼ਸਲਾਂ ਦੀ ਖੇਤੀ ਪ੍ਰਾਚੀਨ ਸਭਿਅਤਾ ਦੇ ਕੇਂਦਰ ਜਿਵੇਂ- ਭਾਰਤ, ਚੀਨ, ਮਿਸਰ, ਲਾਤੀਨੀ ਅਮਰੀਕਾ ਆਦਿ ਵਿੱਚ ਪੱਥਰ ਯੁੱਗ ਤੋਂ ਸ਼ੁਰੂ ਹੋਈ ਸੀ, ਜਦ ਮਨੁੱਖਾਂ ਨੇ ਪੱਥਰਾਂ ਦੇ ਸ਼ੁਰੂਆਤੀ ਸੰਦਾਂ ਨੂੰ ਘੜਨਾ ਸਿੱਖ ਲਿਆ ਸੀ। ਲੰਮੇ ਰੇਸ਼ੇ ਵਾਲੇ ਅਮਰੀਕੀ ਕਪਾਹ, ਟਮਾਟਰ, ਬੈਂਗਣ, ਗੋਭੀ, ਕੱਦੂ ਆਦਿ ਦੀ ਖੇਤੀ ਨਵ ਪੱਥਰ  ਯੁੱਗ ਵਿੱਚ ਸ਼ੁਰੂ ਹੋਈ, ਤਦ ਉਹ ਨੇ ਪਹਿਲਾਂ ਤੋਂ ਬਿਹਤਰ ਸੰਦ ਘੜਨ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ, ਪਰ ਖੇਤੀ ਦੇ ਵਿਕਾਸ ਦੇ ਸ਼ੁਰੂਆਤੀ ਦੌਰ ਵਿੱਚ  ਪੌਦ ਸੁਧਾਰ ਦੀ ਕਿਰਿਆ ਬਹੁਤ ਧੀਮੀ ਸੀ। ਉਸ ਸਮੇਂ ਫ਼ਸਲਾਂ ਵਿੱਚ ਨਕਲੀ ਚੋਣ ਦੀ ਤਕਨੀਕ ਮਹਿਜ਼ ਅਨੁਭਵ ਦੇ ਆਧਾਰ ਤੇ ਕੀਤੀ ਗਈ ਸੀ। ਸਮਾਂ ਬੀਤਣ ਦੇ ਨਾਲ ਨਾਲ ਖੇਤੀਹਾਰ ਪੌਦਿਆਂ ਦੇ ਬਾਰੇ ਵਿੱਚ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਗਿਆ ਅਤੇ ਬਨਸਪਤੀ ਸੁਧਾਰ ਲਈ ਚੋਣ ਦੀ ਕਿਰਿਆ ਵੀ ਵਧੇਰੇ ਸੂਝ ਬੂਝ ਨਾਲ ਅਤੇ ਸਾਰਥਕ ਹੁੰਦੀ ਗਈ।

ਇਤਿਹਾਸਕ ਲੇਖਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਪ੍ਰਾਚੀਨ ਪੂਰਵਜਾਂ ਨੇ ਬਨਸਪਤੀ ਪ੍ਰਜਨਣ ਦੀਆ ਕੁੱਝ ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ। ਉਦਾਹਰਨ ਵਜੋਂ, ਮਿਸਰ ਅਤੇ ਮੈਸੋਪੋਟਾਮੀਆ(ਆਧੁਨਿਕ ਇਰਾਕ) ਵਿੱਚ ਸਦੀਆਂ ਈ.ਪੂ ਲੋਕਾਂ ਨੂੰ ਖਜੂਰਾਂ ਦੇ ਦਰਖਤਾਂ ਵਿੱਚ ਪਰ-ਪਰਾਗਣ ਨਾਲ ਉੱਨਤ ਕਿਸਮ ਦੇ ਖਜੂਰ ਪੈਦਾ ਕਰਨੇ ਆਉਂਦੇ ਸਨ। ਭਾਰਤ, ਚੀਨ, ਮਿਸਰ ਅਤੇ ਰੋਮ ਵਾਸੀ ਵੀ ਬਨਸਪਤੀ ਪ੍ਰਜਨਣ ਦੇ ਸਰਲ ਪਰ ਪ੍ਰਭਾਵਸ਼ਾਲੀ ਢੰਗਾਂ ਤੋਂ ਜਾਣੂ ਸਨ। ਪ੍ਰਾਚੀਨ ਦਾਰਸ਼ਨਿਕਾਂ ਜਿਵੇਂ ਕਾਲੂਮੇਲਾ, ਬਾਰੋ, ਥਿਓਫ੍ਰਾਸਟਸ ਦੇ ਲੇਖਾਂ ਵਿੱਚ ਬਨਸਪਤੀ ਪ੍ਰਜਨਣ ਦੇ ਸੰਬੰਧਾਂ ਵਿੱਚ ਦਿੱਤੀਆਂ ਗਈਆਂ ਟਿੱਪਣੀਆਂ ਧਿਆਨ ਦੇਣ ਯੋਗ ਹਨ। ਅਰਥ ਵੇਦ ਜਿਵੇਂ ਪ੍ਰਾਚੀਨ ਗ੍ਰੰਥਾਂ ਤੋਂ ਇਸ ਦਾ ਗੱਲ ਦਾ ਸਪਸ਼ਟ ਸਬੂਤ ਮਿਲਦਾ ਹੈ ਕਿ ਕਰੀਬ 5-6 ਸਾਲ ਈ.ਪੂ ਤੋਂ ਹੀ ਅਜੋਕੇ ਦੌਰ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਦੀ ਖੇਤੀ ਕੀਤੀ ਜਾਣ ਲੱਗੀ ਸੀ, ਪਰ ਵਿਧੀਵਾਰ ਖੇਤੀ ਪ੍ਰਬੰਧ ਬਹੁਤ ਬਾਅਦ ਵਿੱਚ, ਕਰੀਬ 10ਵੀਂ-11ਵੀਂ ਸਦੀ ਵਿੱਚ ਹੋਂਦ ਵਿੱਚ ਆਇਆ। ਫਿਰ ਵੀ ਜੰਗਲ਼ੀ ਪੌਦਿਆਂ ਨੂੰ ਖੇਤੀ ਯੋਗ ਬਣਾਉਣ ਦੀ ਕਿਰਿਆ ਲਗਾਤਾਰ ਚੱਲਦੀ ਰਹੀ, ਜੋ ਅੱਜ ਤੱਕ ਜਾਰੀ ਹੈ। ਕੁੱਝ ਫ਼ਸਲਾਂ ਦੀ ਖੇਤੀ ਤਾਂ ਪਿਛਲੇ 100-300 ਸਾਲਾਂ ਤੋਂ ਹੀ ਕੀਤੀ ਜਾ ਰਹੀ ਹੈ। ਉਦਾਹਰਨ ਲਈ ਚੁਕੰਦਰ ਦੀ ਖੇਤੀ 19ਵੀਂ ਸਦੀ ਦੇ ਸ਼ੁਰੂ ਵਿੱਚ ਸ਼ੁਰੂ ਕੀਤੀ ਗਈ। ਰਬੜ, ਸਿਨਕੋਨਾ, ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਜੜੀ ਬੂਟੀਆਂ ਦੀ ਖੇਤੀ ਅਜੋਕੀ ਪੀੜੀ ਦੇ ਜੀਵਨ ਸਮੇਂ ਦੀਆਂ ਘਟਨਾਵਾਂ ਹਨ।

ਜੰਗਲੀ ਪੌਦਿਆਂ ਨੂੰ ਖੇਤੀਹਾਰ ਬਣਾਉਣ ਦੀ ਪਿੱਠ-ਭੂਮੀ ਦੇ ਆਧਾਰ ਤੇ ਫ਼ਸਲਾਂ ਨੂੰ ਦੋ ਜਮਾਤਾਂ ਵਿੱਚ ਵੰਡਿਆਂ ਜਾ ਸਕਦਾ ਹੈ: ਸ਼ੁਰੂਆਤੀ ਅਤੇ ਬਾਅਦ ਵਾਲਾ। ਸ਼ੁਰੂਆਤੀ ਵਿੱਚ ਉਹੋ ਜਿਹੇ ਪੌਦੇ ਆਉਂਦੇ ਹਨ, ਜਿਨ੍ਹਾਂ ਨੂੰ ਸਿੱਧਾ ਜੰਗਲੀ ਹਾਲਤ ਤੋਂ ਖੇਤੀ ਯੋਗ ਬਣਾਇਆ ਗਿਆ ਹੈ। ਦੂਜੀ ਜਮਾਤ ਦੇ ਖੇਤੀਹਾਰ ਪੌਦੇ ਵੀ ਸ਼ੁਰੂਆਤੀ ਪ੍ਰਬੰਧ ਵਿੱਚ ਖੇਤਾਂ ਵਿੱਚ ਉੱਗਣ ਵਾਲੇ ਨਦੀਨ ਹੀ ਸਨ, ਪਰ ਬਾਅਦ ਵਿੱਚ ਉਨ੍ਹਾਂ ਦੀ ਵੀ ਖੇਤੀ ਕੀਤੀ ਜਾਣ ਲੱਗੀ। ਜਈ (ਸਿਕੇਲ ਸੀਰੀਆਲ) ਇਸੇ ਜਮਾਤ ਦੀ ਇੱਕ ਚੰਗੀ ਉਦਾਹਰਨ ਹੈ। ਕਣਕ ਦੀ ਖੇਤੀ ਦੱਖਣੀ ਪੱਛਮੀ ਏਸ਼ੀਆ ਤੋਂ ਉੱਤਰ ਵੱਲ ਫੈਲਦੀ ਗਈ। ਸਭ ਤੋਂ ਉੱਤਮ ਠੰਢ ਸਹਿਣਸ਼ੀਲਤਾ ਦੇ ਕਾਰਨ ਇਸ ਦੀ ਖੇਤੀ ਕਣਕ ਦੀ ਤੁਲਨਾ ਵਿੱਚ ਜ਼ਿਆਦਾ ਫ਼ਾਇਦੇਮੰਦ ਸਾਬਿਤ ਹੋੲ।. ਅੰਤ ਇਸ ਨੇ ਇੱਕ ਫ਼ਸਲ ਦਾ ਰੂਪ ਲੈ ਲਿਆ। ਕੁੱਝ ਖੇਤੀ ਵਿਗਿਆਨੀਆਂ ਅਨੁਸਾਰ, ਜੂਟ, ਪਟੂਆ, ਜੌਂ ਆਦਿ ਕਈ ਖ਼ਾਸ ਫ਼ਸਲਾਂ ਇਸ ਜਮਾਤ ਵਿੱਚ ਆਉਂਦੀਆਂ ਹਨ।

ਹਜੇ ਪੂਰੇ ਸੰਸਾਰ ਵਿੱਚ ਕਰੀਬ 5000 ਤੋਂ ਜ਼ਿਆਦਾ ਬਨਸਪਤੀ ਪ੍ਰਜਾਤੀਆਂ ਦੀ ਖੇਤੀ ਕੀਤੀ ਜਾ ਹੀ ਹੈ। ਸਿਹਤਮੰਦ ਅਤੇ ਦਵਾਈ ਵਾਲੇ ਪੌਦਿਆਂ ਨੂੰ ਮਿਲਾ ਕੇ ਇਹ ਗਿਣਤੀ ਕਰੀਬ 20,000 ਹੈ। ਹਜੇ ਪੂਰੀ ਦੁਨੀਆ ਵਿੱਚ ਵਿੱਚ ਕਰੀਬ 15000 ਬਨਸਪਤੀ ਪ੍ਰਜਾਤੀਆਂ ਦੀ ਵਪਾਰਕ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿੱਚ 250 ਪ੍ਰਜਾਤੀਆਂ ਖ਼ਾਸ ਆਰਥਿਕ ਮਹੱਤਵ ਵਾਲੀਆਂ ਹਨ। ਜੰਗਲੀ ਪੌਦਿਆਂ ਨੂੰ ਖੇਤੀਹਾਰ ਬਣਾਉਣ ਦੀ ਕਿਰਿਆ ਹਜੇ ਵੀ ਖ਼ਤਮ ਨਹੀਂ ਹੋਈ ਹੈ। ਫ਼ਸਲਾਂ ਦੇ ਜੰਗਲੀ ਰਿਸ਼ਤੇਦਾਰ ਪੌਦਿਆਂ ਦੀ ਵਰਤੋਂ ਉਨ੍ਹਾਂ ਦੇ ਖ਼ਾਸ ਆਨੁਵੰਸ਼ਿਕ ਗੁਣਾਂ, ਜਿਵੇਂ ਰੋਗ ਵਿਰੋਧੀ, ਠੰਢ-ਵਿਰੋਧੀ, ਗਰਮੀ ਵਿਰੋਧੀ ਆਦਿ ਗੁਣਾਂ, ਨੂੰ ਖੇਤੀਹਾਰ ਪੌਦਿਆਂ ਵਿੱਚ ਪਾਉਣ ਲਈ ਕੀਤੀ ਜਾਂਦੀ ਰਹੀ ਹੈ।

ਜੇ ਫ਼ਸਲਾਂ ਦੇ ਜੰਗਲੀ ਰਿਸ਼ਤੇਦਾਰਾਂ ਵਿੱਚ ਕਈ ਗੈਰ-ਜ਼ਰੂਰੀ ਅਤੇ ਬੇਕਾਰ ਆਨੁਵੰਸ਼ਿਕ ਖ਼ਾਸੀਅਤਾਂ ਹੁੰਦੀਆਂ ਹਨ, ਤਾਂ ਇਹਨਾਂ ਦੀ ਵਜ੍ਹਾ ਕਰ ਕੇ ਉਹ ਅੱਜ ਵੀ ਹੋਂਦ ਵਿੱਚ ਹਨ। ਜੇ ਬਹੁਤ ਜ਼ਰੂਰੀ ਗੁਣ ਹੈ ਅਤੇ ਪਰਿਤੰਤਰ (ਈਕੋਸਿਸਟਮ) ਵਿੱਚ ਇਹਨਾਂ ਦਾ ਖ਼ਾਸ ਯੋਗਦਾਨ ਹੈ। ਅਨਾਜ ਵਾਲੇ ਪੌਦਿਆਂ ਦੇ ਜੰਗਲੀ ਜੀਵ ਰੂਪਾਂ ਦੀਆਂ ਬੱਲੀਆਂ ਅਤੇ ਟਾਂਡਿਆਂ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਉਹ ਆਪੇ ਟੁੱਟਦੀਆਂ ਨੇ ਅਤੇ ਜ਼ਮੀਨ ਤੇ ਖਿੰਡ ਕੇ ਨਵੇਂ ਪੌਦਿਆਂ ਨੂੰ ਜਨਮ ਦਿੰਦੀਆਂ ਹਨ। ਇਹਨਾਂ ਦੇ ਫਲ ਅਤੇ ਬੀਜ ਵੀ ਆਮ ਆਕਾਰ ਤੋਂ ਬਹੁਤ ਛੋਟੇ ਹੁੰਦੇ ਹਨ। ਇਹ ਫਲ ਫਟ ਕੇ ਆਪਣੇ ਬੀਜਾਂ ਨੂੰ ਖਿੰਡਾਉਂਦੇ ਹਨ। ਅਸੁਖਾਵੇਂ ਵਾਤਾਵਰਨ ਵਿੱਚ ਇਹਨਾਂ ਦੇ ਬੀਜ ਨੀਂਦ-ਹਾਲਤਾਂ ਵਿੱਚ ਰਹਿੰਦੇ ਹਨ ਅਤੇ ਅਨੁਕੂਲ ਹਾਲਤਾਂ ਆਉਣ ਤੇ ਹੀ ਪੁੰਗਰਦੇ ਹਨ। ਜੜੀਆਂ ਬੂਟੀਆਂ ਅਤੇ ਚਾਰਾ ਦੇਣ ਵਾਲੇ ਪੌਦਿਆਂ ਵਿੱਚ ਪੱਤੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਜਲਵਾਯੂ ਅਤੇ ਮਿੱਟੀ ਦੇ ਬਦਲਾਅ ਦੀਆਂ ਹਾਲਤਾਂ ਵਿੱਚ ਉਹ ਮੁਕਾਬਲਤਨ ਜ਼ਿਆਦਾ ਸਹਿਣਸ਼ੀਲ ਹੁੰਦੇ ਹਨ। ਉਨ੍ਹਾਂ ਵਿੱਚ ਰੋਗ ਵਿਰੋਧੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ। ਫ਼ਸਲ ਸੁਧਾਰਕਾਂ ਲਈ ਇਹ ਗੁਣ ਬੜੇ ਲਾਹੇਵੰਦ ਹਨ।

ਚੋਣ ਕਿਰਿਆ ਨਾਲ ਖੇਤੀਹਾਰ ਪੌਦਿਆਂ ਵਿੱਚ ਅਨੁਭਵ ਨਾਲ ਅਤੇ ਸਿਆਣਪ ਭਰੇ ਸੁਧਾਰ ਦੇ ਪਹਿਲੇ ਪੜਾਅ ਨਾਲ ਵੱਡੇ ਪੈਮਾਨੇ ਤੇ ਬਨਸਪਤੀ ਪ੍ਰਜਨਣ ਦਾ ਰਾਹ ਖੁੱਲ ਗਿਆ ਸੀ, ਜਿਸ ਵਿੱਚ ਸਾਡੀ ਖੇਤੀ ਪ੍ਰਣਾਲੀ ਵਿੱਚ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਹੋਈ । ਤਜਰਬੇ ਨਾਲ ਕੀਤੀ ਬਨਸਪਤੀ ਪ੍ਰਜਨਣ ਸਰਲ ਤਕਨੀਕ ਤੇ ਆਧਾਰਿਤ ਸੀ। ਤੀਜੀ ਦੁਨੀਆ ਦੇ ਕਿਸਾਨਾਂ ਨੇ ਮੱਕੀ, ਚੌਲ, ਕਣਕ, ਜਵਾਰ, ਬਾਜਰਾ ਵਰਗੀਆਂ ਕਈ ਅਨਾਜਾਂ ਦੀਆਂ ਸਰਵੋਤਮ ਬੱਲੀਆਂ ਅਤੇ ਬੀਜਾਂ ਦੀ ਚੋਣ ਅਤੇ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਹੌਲੀ ਹੌਲੀ ਪ੍ਰਭਾਵਕਾਰੀ ਨਕਲੀ ਚੋਣ ਦੇ ਨਤੀਜੇ ਵਜੋਂ ਇਹਨਾਂ ਫ਼ਸਲਾਂ ਵਿੱਚ ਹੈਰਾਨੀ ਜਨਕ ਫ਼ਾਇਦੇਮੰਦ ਬਦਲਾਅ ਹੋਏ, ਉਨ੍ਹਾਂ ਵਿੱਚ ਫ਼ਾਇਦੇਮੰਦ ਗੁਣਾਂ ਦਾ ਵਿਕਾਸ ਹੋਇਆ। ਸਦੀਆਂ ਤੱਕ ਜਾਰੀ ਇਸ ਕਿਰਿਆ ਦੇ ਨਤੀਜੇ ਵਜੋਂ ਹੀ ਇਹਨਾਂ ਦੇਸ਼ਾਂ ਵਿੱਚ ਅਣਗਿਣਤ ਵਿਭਿੰਨਤਾਵਾਂ ਅਤੇ ਅਣਮੁੱਲੀਆਂ ਖੇਤਰੀ ਕਿਸਮਾਂ ਦਾ ਨਿਰਮਾਣ ਹੋ ਸਕਿਆ। ਕਿਸਾਨਾਂ ਅਤੇ ਖੇਤੀਹਾਰ ਮਜ਼ਦੂਰਾਂ ਦੀ ਭਾਈਚਾਰਕ ਬੌਧਿਕ ਸਿਰਜਣਸ਼ੀਲਤਾ ਅਤੇ ਅਨੁਭਵੀ ਗਿਆਨ ਕਰਕੇ ਹੀ ਇਹ ਸੰਭਵ ਹੋ ਸਕਿਆ। ਭਾਰਤ ਵਿੱਚ ਨਿਪੁੰਨ ਕਿਸਾਨਾਂ ਅਤੇ ਰਵਾਇਤੀ ਬਨਸਪਤੀ ਪ੍ਰਜਨਕਾਂ ਨੇ ਚੌਲਾਂ ਦੀਆਂ ਹਜ਼ਾਰਾਂ ਅਣਮੁੱਲੀਆਂ ਕਿਸਮਾਂ ਨੂੰ ਵਿਕਸਿਤ ਕੀਤਾ ਹੈ। ਇਹਨਾਂ ਵਿੱਚ ਕਈ ਤਾਂ ਖ਼ੁਸ਼ਬੂਦਾਰ, ਲੰਮੇ ਦਾਣਿਆਂ ਵਾਲੀਆਂ, ਰੋਗ, ਸੋਕੇ ਅਤੇ ਹੜ੍ਹ ਵਿਰੋਧੀ ਅਤੇ ਇਲਾਜ ਵਾਲੇ ਗੁਣਾਂ ਨਾਲ ਭਰਪੂਰ ਨੇ।

ਰਵਾਇਤੀ ਬਨਸਪਤੀ ਸੁਧਾਰ ਸਮੇਂ ਦੀ ਕਸੌਟੀ ਤੇ ਹੀ ਖਰਾ ਉੱਤਰਿਆ ਹੈ ਜਿਵੇਂ ਕਿ ਅਜੋਕੀਆਂ ਫ਼ਸਲਾਂ ਦੀਆਂ ਮੁੱਖ ਕਿਸਮਾਂ ਨਾਲ ਜ਼ਾਹਿਰ ਹੁੰਦਾ ਹੈ। ਬ੍ਰੈਸਿਕਾ ਜਾਤਿ ਦੇ ਇੱਕ ਰੂਪ ਨਾਲ  ਇੰਨੇ ਜੀਵ-ਰੂਪ ਵਿਕਸਿਤ ਹੋਏ ਹਨ ਕਿ ਇਹ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਸਭ ਬ੍ਰੈਸਿਕਾ ਦੀਆਂ ਹੀ ਪ੍ਰਜਾਤੀਆਂ, ਜੀਵ ਰੂਪ ਅਤੇ ਕਿਸਮਾਂ ਹਨ। ਅਜਿਹੀ ਹੀ ਆਨੁਵੰਸ਼ਿਕ ਵਿਭਿੰਨਤਾ ਬੈਂਗਣ, ਮਿਰਚ, ਕੱਦੂ, ਅੰਬ ਆਦਿ ਵਿੱਚ ਵੇਖੀ ਜਾ ਸਕਦੀ ਹੈ। ਇਹ ਦਰਸਾਉਂਦੀ ਹੈ ਕਿ ਜੇ ਨਕਲੀ ਚੋਣ ਅਤੇ ਦੋਗਲਿਓਣ ਦੀ ਕਿਰਿਆ ਲੰਮੇ ਸਮੇਂ ਤੱਕ ਚੰਗੇ ਮਕਸਦ ਲਈ ਅਪਣਾਈ ਜਾਵੇ , ਤਾਂ ਹੈਰਾਨੀਜਨਕ ਨਤੀਜੇ ਹਾਸਿਲ ਕੀਤੇ ਜਾ ਸਕਦੇ ਹਨ, ਪਰ ਇਸ ਦੀਆਂ ਵੀ ਸੀਮਾਵਾਂ ਹਨ। ਫਿਰ ਵੀ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਖੇਤਰੀ ਕਿਸਮਾਂ ਦੀ ਖੇਤੀ ਅੱਜ ਵੀ ਕੀਤੀ ਜਾ ਰਹੀ ਹੈ। ਇਹ ਕਿਸਮਾਂ ਵਾਤਾਵਰਨ ਪੱਖੀ ਵੀ ਨੇ।

19ਵੀਂ ਸਦੀ ਦੀ ਸ਼ੁਰੂਆਤ ਵਿੱਚ ਯੂਰਪ ਵਿੱਚ ਹੋਏ ਸਨਅਤੀ ਇਨਕਲਾਬ ਨੇ ਸਰਮਾਏਦਾਰੀ ਢਾਂਚੇ ਦੇ ਅੰਤਰਗਤ ਫ਼ਸਲਾਂ ਦੀ ਬੀਜ ਪੈਦਾਵਾਰ ਨੂੰ ਨਵੀਂ ਰਫ਼ਤਾਰ ਦਿੱਤੀ। ਨਤੀਜਨ ਬਨਸਪਤੀ ਪ੍ਰਜਨਣ ਵਿੱਚ ਹੈਰਾਨੀਜਨਕ ਗਤੀ ਆਈ। ਬੀਜ ਪੈਦਾਵਾਰ ਇੱਕ ਵਪਾਰ ਬਣਨ ਲੱਗਾ। ਇਸ ਦੌਰਾਨ ਹੀ ਪ੍ਰਯੋਗਾਤਮਕ ਬਨਸਪਤੀ ਪ੍ਰਜਨਣ ਦੀ ਨੀਂਹ ਰੱਖੀ ਗਈ। ਪ੍ਰਜਨਣ ਨਰਸਰੀਆਂ ਦੀ ਸਥਾਪਨਾ ਹੋਣ ਲੱਗੀ। ਵਪਾਰਕ ਬਨਸਪਤੀ ਪ੍ਰਜਨਣ ਦੇ ਨਾਲ ਨਾਲ ਬੀਜ ਕੰਪਨੀਆਂ ਹੋਂਦ ਵਿੱਚ ਆਉਣ ਲੱਗੀਆਂ। 1874 ਵਿੱਚ ਪੈਰਿਸ ਦੇ ਨੇੜੇ, ਬੇਲਮੋਰਿਨ ਨਾਮੀ ਇੱਕ ਪ੍ਰਸਿੱਧ ਬੀਜ ਕੰਪਨੀ, ਜਿਸ ਦਾ ਪ੍ਰਯੋਗਿਕ ਬਨਸਪਤੀ ਪ੍ਰਜਨਣ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ, ਦਾ ਨਿਰਮਾਣ ਹੋਇਆ। 19ਵੀਂ ਸਦੀ ਦੇ ਦੌਰਾਨ ਜਰਮਨੀ, ਇੰਗਲੈਂਡ ਅਤੇ ਅਮਰੀਕਾ ਵਿੱਚ ਹਜ਼ਾਰਾਂ ਬੀਜ ਪੈਦਾਵਾਰ ਕੰਪਨੀਆਂ ਘਾਹ ਵਾਂਗ ਉੱਗ ਆਈਆਂ। ਇਸ ਸਮੇਂ ਤੱਕ ਖੇਤੀਹਾਰ ਅਤੇ ਹੋਰ ਪੌਦਿਆਂ ਦਾ ਬਨਸਪਤੀ ਅਧਿਐਨ ਲਗਭਗ ਪੂਰਾ ਹੋ ਚੁੱਕਿਆ ਸੀ ਅਤੇ ਪ੍ਰਯੋਗਿਕ ਪ੍ਰਜਨਣ ਵਿੱਚ ਨਵੀਆਂ ਨਵੀਆਂ ਵਿਧੀਆਂ ਅਪਣਾਈਆਂ ਜਾਣ ਲੱਗੀਆਂ ਸਨ। ਚੋਣ ਕਿਰਿਆ ਨਾਲ ਫ਼ਸਲਾਂ ਅਤੇ ਉਨ੍ਹਾਂ ਦੇ ਬੀਜਾਂ ਦੀ ਵਿੱਕਰੀ ਤੋਂ ਬਿਨਾਂ ਬਨਸਪਤੀ ਸੁਧਾਰ ਦੇ ਲਈ ਦੋਗਲਿਓਣ ਅਤੇ ਚੋਣ ਦੀ ਵਰਤੋਂ ਹੋਣ ਲੱਗੀ ਸੀ। ਫ਼ਸਲਾਂ ਵਿੱਚ ਦੋਗਲਿਓਣ ਵਾਲੇ ਵਿਗਿਆਨੀਆਂ ਵਿੱਚ ਸਵੀਡਨ ਦੇ ਜੋਸਫ ਕੋਈਲਰਾਈਟਰ ਦਾ ਨਾਮ ਮਸ਼ਹੂਰ ਹੈ। 1775-1806 ਦੌਰਾਨ ਉਨ੍ਹਾਂ ਨੇ ਮੁੱਖ ਫ਼ਸਲਾਂ ਦੀਆਂ ਪ੍ਰਜਾਤੀਆਂ ਦੇ ਵਿਚਕਾਰ ਦੋਗਲਿਓਣ ਦਾ ਪ੍ਰਯੋਗ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਤੰਬਾਕੂ ਦੇ ਜੰਗਲ਼ੀ ਅਤੇ ਖੇਤੀਹਾਰ ਪ੍ਰਜਾਤੀਆਂ ਨੂੰ ਦੋਗਲਿਆ ਕੇ ਅੰਤਰਜਾਤੀ ਦੋਗਲਾਪਣ ਹਾਸਿਲ ਕੀਤਾ। ਉਹ ਬੜੇ ਹੀ ਗੁਣੀ  ਸਨ। ਉਨ੍ਹਾਂ ਨੇ ਦੋਗਲਿੳਣ ਤਕਨੀਕ ਦੀ ਤਾਕਤ ਨੂੰ ਪਹਿਚਾਣ ਲਿਆ ਸੀ। ਸ਼ਾਇਦ ਉਨ੍ਹਾਂ ਨੂੰ ਬਨਸਪਤੀ ਸੁਧਾਰ ਦੇ ਲਈ ਦੋਗਲਿਓਣ ਤਾਕਤ (ਹੇਟੇਰੋਸਿਸ) ਦੀ ਮਹੱਤਤਾ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਦੇ ਪ੍ਰਯੋਗ ਮੂਲ ਕੁਦਰਤੀ ਰੁੱਖਾਂ ਪੌਦਿਆਂ ਵਿੱਚ ਫ਼ਾਇਦੇਮੰਦ ਆਨੁਵੰਸ਼ਿਕ ਗੁਣਾਂ ਦਾ ਭੇੜ ਕਰਾ ਕੇ ਉਨ੍ਹਾਂ ਦੇ ਵਿਗਿਆਨਕ ਮੁੜ ਨਿਰਮਾਣ ਦੀ ਕਹਾਣੀ ਕਹਿੰਦੇ ਹਨ।

18ਵੀਂ ਸਦੀ ਦੇ ਆਖਿਰੀ ਸਾਲਾਂ ਵਿੱਚ ਬਰਤਾਨੀ ਬਨਸਪਤੀ ਪ੍ਰਜਨਣ ਨਾਈਟ ਨੇ ਦੋਗਲਿਓਣ ਵਿਧੀ ਨਾਲ ਮਟਰ ਦੀਆਂ ਕਈ ਨਵੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕੀਤਾ। ਇਹਨਾਂ ਦੋਗਲੀਆਂ ਕਿਸਮਾਂ ਦੀ ਖੇਤੀ ਅੱਜ ਵੀ ਕੀਤੀ ਜਾ ਰਹੀ ਹੈ। 19 ਵੀਂ ਸਦੀ ਦੇ ਅੱਧ ਤੱਕ ਵਿਗਿਆਨੀਆਂ ਦਾ ਧਿਆਨ ਹੋਰਾਂ ਫ਼ਸਲਾਂ ਵੱਲ ਵੀ ਗਿਆ। ਯੂਰਪ ਵਿੱਚ, ਜਦ ਆਲੂਆਂ ਵਿੱਚ ‘ਝੁਲਸਾ’ ਦੀ ਮਹਾਂਮਾਰੀ ਫੈਲੀ ਤਾਂ ਉੱਥੋਂ ਦੇ ਵਿਗਿਆਨੀਆਂ ਨੇ ਆਲੂ ਤੇ ਪ੍ਰਯੋਗ ਕਰ ਕੇ ਉਸ ਦੀ ਰੋਗ ਵਿਰੋਧੀ ਅਤੇ ਵਧੇਰੇ ਸਟਾਰਚ ਵਾਲੀ ਕਿਸਮ ਦਾ ਵਿਕਾਸ ਕੀਤਾ, ਜਰਮਨ ਵਿਗਿਆਨੀ ਰਿਮਪਾਊ (1888) ਵਿੱਚ ਜਈ ਅਤੇ ਕਣਕ ਨੂੰ ਅੰਤਰਜਾਤੀ ਦੋਗਲਿਆ ਕੇ ਇੱਕ ਨਦੀਣ ਨਾਸ਼ਕ ਦੋਗਲਾ, ਇੱਕ ਬਿਲਕੁਲ ਨਵੀਂ ਜਾਤੀ, ਗੈਂਜੋ (ਟ੍ਰਿਟਿਕੇਲ) ਦੀ ਪੈਦਾਵਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਕਣਕ ਅਤੇ ਜਈ ਦੀ ਇਸ ਜਾਰਜ ਔਲਾਦ ਦੀ ਪਹਿਚਾਣ ਇੱਕ ਨਵੀਂ ਫ਼ਸਲ ਦੇ ਰੂਪ ਵਿੱਚ ਹੋਈ। ਹੁਣ ਭਾਰਤ ਸਹਿਤ ਕਈ ਦੇਸਾਂ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕੀ ਵਿਗਿਆਨੀ ਲੁਥਰ ਬਰਬੈਂਕ ਨੇ ਫਲਾਂ ਸਬਜ਼ੀਆਂ, ਸੁਗੰਧੀ ਪੌਦਿਆਂ ਆਦਿ ਵਿੱਚ ਪ੍ਰਯੋਗਾਂ ਨਾਲ ਕਈ ਉੱਨਤ ਕਿਸਮਾਂ ਨੂੰ ਵਿਕਸਿਤ ਕੀਤਾ ਹੈ। ਇਸ ਯੁੱਗ ਵਿੱਚ ਪ੍ਰਮੁੱਖ ਵਿਗਿਆਨੀਆਂ ਵੱਲੋਂ ਅਪਣਾਈਆਂ ਗਈਆਂ ਪ੍ਰਯੋਗਿਕ ਵਿਧੀਆਂ ਕਾਫ਼ੀ ਚੰਗੀਆਂ ਸਨ। ਇਹਨਾਂ ਵਿੱਚੋਂ ਕੁੱਝ ਕਿਸਮਾਂ ਦੀ ਵਰਤੋਂ ਕੁੱਝ ਬਦਲਾਵਾਂ ਦੇ ਨਾਲ ਬਨਸਪਤੀ ਸੁਧਾਰ ਵਿੱਚ ਅੱਜ ਵੀ ਕੀਤਾ ਜਾਂਦਾ ਹੈ। ਪਰ ਇਸ ਯੁੱਗ ਦੇ ਬਨਸਪਤੀ ਪ੍ਰਜਣਕਾਂ ਦੇ ਪ੍ਰਯੋਗ ਅਤੇ ਵਿਧੀਆਂ ਅਨੁਭਵ ਆਧਾਰਿਤ ਅਤੇ ਸ਼ੁਰੂਆਤੀ ਹੀ ਸਨ, ਇਹਨਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਸੀ। ਬਨਸਪਤੀ ਪ੍ਰਜਨਣ ਮਹਿਜ ਇੱਕ ਕਲਾ ਸੀ, ਪਰ 18-19 ਵੀਂ ਸਦੀ ਵਿੱਚ ਕੀਤੇ ਗਏ ਇਹਨਾਂ ਪ੍ਰਯੋਗਾਂ ਨੇ ਵਿਗਿਆਨਕ ਬਨਸਪਤੀ ਪ੍ਰਜਨਣ ਦੀ ਪਿੱਠ ਭੂਮੀ ਤਿਆਰ ਕਰ ਦਿੱਤੀ ਸੀ। ਵਿਗਿਆਨਕ ਬਨਸਪਤੀ ਪ੍ਰਜਨਣ ਦਾ ਸੁਨਹਿਰਾ ਸਵੇਰਾ ਹੋਣ ਹੀ ਵਾਲਾ ਸੀ।

ਚਾਰਲਿਸ ਡਾਰਵਿਨ ਪਹਿਲਾ ਬੰਦਾ ਸੀ ਜਿਸ ਨੇ ਜੰਤੂਆਂ ਅਤੇ ਰੁੱਖਾਂ ਪੌਦਿਆਂ ਨੂੰ ਵਿਗਿਆਨਕ ਆਧਾਰ ਦਿੱਤਾ ਸੀ। 1859 ਵਿੱਚ ਛਪੀ ਉਨ੍ਹਾਂ ਦੀ ਮਸ਼ਹੂਰ ਕਿਤਾਬ ‘ਕੁਦਰਤੀ ਚੋਣ ਨਾਲ ਪ੍ਰਜਾਤੀਆਂ ਦੀ ਉਤਪਤੀ’ ਨੇ ਲੜੀਵਾਰ ਵਿਕਾਸ ਦੀ ਸਮਝ, ਕੁਦਰਤੀ ਵਿਗਿਆਨ ਦੇ ਵਿਕਾਸ ਅਤੇ ਪ੍ਰਜਨਣ ਸਿਧਾਂਤ ਦੇ ਵਿਸਤਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਡਾਰਵਿਨ ਨੇ ਸਾਨੂੰ ਜੀਵ ਪ੍ਰਜਾਤੀਆਂ ਵਿੱਚ ਲੜੀਵਾਰ ਵਿਕਾਸ ਦੀਆਂ ਪ੍ਰਕਿਰਿਆਵਾਂ ਨੂੰ ਚਲਾਉਣ ਅਤੇ ਰਾਹ ਪਾਉਣ ਵਾਲੇ ਕਾਰਕਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਸਮਝਾਇਆ। ਡਾਰਵਿਨਵਾਦ ਦੀ ਰੌਸ਼ਨੀ ਵਿੱਚ ਕੁਦਰਤੀ ਅਤੇ ਬਨਾਵਟੀ ਵਾਤਾਵਰਨ ਵਿੱਚ ਜੀਵ ਰੂਪਾਂ ਦੇ ਵਿਕਾਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਉਹ ਨਾ ਨੇ ਦੱਸਿਆ ਕਿ ਕਿਵੇਂ ਜੀਵ ਪ੍ਰਜਾਤੀਆਂ ਵਿੱਚ ਛੋਟੇ ਅਤੇ ਊਟ-ਪਟਾਂਗ ਬਦਲਾਅ ਹੁੰਦੇ ਰਹਿੰਦੇ ਹਨ, ਅਤੇ ਮੁੜ ਚੋਣ ਦੀ ਕਿਰਿਆ ਨਾਲ ਆਗਾਮੀ ਪੀੜੀਆਂ ਵਿੱਚ ਬਦਲਾਅ ਹੁੰਦਾ ਹੈ। ਅੰਤ ਚੋਣ ਕਿਰਿਆ ਨਾਲ ਖ਼ਾਸ ਬਦਲਾਵਾਂ ਨੂੰ ਸਥਿਰ ਰੱਖਿਆ ਜਾ ਸਕਦਾ ਹੈ, ਅਣਚਾਹੇ ਜੀਵ ਰੂਪਾਂ ਨੂੰ ਅਸਵੀਕਾਰ ਕੀਤਾ ਜਾ ਸਕਦਾ ਹੈ।

ਡਾਰਵਿਨ ਦਾ ਮਹਾਨਤਮ ਯੋਗਦਾਨ ਇਹ ਹੈ ਕਿ ਮਨੁੱਖਾਂ ਵਿੱਚ ਜੀਵਾਂ ਦੀਆਂ ਪ੍ਰਜਾਤੀਆਂ ਵਿੱਚ ਬਦਲਾਅ ਕਰਨ ਦੀ ਯੋਗਤਾ ਅਤੇ ਸਮਰੱਥਾ ਹੈ। ਉਨ੍ਹਾਂ ਦਾ ਲੜੀਵਾਰ ਵਿਕਾਸ ਦਾ ਸਿਧਾਂਤ ਵਿਗਿਆਨਕ ਬਨਸਪਤੀ ਪ੍ਰਜਨਣ ਦਾ ਮੂਲ-ਮੰਤਰ ਬਣ ਗਿਆ ਹੈ ਅਤੇ ਬਾਅਦ ਵਾਲੇ ਦਹਾਕਿਆਂ ਵਿੱਚ ਜੀਵ ਵਿਗਿਆਨ ਦੀ ਤਰੱਕੀ ਵਿੱਚ ਗਤੀ ਦਾ ਸੰਚਾਰ ਡਾਰਵਿਨਵਾਦ ਦੀ ਛਾਂ ਵਿੱਚ ਹੀ ਹੋਇਆ। ਵਿਗਿਆਨੀਆਂ ਲਈ ਹੁਣ ਫ਼ਸਲਾਂ ਦੀਆਂ ਨਵੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕਰਨਾ ਜ਼ਿਆਦਾ ਸੌਖਾ ਹੋ ਗਿਆ ਸੀ। ਫਿਰ ਵੀ ਡਾਰਵਿਨਵਾਦ ਵਿੱਚ ਕੁੱਝ ਕਮੀਆਂ ਸਨ। ਇਸ ਦੇ ਚਾਨਣ ਵਿੱਚ ‘ਸਭ ਤੋਂ ਉੱਤਮ ਦਾ ਬਚਾਅ’ (ਸਰਵਾਈਵਲ ਆਫ਼ ਦੀ ਫਿਟੈਸਟ) ਦੀ ਗੱਲ ਤਾਂ ਸਮਝ ਵਿੱਚ ਆਉਂਦੀ ਸੀ, ਪਰ ‘ਸਭ ਤੋਂ ਉੱਤਮ ਦਾ ਆਗਮਨ’ (ਅਰਾਈਵਲ ਆਫ ਦਾ ਫਿਟੈਸਟ) ਕਿਵੇਂ ਹੁੰਦਾ ਹੈ, ਇਸ ਸਵਾਲ ਦਾ ਜਵਾਬ ਡਾਰਵਿਨ ਕੋਲ ਨਹੀਂ ਸੀ। ਇਸ ਸਵਾਲ ਦਾ ਜਵਾਬ ਉਨ੍ਹਾਂ ਦੇ ਸਮਕਾਲੀ ਗ੍ਰਿਗੋਰ ਮੈਂਡਲ ਦੇ ਮਟਰ ਦੀਆਂ ਕਿਆਰੀਆਂ ਵਿੱਚ ਛੁਪਿਆ ਸੀ ਪਰ ਜੀਵ ਵਿਗਿਆਨ ਦੀਆਂ ਦੋਹਾਂ ਸ਼ਖ਼ਸੀਅਤਾਂ ਇੱਕ ਦੂਜੇ ਦੇ ਕੰਮਾਂ ਤੋਂ ਅਣਜਾਣ ਸਨ। ਜੇ ਇਸਨੂੰ ਜੀਵ ਵਿਗਿਆਨ ਦੀ ਮਹਾਨ ਤ੍ਰਾਸਦੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਆਧੁਨਿਕ ਬਨਸਪਤੀ ਪ੍ਰਜਨਣ ਨੂੰ ਠੋਸ ਵਿਗਿਆਨਕ ਆਧਾਰ ਮਿਲਿਆ 1865 ਵਿੱਚ ਮੈਂਡਲ ਵੱਲੋਂ ਦੱਸੇ ਆਨੁਵੰਸ਼ਿਕਤਾ ਦੇ ਨਿਯਮਾਂ ਨਾਲ, ਉਨ੍ਹਾਂ ਨੇ ਆਨੁਵੰਸ਼ਿਕਤਾ ਦੀ ਇਕਾਈ ‘ਘਟਕ’ (ਅੱਜ ਦੀ ਭਾਸ਼ਾ ਵਿੱਚ ਜੀਨ) ਦੀ ਕਲਪਨਾ ਕੀਤੀ ਸੀ। ਇਹਨਾਂ ਨਿਯਮਾਂ ਦੀ ਰੌਸ਼ਨੀ ਵਿੱਚ ਜੀਵਾਂ ਵਿੱਚ ਪੀੜੀ ਦਰ ਪੀੜੀ ਗੁਣਾਂ ਦੇ ਦਾਖ਼ਲੇ ਨੂੰ ਸਮਝਿਆ ਜਾ ਸਕਦਾ ਸੀ। 20 ਵੀਂ ਸਦੀ ਵਿੱਚ ਮੈਂਡਲਵਾਦ ਦਾ ਪੁਨਰਜਨਮ ਅਤੇ ਜਲਦ ਹੀ ਮੈਂਡਲ ਮਾਰਗਨਵਾਦ ਦੀ ਸਥਾਪਨਾ ਨੇ ਵਿਗਿਆਨਕ ਬਨਸਪਤੀ ਸੁਧਾਰ ਅਤੇ ਬੀਜ ਪੈਦਾਵਾਰ ਨੂੰ ਇੱਕ ਠੋਸ ਭੌਤਿਕ ਆਧਾਰ ਦਿੱਤਾ। ਆਨੁਵੰਸ਼ਿਕਤਾ, ਬਦਲਾਅ ਅਤੇ ਪੌਦਿਆਂ ਵਿੱਚ ਵਿਕਾਸ ਨੂੰ ਕਾਬੂ ਕਰਨ ਲਈ ਆਨੁਵੰਸ਼ਿਕਤਾ ਦੇ ਸਿਧਾਂਤਾਂ, ਆਨੁਵੰਸ਼ਿਕ ਪ੍ਰਬੰਧ ਵਿੱਚ ਜੀਨਾਂ ਦਾ ਵਿਹਾਰ, ਖ਼ਾਸ ਬਨਸਪਤੀ ਪ੍ਰਜਾਤੀਆਂ ਦੀ ਅਨੁਵੰਸ਼ਿਕ ਸਮਰੱਥਾ ਆਦਿ ਨੂੰ ਸਮਝਣਾ ਜ਼ਰੂਰੀ ਹੈ। ਨਾਲ ਹੀ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕਰਨ ਲਈ ਬਨਸਪਤੀ ਪ੍ਰਜਨਣ ਦੇ ਸਮੁੱਚੇ ਸਿਧਾਂਤਕ ਅਤੇ ਵਿਹਾਰਕ ਗਿਆਨ ਦਾ ਹੋਣਾ ਵੀ ਜ਼ਰੂਰੀ ਹੈ।

ਆਧੁਨਿਕ ਬਨਸਪਤੀ ਪ੍ਰਜਨਣ ਵਿਗਿਆਨ ਦਾ ਜਨਮ ਪਿਛਲੀ ਸਦੀ ਵਿੱਚ ਜਨਮੀ ਅਤੇ ਵਿਕਸਿਤ ਜੀਨ ਵਿਗਿਆਨ ਦੀ ਕੁੱਖੋਂ ਹੋਇਆ। ਅਤੀਤ ਵਿੱਚ ਜੋ ਬਨਸਪਤੀ ਪ੍ਰਜਨਣ ਅਨੁਭਵ ਆਧਾਰਿਤ ਅਤੇ ਕੁੱਝ ਮਾਹਿਰਾਂ ਤੱਕ ਸੀਮਤ ਸੀ, ਉਹ ਅੱਜ ਜੀਨ ਵਿਗਿਆਨ ਦੀ ਸੂਝ ਬੂਝ ਵਾਲੀ ਵਰਤੋਂ ਤੇ ਆਧਾਰਿਤ ਹੋ ਗਿਆ ਹੈ। ਮੈਂਡਲ ਮਾਰਗਨਵਾਦ ਦੀ ਸਥਾਪਨਾ ਤੋਂ ਬਾਅਦ ਸਾਰਥਕ ਬਨਸਪਤੀ ਸੁਧਾਰ ਦੇ ਕਈ ਰਾਹ ਖੁੱਲਦੇ ਨੇ। ਇਹਨਾਂ ਵਿੱਚ ਮੁੱਖ ਨੇ: ਫ਼ਾਇਦੇਮੰਦ ਜੀਨਾਂ ਦਾ ਮੇਲ ਅਤੇ ਟੁੱਟਣਾ, ਕੁਦਰਤੀ ਆਨੁਵੰਸ਼ਿਕੀ ਦੇਣਾਂ, ਜੀਵ ਰਵਾਇਤ ਦੀ ਪਹਿਚਾਣ ਆਦਿ। ਅਸਲ ਵਿੱਚ ਬਨਸਪਤੀ ਪ੍ਰਜਨਣ ਖੇਤੀਹਾਰ ਪੌਦਿਆਂ ਦੀ ਪੁਰਾਣੀ ਪ੍ਰਜਾਤੀਆਂ ਅਤੇ ਕਿਸਮਾਂ ਵਿੱਚ ਪ੍ਰਯੋਗਿਕ ਵਿਧੀਆਂ ਨਾਲ ਸਭ ਤੋਂ ਉੱਤਮ ਅਤੇ ਲਾਹੇਵੰਦ ਜੀਨਾਂ ਦਾ ਮੇਲ ਹੀ ਤਾਂ ਹੈ।

19 ਵੀਂ ਸਦੀ ਦੇ ਮੱਧ ਤੱਕ ਸਮੂਹਿਕ ਚੋਣ (ਮਾਸ ਸੈਲੇਕਸ਼ਨ) ਬਨਸਪਤੀ ਪ੍ਰਜਣਕਾਂ ਵੱਲੋਂ ਵਿਹਾਰ ਵਿੱਚ ਲਿਆਂਦੇ ਜਾਣ ਵਾਲੀ ਇੱਕ ਆਮ ਅਤੇ ਮਸ਼ਹੂਰ ਤਕਨੀਕ ਸੀ। ਬਾਅਦ ਵਿੱਚ ਉਹ ਖ਼ਾਸ ਚੋਣ ਦੀ ਤਕਨੀਕ ਨੂੰ ਅਪਣਾਉਣ ਲੱਗੇ। ਇਸ ਵਿੱਚ ਆਪੂ ਪਰਾਗਿਤ ਸਭ ਤੋਂ ਉੱਤਮ ਪੌਦਿਆਂ ਦੀਆਂ ਅਣਗਿਣਤ ਕਿਸਮਾਂ ਵਿੱਚ ਸਭ ਤੋਂ ਉੱਤਮ ਗੁਣਾਂ ਦੀ ਚੋਣ ਕਰਕੇ ਉਨ੍ਹਾਂ ਦਾ ਵਿਸਤਾਰੀ ਅਧਿਐਨ ਕੀਤਾ ਜਾਂਦਾ ਹੈ ਅਤੇ ਨਵੀਆਂ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ। ਅੱਜ ਕਲ ਫ਼ਸਲਾਂ ਨੂੰ ਵਿਭਿੰਨ ਕਿਸਮਾਂ ਜਾਂ ਪ੍ਰਜਾਤੀਆਂ ਜਾਂ ਉਨ੍ਹਾਂ ਦੇ ਜੰਗਲੀ ਰਿਸ਼ਤੇਦਾਰ ਪ੍ਰਜਾਤੀਆਂ ਦੇ ਵਿਚਕਾਰ ਦੋਗਲਿਓਣ ਅਤੇ ਚੋਣ ਦੀ ਤਕਨੀਕ ਬਹੁਤ ਮਸ਼ਹੂਰ ਹੈ। ਮਕਸਦ ਹੈ ਉੱਨਤ ਦੋਗਲਿਆਂ ਦੀਆਂ ਕਿਸਮਾਂ ਵਿੱਚ ਆਜ਼ਾਦ ਆਨੁਵੰਸ਼ਿਕ ਵਿਭਿੰਨਤਾ ਦਾ ਅਧਿਐਨ ਅਤੇ ਉੱਨਤ ਜੀਵ ਰੂਪਾਂ ਦੀ ਚੋਣ, ਮੈਂਡਲ ਮਾਰਗਨਵਾਦ ਨੇ ਬਨਸਪਤੀ ਪ੍ਰਜਨਣ ਦਾ ਰਾਹ ਬਹੁਤ ਸਾਫ਼ ਕਰ ਦਿੱਤਾ ਹੈ। ਆਨੁਵੰਸ਼ਿਕੀ ਪੁਨਰਮੇਲ ਬਨਸਪਤੀ ਸੁਧਾਰ ਦਾ ਆਧਾਰ ਹੈ ਅਤੇ ਦੋਗਲਿਓਣ ਅਤੇ ਚੋਣ ਮੌਲਿਕ ਕਾਰਜ ਵਿਧੀਆਂ। ਗੁਣਸੂਤਰਾਂ ਵਿੱਚ ਜੀਨਾਂ ਦੀ ਥਾਂ ਨਿਰਧਾਰਨ ਅਤੇ ਖਰੜਿਆਂ ਨਾਲ ਹੀ ਸਹੀ ਅਤੇ ਸਟੀਕ ਜੀਨ ਮੇਲ ਦਾ ਕਾਰਜ ਆਸਾਨ ਹੋ ਸਕਿਆ। ਹੁਣ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਬਨਸਪਤੀ ਪ੍ਰਜਣਕ ਪੌਦਿਆਂ ਦੇ ਨਵੇਂ ਨਵੇਂ ਰੂਪਾਂ ਨੂੰ ਘੜਣ ਵਿੱਚ ਸਮਰੱਥ ਹੋ ਗਏ। ਇੱਕ ਨਵੀਂ ਵਿਧੀ ਗੁਣਸੂਤਰੀ ਇੰਜੀਨੀਅਰੀ ਦਾ ਵਿਕਾਸ ਹੋਇਆ, ਜਿਸ ਨੇ ਬਨਸਪਤੀ ਪ੍ਰਜਨਣ ਦਾ ਰੂਪ ਹੀ ਬਦਲ ਦਿੱਤਾ।

ਮੱਕੀ ਵਰਗੀਆਂ ਰਵਾਇਤੀ ਫ਼ਸਲਾਂ ਵਿੱਚ ਆਨੁਵੰਸ਼ਿਕ ਵਿਸ਼ਲੇਸ਼ਣ ਦੀ ਦਿਮਾਗ਼ੀ ਵਰਤੋਂ ਨੇ ਬਨਸਪਤੀ ਸੁਧਾਰ ਵਿੱਚ ਹੈਰਾਨੀਜਨਕ ਅਤੇ ਸਾਰਥਕ ਨਤੀਜੇ ਦਿੱਤੇ। ਦੋ ਚਮਤਕਾਰੀ ਜੀਨਾਂ, ਨਸਬੰਦੀ ਜਾਂ ਮੇਲ ਸਟਰਾਈਲ (ਐਮ.ਐਸ) ਅਤੇ ਨਦੀਨ ਨਾਸ਼ਕ ਮੁੜ-ਜਾਗਰਨ ਜਾਂ ਫਰਟੀਲਿਟੀ ਰਿਸਟੋਰਰ (ਆਰ.ਐਫ), ਦੀ ਬਦੌਲਤ ਬਹੁਤ ਉੱਨਤ ਦੋਗਲੀਆਂ ਕਿਸਮਾਂ ਦਾ ਵਿਕਾਸ ਸੰਭਵ ਹੋ ਸਕਿਆ। ਇਹਨਾਂ ਦੀ ਵਜ੍ਹਾ ਤੋਂ ਵੱਡੇ ਪੈਮਾਨੇ ਤੇ ਦੋਗਲੇ ਬੀਜਾਂ ਦੀ ਪੈਦਾਵਾਰ ਬਹੁਤ ਸੌਖੀ ਹੋ ਗਈ। ਬਨਸਪਤੀ ਪ੍ਰਜਣਕਾਂ ਨੇ ਹੋਰ ਕਈ ਫ਼ਸਲਾਂ ਵਿੱਚ ਵੀ ਇਹਨਾਂ ਜੀਨਾਂ ਨੂੰ ਲੱਭਣ ਵਿੱਚ ਸਫਲਤਾ ਹਾਸਿਲ ਕੀਤੀ ਅਤੇ ਦੋਗਲੀਆਂ ਕਿਸਮਾਂ ਨੂੰ ਵਿਕਸਿਤ ਕੀਤਾ। ਅੱਜ ਦੋਗਲੇ ਬੀਜਾਂ ਦੀ ਪੈਦਾਵਾਰ ਇਸੇ ਦੋਗਲੀ ਬੀਜ ਤਕਨੀਕ ਨਾਲ ਕੀਤੀ ਜਾਂਦੀ ਹੈ।

1930-1940 ਦੇ ਦੌਰਾਨ ਪੌਦ ਸੁਧਾਰ ਦਾ ਇੱਕ ਹੋਰ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਰਾਹ ਖੁੱਲ੍ਹਿਆ, ਜਦ ਰੇਡੀਉ ਥਰਮੀ ਕਿਰਨਾਂ ਅਤੇ ਖ਼ਾਸ ਰਸਾਇਣਾਂ ਨਾਲ ਨਕਲੀ ਫੇਰਬਦਲ ਦੀ ਖੋਜ ਹੋਈ। ਫਿਰ ਕੀ ਸੀ, ਨਕਲੀ ਫੇਰਬਦਲ ਦੀ ਪੈਦਾਵਾਰ ਲਈ ਭਾਰਤ ਸਹਿਤ ਦੁਨੀਆ ਦੇ ਕਈ ਦੇਸ਼ਾਂ ਦੇ ਖੋਜ ਕੇਂਦਰਾਂ ਵਿੱਚ ਗਾਮਾ ਬਗੀਚੀਆਂ (ਜਿੱਥੇ ਬੀਜਾਂ ਅਤੇ ਪੌਦਿਆਂ ਨੂੰ ਛਾਂਟਿਆ ਜਾਂਦਾ ਹੈ) ਦੀ ਸਥਾਪਨਾ ਕੀਤੀ ਗਈ ਅਤੇ ਬੜੇ ਜ਼ੋਰ ਸ਼ੋਰ ਨਾਲ ਫੇਰਬਦਲ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ। ਫੇਰਬਦਲ ਕਰਨ ਵਾਲੇ ਰਸਾਇਣਾਂ ਦੀ ਖੋਜ ਵੀ ਕੀਤੀ ਜਾਣ ਲੱਗੀ। ਇਹਨਾਂ ਰਸਾਇਣਾਂ ਦੀ ਵੀ ਫੇਰਬਦਲ ਦੀ ਪ੍ਰਾਪਤੀ ਵਿੱਚ ਖੂਬ ਵਰਤੋਂ ਕੀਤੀ ਗਈ, ਨਕਲੀ ਫੇਰਬਦਲ ਪ੍ਰਜਨਣ, (ਮਿਊਟੇਸ਼ਨ ਬ੍ਰੀਡਿੰਗ) ਦੀਆਂ ਵੀ ਹੱਦਾਂ ਸਨ। ਇਹ ਆਸ ਦੇ ਅਨੁਕੂਲ ਜਿਹੋ ਜਿਹਾ ਸ਼ੁਰੂ ਵਿੱਚ ਸੋਚਿਆ ਗਿਆ ਸੀ, ਸਾਬਿਤ ਨਹੀਂ ਹੋ ਸਕਿਆ। ਇਸੇ ਦੌਰਾਨ ਰੂਸ ਦੇ ਜੀਨ ਵਿਗਿਆਨੀ ਨਿਕੋਲਾਈ ਵੈਵੀਲੋਵ ਨੇ ਧਰਤੀ ਦੇ ਵਿਭਿੰਨ ਭਾਗਾਂ ਵਿੱਚ ਖਿੰਡੇ ਜੀਨ ਭੰਡਾਰਾਂ ਦਾ ਨਾ ਸਿਰਫ਼ ਪਤਾ ਲਾਇਆ, ਬਲਕਿ ਉਨ੍ਹਾਂ ਦੀ ਪੜਤਾਲ ਕਰ ਉਨ੍ਹਾਂ ਨੂੰ ਸੂਤਰਬੱਧ ਕੀਤਾ ਅਤੇ ਮਨੁੱਖੀ ਜਾਤ ਦੀ ਹੋਂਦ ਲਈ ਉਨ੍ਹਾਂ ਦੀ ਲੋੜ ਨੂੰ ਸਮਝਾਇਆ। ਬਨਸਪਤੀ ਸੁਧਾਰ ਲਈ ਉਨ੍ਹਾਂ ਦੇ ਦੋ ਖ਼ਾਸ ਸਿਧਾਂਤ  ‘ਫ਼ਸਲਾਂ ਦੇ ਵਿਕਾਸ ਕੇਂਦਰ’ ਅਤੇ ‘ਆਨੁਵੰਸ਼ਿਕੀ ਵਿਭਿੰਨਤਾ ਦੀ ਭਾਸ਼ਾਈ ਲੜੀ’ ਦੇ ਸਿਧਾਂਤ ਆਨੁਵੰਸ਼ਿਕ ਕੇਂਦਰਾਂ ਦੇ ਮੂਲ ਅੱਠ ਸ੍ਰੋਤ ਜੀਨ ਕੇਂਦਰਾਂ ਦਾ ਪਤਾ ਦਿੰਦੇ ਹਨ।

1950 ਤੱਕ ਬਨਸਪਤੀ ਪ੍ਰਜਨਣ ਇੱਕ ਮੁੱਖ ਤਕਨਾਲੋਜੀ ਦੇ ਰੂਪ ਵਿੱਚ ਵਿਕਸਿਤ ਹੋ ਚੁੱਕਿਆ ਸੀ। ਸਨਅਤੀ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਇਸ ਟੈਕਨਾਲੋਜੀ ਵਿੱਚ ਨਿਹਿਤ ਦੂਰਅੰਦੇਸ਼ੀ ਸੰਭਾਵਨਾਵਾਂ ਅਤੇ ਤਾਕਤਾਂ ਨੂੰ ਸਮਝ ਰਹੀਆਂ ਸਨ। ਸੁਭਾਵਿਕ ਸੀ ਇਸਦੇ ਵਿਕਾਸ ਦੇ ਲਈ ਉਹਨਾਂ ਨੇ ਸਰਮਾਏ ਦਾ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਨਤੀਜਨ, ਖੋਜ ਅਤੇ ਪ੍ਰੀਖਣ ਕਰਕੇ ਉੱਨਤ ਦੋਗਲੀਆਂ ਕਿਸਮਾਂ ਦਾ ਵਿਕਾਸ ਹੋਇਆ ਅਤੇ ਬੀਜ ਕੰਪਨੀਆਂ ਇਹਨਾਂ ਦਾ ਵਪਾਰ ਕਰਨ ਲੱਗੀਆਂ। ਖੇਤੀ ਸਨਅਤ ਖ਼ੂਬ ਵਧਣ ਫੁੱਲਣ ਲੱਗੀ।

ਭਾਵੇਂ ਜੀਨ ਵਿਗਿਆਨ ਦੀ ਵਿਹਾਰਕ ਵਰਤੋਂ ਵਿਗਿਆਨਕ ਬਨਸਪਤੀ ਸੁਧਾਰ ਦਾ ਮੂਲ ਤੱਤ ਹੈ, ਪਰ ਸਾਰਥਕ ਬਨਸਪਤੀ ਸੁਧਾਰ ਦੇ ਲਈ ਜੀਨ ਵਿਗਿਆਨ ਦੇ ਨਾਲ ਨਾਲ ਬਨਸਪਤੀ ਕਿਰਿਆ ਵਿਗਿਆਨ, ਜੀਵ ਰਸਾਇਣ ਵਿਗਿਆਨ, ਗਣਿਤ, ਬਨਸਪਤੀ ਰੋਗ ਵਿਗਿਆਨ, ਕੀਟ ਵਿਗਿਆਨ, ਫੁੱਲ-ਜੀਵ ਵਿਗਿਆਨ , ਖੇਤੀ ਇੰਜੀਨੀਅਰੀ, ਭੂ ਵਿਗਿਆਨ  ਆਦਿ ਦੇ ਸਮੁੱਚੇ ਗਿਆਨ ਦੀ ਸੂਝ ਬੂਝ ਨਾਲ ਵਰਤੋਂ ਵੀ ਜ਼ਰੂਰੀ ਹੈ। ਅੱਜ ਅਸੀਂ ਸੰਸਾਰ ਵਿੱਚ ਫ਼ਸਲਾਂ ਦੀਆਂ ਜਿਹੜੀਆਂ ਵੀ ਵਧੇਰੇ ਉਪਜਾਊ ਕਿਸਮਾਂ ਦੇਖਦੇ ਹਾਂ, ਉਹ ਵਿਗਿਆਨਕ ਖੋਜ ਦੇ ਨਤੀਜੇ ਹਨ, ਪਰ ਇਹ ਤੀਜੀ ਦੁਨੀਆ ਦੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਦੇ ਸਦੀਆਂ ਤੋਂ ਸੰਭਾਲੇ ਰਵਾਇਤੀ ਗਿਆਨ, ਉਨ੍ਹਾਂ ਦੀ ਭਾਈਚਾਰਕ ਸਿਰਜਣਸ਼ੀਲਤਾ ਅਤੇ ਨਵੀਨਤਾ ਦੀ ਨੀਂਹ ਤੇ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਬਿਨਾਂ ਇਹਨਾਂ ਵਧੇਰੇ ਉਪਜਾਊ ਕਿਸਮਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਅਸਲ ਵਿੱਚ ਇਹ ਤੀਜੀ ਦੁਨੀਆ ਦੇ ਖੇਤੀ ਕਾਮਿਆਂ ਦੀ ਭਾਈਚਾਰਕ ਬੌਧਿਕ ਵਿਰਾਸਤ ਵੀ ਹੈ। ਬਨਸਪਤੀ ਪ੍ਰਜਨਣ ਮਨੁੱਖੀ ਭਾਈਚਾਰੇ ਦੀ ਇੱਛਾਸ਼ਕਤੀ ਨਾਲ ਨਿਯੰਤਰਿਤ ਲੜੀਵਾਰ ਵਿਕਾਸ ਦੀ ਪ੍ਰਕ੍ਰਿਆ ਹੈ ਅਤੇ ਬਨਸਪਤੀ ਪ੍ਰਜਣਕ ਫ਼ਸਲਾਂ ਦੇ ਸ਼ਾਨਦਾਰ ਡਿਜ਼ਾਈਨਰ ਅਤੇ ਰਚਨਾਕਾਰ।

ਇੱਧਰ ਸੰਸਾਰ ਦੀ ਆਬਾਦੀ ਵਿੱਚ ਅਪਾਰ ਵਾਧਾ ਹੋ ਰਿਹਾ ਸੀ, ਇੱਕ ਵਿਸਫੋਟ ਦੇ ਵਾਂਗ। ਇਸ ਵਧਦੀ ਆਬਾਦੀ ਨੂੰ ਰੋਟੀ ਮੁਹੱਈਆ ਕਰਾਉਣਾ ਇੱਕ ਬੜੀ ਵੱਡੀ ਸਮੱਸਿਆ ਸੀ। ਵਿਗਿਆਨਕ ਬਨਸਪਤੀ ਸੁਧਾਰ ਵੀਹਵੀਂ ਸਦੀ ਦੀ ਪਰਮ ਲੋੜ ਸੀ। ਇਸ ਦੇ ਨਾਲ ਹੀ ਆਬਾਦੀ ਕਾਬੂ ਕਰਨ ਦੀ ਵੀ ਲੋੜ ਮਹਿਸੂਸ ਕੀਤੀ ਜਾਣ ਲੱਗੀ। ਇਸ ਕਾਰਜ ਵਿੱਚ ਸਿਆਸੀ, ਆਬਾਦੀ ਮਾਹਿਰ, ਸਮਾਜ ਸ਼ਾਸਤਰੀ ਅਤੇ ਖੇਤੀ ਵਿਗਿਆਨੀਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਜ਼ਰੂਰੀ ਹੋ ਗਈਆਂ। ਭੋਜਨ ਪੂਰਤੀ ਵਿੱਚ ਸਭ ਤੋਂ ਵੱਡੀ ਸਮੱਸਿਆ ਆਬਾਦੀ ਵਾਧੇ ਦੀ ਵੀ ਹੈ। ਆਬਾਦੀ ਦੇ ਗਤੀ ਵਿਗਿਆਨ ਨੂੰ ਵੀ ਸਮਝਣਾ ਜ਼ਰੂਰੀ ਹੈ। ਇੱਕ ਆਂਕੜੇ ਮੁਤਾਬਿਕ 1821 ਵਿੱਚ ਦੁਨੀਆ ਦੀ ਆਬਾਦੀ ਕਰੀਬ 1 ਅਰਬ ਸੀ, ਜੋ 107 ਸਾਲਾਂ ਬਾਅਦ 1927 ਵਿੱਚ ਵਧ ਕੇ 2 ਅਰਬ ਹੋ ਗਈ। ਫਿਰ ਮਹਿਜ਼ 32 ਸਾਲਾਂ ਬਾਅਦ ਹੀ 1959 ਵਿੱਚ ਇਹ ਗਿਣਤੀ ਵਧ ਕੇ 3 ਅਰਬ ਤੱਕ ਪਹੁੰਚ ਗਈ। 15 ਸਾਲਾਂ ਬਾਅਦ 1974 ਵਿੱਚ ਸੰਸਾਰ ਦੀ ਆਬਾਦੀ 5 ਅਰਬ ਅਤੇ 2000 ਵਿੱਚ 6 ਅਰਬ ਤੱਕ ਪਹੁੰਚ ਗਈ। ਇੱਕ ਅੰਦਾਜ਼ੇ ਅਨੁਸਾਰ, 2020 ਤੱਕ ਜੇ ਆਬਾਦੀ ਦੀ ਵਾਧਾ ਦਰ ਇਹੋ ਰਹੀ ਤਾਂ ਇਹ 7.5 ਅਰਬ ਅਤੇ 2050 ਤੱਕ 10 ਅਰਬ ਦੇ ਆਂਕੜੇ ਨੂੰ ਪਾਰ ਕਰ ਜਾਵੇਗੀ।

ਅੱਜ ਤੋਂ ਕਰੀਬ 8 ਹਜ਼ਾਰ ਸਾਲ ਪਹਿਲਾਂ ਜਦ ਮਨੁੱਖਾਂ ਨੇ ਪਹਿਲੀ ਵਾਰ ਖੇਤੀ ਸ਼ੁਰੂ ਕੀਤੀ ਸੀ ਤਾਂ ਇਹ ਕੁੱਝ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਛੋਟੀ ਜਿਹੀ ਗਤੀ ਵਿਧੀ ਸੀ ਅਤੇ ਇਸ ਦਾ ਵਾਤਾਵਰਨ ਤੇ ਪ੍ਰਭਾਵ ਨਿਗੂਣਾ ਸੀ। ਅੱਜ 21 ਵੀਂ ਸਦੀ ਵਿੱਚ ਖੇਤੀ ਦੀ ਹਾਲਤ ਬਹੁਤ ਬਦਲ ਗਈ ਹੈ। ਪਹਿਲਾਂ ਕੁੱਝ ਛੋਟੇ ਛੋਟੇ ਸਮੂਹ ਖੇਤੀ ਨਾਲ ਜੁੜੇ ਹੋਏ ਸਨ। ਅੱਜ ਪੂਰੀ ਮਨੁੱਖੀ ਜਾਤ ਆਪਣੀ ਅਨਾਜ ਪੂਰਤੀ ਅਤੇ ਅਨਾਜ ਸੁਰੱਖਿਆ ਦੇ ਲਈ ਇਸ ਤੇ ਨਿਰਭਰ ਹੈ। ਅੱਜ ਧਰਤੀ ਦਾ ਕਰੀਬ 35% ਜ਼ਮੀਨੀ ਹਿੱਸਾ ਖੇਤੀ ਦੇ ਕੰਮ ਵਿੱਚ ਵਰਤੋਂ ਹੁੰਦਾ ਹੈ ਅਤੇ  ਕਰੀਬ 2 ਅਰਬ ਲੋਕ ਇਸ ਨਾਲ ਜੁੜੇ ਹੋਏ ਹਨ। ਸਾਡੇ ਦੇਸ਼ ਦੀ ਆਬਾਦੀ ਦਾ 65 ਪ੍ਰਤੀਸ਼ਤ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਖੇਤੀ ਨਾਲ ਜੁੜਿਆ ਹੋਇਆ ਹੈ। ਖੇਤੀ ਨੇ ਬਹੁਤ ਤੇਜ਼ੀ ਨਾਲ ਧਰਤੀ ਦੇ ਭੌਤਿਕ ਅਤੇ ਵਾਤਾਵਰਨ ਰੂਪ ਨੂੰ ਬਦਲ ਦਿੱਤਾ ਹੈ।

ਪਿਛਲੀ ਸਦੀ ਦੇ ਆਖ਼ਿਰ ਵਿੱਚ ਆਬਾਦੀ ਵਿਸਫੋਟ ਕਾਰਨ ਖੇਤੀ ਤਕਨਾਲੋਜੀ ਵਿੱਚ ਜ਼ਬਰਦਸਤ ਬਦਲਾਅ ਹੋਏ। ਫ਼ਸਲਾਂ ਦੀ ਵਧੇਰੇ ਪੈਦਾਵਾਰ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ, ਰੇਹਾਂ ਅਤੇ ਕੀਟ ਜਾਂ ਨਦੀਣ ਨਾਸ਼ਕਾਂ ਦੀ ਵੱਡੇ ਪੈਮਾਨੇ ਤੇ ਵਰਤੋਂ ਕੀਤੀ ਜਾਣ ਲੱਗੀ ਅਤੇ ਸਿੰਚਾਈ ਲਈ ਵੱਡੇ ਵੱਡੇ ਬੰਨ੍ਹ ਬਣਾਏ ਗਏ ਅਤੇ ਮੋਟਰਾਂ ਲਾਈਆਂ ਗਈਆਂ। ਇਸੇ ਸੰਦਰਭ ਵਿੱਚ, 1960 ਦੇ ਦਹਾਕੇ ਵਿੱਚ ਤੀਜੀ ਦੁਨੀਆ ਨੂੰ ਦੇਸ਼ਾਂ ਦੀ ਖੇਤੀ ਪ੍ਰਣਾਲੀ ਵਿੱਚ ਹਰੇ ਇਨਕਲਾਬ (ਗ੍ਰੀਨ ਰੈਵੀਲਿਊਸ਼ਨ) ਦਾ ਆਗਮਨ ਹੋਇਆ। ਭਾਰਤ ਵਿੱਚ ਮਸ਼ਹੂਰ ਖੇਤੀ ਵਿਗਿਆਨੀ ਡਾ.ਐਮ ਐਸ ਸਵਾਮੀਨਾਥਨ ਦੀ ਅਗਵਾਈ ਵਿੱਚ ਇਸ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸਾਡੇ ਖੇਤੀ ਢਾਂਚੇ ਵਿੱਚ  ਹਰੇ ਇਨਕਲਾਬ ਦਾ ਆਗਮਨ ਇੱਕ ਸੁਖਾਵੀਂ  ਘਟਨਾ ਸੀ। ਇਸ ਨਾਲ ਖੇਤੀ ਉਪਜਾਂ, ਖ਼ਾਸ ਕਰ ਅਨਾਜਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਲੱਗਣ ਲੱਗਿਆ ਕਿ ਅਨਾਜ ਵਿੱਚ ਅਸੀਂ ਆਤਮ ਨਿਰਭਰ ਹੋ ਰਹੇ ਹਾਂ, ਪਰ ਹਰੇ ਇਨਕਲਾਬ ਨਾਲ ਹੋਣ ਵਾਲੇ ਫ਼ਾਇਦੇ ਫ਼ੌਰੀ ਸਨ। ਉਸ ਸਮੇਂ ਅਸੀਂ ਡਾ ਆਰ.ਐਚ. ਰਿਛਾਰੀਆ ਵਰਗੇ ਸੂਝਵਾਨ ਖੇਤੀ ਵਿਗਿਆਨੀਆਂ ਦੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕਰ ਕੇ ਰਸਾਇਣਕ ਖੇਤੀ ਵਾਲੇ ਹਰੇ ਇਨਕਲਾਬ ਨੂੰ ਅਪਣਾਇਆ, ਜਿਸ ਦਾ ਮਾੜਾ ਨਤੀਜਾ ਅਸੀਂ ਅੱਜ 30-40 ਸਾਲਾਂ ਬਾਅਦ ਭੁਗਤ ਰਹੇ ਹਾਂ ਅਤੇ ਫਿਰ ਤੋਂ ਜੈਵਿਕ ਖੇਤੀ ਦੀਆਂ ਗੱਲ਼ਾਂ ਕਰਨ ਲੱਗੇ ਹਾਂ। ਇਸ ਮਾੜੀ ਟੈਕਨਾਲੋਜੀ ਨੂੰ ਅਪਣਾਉਣ ਵਿੱਚ ਭਾਰਤ ਦੇ ਖੇਤੀ ਵਿਗਿਆਨੀ ਅਤੇ ਨੀਤੀ ਘਾੜਿਆਂ ਤੇ ਸੰਸਾਰ ਬੈਂਕ, ਅੰਤਰਰਾਸ਼ਟਰੀ ਚੌਲ ਕੇਂਦਰ, ਫੋਰਡ ਫਾਊਂਡੇਸ਼ਨ, ਰੌਕਫਲੇਅਰ ਫਾਊਂਡੇਸ਼ਨ ਵਰਗੇ ਕੇਂਦਰਾਂ ਦੇ ਪ੍ਰਭਾਵ ਅਤੇ ਸ਼ਿਕੰਜੇ ਦਾ ਵੱਡਾ ਯੋਗਦਾਨ ਸੀ। ਇਸ ਦੇ ਪਿੱਛੇ ਸਾਡੀ ਸਰਕਾਰ ਅਤੇ  ਖੇਤੀ ਵਿਗਿਆਨੀਆਂ ਦੀ ਪੱਛਮੀ ਅਮੀਰ ਦੇਸ਼ਾਂ ਦੀ ਨਕਲ ਦੀ ਆਦਤ ਰਹੀ ਸੀ। ਇਹ ਇਨਕਲਾਬ ਸਾਡੀ ਖੇਤੀ ਲਈ ਬੜਾ ਡਰਾਉਣਾ ਸੀ, ਪਰ ਜਦ ਤੱਕ ਅਸੀਂ ਇਸ ਦੇ ਮਾੜੇ ਨਤੀਜਿਆਂ ਨੂੰ ਸਮਝਣਾ ਸ਼ੁਰੂ ਕੀਤਾ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਚਿੜੀਆਂ ਖੇਤ ਚੁਗ ਚੁੱਕੀਆਂ ਸੀ।

‘ਹਰੇ ਇਨਕਲਾਬ’ ਨੇ ਸਾਡੇ ਰਵਾਇਤੀ ਢੰਗਾ ਤੇ ਦੂਰ ਅੰਦੇਸ਼ੀ ਨਕਾਰਾਤਮਕ ਪ੍ਰਭਾਵ ਪਾਏ ਹਨ, ਜਿਸ ਤੋਂ ਉੱਭਰਨ ਵਿੱਚ ਸਾਨੂੰ ਕਾਫ਼ੀ ਸਮਾਂ ਲੱਗ ਜਾਵੇਗਾ। ਇਹ ਸਾਡੇ ਲਈ ਇੱਕ ਨਵਾਂ ਖੇਤੀ ਢਾਂਚਾ ਸੀ। ਇਸ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਬੇਹਿਸਾਬੀ ਵਰਤੋਂ ਅਤੇ ਸਿੰਚਾਈ ਜ਼ਰੂਰਤ ਨਾਲ ਖੇਤੀ ਸਭਿਆਚਾਰ ਵਿੱਚ ਵੱਡੇ ਬਦਲਾਅ ਹੋਏ। ਜ਼ਿਆਦਾ ਉਪਜਾਊ ਕਿਸਮਾਂ (ਹਾਈ ਯੀਲਡਿੰਗ ਵਿਰਾਈਟੀ) ਦਰਅਸਲ ਵਧੇਰੇ ਸੰਵੇਦਨਸ਼ੀਲ ਕਿਸਮਾਂ (ਹਾਈ ਰੈਸਪੋਂਸ ਵੈਰਾਈਟੀ) ਸਨ, ਜੋ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਚਾਈ ਦੀ ਲੋੜ ਦੇ ਕਾਰਨ ਹੀ ਵਧੇਰੇ ਉਪਜ ਦੇਣ ਲਈ ਸਮਰੱਥ ਸੀ। ਇਹਨਾਂ ਕਿਸਮਾਂ ਦੇ ਦਾਖ਼ਲੇ ਨੇ ਸਦੀਆਂ ਤੋਂ ਕਿਸਾਨਾਂ ਵੱਲੋਂ ਵਿਕਸਿਤ ਕਿਸਮਾਂ ਦੀ ਥਾਂ ਲੈ ਲਈ। ਇਸ ਨਾਲ ਖੇਤੀ ਜੀਵ ਵਿਭਿੰਨਤਾ ਦਾ ਜ਼ਬਰਦਸਤ ਨੁਕਸਾਨ ਹੋਇਆ। ਖੇਤੀ ਮਹਿੰਗੀ ਹੋ ਜਾਣ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਛੱਡਣੀ ਪਈ ਅਤੇ ਆਪਣੀ ਰੋਜ਼ੀ ਰੋਟੀ ਲਈ ਉਨ੍ਹਾਂ ਦਾ ਵੱਡੇ ਪੱਧਰ ਤੇ ਸ਼ਹਿਰਾਂ ਵੱਲ ਪਲਾਇਨ ਹੋਇਆ। ਉਨ੍ਹਾਂ ਦੀ ਖੇਤੀ ਖੋਹ ਕੇ ਵੱਡੇ ਕਿਸਾਨਾਂ ਦੇ ਹੱਥਾਂ ਵਿੱਚ ਚਲੀ ਗਈ। ਰਵਾਇਤੀ ਖੇਤੀ ਦਾ ਰੂਪ ਹੀ ਬਦਲ ਗਿਆ। ਰਵਾਇਤੀ ਖੇਤੀ ਢਾਂਚਾ ਸਨਅਤੀ ਖੇਤੀ ਢਾਂਚੇ ਵਿੱਚ ਬਦਲਣ ਲੱਗਿਆ। ਕਿਸਾਨ ਕੀਟਨਾਸ਼ਕ, ਰੇਹਾਂ ਅਤੇ ਸਿੰਚਾਈ ਤੇ ਨਿਰਭਰ ਹੋ ਗਏ। ਕੀਟਨਾਸ਼ਕਾਂ ਅਤੇ ਹੋਰਾਂ ਰਸਾਇਣਾਂ ਦੀ ਬੇਹਿਸਾਬੀ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਜ਼ਮੀਨੀ ਪਾਣੀ ਵਿੱਚ ਭਿਅੰਕਰ ਗਿਰਾਵਟ ਆਈ। ਜ਼ਮੀਨ ਅਤੇ ਜਲ ਜ਼ਹਿਰੀਲੇ ਹੋ ਗਏ।

 ਅਸਲ ਵਿੱਚ ਹਰੇ ਇਨਕਲਾਬ ਨੇ ਦੇਸੀ ਖੇਤੀ ਦਾ ਬਸਤੀਕਰਨ ਕਰ ਕੇ ਸਾਡੀ ਅਨਾਜ ਆਤਮ ਨਿਰਭਰਤਾ ਦੀਆਂ ਜੜ੍ਹਾਂ ਨੂੰ ਖੋਖਲਿਆਂ ਕੀਤਾ ਹੈ। ਇਹ ਸਾਡੀ ਭਿਆਨਕ ਅਤੇ ਆਤਮਘਾਤੀ ਭੁੱਲ ਸੀ। ਸਾਡੇ ਖੇਤੀ ਵਿਗਿਆਨੀ ਭੁੱਲ ਗਏ ਕਿ ਉਪਜਾਊ ਮਿੱਟੀ ਇੱਕ ਬੈਂਕ ਵਾਂਗ ਹੁੰਦੀ ਹੈ ਅਤੇ ਕੁਦਰਤੀ ਸੰਤੁਲਨ ਨਾਲ ਛੇੜਛਾੜ ਕਰਨ ਦੇ ਭਿਆਨਕ ਨਤੀਜੇ ਹੋ ਸਕਦੇ ਹਨ। ਜੈਵਿਕ ਖੇਤੀ ਅਤੇ ਜੰਗਲਾਤ ਖੇਤੀ ਵਰਗੇ ਖੇਤੀ ਦੇ ਟਿਕਾਊ ਢੰਗਾਂ ਤੇ ਉਨ੍ਹਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਸੀ ਕਿ ਕੁਦਰਤੀ ਨਿਵੇਸ਼ਾਂ ਤੇ ਟਿਕੀ ਅਤੇ ਜੀਵ ਵਿਭਿੰਨਤਾ ਤੇ ਆਧਾਰਿਤ ਛੋਟੀ ਅਤੇ ਦਰਮਿਆਨੀ ਖੇਤੀ ਦੀ ਸਮੁੱਚਤਾ ਵਿੱਚ ਵਧੇਰੇ ਪੈਦਾਵਾਰ ਹੁੰਦੀ ਹੈ, ਇਸ ਵਿੱਚ ਊਰਜਾ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ ਅਤੇ ਇਹ ਵਾਤਾਵਰਨ ਪੱਖੀ ਵੀ ਹੈ।

Rounded Rectangle:                ਡਾ. ਆਰ.ਐਚ.ਰਿਛਾਰੀਆ: ਦੇਸ਼ਭਗਤੀ ਦੀ ਕੀਮਤ
ਕੇਂਦਰੀ ਚੌਲ ਖੋਜ ਕੇਂਦਰ, ਕਟਕ ਅਤੇ ਮੱਧ-ਪ੍ਰਦੇਸ਼ ਚੌਲ ਖੋਜ ਕੇਂਦਰ, ਰਾਏਪੁਰ ਦੇ ਸਾਬਕਾ ਮੁਖੀ ਡਾ. ਰਿਛਾਰੀਆ ਨੇ 1960 ਦੇ ਦਹਾਕੇ ਵਿੱਚ ਰਸਾਇਣਿਕ ਖੇਤੀ, ਜੋ ਹਰੇ ਇਨਕਲਾਬ ਦੇ ਨਾਮ ਨਾਲ ਜਾਣੀ ਜਾਂਦੀ ਹੈ, ਦਾ ਵਿਰੋਧ ਕੀਤਾ ਸੀ। ਹਰੇ ਇਨਕਲਾਬ ਦੇ ਸ਼ੁਰੂਆਤੀ ਵਰ੍ਹਿਆਂ ਦੌਰਾਨ, 1966 ਵਿੱਚ, ਚੌਲ਼ਾਂ ਦੀਆਂ ਬੌਣੀਆਂ ਕਿਸਮਾਂ ਨੂੰ ਦੇਸ਼ ਵਿੱਚ ਲਿਆਉਣ ਦਾ ਉਨ੍ਹਾਂ ਨੇ ਇਸ ਆਧਾਰ ਤੇ ਵਿਰੋਧ ਕੀਤਾ ਸੀ ਕਿ ਇਹ ਕਿਸਮਾਂ ਕੀੜਿਆਂ ਮਕੌੜਿਆਂ ਪ੍ਰਤੀ ਅਤਿ ਸੰਵੇਦਨਸ਼ੀਲ ਹਨ ਅਤੇ ਇਸ ਨਾਲ ਕੀਟਨਾਸ਼ਕ ਰਸਾਇਣਾਂ ਦੀ ਖਪਤ ਵਧ ਜਾਵੇਗੀ, ਜੋ ਸਾਡੇ ਵਾਤਾਵਰਨ ਲਈ ਨੁਕਸਾਨਦੇਹ ਹੋਵੇਗੀ। ਇਸ ਵਿਰੋਧ ਕਾਰਨ ਉਨ੍ਹਾਂ ਨੂੰ ਉਨ੍ਹਾਂ ਦੀ ਕੁਰਸੀ ਤੋਂ ਹਟਾ ਦਿੱਤਾ।
1970 ਦੇ ਦਹਾਕੇ ਵਿੱਚ ਬੜੀ ਮਿਹਨਤ ਨਾਲ ਆਦਿਵਾਸੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਚੌਲਾਂ ਦੀਆਂ 19000 ਕਿਸਮਾਂ ਦੇ ਬੀਜਾਂ ਨੂੰ ਇਕੱਠਿਆਂ ਕੀਤਾ ਸੀ। ਉਨ੍ਹਾਂ ਦਾ ਇਹ ਸੰਗ੍ਰਹਿ ਹਜੇ ਵੀ ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ, ਰਾਏਪੁਰ ਵਿੱਚ ਸੁਰੱਖਿਅਤ ਹੈ। ਇਹਨਾਂ ਵਿੱਚ ਲਈ ਕਿਸਮਾਂ ਖ਼ੁਸ਼ਬੋਦਾਰ ਹਨ ਅਤੇ ਕਈ ਰੋਗ ਵਿਰੋਧੀ, ਸੋਕੇ ਵਿਰੋਧੀ ਅਤੇ ਲੰਮੇ ਦਾਣਿਆਂ ਵਾਲੀਆਂ ਹਨ। ਚੌਲਾਂ ਦੀ ਵਿਭਿੰਨਤਾ ਦਾ ਉਨ੍ਹਾਂ ਨੇ ਬੜਾ ਸੋਹਣਾ ਵਰਣਨ ਕੀਤਾ ਹੈ।
1986 ਵਿੱਚ ਮਲੇਸ਼ੀਆ ਵਿੱਚ ਇੱਕ ਵਿਗਿਆਨਕ ਗੋਸ਼ਟੀ ਦੌਰਾਨ ਉਨ੍ਹਾਂ ਨੇ ਆਪਣੇ ਖੋਜ ਪੱਤਰ ਨਾਲ ਖ਼ੁਲਾਸਾ ਕੀਤਾ ਕਿ ਸੰਸਾਰ ਬੈਂਕ ਵੱਲੋਂ ਆਰਥਿਕ ਸਹਾਇਤਾ ਦੇ ਓਹਲੇ ਮੱਧ-ਪ੍ਰਦੇਸ਼ ਚੌਲ ਖੋਜ ਕੇਂਦਰ ਨੂੰ ਬੰਦ ਕਰਨ ਅਤੇ ਸੰਪੂਰਨ ਜਰਮਪਲਾਜ਼ਮ ਨੂੰ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਮਨੀਲਾ ਵਿੱਚ ਥਾਂ ਬਦਲੀ ਲਈ ਦਬਾਅ ਪਾਇਆ ਜਾ ਰਿਹਾ ਸੀ। ਬਹੁ-ਕੌਮੀ ਬਾਇਉਟੈਕ ਕੰਪਨੀਆਂ ਦੀ ਬੁਰੀ ਨਜ਼ਰ ਬਹੁਤ ਦਿਨਾਂ ਤੋਂ ਚੌਲਾਂ ਦੀ ਇਸ ਵਿਰਾਸਤ ਤੇ ਸੀ। 2002 ਵਿੱਚ ਸਵਿਸ ਕੰਪਨੀ ਸਿੰਜੇਟਾ ਨੇ ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ, ਰਾਏਪੁਰ ਵਿੱਚ ਇਸ ਅਣਮੁੱਲੀ ਆਨੁਵੰਸ਼ਿਕ ਵਿਰਾਸਤ ਨੂੰ ਹਾਸਿਲ ਕਰਨ ਲਈ ਇੱਕ ਗੈਰ ਕਾਨੂੰਨੀ ਕੋਸ਼ਿਸ਼ ਕੀਤੀ ਸੀ, ਜੋ ਮੀਡੀਆ ਅਤੇ ਲੋਕਾਂ ਦੀ ਜਾਗਰੂਕਤਾ ਕਾਰਨ ਅਸਫਲ ਹੋ ਗਈ।
ਜਦ ਚੌਲਾਂ ਦੇ ਸੰਦਰਭ ਵਿੱਚ ਬਹੁ-ਪ੍ਰਚਾਰੇ ਹਰੇ ਇਨਕਲਾਬ ਦੀ ਚਮਕ ਫਿੱਕੀ ਪੈਣ ਲੱਗੀ ਤਾਂ 1983 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਭਾਰਤ ਸਰਕਾਰ ਨੇ ਚੌਲ ਪੈਦਾਵਾਰ ਵਿੱਚ ਵਾਧੇ ਲਈ ਉਨ੍ਹਾਂ ਤੋਂ ਇੱਕ ਕਾਰਜ ਯੋਜਨਾ ਬਣਾਉਣ ਦੀ ਬੇਨਤੀ ਕੀਤੀ। ਡਾ.ਰਿਛਾਰੀਆ ਨੇ ਇੱਕ ਕਾਰਜ ਯੋਜਨਾ ਤਿਆਰ ਵੀ ਕੀਤੀ, ਪਰ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਇਹ ਠੰਢੇ ਝੋਲੇ ਪਾ ਦਿੱਤੀ ਗਈ। ਇਸ ਵਿੱਚ ਉਨ੍ਹਾਂ ਨੇ ਉਨ੍ਹਾਂ ਕਾਰਨਾਂ ਦੀ ਪਹਿਚਾਣ ਕੀਤੀ ਜਿਨ੍ਹਾਂ ਦੀ ਵਜ੍ਹਾ ਤੋਂ 20 ਸਾਲਾਂ ਵਿੱਚ ਖਾਦ, ਕੀਟਨਾਸ਼ਕਾਂ, ਸਿੰਚਾਈ, ਖੋਜ, ਫੈਲਾਅ ਆਦਿ ਤੇ ਬਹੁਤ ਖ਼ਰਚ ਕਰਨ ਦੇ ਬਾਵਜੂਦ ਪੈਦਾਵਾਰ ਵਿੱਚ ਬਹੁਤਾ ਵਾਧਾ ਨਹੀਂ ਸੀ ਹੋ ਸਕਿਆ। ਉਨ੍ਹਾਂ ਦੀ ਕਾਰਜ ਯੋਜਨਾ ਦੇ ਮੁੱਖ ਬਿੰਦੂ ਸਨ: (ਕ) ਸੰਭਾਲ ਅਤੇ ਵਿਗਿਆਨਕ ਖੋਜ ਦੌਰਾਨ ਵਿਸ਼ਾਲ ਦੇਸੀ ਜਣਕ ਤਰਲ (ਜਰਮਪਲਾਜ਼ਮ) ਆਧਾਰਿਤ ਵਿਕਾਸ, (ਖ) ਅਤਿ ਵਿਕੇਂਦਰਤ ਫੈਲਾਅ ਨੀਤੀ, (ਗ) ਕ੍ਰਤੰਕ ਫੈਲਾਅ ਢੰਗ ਦਾ ਸੁਧਰੀਆਂ ਕਿਸਮਾਂ ਦੇ ਫੈਲਾਅ ਲਈ ਵੱਡੇ ਪੱਧਰ ਤੇ ਵਰਤੋਂ। ਉਨ੍ਹਾਂ ਦੀ ਇਸ ਕਾਰਜ ਯੋਜਨਾ ਨਾਲ ਏਸ਼ੀਆ ਦੇ ਹੋਰ ਚੌਲ ਪੈਦਾਵਾਰ ਦੇਸ਼ ਵੀ ਲਾਭਪਾਤਰੀ ਹੋ ਸਕਦੇ ਹਨ।

‘ਹਰੇ ਇਨਕਲਾਬ’ ਦੀ ਫ਼ੌਰੀ ਸਫਲਤਾ ਵੀ ਸਾਰੇ ਦੇਸ਼ਾਂ ਵਿੱਚ ਇੱਕੋ ਜਿਹੀ ਰਹੀ। ਅਫ਼ਰੀਕੀ ਦੇਸ਼ਾਂ ਵਿੱਚ ‘ਹਰਾ ਇਨਕਲਾਬ’ ਪੂਰੀ ਤਰ੍ਹਾਂ ਅਸਫਲ ਰਿਹਾ। ਹਾਂ, ਇਸ ਨਾਲ ਖੇਤੀ ਵਪਾਰ ਨੂੰ ਬੇਸ਼ੱਕ ਬੜਾ ਫ਼ਾਇਦਾ ਹੋਇਆ। ਰਸਾਇਣ ਪੈਦਾ ਕਰਨ ਵਾਲੀਆਂ ਖੇਤੀ ਅਤੇ ਬੀਜ ਕੰਪਨੀਆਂ ਨੇ ਖ਼ੂਬ ਪੈਸਾ ਵੱਢਿਆ। ਇਸ ਨਾਲ ਖੇਤੀ ਵਿੱਚ ਦਖ਼ਲਅੰਦਾਜ਼ੀ ਉਨ੍ਹਾਂ ਦੀ ਕਾਫ਼ੀ ਵਧ ਗਈ। ਉਹ ਧਨਾਢ ਹੋ ਗਈਆਂ ਅਤੇ ਨਿਗਮਾਂ (ਕਾਰਪੋਰੇਸ਼ਨ) ਦਾ ਰੂਪ ਲੈ ਲਿਆ। ਨਿਗਮ ਹੌਲੀ ਹੌਲੀ ਪ੍ਰਭਾਵਸ਼ਾਲੀ ਹੁੰਦੇ ਗਏ। ਹੁਣ ਉਹ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਸਨ।

ਪਹਿਲੇ ‘ਹਰੇ ਇਨਕਲਾਬ’ ਦੀ ਅਸਫਲਤਾ ਤੋਂ ਬਾਅਦ ਹੁਣ ਦੂਜੇ ‘ਹਰੇ ਇਨਕਲਾਬ’ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜਾ ਹਰਾ ਇਨਕਲਾਬ ਬਹੁ-ਕੌਮੀ ਬਾਇਉਟੈਕ ਕੰਪਨੀਆਂ ਦੀ ਜੀਨਗਿਰੀ ਨਾਲ ‘ਸਿਰਜੇ’ ਜੀ.ਐਮ ਫ਼ਸਲਾਂ ਦੀ ਖੇਤੀ ਨਾਲ ਆਵੇਗਾ। ਕਿਹਾ ਜਾ ਰਿਹਾ ਹੈ ਕਿ ਜੀ.ਐਮ ਫ਼ਸਲਾਂ ਦੀ ਖੇਤੀ ਨਾਲ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਵੇਲ ਵਾਂਗੂ ਵਧਦੀ ਆਬਾਦੀ ਨੂੰ ਦੋ ਡੰਗ ਰੋਟੀ ਮੁਹੱਈਆ ਕਰਾਉਣ ਵਿੱਚ ਸੌਖ ਹੋਵੇਗੀ। ਜੀਵ ਅਨਾਜ ਅਤੇ ਜੀਵ ਸਬਜ਼ੀਆਂ ਪੋਸ਼ਕ ਤੱਤਾਂ ਨਾਲ ਭਰਪੂਰ ਤਾਂ ਹਨ ਹੀ, ਕੀੜਿਆਂ ਅਤੇ ਜੀਵਾਣੂਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਇਹਨਾਂ ਨੂੰ ਨਹੀਂ ਹੁੰਦੀ। ਨਤੀਜਨ ਪੈਦਾਵਾਰ ਕਾਫ਼ੀ ਵਧ ਜਾਂਦੀ ਹੈ। ਬਾਇਉਟੈਕ ਖੇਤੀ ਇਸ ਧਰਤੀ ਤੇ ਕਰੀਬ ਦੋ ਅਰਬ ਭੁੱਖੇ ਇਨਸਾਨਾਂ ਲਈ ਸੁਵਿਧਾ ਲੈ ਕੇ ਆਉਣ ਵਾਲੀ ਹੈ। ਕਿਸਾਨ ਇਸ ਨੂੰ ਅਪਣਾ ਕੇ ਮਾਲਾਮਾਲ ਹੋ ਜਾਣਗੇ। ਉਨ੍ਹਾਂ ਦੇ ਸਾਰੇ ਦੁੱਖ ਦਰਦ ਟੁੱਟ ਜਾਣਗੇ।

ਸੰਸਾਰ ਵਪਾਰ ਸੰਗਠਨ ਦੇ ਸਮਝੌਤਿਆਂ ਤੋਂ ਬਾਅਦ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਬਾਇਉਟੈਕ ਨਿਗਮਾਂ ਵੱਲੋਂ ਜੀਵ ਖੇਤੀ ਨੂੰ ਬੜੇ ਰਾਮ ਰੌਲ਼ੇ ਨਾਲ ਉਤਸ਼ਾਹਿਤ, ਪ੍ਰੇਰਿਤ ਅਤੇ ਪ੍ਰਚਾਰਿਆ ਜਾ ਰਿਹਾ ਹੈ। ਇਸ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਿੱਤੀ ਸੰਸਥਾ ਅਤੇ ਹੋਰਾਂ ਸੰਸਥਾਵਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਹਰਾ ਇਨਕਲਾਬ -2 ਲਿਆਉਣ ਲਈ ਉਨ੍ਹਾਂ ਵਿੱਚ ਬੇਤਾਬੀ ਅਤੇ ਬੇਚੈਨੀ ਹੈ। ਇਸ ਨਵੇਂ ਅਤੇ ਅਣਜਾਣ ਖੇਤੀ ਢਾਂਚੇ ਨੂੰ ਅਪਣਾਉਣ ਲਈ ਤੀਜੀ ਦੁਨੀਆ ਦੀਆਂ ਸਰਕਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ। ਭੁੱਖ ਅਤੇ ਗ਼ਰੀਬੀ ਨਿਵਾਰਨ ਦੇ ਨਾਮ ਤੇ ਵਿਕਸਿਤ ਦੇਸ਼ ਬਾਇਉਟੈਕ ਖੇਤੀ ਢਾਂਚੇ ਦਾ ਰਾਹ ਪੱਧਰਾ ਕਰਨ ਵਿੱਚ ਲੱਗੇ ਹਨ।

ਦਰਅਸਲ ਸੰਯੁਕਤ ਰਾਸ਼ਟਰ ਸੰਘ ਦੀ ਸ਼ਹਿ ਹੇਠ ਅਨਾਜ ਅਤੇ ਖੇਤੀ ਸੰਗਠਨ (F.A.O) ਵੱਲੋਂ 1974 ਵਿੱਚ ਰੋਮ ਵਿੱਚ ਰੱਖੇ ਸੰਸਾਰ ਅਨਾਜ ਸਿਖਰ ਸੰਮੇਲਨ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਨੇ ਦੁਨੀਆ ਨੂੰ ਭੁੱਖ ਅਤੇ ਗ਼ਰੀਬੀ ਤੋਂ ਦਸਾਂ ਵਰ੍ਹਿਆਂ ਦੇ ਅੰਦਰ ਆਜ਼ਾਦੀ ਦੀ ਘੋਸ਼ਣਾ ਕਰ ਦਿੱਤੀ। ਇਸ ਸੰਮੇਲਨ ਵਿੱਚ ਹੀ ਸਨਅਤੀ ਦੇਸ਼ਾਂ ਦੀ ਬਹੁ-ਕੌਮੀ ਕੰਪਨੀਆਂ ਨੇ ਭੁੱਖ ਅਤੇ ਕੁਪੋਸ਼ਣ ਨਿਵਾਰਨ ਲਈ ਜੀਨ ਇੰਜੀਨੀਅਰੀ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ। ਯਾਦ ਰਹੇ, ਇਸ ਸਮੇਂ ਤੱਕ ਜੀਨ ਇੰਜੀਨੀਅਰੀ ਅਮਲੀ ਰੂਪ ਲੈ ਚੁੱਕੀ ਸੀ। ਤਦ ਤੋਂ ਬਾਇਉਟੈਕ ਕੰਪਨੀਆਂ ਆਪਣੀਆਂ ਅਤੇ ਦੂਜੀਆਂ ਸਰਕਾਰਾਂ ਤੇ ਲਗਾਤਾਰ ਜੀਨ ਇੰਜੀਨੀਅਰੀ ਅਤੇ ਬਾਇਉਟੈਕਨਾਲੋਜੀ ਦੇ ਲਈ ਦਬਾਅ ਬਣਾਉਂਦੀਆਂ ਰਹੀਆਂ ਹਨ। ਆਖ਼ਿਰ 2002 ਦੇ ਸੰਸਾਰ ਅਨਾਜ ਸ਼ਿਖਰ ਸੰਮੇਲਨ ਵਿੱਚ ਉਨ੍ਹਾਂ ਦੇ ਕਾਨੂੰਨ ਨੂੰ ਰਸਮੀ ਰੂਪ ਨਾਲ ਮੰਨ ਲਿਆ ਗਿਆ, ਪਰ ਉਨ੍ਹਾਂ ਦੇ ਪ੍ਰਸਤਾਵ ਵਿੱਚ ਜੀਵ ਸੁਰੱਖਿਆ, ਕਾਰਟਾ ਜੀਨਾ ਪ੍ਰੋਟੋਕੋਲ, ਚੌਕੰਨੇ ਰਹਿਣ ਦੇ ਢੰਗ ਆਦਿ ਵਰਗੇ ਖ਼ਾਸ ਮੁੱਦਿਆਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ। ਇਸੇ ਦੌਰਾਨ ਬਾਇਉਟੈਕ ਸਨਅਤਾਂ ਨੇ ਅਮਰੀਕਾ ਅਤੇ ਯੂਰਪ ਵਿੱਚ ਆਪਣੇ ਪੈਰ ਪਸਾਰ ਲਏ ਸਨ।

ਮਾਹਿਰਾਂ ਦੀ ਇੱਕ ਜਮਾਤ ਦਾ ਮੰਨਣਾ ਹੈ ਕਿ ਜੀਨ ਇੰਜੀਨੀਅਰੀ ਭੁੱਖਿਆਂ ਦਾ ਢਿੱਡ ਨਹੀਂ ਭਰ ਸਕਦੀ। ਬਾਇਉਟੈਕ ਸਨਅਤਾਂ ਦਾ ਦਾਅਵਾ ਝੂਠਾ ਹੈ। ਇਹ ਵਾਤਾਵਰਨ ਵਿਰੋਧੀ ਵੀ ਹੈ। ਇਸ ਨਾਲ ਤੀਜੀ ਦੁਨੀਆ ਵਿੱਚ ਅਨਾਜ ਅਸੁਰੱਖਿਆ ਅਤੇ ਗ਼ਰੀਬੀ ਹੋਰ ਵਧੇਗੀ। ਦਰਅਸਲ, ਬਾਇਉਟੈਕ ਕੰਪਨੀਆਂ ਜੀਨਗਿਰੀ ਦਾ ਜੂਆ ਖੇਡ ਰਹੀਆਂ ਹਨ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਦੀ ਜੀਵ ਵਿਭਿੰਨਤਾ, ਜੋ ਅਨਾਜ ਪੈਦਾਵਾਰ ਦਾ ਮੁੱਖ ਸ੍ਰੋਤ ਹੈ ਅਤੇ ਆਨੁਵੰਸ਼ਿਕ ਆਧਾਰ ਹੈ, ਤੇ ਦਾਅ ਖੇਡ ਰਹੀਆਂ ਹਨ। ਅੱਜ ਤੱਕ ਦੁਨੀਆ ਵਿੱਚ ਅਜਿਹਾ ਕੋਈ ਇਨਕਲਾਬ ਨਹੀਂ ਹੋਇਆ, ਜਿਸ ਨੇ ਭੁੱਖ ਅਤੇ ਕੁਪੋਸ਼ਣ ਦੀ ਸਮੱਸਿਆ ਦਾ ਹੱਲ ਕੀਤਾ ਹੋਵੇ। ਭੁੱਖ ਇੱਕ ਸਮਾਜਿਕ ਅਤੇ ਸਿਆਸੀ ਸਮੱਸਿਆ ਹੈ, ਪੈਦਾਵਾਰ ਟੈਕਨਾਲੋਜੀ ਦੀ ਸਮੱਸਿਆ ਨਹੀਂ। ਅੱਜ ਦੁਨੀਆ ਵਿੱਚ 6 ਅਰਬ ਦੀ ਆਬਾਦੀ ਹੋਣ ਦੇ ਬਾਵਜੂਦ ਇਹ ਸਮਝਣਾ ਔਖਾ ਹੈ ਕਿ ਹਜੇ ਵੀ ਇੱਕ ਅਰਬ ਲੋਕ ਖੁੱਲ੍ਹੇ ਅਸਮਾਨ ਹੇਠ ਭੁੱਖੇ ਢਿੱਡ ਕਿਉਂ ਸੌਂਦੇ ਹਨ, ਜਦਕਿ ਸੰਸਾਰ ਵਿੱਚ ਭੋਜਨ ਲਈ ਲੋੜੀਂਦਾ ਅਨਾਜ ਹੈ, ਪਰ ਉਹ ਗੋਦਾਮਾਂ ਵਿੱਚ ਜਾਂ ਖੁੱਲ੍ਹੇ ਅਸਮਾਨ ਹੇਠ ਸੜ ਰਿਹਾ ਹੈ ਅਤੇ ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਤੋਂ ਜੀਵ ਊਰਜਾ ਬਣਾ ਲਈ ਜਾਂਦੀ ਹੈ।

ਭੁੱਖ ਅਤੇ ਕੁਪੋਸ਼ਣ ਇੱਕ ਗੁੰਝਲਦਾਰ ਸਮੱਸਿਆ ਹੈ। ਇਸ ਦੇ ਕਈ ਕਾਰਨ ਹਨ, ਜਿਵੇਂ ਸਾਧਨਾਂ ਤੱਕ ਪਹੁੰਚ, ਖੇਤੀ ਯੋਗ ਜ਼ਮੀਨ ਦੀ ਮਾਲਕੀ, ਅਨਾਜ ਵੰਡ ਪ੍ਰਣਾਲੀ, ਸਮਾਜਿਕ ਗੈਰ ਬਰਾਬਰੀ ਅਤੇ ਤਾਕਤ ਦੀ ਘਾਟ ਅਤੇ ਸੰਸਾਰ ਵਪਾਰ ਸੰਘ ਦੀ ਅਗਵਾਈ ਵਿੱਚ ਚੱਲੇ ਸੰਸਾਰੀਕਰਨ ਦੇ ਰੂਪ ਵਿੱਚ ਇੱਕ ਨਵੀਂ ਅਰਥ ਵਿਵਸਥਾ। ਅਸਲ ਵਿੱਚ ਬਹੁ-ਕੌਮੀ ਨਿਗਮਾਂ ਵੱਲੋਂ ਪ੍ਰਚਾਰਿਆ ਦੂਜਾ ਹਰਾ ਇਨਕਲਾਬ, ਜਿਸ ਨੂੰ ਸਦਾਬਹਾਰ ਇਨਕਲਾਬ ਵਰਗੇ ਸ਼ਬਦਾਂ ਨਾਲ ਨਿਵਾਜਿਆ ਜਾ ਰਿਹਾ ਹੈ, ਤੀਜੀ ਦੁਨੀਆ ਦੇ ਦੇਸ਼ਾਂ ਦੀ ਅਜੋਕੀ ਖੇਤੀ ਪ੍ਰਣਾਲੀ ਨੂੰ ਚੌਪਟ ਕਰ ਕੇ ਅਤੇ ਉਨ੍ਹਾਂ ਨੂੰ ਬਾਇਉਟੈਕ ਖੇਤੀ ਲਈ ਮਜਬੂਰ ਕਰ ਕੇ ਬਾਇਉਟੈਕ ਨਿਗਮਾਂ ਦਾ ਸਦਾ ਲਈ ਗ਼ੁਲਾਮ ਬਣਾ ਦੇਵੇਗੀ। ਇਸ ਦੀ ਪਿੱਠ ਭੂਮੀ 1990 ਦੇ ਦਹਾਕੇ ਵਿੱਚ ਹੀ ਤਿਆਰ ਕਰ ਲਈ ਗਈ ਸੀ, ਜਦ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ, ਨਿਯੰਤਰੀਕਰਣ ਅਤੇ  ਆਜ਼ਾਦ ਵਪਾਰ ਦੀਆਂ ਨੀਤੀਆਂ ਅਪਣਾਈਆਂ ਗਈਆਂ ਸਨ, ਫਿਰ ਕੀ ਸੀ, ਬਾਇਉਟੈਕ ਖੇਤੀ ਦਾ ਸਵਾਗਤ ਕੀਤਾ ਜਾਣ ਲੱਗਿਆ।

(ਇਹ ਲੇਖ ਨਰਸਿੰਘ ਦਿਆਲ ਦੀ ਕਿਤਾਬ, ਜੈਵ ਸਾਮਰਾਜਵਾਦ: ਨਵ-ਸਾਮਰਾਜਵਾਦ ਦਾ ਸਭ ਤੋਂ ਭਿਆਨਕ ਚਿਹਰਾ ਤੋਂ ਲਿਆ ਹੈ, ਅਨੁਵਾਦ- ਬਲਤੇਜ ਸਿੰਘ, ਪ੍ਰਕਾਸ਼ਨ- ਪੀਪਲਜ਼ ਫੋਰਮ, ਬਰਗਾੜੀ)

Leave a Reply

Your email address will not be published. Required fields are marked *

Social profiles