ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਕਈ ਸਾਲਾਂ ਤੋਂ ਇੱਕ ਰਿਵਾਜ਼ ਬਣਿਆ ਹੋਇਆ ਹੈ – ਸੰਦੀਪ

Read Time:4 Minute, 54 Second

ਬੰਗਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਿੰਸਾਂ ਵਿੱਚ ਸੀ.ਪੀ.ਐਮ ਦਾ ਦਫਤਰ ਵੀ ਸਾੜ ਦਿੱਤਾ ਗਿਆ ਹੈ। ਭਾਜਪਾ-ਸੰਘ ਤੇ ਹੋਰ ਸੱਜੇ ਪੱਖੀ ਸ਼ੋਸ਼ਲ ਮੀਡੀਆ ਦਾ ਮਮਤਾ ਸਰਕਾਰ ਉੱਤੇ ਇਲਜ਼ਾਮ ਹੈ ਕਿ ਉਹ ਬੀ. ਜੇ. ਪੀ. ਦੇ ਕਾਰਕੁੰਨਾਂ ਉੱਤੇ ਲਗਾਤਾਰ ਹਮਲੇ ਕਰਵਾ ਰਹੀ ਹੈ। ਦੂਜੇ ਪਾਸੇ, ਮਮਤਾ ਇਹ ਹੀ ਇਲਜ਼ਾਮ ਭਾਜਪਾ ਵਾਲਿਆਂ ‘ਤੇ ਲਾ ਰਹੀ ਹੈ। ਅਸਲ ਵਿੱਚ ਬੰਗਾਲ ਦੀ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਹਿੰਸਾ ਦੀ ਇੱਕ ਲੰਮੀ ਰੀਤ ਹੈ। ਇਸ ਰੀਤ ਨੂੰ ਸੀ. ਪੀ. ਐਮ., ਟੀ. ਐਮ. ਸੀ. ਤੇ ਕਾਂਗਰਸ ਸਮੇਤ ਸਭ ਨੇ ਤਨਦੇਹੀ ਨਾਲ ਨਿਭਾਇਆ ਹੈ।

1972 ਵਿੱਚ ਕਾਂਗਰਸ ਦੇ ਸਿਧਾਰਥ ਸ਼ੰਕਰ ਰਾਏ ਨੇ ਸੁਬਰਾਤਾ ਮੁਖਰਜੀ (ਜੋ ਅੱਜ ਕੱਲ ਤ੍ਰਿਣਮੂਲ ਕਾਂਗਰਸ ਵਿੱਚ ਹੈ) ਜੋਤੀ ਬਾਸੂ ਸਮੇਤ ਖੱਬੇ-ਪੱਖੀ ਵਿਰੋਧੀ ਧਿਰ ਨੂੰ ਅੰਡਰਗਰਾਊਂਡ ਹੋਣ ਲਈ ਮਜ਼ਬੂਰ ਕਰ ਦਿੱਤਾ ਸੀ। 1972 ਤੋਂ 1977 ਤੱਕ ਸਿਧਾਰਥ ਸ਼ੰਕਰ ਰੇਅ ਦੀ ਅਗਵਾਈ ਵਾਲੀ ਕਾਂਗਰਸ ਨੇ ਖੱਬੇ-ਪੱਖੀਆਂ ਦਾ ਕਤਲੇਆਮ ਕੀਤਾ। ਉਸ ਵੇਲੇ ਕਈ ਨਿਰਦੋਸ਼ਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ।

ਉਸ ਤੋਂ ਬਾਅਦ 1977 ਵਿੱਚ ਪਾਰਲੀਮਾਨੀ “ਖੱਬੇ-ਪੱਖੀ” ਸੱਤਾ ਵਿੱਚ ਆ ਗਏ ਅਤੇ 34 ਸਾਲ ਲਗਾਤਾਰ ਸੱਤਾ ਵਿੱਚ ਰਹੇ। CPI (M) ਦੀ ਸਿਆਸਤ ਵੀ ਬਾਕੀਆਂ ਤੋਂ ਕੋਈ ਬਹੁਤੀ ਵੱਖਰੀ ਨਹੀਂ ਸੀ ਚੋਣਾਂ ਤੋਂ ਬਾਅਦ ਹੋਣ ਵਾਲੀ ਹਿੰਸਾ ਇਸ ਪਾਰਟੀ ਦੇ ਸ਼ਾਸ਼ਨ ਦੌਰਾਨ ਵੀ ਰਹੀ ਵੱਡੀ ਘਟਨਾ ਜਿਸਨੇ ਬੰਗਾਲ ਦੀ ਸਿਆਸਤ ਵਿੱਚ ਮਮਤਾ ਨੂੰ ਉੱਭਰਨ ਦਾ ਮੌਕਾ ਦਿੱਤਾ ਉਹ 27, ਜੁਲਾਈ 2000 ਨੂੰ ਭੀਰਭੁੱਮ ਜਿਲ੍ਹੇ ਵਿੱਚ CPI (M) ਦੇ ਕਾਡਰਾਂ ਵੱਲੋਂ ਆਮ ਚੋਣਾਂ ਤੋਂ ਬਾਅਦ 11 ਬੇਜ਼ਮੀਨੇ ਮੁਸਲਮਾਨ ਮਜ਼ਦੂਰਾਂ ਨੂੰ ਮਾਰਨ ਦਾ ਸੀ।

ਉਸ ਤੋਂ ਬਾਅਦ 2011 ਵਿੱਚ ਮਮਤਾ ਬੈਨਰਜੀ ਦੀ ਜਿੱਤ ਸਮੇਂ ਵੀ 1972 ਵਰਗਾ ਖੂਨੀ ਖੇਡ ਖੇਡਿਆ ਗਿਆ। ਵੱਡੇ ਪੱਧਰ ਉੱਤੇ ਖੱਬੇਪੱਖੀਆਂ ਅਤੇ ਵਿਰੋਧੀ ਧਿਰਾਂ ਦੇ ਲੋਕਾਂ ਨੂੰ ਮਾਰਿਆਂ ਗਿਆ।

ਆਮ ਧਾਰਾ ਵਿੱਚ ਜਾਂ ਕਹਿ ਲਵੋ ਕਾਮਰੇਡਾਂ ਜਾਂ ਲਿਬਰਲ ਤਬਕੇ ਵਿੱਚ ਇੱਕ ਗ਼ਲਤ ਧਾਰਨਾ ਪ੍ਰਚਲਤ ਹੈ ਕਿ ਪੈਂਤੀ ਸਾਲਾਂ ਦਾ ਸੀ. ਪੀ. ਐਮ. ਦਾ ਰਾਜ ਖੱਬੇ ਪੱਖੀ ਵਿਚਾਰਧਾਰਾ ਉੱਪਰ ਆਧਾਰਿਤ ਸੀ। ਅਸਲ ਵਿੱਚ ਬੰਗਾਲ ਦੀ ਸਿਆਸਤ ਗੁੰਡਾਗਰਦੀ ਦੇ ਸਿਰ ‘ਤੇ ਹੀ ਚੱਲਦੀ ਹੈ। ਕੀ ਸੱਜੇ ਕੀ ਖੱਬੇ, ਨਵ-ਉਦਾਰਵਾਦੀ ਨੀਤੀਆਂ ਸਾਰੀਆਂ ਧਿਰਾਂ ਖੁੱਲ ਕੇ ਲਾਗੂ ਕਰਦਿਆਂ ਹਨ। ਸੀ. ਪੀ. ਐਮ. ਦੇ ਪਤਨ ਦਾ ਕਾਰਨ ਇਸੇ’ ਚੋਂ ਲੱਭਿਆ ਜਾ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮਮਤਾ ਦੀ 2011 ਵਾਲੀ ਜਿੱਤ ਤੋਂ ਬਾਅਦ ਗੁੰਡਾ ਅਨਸਰ ਸੀ. ਪੀ. ਐਮ. ਤੋਂ ਸ਼ਿਫਟ ਕਰ ਕੇ ਹੋਰਨਾਂ ਪਾਰਟੀਆਂ ਵੱਲ ਜਾ ਰਿਹਾ ਹੈ। ਸੀ. ਪੀ. ਐਮ ਅਤੇ ਟੀ. ਐਮ. ਸੀ. ਦੇ ਗੁੰਡਾ ਗਿਰੋਹਾਂ ਦੀ ਟਸਲ ਵਿੱਚੋਂ ਸੀ. ਪੀ. ਐਮ. ਦਾ ਕੇਡਰ ਬੀ. ਜੇ. ਪੀ ਵੱਲ ਵੀ ਗਿਆ ਹੈ ਕਿਉਂਕਿ ਬੀ. ਜੇ. ਪੀ. ਵੱਡੀ ਗੁੰਡਾਗਰਦ ਤਾਕਤ ਹੋਣ ਕਰਕੇ ਮੁਕਾਬਲਤਨ ਜ਼ਿਆਦਾ ਸੇਫਟੀ ਦਿੰਦੀ ਹੈ।

ਭਾਜਪਾ ਜੋ ਗੁੰਡਾਗਰਦੀ ਤੇ ਫਿਰਕਾਪ੍ਰਸਤੀ ਦੀ ਮਾਹਿਰ ਹੈ ਨੇ ਵੱਡੇ ਪੱਧਰ ‘ਤੇ ਬੰਗਾਲ ਵਿੱਚ ਅਮਿਤ ਸ਼ਾਹ ਦੀ ਅਗਵਾਈ ਹੇਠ ਪਿਛਲੇ ਕੁਝ ਸਾਲਾਂ ਤੋਂ ਹਿੰਦੂ-ਮੁਸਲਿਮ ਦੇ ਨਾਂ ‘ਤੇ ਹਰ ਤਰੀਕੇ ਦੀ ਗੁੰਡਾਗਰਦੀ ਜ਼ਰੀਏ ਧਰੁਵੀਕਰਨ ਕੀਤਾ ਸੀ.ਏ.ਏ.-ਐਨ.ਆਰ.ਸੀ. ਇਸੇ ਕੜੀ ਦਾ ਹਿੱਸਾ ਸੀ। ਇਹ ਸੰਸਥਾਗਤ ਹਿੰਸਾ ਦਾ ਪ੍ਰਚੰਡ ਰੂਪ ਵੀ ਹੈ ਜੋ ਆਮ ਤੌਰ ‘ਤੇ ਹਿੰਸਾ ਵੀ ਨਹੀਂ ਮੰਨਿਆ ਜਾਂਦਾ।

ਹਿੰਸਾ ਬੰਗਾਲ ਦੀ ਰਾਜਨੀਤੀ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ, ਕੋਈ ਵੀ ਪਾਰਟੀ ਸੱਤਾ ਵਿੱਚ ਹੋਵੇ, ਹਿੰਸਾ ਹੋਣੀ ਲਾਜ਼ਮੀ ਹੈ। ਹਾਕਮ ਜਮਾਤਾਂ ਵਿੱਚ ਕੁਰਸੀ ਦੀ ਖਿਚੋਤਾਣ ਦੌਰਾਨ ਹਿੰਸਾ ਆਮ ਵਰਤਾਰਾ ਬਣ ਚੁੱਕਾ ਹੈ। ਸਾਡੇ ਵਿੱਚੋਂ ਬਹੁਤੇ ਜੋ ਭਾਜਪਾ-ਆਰ.ਐਸ.ਐਸ ਦੇ ਫਾਸ਼ੀ ਰੁਝਾਨਾਂ ਕਰਕੇ ਚਾਹੁੰਦੇ ਸਨ ਕਿ ਭਾਜਪਾ ਸੱਤਾ ਤੋਂ ਦੂਰ ਰਹੇ ਇਸੇ ਲਈ ਉਹ ਮਮਤਾ ਬੈਨਰਜੀ ਜਾਂ ਹੋਰਾਂ ਵੱਲ ਉਮੀਦ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਸਨ ਤਾਂ ਅਸੀਂ ਆਪਣਾ ਇਹ ਵਹਿਮ ਕੱਢ ਦੇਈਏ ਕਿ ਇਹਨਾਂ ਵੋਟ ਬਟੋਰੂਆਂ ਵਿੱਚ ਕੋਈ ਫਰਕ ਹੈ।

ਉਂਞ ਭਾਰਤ ਪੱਧਰ ‘ਤੇ ਵੀ ਜੇ ਦੇਖਿਆ ਜਾਵੇ ਤਾਂ ਚੋਣ ਹਿੰਸਾ ਭਾਰਤੀ ਵੋਟਤੰਤਰ ਨਾਲ ਧੁਰ ਅੰਦਰੋਂ ਜੁੜੀ ਹੋਈ ਹੈ। ਹਿੰਸਾ, ਤਾਕਤ, ਪੈਸਾ, ਧੱਕਾ ਤੋਂ ਬਿਨਾਂ ਚੋਣਾਂ ਜਿੱਤਣੀਆਂ ਅਸੰਭਵ ਹਨ। ਇਹੀ ਭਾਰਤੀ ‘ਲੋਕਤੰਤਰ’ ਦਾ ਸਾਰ-ਤੱਤ ਹੈ।

Leave a Reply

Your email address will not be published. Required fields are marked *

Social profiles