ਬੰਗਾਲ ਚੋਣਾਂ ਅਤੇ ਭਾਰਤ ਵਿੱਚ ਵਧ ਰਹੀ ਹਿੰਦੁਤਵੀ ਸਿਆਸਤ

Read Time:4 Minute, 29 Second

ਅੱਜ ਭਾਵੇਂ ਪੰਜ ਰਾਜਾਂ ਦੇ ਚੋਣ ਨਤੀਜੇ ਆਏ ਪਰ ਬੰਗਾਲ ਚੋਣਾਂ ਚਰਚਾ ਦਾ ਵਿਸ਼ਾ ਰਹੀਆਂ। ਬਹੁਤ ਸਾਰੇ ਲੋਕਾਂ ਦੀ ਇੱਕ ਸੁਭਾਵਿਕ ਜਿਹੀ ਖੁਸ਼ੀ ਹੈ ਕਿ ਭਾਜਪਾ ਹਾਰ ਰਹੀ ਹੈ। ਉਹਨਾਂ ਦੀ ਇਸ ਖੁਸ਼ੀ ਪਿੱਛੇ ਬਹੁਤ ਸਾਦੀ ਜਿਹੀ ਮਨਸ਼ਾ ਹੈ ਕਿ ਉਹ ਭਾਜਪਾ-ਆਰ.ਐਸ.ਐਸ ਨੂੰ ਸਿਆਸੀ ਤੌਰ ਤੇ ਹਾਰਿਆ ਦੇਖਣਾ ਚਾਹੁੰਦੇ ਹਨ। ਪਰ ਅਸਲੀਅਤ ਵਿੱਚ ਇਹੋ ਜਿਹਾ ਕੁਝ ਨਹੀਂ ਹੈ।ਭਾਜਪਾ ਚੋਣਾਂ ਵਿੱਚ ਹਾਰੀ ਹੈ ਪਰ ਬੰਗਾਲ ਵਿੱਚ ਆਰ.ਐਸ.ਐਸ ਦੀ ਸਿਆਸਤ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਆਰ.ਐਸ.ਐਸ ਦਾ ਮੂਲ ਚੋਣ ਸਿਆਸਤ ਵਿੱਚ ਨਹੀਂ ਹੈ 1925 ਵਿੱਚ ਬਣੀ ਆਰ.ਐਸ.ਐਸ ਹਮੇਸ਼ਾਂ ਹਿੰਦੀ, ਹਿੰਦੂ, ਹਿੰਦੁਤਵ ਦੀ ਝੰਡਾਬਰਦਾਰ ਰਹੀ ਹੈ ਤੇ ਉਹਨਾਂ ਵੇਲਿਆਂ ਵਿੱਚ ਵੀ ਵਧਦੀ ਫੁੱਲਦੀ ਰਹੀ ਹੈ ਜਦੋਂ ਉਹ ਚੋਣ ਮੈਦਾਨ ਵਿੱਚ ਨਿੱਤਰਦੀ ਵੀ ਨਹੀਂ ਸੀ। ਹੁਣ ਭਾਵੇਂ ਆਰ.ਐਸ.ਐਸ ਦੀ ਭਾਈਵਾਲ ਪਾਰਟੀ ਕਿਤੇ ਸੱਤਾ ਦਾ ਸੁੱਖ ਮਾਣ ਰਹੀ ਹੈ ਅਤੇ ਕਿਤੇ ਨਹੀਂ। ਪਰ ਇਸ ਨਾਲ ਆਰ.ਐਸ.ਐਸ ਦੀ ਸਿਆਸਤ ਨੂੰ ਬਹੁਤਾ ਫਰਕ ਨਹੀਂ ਪਿਆ ਦਿਖਦਾ।ਭਾਜਪਾ ਨੇ ਬੰਗਾਲ ਵਿੱਚ ਹਰ ਥਾਂ ਦੀ ਤਰ੍ਹਾਂ ਹਿੰਦੂ ਸਿਆਸਤ ਦੇ ਨਾਮ ‘ਤੇ ਵੋਟਾਂ ਮੰਗੀਆਂ ਤੇ ਮਮਤਾ ਬੈਨਰਜੀ ਨੂੰ ਮੁਸਲਮਾਨਾਂ ਦੀ ਨੇਤਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਿਸ ਦੀ ਪ੍ਰਤੀਕਿਰਿਆ ਤੇ ਮਮਤਾ ਬੈਨਰਜੀ ਨੇ ਆਪਣੇ ਆਪ ਨੂੰ ਬ੍ਰਾਹਮਣ ਕੁੜੀ ਕਿਹਾ ਅਤੇ ਚੰਡੀ ਦਾ ਪਾਠ ਕੀਤਾ। ਮਤਲਬ ਜਿਹੜੀ ਬਾਂਸੁਰੀ ਆਰ.ਐਸ.ਐਸ ਨੇ ਵਜਾਈ ਮਮਤਾ ਜਾਂ ਹੋਰ ਸਿਆਸੀ ਪਾਰਟੀ ਨੇ ਉਸੇ ਸੁਰਾਂ ਨੂੰ ਫੜ ਕੇ ਤਾਲ ਛੇੜ ਲਈ। ਇਹੀ ਹਾਲ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦਾ ਸੀ। ਜਦੋਂ ਭਾਜਪਾ ਨੇ ਦਿੱਲੀ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਦਿੱਤਾ ਤਾਂ ਜਵਾਬ ਵਿੱਚ ਕੇਜਰੀਵਾਲ ਨੇ ਜੈ ਹਨੂੰਮਾਨ ਦਾ ਨਾਅਰਾ ਦਿੱਤਾ ਅਤੇ ਹਨੂੰਮਾਨ ਚਾਲੀਸਾ ਪੜੀ। ਹੁਣ ਮਮਤਾ ਬੈਨਰਜੀ ਦਾ ਆਪਣੇ ਆਪ ਨੂੰ ਬ੍ਰਾਹਮਣ ਕੁੜੀ ਕਹਿਣਾ ਤੇ ਚੰਡੀ ਪਾਠ ਪੜਣ ਵਿੱਚ ਸਮੱਸਿਆ ਇਹ ਹੈ ਕਿ ਬਾਕੀ ਸਿਆਸੀ ਧਿਰਾਂ ਆਰ.ਐਸ.ਐਸ ਦੀ ਇਸ ਸਿਆਸਤ ਨਾਲ ਤਾਂ ਰਾਜੀ ਹੋ ਹੀ ਰਹੀਆਂ ਹਨ ਅਤੇ ਉਹ ਵੀ ਲੋਕ ਰਾਇ ਇਹ ਹੀ ਬਣਾ ਰਹੀਆਂ ਹਨ ਕਿ ਨੇਤਾ ਸਿਰਫ ਉਹ ਹੀ ਹੋ ਸਕਦਾ ਹੈ। ਜੋ ਹਿੰਦੂ ਹੋਵੇ ਤੇ ਹਿੰਦੁਤਵ ਦੀ ਗੱਲ ਕਰੇ। ਅਤੇ ਆਰ.ਐਸ.ਐਸ ਦੀ ਇਹ ਸਿਧਾਂਤਕ ਜਿੱਤ ਹੈ।ਦੂਜੀ ਵੱਡੀ ਗੱਲ ਕਿ ਸਾਨੂੰ ਇਸ ਵਿੱਚ ਭਾਜਪਾ ਦੀ ਸਿਆਸਤ ਹਾਰੀ ਹੋਈ ਕਿਉਂ ਨਹੀਂ ਦਿਖ ਰਹੀ ਆਂਕੜੇ ਦੇਖੀਏ ਤਾਂ 2016 ਵਿੱਚ ਭਾਜਪਾ ਹੱਥ 3 ਸੀਟਾਂ ਤੇ ਸਿਰਫ 10% ਵੋਟ ਸ਼ੇਅਰ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ 18 ਸੀਟਾਂ ਅਤੇ 40% ਵੋਟ ਸ਼ੇਅਰ ਸੀ ਅਤੇ ਅੱਜ 2021 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 3 ਸੀਟਾਂ ਤੋਂ 100 ਸੀਟਾਂ ਦੇ ਨੇੜੇ ਪਹੁੰਚ ਰਹੀ ਹੈ। ਭਾਜਪਾ ਨੇ ਚੋਣਾਂ ਵਿੱਚ ਨਾਅਰਾ ਦਿੱਤਾ ਸੀ ‘ਵਾਮ ਸੇ ਰਾਮ’ ਯਾਨਿ ਖੱਬੇਪੱਖੀਆਂ ਤੋਂ ਹਿੰਦੁਤਵੀਆਂ ਵੱਲ ਇਸ ਨਾਅਰੇ ਨੂੰ ਅਮਲੀ ਜਾਮਾ ਭਾਜਪਾ 2019 ਵਿੱਚ ਹੀ ਪਵਾ ਚੁੱਕੀ ਸੀ। ਇਸੇ ਲਈ ਸਿਆਸਤ ਵਿੱਚ ਦਿਲਚਸਪੀ ਰੱਖਦੇ ਦੋਸਤਾਂ ਲਈ ਇਹ ਚੰਗੀ ਤਰ੍ਹਾਂ ਸਮਝਣ ਦਾ ਮਸਲਾ ਹੈ ਕਿ ਇਹ ਬੰਗਾਲ ਵਿੱਚ ਭਾਜਪਾ ਦਾ ਅੰਤ ਨਹੀਂ ਸਗੋਂ ਸ਼ੁਰੂਆਤ ਹੈ। ਬੰਗਾਲ ਦੀ ਸਿਆਸਤ ਵਿੱਚ ਹਿੰਦੁਤਵ ਘੁਲ ਚੁੱਕਿਆ ਹੈ। ਹੋ ਸਕਦਾ ਹੈ ਕਿ ਮਮਤਾ ਬੈਨਰਜੀ ਨੂੰ ਵੀ ਭਵਿੱਖ ਵਿੱਚ ਕੇਜਰੀਵਾਲ ਵਾਂਗ ਸਕੂਲਾਂ ਵਿੱਚ ਦੇਸ਼ ਭਗਤੀ ਪੜਾਉਣੀ ਪੈ ਜਾਵੇ। ਇਸ ਲਈ ਇਹਨਾਂ ਚੋਣ ਨਤੀਜਿਆਂ ਨੂੰ ਦੇਖਦਿਆਂ ਅਸੀਂ ਫੌਰੀ ਤੌਰ ਤੇ ਖੁਸ਼ ਹੋ ਸਕਦੇ ਹਾਂ ਕਿ ਹਿੰਦੁਤਵੀ ਸਿਆਸਤ ਦੇ ਹਾਮੀ ਭਾਜਪਾ ਦੀ ਹਾਰ ਹੋਈ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਜਿੱਤਣ ਵਾਲਿਆਂ ਦੇ ਸੁਰ ਕੀ ਕਹਿੰਦੇ ਹਨ ਤਾਂ ਸਾਡੇ ਪੱਲੇ ਸੌਫਟ ਹਿੰਦੁਤਵੀ ਪੈ ਜਾਂਦੇ ਹਨ।ਇਸੇ ਲਈ ਸਮਝਣ ਦਾ ਮਸਲਾ ਇਹ ਹੈ ਕਿ ਭਾਜਪਾ-ਆਰ.ਐਸ.ਐਸ ਇੱਕ ਵਿਚਾਰਧਾਰਕ ਸੰਗਠਨ ਹੈ। ਇਸ ਦੇ ਅਸਲ ਸਿਆਸੀ ਦੁਸ਼ਮਣ ਉਹ ਹੀ ਹੋਣਗੇ ਜੋ ਇਸ ਦੀ ਸਿਆਸਤ (ਰਾਮ ਮੰਦਰ, 370, ਕੌਮਾਂ ਦੇ ਸਵੈ-ਨਿਰਣੇ ਦਾ ਹੱਕ, ਧਾਰਮਿਕ ਘੱਟਗਿਣਤੀਆਂ ਖਿਲਾਫ ਜ਼ੁਰਮ) ਦੇ ਵਿਰੋਧੀ ਹੋਣਗੇ।

Leave a Reply

Your email address will not be published. Required fields are marked *

Social profiles