ਅਨੁਰਾਧਾ ਵੱਖਰੀ ਤਰ੍ਹਾਂ ਦੀ ਸੀ: ਅਰੁੰਧਤੀ ਰਾਏ

Read Time:16 Minute, 9 Second

‘ਅਨੁਰਾਧਾ ਵੱਖਰੀ ਤਰ੍ਹਾਂ ਦੀ ਸੀ’, ਅਨੁਰਾਧਾ ਨੂੰ ਜਾਨਣ ਵਾਲਾ ਹਰ ਸ਼ਖਸ ਇਹੋ ਆਖਦਾ ਹੈ।

 ਇਹ ਹਰ ਉਸ ਜਣੇ ਦਾ ਖਿਆਲ ਹੈ ਜਿਸਦੇ ਵੀ ਉਹ ਸੰਪਰਕ ਵਿੱਚ ਰਹੀ ਸੀ।

ਉਸਦੀ ਮੌਤ ਮੁੰਬਈ ਦੇ ਇੱਕ ਹਸਪਤਾਲ ਵਿੱਚ 12 ਅਪ੍ਰੈਲ 2008 ਨੂੰ ਮਲੇਰੀਆ ਕਾਰਨ ਹੋਈ ਸੀ।  ਇਹ ਬਿਮਾਰੀ ਸ਼ਾਇਦ ਉਹਨੂੰ ਝਾਰਖੰਡ ਦੇ ਜੰਗਲਾਂ ਵਿੱਚੋਂ ਲੱਗੀ ਸੀ ਜਿੱਥੇ ਉਹ ਆਦਿਵਾਸੀ ਔਰਤਾਂ ਨੂੰ ਪੜਾਇਆ ਕਰਦੀ ਸੀ।  ਸਾਡੇ ਇਸ ਮਹਾਨ ਲੋਕਤੰਤਰ ਵਿੱਚ ਅਨੁਰਾਧਾ ਗਾਂਧੀ ਵਰਗੇ ਲੋਕਾਂ ਨੂੰ ‘ਮਾਓਵਾਦੀ ਅੱਤਵਾਦੀ’ ਕਿਹਾ ਜਾਂਦਾ ਹੈ, ਗ੍ਰਿਫਤਾਰ ਹੋਣ ਜਾਂ ਆਪਣੇ ਸੈਂਕੜੇ ਹੋਰਾਂ ਸਾਥੀਆਂ ਦੀ ਤਰ੍ਹਾਂ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਲਈ ਸ਼ਰਾਪੀ ਗਈ ਇਸ ਅੱਤਵਾਦੀ ਨੂੰ ਜਦ ਤੇਜ ਬੁਖਾਰ ਹੋਇਆ ਸੀ ਤਾਂ ਉਹ ਜਿਸ ਹਸਪਤਾਲ ਵਿੱਚ ਆਪਣੇ ਖੂਨ ਦੀ ਜਾਂਚ ਕਰਵਾਉਣ ਗਈ। ਉੱਥੇ ਉਸਨੇ ਇਲਾਜ ਕਰਨ ਵਾਲੇ ਡਾਕਟਰ ਕੋਲ ਆਪਣਾ ਨਾਮ ਜਾਅਲੀ ਲਿਖਵਾਇਆ ਅਤੇ ਇੱਕ ਜਾਅਲੀ ਫੋਨ ਨੰਬਰ ਦੱਸਿਆ।  ਇਸੇ ਲਈ ਉਹ ਡਾਕਟਰ ਅਨੁਰਾਧਾ ਨੂੰ ਬਾਅਦ ਵਿੱਚ ਇਹ ਨਹੀਂ ਦੱਸ ਸਕੀ ਕਿ ਉਸਦੇ ਖੂਨ ਦੀ ਜਾਂਚ ਵਿੱਚੋਂ ਅਜਿਹੇ ਮਲੇਰੀਏ ਦਾ ਪਤਾ ਲੱਗਿਆ ਹੈ ਜੋ ਜਾਨਲੇਵਾ ਹੋ ਸਕਦਾ ਹੈ। ਅਨੁਰਾਧਾ ਦੇ ਅੰਗ ਇੱਕ ਇੱਕ ਕਰਕੇ ਨਕਾਰੇ ਹੁੰਦੇ ਗਏ। 11 ਅਪ੍ਰੈਲ ਨੂੰ ਜਦ ਉਹਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਤਦ ਤੱਕ ਬਹੁਤ ਹੀ ਦੇਰ ਹੋ ਚੁੱਕੀ ਸੀ ਅਤੇ ਇੰਝ ਬਿਲਕੁਲ ਬੇਲੋੜੇ ਢੰਗ ਨਾਲ ਅਸੀਂ ਉਸਨੂੰ ਗਵਾ ਲਿਆ।

ਆਪਣੀ ਮੌਤ ਦੇ ਸਮੇਂ ਉਹ 54 ਸਾਲ ਦੀ ਸੀ ਅਤੇ ਤਦ ਤੱਕ ਆਪਣੀ ਜਿੰਦਗੀ ਦੇ 30 ਵਰ੍ਹੇ ਭੂਮੀਗਤ ਅਤੇ ਪ੍ਰਤੀਬੱਧ ਇਨਕਲਾਬੀ ਦੇ ਰੂਪ ਵਿੱਚ ਬਿਤਾ ਚੁਕੀ ਸੀ। ਮੈਨੂੰ ਕਦੇ ਅਨੁਰਾਧਾ ਗਾਂਧੀ ਨਾਲ ਮਿਲਣ ਦਾ ਸੁਭਾਗ ਹਾਸਿਲ ਨਾ ਹੋਇਆ ਪਰ ਉਸਦੀ ਮੌਤ ਤੋਂ ਬਾਅਦ ਮੈਂ ਉਹਦੀ ਸ਼ਰਧਾਂਜਲੀ ਸਭਾ ਵਿੱਚ ਗਈ ਸੀ ਅਤੇ ਮੈਂ ਕਹਿ ਸਕਦੀ ਹਾਂ ਕਿ ਉਹ ਸਿਰਫ ਬਹੁਤ ਸਲਾਹੀ ਜਾਣ ਵਾਲੀ ਔਰਤ ਹੀ ਨਹੀਂ ਸਗੋਂ ਅਜਿਹੀ ਸ਼ਖਸੀਅਤ ਵੀ ਸੀ ਜਿਸਨੂੰ ਲੋਕ ਬਹੁਤ ਪਿਆਰ ਕਰਦੇ ਸਨ। ਉਹਨੂੰ ਜਾਨਣ ਵਾਲੇ ਲੋਕਾਂ ਵੱਲੋਂ ਵਾਰ-ਵਾਰ ਉਹਨਾਂ ਦੀਆਂ ‘ਕੁਰਬਾਨੀਆਂ’ ਦਾ ਜਿਕਰ ਕੀਤੇ ਜਾਣ ਤੋਂ ਮੈਂ ਥੋੜਾ ਹੈਰਾਨ ਵੀ ਹੋਈ। ਸ਼ਾਇਦ ਉਹਨਾਂ ਲੋਕਾਂ ਲਈ ਕੁਰਬਾਨੀ ਦਾ ਮਤਲਬ ਰੈਡੀਕਲ ਪਾਲੀਟਿਕਸ ਲਈ ਅਨੁਰਾਧਾ ਵੱਲੋਂ ਕੀਤੀ ਗਈ ਮੱਧਵਰਗੀ ਸੁਖ-ਸਹੂਲਤ ਅਤੇ ਸੁਰੱਖਿਆ ਦੀ ਕੁਰਬਾਨੀ ਤੋਂ ਸੀ। ਹਾਲਾਂਕਿ ਮੇਰੇ ਲਈ ਅਨੁਰਾਧਾ ਗਾਂਧੀ ਇੱਕ ਅਜਿਹੀ ਸ਼ਖਸੀਅਤ ਹੈ ਜਿਸਨੇ ਆਪਣੇ ਸੁਪਨਿਆਂ ‘ਤੇ ਕੰਮ ਕਰਨ ਲਈ ਖੁਸ਼ੀ ਖੁਸ਼ੀ ਆਲਸ ਨਾਲ ਭਰੀ ਅਤੇ ਘਸੀ-ਪਿਟੀ ਜਿੰਦਗੀ ਨੂੰ ਅਲਵਿਦਾ ਕਹਿ ਦਿੱਤਾ।  ਉਹ ਕੋਈ ਸੰਤ ਜਾਂ ਮਿਸ਼ਨਰੀ ਨਹੀਂ ਸੀ।  ਉਹਨੇ ਇੱਕ ਖੁਸ਼ਹਾਲ ਜੀਵਨ ਬਤੀਤ ਕੀਤਾ ਜੋ ਕਠਿਨ ਪਰ ਸਕੂਨਦੇਹ ਸੀ।

ਨੌਜਵਾਨ ਅਨੁਰਾਧਾ ਆਪਣੀ ਪੀੜੀ ਦੇ ਬਹੁਤ ਸਾਰੇ ਹੋਰਾਂ ਲੋਕਾਂ ਵਾਂਗ ਹੀ ਪੱਛਮੀ ਬੰਗਾਲ ਦੇ ਨਕਸਲਬਾੜੀ ਅੰਦੋਲਨ ਤੋਂ ਪ੍ਰਭਾਵਿਤ ਸੀ।  ਐਲਫਿਨਸਟਨ ਕਾਲਜ ਦੀ ਇਸ ਵਿਦਿਆਰਥਣ ‘ਤੇ 70 ਦੇ ਦਹਾਕੇ ਵਿੱਚ ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਵਿੱਚ ਪਏ ਕਾਲ ਦਾ ਡੂੰਘਾ ਅਸਰ ਪਿਆ।  ਹਤਾਸ਼ਾ ਭੁੱਖ ਦੇ ਸ਼ਿਕਾਰ ਲੋਕਾਂ ਦੇ ਨਾਲ ਕੰਮ ਨੇ ਹੀ ਉਹਨਾਂ ਦੇ ਵਿਚਾਰਾਂ ਨੂੰ ਰੂਪ ਦਿੱਤਾ ਅਤੇ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਦੇ ਰਾਹ ‘ਤੇ ਮੋੜ ਦਿੱਤਾ।  ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਉਹਨੇ ਵਿਲਸਨ ਕਾਲਜ ਮੁੰਬਈ ਵਿਖੇ ਬਤੌਰ ਇੱਕ ਲੈਕਚਰਾਰ ਕੀਤੀ ਪਰ 1982 ਵਿੱਚ ਉਹ ਨਾਗਪੁਰ ਚਲੀ ਗਈ।  ਅਗਲੇ ਕੁਝ ਸਾਲ ਉਹਨਾਂ ਨਾਗਪੁਰ, ਚੰਦਰਪੁਰ, ਅਮਰਾਵਤੀ, ਜਬਲਪੁਰ ਵਿੱਚ ਗਰੀਬ ਲੋਕਾਂ,  ਭੱਠਾ ਮਜਦੂਰਾਂ ਅਤੇ ਕੋਲਾ ਖਾਣਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਜਥੇਬੰਦ ਕਰਦਿਆਂ ਗੁਜ਼ਾਰੇ ਅਤੇ ਇਸੇ ਦੌਰਾਨ ਉਹ ਦਲਿਤ ਅੰਦੋਲਨ ਦੀ ਆਪਣੀ ਸਮਝ ਨੂੰ ਹੋਰ ਡੂੰਘਾ ਕਰਨ ਵਿੱਚ ਜੁਟੀ ਰਹੀ।  90 ਦੇ ਦਹਾਕੇ ਵਿੱਚ ਮਲਟੀਪਲ ਸਿਰੋਸਿਸ ਨਾਮੀ ਬਿਮਾਰੀ ਹੋਣ ਦੇ ਬਾਵਜੂਦ ਉਹ ਬਸਤਰ ਗਈ ਅਤੇ ਦੰਡਕਾਰਨੀਆ ਜੰਗਲਾਂ ਵਿੱਚ ਪੀਪਲਸ ਲਿਬਰੇਸ਼ਨ ਗੁਰੀਲਾ ਆਰਮੀ (PLGA) ਦੇ ਨਾਲ ਤਿੰਨ ਸਾਲ ਗੁਜ਼ਾਰੇ। ਇੱਥੇ ਉਹਨਾਂ ਨੇ ਇਨਕਲਾਬੀ ਆਦਿਵਾਸੀ ਮਹਿਲਾ ਸੰਗਠਨ (KAMS) ਨਾਮੀ ਔਰਤਾਂ ਦੀ ਜਥੇਬੰਦੀ ਨੂੰ ਮਜਬੂਤ ਕਰਨ ਅਤੇ ਫੈਲਾਉਣ ਲਈ ਕੰਮ ਕੀਤਾ ਜੋ 90,000 ਮੈਂਬਰਾਂ ਵਾਲੀ ਸ਼ਾਇਦ ਦੇਸ਼ ਦੀ ਸਭ ਤੋਂ ਵੱਡੀ ਨਾਰੀਵਾਦੀ ਜਥੇਬੰਦੀ ਹੈ।  KAMS ਸ਼ਾਇਦ ਭਾਰਤ ਦੀ ‘ਬੈਸਟ ਕੈਪਟ ਸੀਕ੍ਰੇਟ’ ਹੈ।  ਅਨੁਰਾਧਾ ਹਮੇਸ਼ਾਂ ਕਿਹਾ ਕਰਦੀ ਸੀ ਕਿ ਉਹਨਾਂ ਦੀ ਜਿੰਦਗੀ ਦਾ ਸਭ ਤੋਂ ਸਕੂਨਦੇਹ ਦੌਰ ਦੰਡਕਾਰਨੀਆ ਵਿੱਚ ਪੀਪਲਸ ਵਾਰ (ਹੁਣ ਸੀ.ਪੀ.ਆਈ ਮਾਓਵਾਦੀ) ਦੇ ਗੁਰੀਲਿਆਂ ਨਾਲ ਬਿਤਾਏ ਉਹ ਸਾਲ ਸਨ।  ਜਦ ਮੈਂ ਅਨੁਰਾਧਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਉਹਨਾਂ ਇਲਾਕਿਆਂ ਵਿੱਚ ਗਈ ਤਾਂ ਮੈਂ KAMS ਪ੍ਰਤੀ ਉਹਦੀ ਉਤਸੁਕਤਾ ਅਤੇ ਉਤਸ਼ਾਹ ਨੂੰ ਖੁਦ ਮਹਿਸੂਸ ਕੀਤਾ ਅਤੇ ਮੈਨੂੰ ਔਰਤ ਅਤੇ ਹਥਿਆਰਬੰਦ ਸੰਘਰਸ਼ ਪ੍ਰਤੀ ਆਪਣੇ ਕੁਝ ਸੌਖੇ ਅਨੁਮਾਨਾਂ ਬਾਰੇ ਫਿਰ ਤੋਂ ਸੋਚਣਾ ਪਿਆ।  ਆਪਣੇ ਝੂਠੇ ਨਾਮ ਜਾਨਕੀ ਹੇਠ ਛਪੇ ਲੇਖ ਵਿੱਚ ਅਨੁਰਾਧਾ ਕਹਿੰਦੀ ਹੈ:

ਜਿਵੇਂ ਹੁਣ 8 ਮਾਰਚ ਆ ਗਿਆ ਹੈ, ਇਸ ਨਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਭਾਰਤ ਵਿੱਚ ਔਰਤਾਂ ਦੇ ਅੰਦੋਲਨ ਵਿੱਚ ਕਈ ਨਵੀਆਂ ਤਰੱਕੀਆਂ ਹੋਈਆਂ। ਭਾਰਤ ਦੇ ਦੁਰੇਡੇ ਜੰਗਲਾਂ ਤੋਂ ਲੈ ਕੇ ਵਿਚਕਾਰਲੇ ਹਿੱਸੇ ਤੱਕ, ਆਂਧਰਾਂ ਪ੍ਰਦੇਸ਼ ਦੇ ਪਛੜੇ ਹਿੱਸੇ ਵਿੱਚ, ਪਹਾੜਾਂ ਵਿੱਚ ਰਹਿਣ ਵਾਲੇ ਕਬਾਇਲੀਆਂ ਦਰਮਿਆਨ, ਬਿਹਾਰ ਅਤੇ ਝਾਰਖੰਡ ਦੇ ਮੈਦਾਨਾਂ ਅਤੇ ਜੰਗਲਾਂ ਵਿੱਚ ਔਰਤਾਂ ਸਰਗਰਮੀ ਨਾਲ ਜਗੀਰੂ ਪਿੱਤਰਸੱਤਾ ਨੂੰ ਕੁਚਲਣ ਲਈ ਅਤੇ ਨਵ-ਜਮਹੂਰੀ ਇਨਕਲਾਬ ਕਰਨ ਲਈ ਲੜ ਰਹੀਆਂ ਹਨ।

 ਇਹ ਪੇਂਡੂ ਭਾਰਤ ਵਿੱਚ ਕਿਸਾਨ ਔਰਤਾਂ ਦੀ ਆਜ਼ਾਦੀ ਦੀ ਲੜਾਈ ਹੈ, ਪੀਪਲਜ਼ ਵਾਰ ਦਾ ਹੀ ਇੱਕ ਹਿੱਸਾ ਜੋ ਦੱਬੀ ਕੁਚਲੀ ਕਿਸਾਨੀ ਇਨਕਲਾਬੀ ਆਗੂਆਂ ਦੀ ਅਗਵਾਈ ਵਿੱਚ ਲੜ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਸੈਂਕੜਿਆਂ ਪਿੰਡਾਂ ਤੋਂ ਔਰਤਾਂ 8 ਮਾਰਚ ਮਨਾਉਣ ਲਈ ਜੁੜ ਰਹੀਆਂ ਹਨ।   ਔਰਤਾਂ ਜੁੜਦੀਆਂ ਹਨ ਤਾਂ ਜੋ ਨਾਰਾਇਣਪੁਰ ਦੀਆਂ ਤੰਗ ਗਲੀਆਂ ਵਿੱਚ ਮਾਰਚ ਕਰ ਸਕਣ ਅਤੇ ਮਿਸ ਵਰਲਡ ਬਿਊਟੀ ਵਰਗੇ ਮੁਕਾਬਲੇ ਦਾ ਵਿਰੋਧ ਕਰ ਸਕਣ, ਔਰਤਾਂ ਆਪਣੇ ਬਾਲਾਂ ਸਣੇ ਬਸਤਰ ਦੇ ਪਛੜੇ ਪਿੰਡਾਂ ਵਿੱਚ ਨਿਆਣਿਆਂ ਦੀ ਪੜਾਈ ਲਈ ਚੰਗੇ ਸਕੂਲਾਂ ਦੀ ਮੰਗ ਕਰ ਰਹੀਆਂ ਹਨ।

ਔਰਤਾਂ ਬਲਾਤਕਾਰਾਂ ਦੀਆਂ ਘਟਨਾਵਾਂ ਖਿਲਾਫ ਰਾਹ ਰੋਕ ਰਹੀਆਂ ਹਨ, ਅਤੇ ਪੁਲਿਸ ਖਿਲਾਫ ਡਟ ਰਹੀਆਂ ਹਨ ਕਿ ਸ਼ਰਾਬ ਦੀ ਵਿਕਰੀ ਬੰਦ ਕੀਤੀ ਜਾਵੇ। ਅਤੇ ਸੈਂਕੜੇ ਕੁੜੀਆਂ ਲਤਾੜੇ ਜਾ ਰਹਿਆਂ ਦੀ ਗੁਰੀਲਾ ਫੌਜ ਵਿੱਚ ਆਪਣੀ ਰਵਾਇਤੀ ਜਿੰਦਗੀ ਦੀਆਂ ਬੰਦਿਸ਼ਾਂ ਤੋੜ ਕੇ ਭਰਤੀ ਹੋ ਰਹੀਆਂ ਹਨ।  ਵਰਦੀ ਪਹਿਨੀ, ਆਪਣੀ ਹਰੀ ਟੋਪੀ ਤੇ ਲਾਲ ਤਾਰਾ ਲਾਈ, ਮੋਢੇ ਤੇ ਬੰਦੂਕ ਧਰੀ ਜਵਾਨ ਕੁੜੀਆਂ ਹੌਂਸਲੇ ਨਾਲ ਡਟੀਆਂ ਹੋਈਆਂ ਹਨ ਇਹਨਾਂ ਨੂੰ ਪਤਾ ਹੈ ਕਿ ਭਾਰਤ ਵਿੱਚ ਪਿੱਤਰਸੱਤਾ ਖਿਲਾਫ ਲੜਾਈ ਇੱਥੋਂ ਦੀ ਅਰਧ ਜਗੀਰੂ, ਅਰਧ ਬਸਤੀਵਾਦੀ ਹਕੂਮਤ ਨਾਲ ਜੁੜੀ ਹੋਈ ਹੈ, ਅਤੇ ਇਹ ਦੁਨੀਆਂ ਦੇ ਲੁਟੇਰਿਆਂ ਦੀ ਤੀਜੀ ਸਭ ਤੋਂ ਵੱਡੀ ਫੌਜ ਖਿਲਾਫ ਆਪਣੇ ਆਪ ਨੂੰ ਹਥਿਆਰਬੰਦ ਕਰ ਰਹੀਆਂ ਹਨ।

  ਇਹ ਭਾਰਤ ਦੀਆਂ ਅਤਿ ਗਰੀਬ ਔਰਤਾਂ ਦਾ ਸਮਾਜਿਕ ਅਤੇ ਸਿਆਸੀ  ਉਭਾਰ ਹੈ  ਇਹ ਬੁਰਜ਼ੂਆ ਮੀਡੀਆ ਦੇ ਦਿਸਹੱਦੇ ਤੋਂ ਪਾਰ ਦੇ ਦ੍ਰਿਸ਼ ਹਨ ਜਿੱਥੇ ਉਹਨਾਂ ਦੇ ਕੈਮਰਿਆਂ ਦੀਆਂ ਫਲੈਸ਼ਾਂ ਨਹੀਂ ਵੱਜਦੀਆਂ ਪੇਂਡੂ ਗਰੀਬ ਇਨਕਲਾਬ ਦੇ ਮਹਾਨ ਸੰਘਰਸ਼ ਵਿੱਚ ਕੁੱਦ ਪਏ ਹਨ ਇਹ ਉਹਨਾਂ ਦੀ ਬਦਲ ਰਹੀ ਜਿੰਦਗੀ ਦੇ ਚਿੰਨ ਹਨ।

ਪਰ ਔਰਤਾਂ ਦਾ ਇਹ ਇਨਕਲਾਬੀ ਉਭਾਰ ਰਾਤੋ ਰਾਤ ਨਹੀਂ ਉੱਭਰਿਆ, ਤੇ ਨਾ ਹੀ ਇਹ ਕਿਸੇ ਕਿਸਮ ਦੇ ਪ੍ਰਾਪੇਗੰਡਾ ਵਿੱਚੋਂ ਉਪਜਿਆ ਹੈ  ਔਰਤਾਂ ਦੀ ਇਹ ਲਹਿਰ ਹਥਿਆਰਬੰਦ ਸੰਘਰਸ਼ ਦੀ ਦੇਣ ਹੈ। ਆਮ ਰਾਇ ਦੇ ਉਲਟ, 1980 ਦੀ ਸ਼ੁਰੂਆਤ ਵਿੱਚ ਕਮਿਊਨਿਸਟ ਇਨਕਲਾਬੀ ਤਾਕਤਾਂ ਵੱਲੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਥਿਆਰਬੰਦ ਸੰਘਰਸ਼ ਵਿੱਢਿਆ ਗਿਆ, ਜਗੀਰੂ ਦਾਬੇ ਖਿਲਾਫ ਇਸ ਖਾੜਕੂ ਘੋਲ ਨਾਲ ਕਿਸਾਨ ਔਰਤਾਂ ਨੂੰ ਹੌਂਸਲਾ ਮਿਲਿਆ ਅਤੇ ਉਹ ਆਪਣੇ ਹੱਕਾਂ ਲਈ ਵੱਡੀ ਗਿਣਤੀ ਵਿੱਚ ਇਸ ਘੋਲ ਵਿੱਚ ਸ਼ਾਮਿਲ ਹੋਈਆਂ। ਔਰਤਾਂ ਜਿੰਨਾਂ ਉੱਤੇ ਦੂਹਰਾ ਦਾਬਾ ਹੁੰਦਾ ਹੈ, ਗਰੀਬ ਕਿਸਾਨ ਅਤੇ ਬੇਜ਼ਮੀਨੀਆਂ ਔਰਤਾਂ, ਜਿੰਨਾਂ ਦੀ ਸਿਰਫ ਪਹਿਚਾਣ ਅਤੇ ਆਵਾਜ਼ ਹੀ ਨਹੀਂ ਗਵਾਚੀ ਹੋਈ ਸਗੋਂ ਨਾਮ ਵੀ ਗੁੰਮਨਾਮ ਹਨ, ਆਪਣੇ ਪਿੰਡਾਂ ਵਿੱਚ ਸਮਾਜਿਕ ਕੰਮ ਕਰ ਰਹੀਆਂ ਹਨ ਅਤੇ ਗੁਰੀਲਾ ਲੜਾਕੂ ਬਣ ਰਹੀਆਂ ਹਨ। ਤਾਂ ਹਥਿਆਰਬੰਦ ਸੰਘਰਸ਼ ਸ਼ੁਰੂ ਹੋਣ ਅਤੇ ਵਧਣ ਦੇ ਨਾਲ ਅੋਰਤਾਂ ਦੀਆਂ ਜਥੇਬੰਦੀਆਂ ਵੀ ਮਜਬੂਤ ਹੋ ਰਹੀਆਂ ਹਨ, ਜਿਸ ਨਾਲ ਔਰਤਾਂ ਦਾ ਇਹ ਇਨਕਲਾਬੀ ਸੰਘਰਸ਼ ਦੇਸ਼ ਦਾ ਸਭ ਤੋਂ ਮਜਬੂਤ ਅਤੇ ਤਾਕਤਵਰ  ਔਰਤ ਸੰਘਰਸ਼ ਬਣ ਕੇ ਉੱਭਰਿਆ ਹੈ। ਪਰ ਇਸ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਹਾਲੇ ਉਹ ਪਹਿਚਾਣ ਨਹੀਂ ਮਿਲ ਸਕੀ।

ਹਾਕਮ ਜਮਾਤਾਂ  ਇਸ ਸੰਘਰਸ਼ ਸੰਬੰਧੀ ਕਿਸੇ ਵੀ ਖਬਰ ਨੂੰ ਦਬਾਉਣ ਲਈ ਪੂਰੀ ਵਾਹ ਲਾ ਰਹੀਆਂ ਹਨ।

ਦੰਡਕਾਰਨੀਆ ਦੇ ਔਰਤ ਅੰਦੋਲਨ ਦੇ ਲਈ ਉਸ ਦੇ ਸੁਭਾਵਿਕ ਉਤਸ਼ਾਹ ਦੇ ਬਾਵਜੂਦ ਉਸਨੇ ਇਨਕਲਾਬੀ ਅੰਦੋਲਨ ਦੇ ਅੰਦਰ ਔਰਤ ਕਾਮਰੇਡਾਂ ਦੀਆਂ ਸਮੱਸਿਆਵਾਂ ਪ੍ਰਤੀ ਆਪਣੀਆਂ ਅੱਖਾਂ ਮੀਚੀ ਨਹੀਂ ਰੱਖਿਆ।  ਆਪਣੀ ਮੌਤ ਦੇ ਵੇਲੇ ਉਹ ਇਸੇ ਤੇ ਕੰਮ ਕਰ ਰਹੀ ਸੀ ਕਿ ਮਾਓਵਾਦੀ ਪਾਰਟੀ ਨੂੰ ਔਰਤਾਂ ਪ੍ਰਤੀ ਵਿਤਕਰਿਆਂ ਦੀ ਰਹਿੰਦਖੂੰਹਦ ਅਤੇ ਆਪਣੇ ਆਪ ਨੂੰ ਇਨਕਲਾਬੀ ਕਹਾਉਣ ਵਾਲੇ ਮਰਦ ਕਾਮਰੇਡਾਂ ਅੰਦਰ ਜਿੱਦੀ ਢੰਗ ਨਾਲ ਜੜ ਹੋਈ ਬੈਠੀ ਪਿੱਤਰਸੱਤਾ ਦੇ ਭਿੰਨ ਰੰਗਾਂ ਤੋਂ ਕਿਵੇਂ ਬਚਾਇਆ ਜਾਵੇ।  ਬਸਤਰ ਵਿੱਚ PLGA ਦੇ ਨਾਲ ਜਦੋਂ ਮੈਂ ਸਮਾਂ ਬਿਤਾਇਆ ਤਦ ਹੋਰ ਸਾਰੀਆਂ ਕਾਮਰੇਡ ਉਸਨੂੰ ਪਿਆਰ ਨਾਲ ਯਾਦ ਕਰਦੀਆਂ ਸਨ।

ਉਹ ਉਸਨੂੰ ਕਾਮਰੇਡ ਜਾਨਕੀ ਦੇ ਨਾਮ ਨਾਲ ਜਾਣਦੀਆਂ ਸਨ।  ਉਹਨਾਂ ਕੋਲ ਉਸਦੀ ਇਸ ਘਸੀ ਜਿਹੀ ਤਸਵੀਰ ਸੀ ਜਿਸ ਵਿੱਚ ਉਹ ਵਰਦੀ ਪਹਿਨੀ ਆਪਣੀ ਟ੍ਰੇਡਮਾਰਕ ਐਨਕ ਲਗਾਈ ਮੋਢੇ ਤੇ ਬੰਦੂਕ ਚੱਕੀ ਜੰਗਲ ਵਿੱਚ ਤੈਨਾਤ ਖੜੀ ਸੀ।

ਅਨੁ, ਆਵੰਤੀ, ਜਾਨਕੀ—ਉਹ ਹੁਣ ਸਾਡੇ ਵਿਚਕਾਰ ਨਹੀਂ ਰਹੀ  ਅਤੇ ਉਹ ਆਪਣੇ ਸਾਥੀ ਕਾਮਰੇਡਾਂ ਨੂੰ ਅਜਿਹੇ ਵਿਯੋਗ ਵਿੱਚ ਛੱਡ ਗਈ ਹੈ ਜਿਸ ਤੋਂ ਸਾਇਦ ਉਹ ਕਦੇ ਨਾ ਉੱਭਰ ਪਾਉਣ।  ਉਹ ਆਪਣੇ ਪਿੱਛੇ ਕਾਗਜਾਂ ਦਾ ਪੁਲੰਦਾ, ਨੋਟਸ ਅਤੇ ਲੇਖ ਛੱਡ ਗਈ ਹੈ।  ਅਤੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਮੈਂ ਇੱਕ ਵੱਡੇ ਪਾਠਕ ਵਰਗ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਾਂ

ਇਹ ਸਮਝਣਾ ਬੜਾ ਮੁਸ਼ਕਲ ਰਿਹਾ ਕਿ ਇਹਨਾਂ ਲੇਖਾਂ ਨੂੰ ਕਿਵੇਂ ਪੜਿਆ ਜਾਵੇ।

ਜਾਹਿਰ ਹੈ ਕਿ ਉਹ ਇਸ ਦ੍ਰਿਸ਼ਟੀਕੋਣ ਨਾਲ ਨਹੀਂ ਲਿਖੇ ਗਏ ਸਨ ਕਿ ਕਦੀ ਉਹਨਾਂ ਨੂੰ ਇੱਕ ਸੰਗ੍ਰਹਿ ਦੇ ਰੂਪ ਵਿੱਚ ਛਾਪਿਆ ਜਾਵੇਗਾ।  ਪਹਿਲੀ ਵਾਰ ਪੜਣ ਤੇ ਉਹ ਬੁਨਿਆਦੀ ਅਤੇ ਦੁਹਰਾਅ ਭਰੇ ਜਾਂ ਉਪਦੇਸ਼ਕ ਲੱਗ ਸਕਦੇ ਹਨ। ਪਰ ਦੂਜੀ ਅਤੇ ਤੀਜੀ ਵਾਰ ਪੜਣ ਤੇ ਮੈਂ ਉਹਨਾਂ ਨੂੰ ਇੱਕ ਵੱਖਰੇ ਢੰਗ ਨਾਲ ਵੇਖਣ ਲੱਗੀ। ਹੁਣ ਮੈਂ ਉਹਨਾਂ ਨੂੰ ਇੰਝ ਦੇਖਦੀ ਹਾਂ ਕਿ ਉਹ ਅਨੁਰਾਧਾ ਵੱਲੋਂ ਖੁਦ ਆਪਣੇ ਲਈ ਤਿਆਰ ਕੀਤੇ ਗਏ ਨੋਟਸ ਹਨ।    ਇਹਨਾਂ ਦੀ ਅਸਮਾਨਤਾ, ਉਬੜ-ਖਾਬੜ ਪਣ, ਇਸ ਕਦਰ ਦਿਲ ਨੂੰ ਛੂਹ ਜਾਂਦਾ ਹੈ ਕਿ ਕੁਝ ਗੱਲਾਂ ਕਾਗਜਾਂ ਵਿੱਚੋਂ ਨਿੱਕਲ ਕੇ ਬੰਬ ਵਾਂਗੂ ਧਮਾਕਾ ਕਰਦੀਆਂ ਹਨ।

ਲਿਖਤਾਂ ਪੜਦਿਆਂ ਤੁਹਾਨੂੰ ਇੱਕ ਅਜਿਹੇ ਦਿਮਾਗ ਦੀਆਂ ਝਲਕਾਂ ਮਿਲਦੀਆਂ ਨੇ ਜੋ ਕੋਈ ਸੰਜੀਦਾ ਵਿਦਵਾਨ ਜਾਂ ਅਕਾਦਮਿਕ ਹੋ ਸਕਦਾ ਸੀ ਪਰ ਉਸਨੇ ਆਪਣੀ ਜਮੀਰ ਦੀ ਸੁਣਦਿਆਂ ਚੁੱਪ-ਚਾਪ ਬੈਠ ਕੇ ਆਪਣੇ ਆਸ ਪਾਸ ਹੋ ਰਹੇ ਭਿਆਨਕ ਅਨਿਆਂ ਨੂੰ ਸਿਰਫ ਸਿਧਾਂਤਬੱਧ ਕਰਨਾ  ਨਾਮੁਮਕਿਨ ਸਮਝਿਆ।  ਉਸਦੀਆਂ ਲਿਖਤਾਂ ਇੱਕ ਅਜਿਹੀ ਔਰਤ ਨੂੰ ਪ੍ਰਗਟਾਉਂਦੀਆਂ ਹਨ ਜੋ ਸਿਧਾਂਤ ਨੂੰ ਅਭਿਆਸ ਨਾਲ ਅਤੇ ਕਹਿਣੀ ਨੂੰ ਕਰਨੀ ਨਾਲ ਜੋੜਣ ਲਈ ਮਿਹਨਤ ਕਰ ਰਹੀ ਹੈ।  ਜਿਸ ਦੇਸ਼ ਵਿੱਚ ਅਤੇ ਜਿਨ੍ਹਾਂ ਲੋਕਾਂ ਵਿਚ ਉਹ ਰਹਿੰਦੀ ਸੀ, ਉਹਨਾਂ ਲਈ ਕੁਝ ਅਸਲੀ ਅਤੇ ਜਰੂਰੀ ਕਾਰਜ ਕਰਨ ਦਾ ਫ਼ੈਸਲਾ ਕਰਨ ਤੋਂ ਬਾਅਦ, ਅਨੁਰਾਧਾ ਸਾਨੂੰ (ਅਤੇ ਆਪਣੇ ਆਪ ਨੂੰ) ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਕਿਉਂ ਉਹ ਇੱਕ ਉਦਾਰਵਾਦੀ ਕਾਰਕੁੰਨ, ਜਾਂ ਇਕ ਰੈਡੀਕਲ ਨਾਰੀਵਾਦੀ, ਜਾਂ ਈਕੋ-ਨਾਰੀਵਾਦੀ ਜਾਂ ਅੰਬੇਡਕਰਵਾਦੀ ਬਣਨ ਦੀ ਬਜਾਇ ਮਾਰਕਸਵਾਦੀ-ਲੈਨਿਨਵਾਦੀ ਬਣ ਗਈ ਹੈ। ਅਜਿਹਾ ਕਰਨ ਲਈ ਉਹ ਸਾਨੂੰ ਅੰਦੋਲਨ ਦੇ ਇਤਿਹਾਸ ਦੇ ਇੱਕ ਬੁਨਿਆਦੀ ਦੌਰੇ ਤੇ ਲਿਜਾਂਦੀ ਹੈ ਅਤੇ ਵੱਖ ਵੱਖ ਵਿਚਾਰਾਂ ਦਾ ਇੱਕ ਸੰਖੇਪ ਵਿਸ਼ਲੇਸ਼ਣ ਕਰਨ ਤੋਂ ਬਾਅਦ ਉਸਦੀਆਂ ਚਂਗਿਆਈਆਂ ਅਤੇ ਬੁਰਾਈਆਂ ਦੱਸਣ ਲੱਗ ਜਾਂਦੀ ਹੈ। ਬਿਲਕੁਲ ਉਵੇਂ ਜਿਵੇਂ ਕੋਈ ਅਧਿਆਪਕ ਪੇਪਰ ਚੈੱਕ ਕਰਨ ਵੇਲੇ ਮੋਟੇ ਮਾਰਕਰ ਨਾਲ ਗਲਤੀਆਂ ਠੀਕ ਕਰਦਾ ਹੈ।  ਅੰਤਰਝਾਤਾਂ ਅਤੇ ਟਿੱਪਣੀਆਂ ਕਦੇ ਕਦੇ ਸਰਲ ਨਾਅਰੇਬਾਜ਼ੀ ਜਾਪਦੀਆਂ ਹਨ ਪਰ ਬਹੁਤਾ ਸਮਾਂ ਇਹ ਗੰਭੀਰ ਅਤੇ ਕਦੇ ਕਦੇ ਤਾਂ ਬਿਲਕੁਲ ਅਦਭੁਤ ਹੀ ਹਨ– ਜਿੰਨਾਂ ਨੂੰ ਕੋਈ ਅਜਿਹਾ ਮਨੁੱਖ ਹੀ ਲਿਖ ਸਕਦਾ ਹੈ ਜੋ ਤੇਜ ਸਿਆਸੀ ਦਿਮਾਗ ਵਾਲਾ ਹੋਵੇ ਅਤੇ ਆਪਣੇ ਵਿਸ਼ੇ ਬਾਰੇ ਸਿਰਫ ਇਤਿਹਾਸ ਅਤੇ ਸਮਾਜਸ਼ਾਸਤਰ ਦੀਆਂ ਕਿਤਾਬਾਂ  ਤੋਂ ਹੀ ਨਹੀਂ ਸਗੋਂ  ਤਜਰਬੇ ਅਤੇ  ਪ੍ਰੀਖਣ ਜਰੀਏ ਵੀ ਸਮਝਦਾ ਹੋਵੇ।

ਜਾਹਿਰ ਹੈ ਲੇਖਣੀ ਅਤੇ ਆਪਣੀ ਸਿਆਸਤ ਦੇ ਤੌਰ ‘ਤੇ ਅਨੁਰਾਧਾ ਗਾਂਧੀ ਦੀ ਸਭ ਤੋਂ ਵੱਧੀ ਦੇਣ ਲਿੰਗ ਅਤੇ ਦਲਿਤ ਸਵਾਲ ਤੇ ਰਹੀ ਹੈ।  ਉਹ ਜਾਤ ਬਾਰੇ ਮਾਰਕਸਵਾਦੀਆਂ ਦੀ ਕਠਮੁੱਲੀ ਸਮਝ (ਜਾਤ ਹੀ ਜਮਾਤ ਹੈ) ਦੀ ਤਿੱਖੀ ਆਲੋਚਕ ਹੈ ਤੇ ਇਸ ਸਮਝ ਨੂੰ ਬੌਧਿਕ ਅਵੇਸਲਾਪਣ ਸਮਝਦੀ ਹੈ।

ਉਹ ਚਿੰਨਤ ਕਰਦੀ ਹੈ ਕਿ ਸਾਡੀ ਆਪਣੀ ਪਾਰਟੀ ਨੇ ਅਤੀਤ ਵਿੱਚ ਜਾਤ ਦੇ ਸਵਾਲ ਨੂੰ ਚੰਗੀ ਤਰ੍ਹਾਂ ਨਾ ਸਮਝ ਕੇ ਕੁਝ ਗਲਤੀਆਂ ਕੀਤੀਆਂ ਹਨ ਉਹ ਦਲਿਤ ਅੰਦੋਲਨ ਦੀ ਸਿਰਫ ਇੱਕ ਪਹਿਚਾਣ ਦਾ ਅੰਦੋਲਨ ਬਣ ਜਾਣ ‘ਤੇ ਆਲੋਚਨਾ ਕਰਦੀ ਹੈ ਜੋ ਕਿ ਇਨਕਲਾਬੀ ਨਾ ਹੋ ਕੇ ਸੁਧਾਰਵਾਦੀ ਹੋ ਗਿਆ ਹੈ ਜੋ ਅੰਦਰੂਨੀ ਤੌਰ ਤੇ ਅਨਿਆਂਪੂਰਨ ਸਮਾਜ ਵਿੱਚ ਫਜ਼ੂਲ ਹੀ ਨਿਆਂ ਹੀ ਭਾਲ ਕਰ ਰਿਹਾ ਹੈ। ਉਸਦਾ ਮੰਨਣਾ ਹੈ ਕਿ ਜਾਤ-ਪਾਤ ਅਤੇ ਪਿੱਤਰਸੱਤਾ ਦੀਆਂ ਨੀਂਹਾਂ ਹਿਲਾਏ ਬਿਨਾਂ ਇਸ ਸਮਾਜ ਵਿੱਚ ਨਵ-ਜਮਹੂਰੀ ਇਨਕਲਾਬ ਨਹੀਂ ਆ ਸਕਦਾ।

ਆਪਣੀਆਂ ਜਾਤ ਅਤੇ ਲਿੰਗ ਬਾਰੇ ਲਿਖਤਾਂ ਵਿੱਚ, ਅਨੁਰਾਧਾ ਸਾਨੂੰ ਅਜਿਹੇ ਦਿਮਾਗ ਅਤੇ ਦ੍ਰਿਸ਼ਟੀਕੋਣ ਨਾਲ ਮਿਲਵਾਉਂਦੀ ਹੈ ਜੋ ਸੂਖਮ ਬਿਓਰਿਆਂ ਵਿੱਚ ਜਾਣ ਤੋਂ ਅਤੇ ਕਠਮੁੱਲੇ ਵਿਚਾਰਾਂ ਨਾਲ ਭਿੜਣ ਤੋਂ ਨਹੀਂ ਡਰਦਾ, ਉਹ ਚੀਜ਼ਾਂ ਨੂੰ ਨਿਡਰ ਹੋ ਕੇ ਇੰਨ ਬਿੰਨ ਉਵੇਂ ਬਿਆਨ ਕਰਦੀ ਹੈ ਜਿਵੇਂ ਉਹ ਚੀਜ਼ਾਂ ਹਨ- ਆਪਣੇ ਕਾਮਰੇਡਾਂ ਨੂੰ ਵੀ ਤੇ ਉਸ ਤੰਤਰ ਨੂੰ ਵੀ ਜਿਸ ਨਾਲ ਉਹ ਸਾਰੀ ਜ਼ਿੰਦਗੀ ਲੜਦੀ ਰਹੀ।

ਕਿਆ ਕਮਾਲ ਦੀ ਔਰਤ ਸੀ ਉਹ..

ਅਨੁਵਾਦ- ਬਲਤੇਜ

Leave a Reply

Your email address will not be published. Required fields are marked *

Social profiles