ਇਹ ਗਾਥਾ ਹੈ…ਪਰ ਤੁਹਾਡੇ ‘ਚੋਂ ਸਾਰਿਆਂ ਲਈ ਨਹੀਂ! : ਹਾਵਰਡ ਫਾਸਟ

Read Time:24 Minute, 24 Second

(ਸੰਨ 1947 ਦੇ ਮਈ ਦਿਵਸ ਦੇ ਮੌਕੇ ਤੇ ਲਿਖਿਆ ਗਿਆ ਮਸ਼ਹੂਰ ਅਮਰੀਕੀ ਨਾਵਲਕਾਰ ਹਾਵਰਡ ਫਾਸਟ ਦਾ ਇਹ ਲੇਖ ਮਈ ਦਿਵਸ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਦੀ ਯਾਦ ਅਜਿਹੇ ਸਮੇਂ ਕਰਦਾ ਹੈ ਜਦ ਅਮਰੀਕਾ ਵਿੱਚ ਲੰਮੇ ਸੰਘਰਸ਼ਾਂ ਨਾਲ ਮਿਲੇ ਮਜ਼ਦੂਰ ਹੱਕਾਂ ਤੇ ਹੱਲਾ ਬੋਲਿਆ ਜਾ ਰਿਹਾ ਸੀ। ਅੱਜ ਭਾਰਤ ਵਿੱਚ ਦੇਸੀ-ਵਿਦੇਸ਼ੀ ਸਰਮਾਏ ਦੀ ਮਿਲੀ-ਜੁਲੀ ਤਾਕਤ ਨੇ ਕਿਰਤ ਤੇ ਜਬਰਦਸਤ ਹੱਲਾ ਬੋਲ ਦਿੱਤਾ ਹੈ। ਅਜਿਹੇ ਵਿੱਚ ਇਹ ਲੇਖ ਅੱਜ ਭਾਰਤ ਦੇ ਮਜ਼ਦੂਰਾਂ ਲਈ ਲਿਖਿਆ ਮਹਿਸੂਸ ਹੁੰਦਾ ਹੈ, ਅਤੇ ਮਈ ਦਿਵਸ ਦੀ ਇਹ ਕਹਾਣੀ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੰਦੀ ਹੈ–ਸੰਪਾਦਕ )

ਇਹ ਕਹਾਣੀ ਤੁਹਾਡੇ ਵਿੱਚੋਂ ਬੱਸ ਉਹਨਾਂ ਲਈ ਹੈ ਜੋ ਜਿੰਦਗੀ ਨੂੰ ਪਿਆਰ ਕਰਦੇ ਹਨ ਅਤੇ ਜੋ ਆਜ਼ਾਦ ਮਨੁੱਖਾਂ ਵਾਂਗ ਜਿਉਣਾ ਚਾਹੁੰਦੇ ਹਨ। ਤੁਹਾਡੇ ਸਾਰਿਆਂ ਲਈ ਨਹੀਂ, ਤੁਹਾਡੇ ਵਿੱਚੋਂ ਬੱਸ ਉਹਨਾਂ ਲਈ, ਜੋ ਹਰ ਉਸ ਚੀਜ਼ ਨਾਲ ਨਫਰਤ ਕਰਦੇ ਹਨ, ਜੋ ਅਨਿਆਂਪੂਰਣ ਅਤੇ ਗਲਤ ਹੈ। ਜੋ ਭੁੱਖ, ਬਦਹਾਲੀ ਅਤੇ ਬੇਘਰ ਹੋਣ ਵਿੱਚ ਕੋਈ ਕਲਿਆਣਕਾਰੀ ਤੱਤ ਨਹੀਂ ਦੇਖਦੇ। ਤੁਹਾਡੇ ਵਿੱਚੋਂ ਉਹਨਾਂ ਲਈ, ਜਿਹਨਾਂ ਨੂੰ ਉਹ ਸਮਾਂ ਯਾਦ ਹੈ, ਜਦ ਇੱਕ ਕਰੋੜ ਵੀਹ ਲੱਖ਼ ਬੇਰੁਜ਼ਗਾਰ ਸੁੰਨੀਆਂ ਅੱਖ਼ਾਂ ਨਾਲ ਭਵਿੱਖ ਵੱਲ ਝਾਕ ਰਹੇ ਸਨ। ਇਹ ਇੱਕ ਕਹਾਣੀ ਹੈ, ਉਹਨਾਂ ਲਈ ਜਿਹਨਾਂ ਨੇ ਭੁੱਖ ਨਾਲ ਤੜਪਦੇ ਬੱਚੇ ਜਾਂ ਦਰਦ ਨਾਲ ਤੜਫਦੇ ,ਮਨੁੱਖ ਦੀ ਚੀਖ ਸੁਣੀ ਹੈ। ਉਹਨਾਂ ਲਈ, ਜਿਹਨਾਂ ਨੇ ਬੰਦੂਕਾਂ ਦੀ ਗੜਗੜਾਹਟ ਸੁਣੀ ਹੈ ਅਤੇ ਟਾਰਪੀਡਾਂ ਦੇ ਦਾਗੇ ਜਾਣ ਦੀ ਆਵਾਜ਼ ਤੇ ਕੰਨ ਲਾਏ ਹੋਣ। ਉਹਨਾਂ ਲਈ ਜਿਹਨਾਂ ਨੇ ਫਾਸੀਵਾਦ ਦੁਆਰਾ ਵਿਛਾਈਆਂ ਲਾਛਾਂ ਦਾ ਢੇਰ ਦੇਖਿਆ ਹੈ। ਉਹਨਾਂ ਲਈ, ਜਿੰਨਾਂ ਨੇ ਜੰਗ ਦੇ ਦਾਨਵ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਇਆ ਸੀ , ਅਤੇ ਬਦਲੇ ਵਿੱਚ ਜਿੰਨਾਂ ਨੂੰ ਐਟਮੀ ਮੌਤ ਦਾ ਡਰ ਦਿੱਤਾ ਗਿਆ ਸੀ। ਇਹ ਕਹਾਣੀ ਉਹਨਾਂ ਲਈ ਹੈ। ਉਹਨਾਂ ਮਾਵਾਂ ਲਈ ਜੋ ਆਪਣੇ ਜਵਾਕਾਂ ਨੂੰ ਮਰਦਾ ਨਹੀਂ ਬਲਕਿ ਜਿਉਂਦੇ ਦੇਖਣਾ ਚਾਹੁੰਦੀਆਂ ਹਨ। ਉਹਨਾਂ ਕਿਰਤੀਆਂ ਲਈ ਜੋ ਜਾਣਦੇ ਨੇ ਕਿ ਫਾਸਿਸਟ ਸਭ ਤੋਂ ਪਹਿਲਾਂ ਮਜ਼ਦੂਰ ਯੂਨੀਅਨਾਂ ਨੂੰ ਹੀ ਤੋੜਦੇ ਹਨ। ਉਹਨਾਂ ਸਾਬਕਾ ਸੈਨਿਕਾਂ ਲਈ, ਜਿੰਨਾਂ ਨੂੰ ਪਤਾ ਹੈ ਕਿ ਜੋ ਲੋਕ ਜੰਗ ਨੂੰ ਜਨਮ ਦਿੰਦੇ ਹਨ, ਉਹ ਖੁਦ ਮੈਦਾਨ ਵਿੱਚ ਨਹੀਂ ਨਿੱਤਰਦੇ। ਉਹਨਾਂ ਵਿਦਿਆਰਥੀਆਂ ਲਈ, ਜੋ ਜਾਣਦੇ ਨੇ ਕਿ ਆਜ਼ਾਦੀ ਅਤੇ ਗਿਆਨ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਉਹਨਾਂ ਬੁੱਧੀਜੀਵੀਆਂ ਲਈ, ਜਿੰਨਾਂ ਦੀ ਮੌਤ ਨਿਸ਼ਚਿਤ ਹੈ ਜੇ ਫਾਸੀਵਾਦ ਜਿਉਂਦਾ ਰਹਿੰਦਾ ਹੈ। ਉਹਨਾਂ ਕਾਲੇ ਲੋਕਾਂ ਲਈ, ਜੋ ਜਾਣਦੇ ਨੇ ਕਿ ‘ਜਿਮ-ਕ੍ਰੋ’ ਅਤੇ ਪ੍ਰਤੀਕਿਰਿਆਵਾਦੀ ਦੋਵੇਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਉਹਨਾਂ ਯਹੂਦੀਆਂ ਲਈ ਜਿੰਨਾਂ ਨੇ ਹਿਟਲਰ ਤੋਂ ਸਿੱਖਿਆ ਕਿ ਯਹੂਦੀ ਵਿਰੋਧ ਦੀ ਭਾਵਨਾ ਅਸਲ ਵਿੱਚ ਕਿਹੋ ਜਿਹੀ ਹੁੰਦੀ ਹੈ। ਅਤੇ ਇਹ ਕਹਾਣੀ ਬੱਚਿਆਂ ਲਈ ਹੈ, ਸਾਰੇ ਬੱਚਿਆਂ ਲਈ, ਹਰ ਰੰਗ, ਹਰ ਨਸਲ, ਹਰ ਸ਼ਰਧਾ ਧਰਮ ਦੇ ਬੱਚਿਆਂ ਲਈ ਅਤੇ ਉਹਨਾਂ ਸਾਰਿਆਂ ਲਈ ਲਿਖੀ ਗਈ ਹੈ, ਤਾਂ ਕਿ ਉਹਨਾਂ ਦਾ ਭਵਿੱਖ ਜੀਵਨ ਨਾਲ ਭਰਪੂਰ ਹੋਵੇ, ਮੋਤ ਨਾਲ ਨਹੀਂ।ਇਹ ਕਹਾਣੀ ਹੈ ਲੋਕਾਂ ਦੀ ਸ਼ਕਤੀ ਦੀ, ਉਹਨਾਂ ਦੇ ਆਪਣੇ ਉਸ ਦਿਨ ਦੀ, ਜਿਸਨੂੰ ਉਹਨਾਂ ਨੇ ਖੁਦ ਚੁਣਿਆ ਸੀ ਅਤੇ ਜਿਸ ਦਿਨ ਉਹ ਆਪਣੀ ਏਕਤਾ ਅਤੇ ਸ਼ਕਤੀ ਦਾ ਤਿਉਹਾਰ ਮਨਾਉਂਦੇ ਹਨ। ਇਹ ਉਹ ਦਿਨ ਹੈ, ਜੋ ਅਮਰੀਕੀ ਮਜ਼ਦੂਰ ਜਮਾਤ ਦਾ ਸੰਸਾਰ ਨੂੰ ਤੋਹਫਾ ਸੀ ਅਤੇ ਜਿਸ ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ।ਉਹਨਾਂ ਨੇ ਤੁਹਾਨੂੰ ਇਹ ਨਹੀਂ ਦੱਸਿਆ…..ਸਕੂਲ ਵਿੱਚ ਤੁਸੀਂ ਇਤਿਹਾਸ ਦੀਆਂ ਜੋ ਕਿਤਾਬਾਂ ਪੜੀਆਂ ਹੋਣਗੀਆਂ ਉਹਨਾਂ ਵਿੱਚ ਕਦੇ ਇਹ ਨਹੀਂ ਦੱਸਿਆ ਹੋਵੇਗਾ ਕਿ ਮਈ ਦਿਹਾੜੇ ਦੀ ਸ਼ੁਰੂਆਤ ਕਿਵੇਂ ਹੋਈ। ਪਰ ਸਾਡੇ ਅਤੀਤ ਵਿੱਚ ਬਹੁਤ ਕੁਝ ਮਹਾਨ ਸੀ ਅਤੇ ਹਿੰਮਤ ਭਰਿਆ ਸੀ, ਜਿਸਨੂੰ ਇਤਿਹਾਸ ਦੇ ਪੰਨਿਆਂ ਤੋਂ ਸਾਵਧਾਨੀ ਨਾਲ ਮਿਟਾ ਦਿੱਤਾ ਗਿਆ। ਆਖਿਆ ਜਾਂਦਾ ਹੈ ਕਿ ਮਈ ਦਿਹਾੜਾ ਵਿਦੇਸ਼ੀ ਘਟਨਾ ਹੈ, ਪਰ ਜਿੰਨਾਂ ਲੋਕਾਂ ਨੇ 1886 ਵਿੱਚ ਸ਼ਿਕਾਗੋ ਵਿਖੇ ਪਹਿਲੇ ਮਈ ਦਿਹਾੜੇ ਦੀ ਰਚਨਾ ਕੀਤੀ ਸੀ, ਉਹਨਾਂ ਲਈ ਇਸ ਵਿੱਚ ਕੁਝ ਵੀ ਬਾਹਰੀ ਨਹੀਂ ਸੀ। ਉਹਨਾਂ ਨੇ ਇਸ ਨੂੰ ਦੇਸੀ ਸੂਤ ਨਾਲ ਬੁਣਿਆ। ਉਜ਼ਰਤੀ ਮਜ਼ਦੂਰੀ ਦਾ ਪ੍ਰਬੰਧ ਮਨੁੱਖਾਂ ਦਾ ਜੋ ਹਸ਼ਰ ਕਰਦੀ ਹੈ ਉਸ ਪ੍ਰਤੀ ਉਹਨਾਂ ਦਾ ਗੁੱਸਾ ਕਿਸੇ ਬਾਹਰੀ ਸ੍ਰੋਤ ਤੋਂ ਨਹੀਂ ਆਇਆ ਸੀ। ਪਹਿਲਾ ਮਈ ਦਿਹਾੜਾ 1886 ਵਿੱਚ ਸ਼ਿਕਾਗੋ ਨਗਰ ਵਿੱਚ ਮਨਾਇਆ ਗਿਆ। ਉਸਦੀ ਵੀ ਇੱਕ ਪਿੱਠਭੂਮੀ ਸੀ, ਜਿਸਦੇ ਦ੍ਰਿਸ਼ਾਂ ਨੂੰ ਯਾਦ ਕਰ ਲੈਣਾ ਬੇਕਾਰ ਨਹੀਂ ਹੋਵੇਗਾ। 1886 ਦੇ ਇੱਕ ਦਹਾਕੇ ਪਹਿਲਾਂ ਤੋਂ ਅਮਰੀਕੀ ਮਜ਼ਦੂਰ ਜਮਾਤ ਜਨਮ ਅਤੇ ਵਿਕਾਸ ਦੀ ਪ੍ਰਕ੍ਰਿਆ ਤੋਂ ਲੰਘ ਰਹੀ ਸੀ। ਇਹ ਨਵਾਂ ਦੇਸ਼ ਜੋ ਥੋੜੇ ਜਿਹੇ ਸਮੇਂ ਵਿੱਚ ਇੱਕ ਮਹਾਂਸਾਗਰ ਤੋਂ ਦੂਜੇ ਮਹਾਂਸਾਗਰ ਤੱਕ ਫੈਲ ਗਿਆ ਸੀ, ਉਸਨੇ ਸ਼ਹਿਰ ਤੇ ਸ਼ਹਿਰ ਬਣਾਏ, ਮੈਦਾਨਾਂ ਤੇ ਰੇਲਾਂ ਦਾ ਜ਼ਾਲ ਵਿਛਾ ਦਿੱਤਾ, ਸੰਘਣੇ ਜੰਗਲਾਂ ਨੂੰ ਵੱਢ ਕੇ ਸਾਫ ਕੀਤਾ, ਅਤੇ ਹੁਣ ਉਹ ਸੰਸਾਰ ਦਾ ਪਹਿਲਾ ਸਨਅਤੀ ਦੇਸ਼ ਬਣਨ ਜਾ ਰਿਹਾ ਸੀ। ਅਤੇ ਅਜਿਹਾ ਕਰਦੇ ਸਮੇਂ ਉਹ ਉਹਨਾਂ ਲੋਕਾਂ ਤੇ ਹੀ ਟੁੱਟ ਪਿਆ ਜਿੰਨਾਂ ਨੇ ਆਪਣੀ ਮਿਹਨਤ ਨਾਲ ਇਹ ਸਭ ਸੰਭਵ ਬਣਾਇਆ ਸੀ, ਉਹ ਸਭ ਕੁਝ ਬਣਾਇਆ ਸੀ ਜਿਸਨੂੰ ਅਮਰੀਕਾ ਕਿਹਾ ਜਾਂਦਾ ਸੀ, ਅਤੇ ਉਸਨੇ ਉਹਨਾਂ ਦੀ ਜਿੰਦਗੀ ਦੀ ਇੱਕ-ਇੱਕ ਬੂੰਦ ਨਿਚੋੜ ਲਈ। ਔਰਤਾਂ-ਮਰਦ ਅਤੇ ਇੱਥੋਂ ਤੱਕ ਕਿ ਬੱਚੇ ਵੀ ਅਮਰੀਕਾ ਦੀਆਂ ਨਵੀਆਂ ਫੈਕਟਰੀਆਂ ਵਿੱਚ ਹੱਡ ਭੰਨਵੀਂ ਮਿਹਨਤ ਕਰਦੇ ਸਨ। ਬਾਰ੍ਹਾਂ ਘੰਟੇ ਕੰਮ ਦਾ ਦਿਨ ਆਮ ਸੀ, ਚੋਦਾਂ ਘੰਟੇ ਦਾ ਕੰਮ ਵੀ ਬਹੁਤਾ ਅਸਾਧਾਰਣ ਨਹੀਂ ਸੀ, ਅਤੇ ਕਈ ਥਾਵਾਂ ਤੇ ਬੱਚੇ ਵੀ ਇੱਕ-ਇੱਕ ਦਿਨ ਵਿੱਚ ਸੋਲ਼ਾਂ ਅਤੇ ਅਠਾਰਾਂ ਘੰਟੇ ਤੱਕ ਕੰਮ ਕਰਦੇ ਸਨ। ਮਜ਼ਦੂਰੀ ਬਹੁਤ ਹੀ ਘੱਟ ਹੁੰਦੀ ਸੀ, ਉਹ ਅਕਸਰ ਦੋ ਡੰਗ ਦੀ ਰੋਟੀ ਜੋਗੀ ਵੀ ਨਹੀਂ ਸੀ ਹੁੰਦੀ, ਅਤੇ ਵਾਰ-ਵਾਰ ਆਉਣ ਵਾਲੀ ਮੰਦੀ ਦੀ ਕੌੜੀ ਲਗਾਤਾਰਤਾ ਦੇ ਨਾਲ ਵੱਡੇ ਪੱਧਰ ਤੇ ਬੇਰੁਜ਼ਗਾਰੀ ਦੇ ਦੌਰ ਆਉਣ ਲੱਗੇ। ਸਰਕਾਰੀ ਡੰਡੇ ਦੇ ਸਿਰ ਉੱਤੇ ਰਾਜ ਚੱਲ ਰਿਹਾ ਸੀ।ਪਰ ਅਮਰੀਕੀ ਮਜ਼ਦੂਰ ਜਮਾਤ ਬਿਨ੍ਹਾਂ ਰੀੜ੍ਹ ਦੀ ਹੱਡੀ ਤੋਂ ਨਹੀਂ ਸੀ। ਉਸਨੇ ਇਹ ਹਾਲਾਤ ਸਵਿਕਾਰ ਨਹੀਂ ਕੀਤੇ, ਇਹਨਾਂ ਨੂੰ ਮਾੜੀ ਕਿਸਮਤ ਮੰਨ ਕੇ ਸਹਿਣ ਨਹੀਂ ਕੀਤਾ। ਉਸਨੇ ਮੁਕਾਬਲਾ ਕੀਤਾ ਅਤੇ ਪੂਰੀ ਦੁਨੀਆਂ ਦੇ ਕਿਰਤੀਆਂ ਨੂੰ ਜੁਝਾਰੂਪਣ ਦਾ ਸਬਕ ਪੜਾਇਆ। ਅਜਿਹਾ ਜੁਝਾਰੂਪਣ ਜਿਸਦੀ ਅੱਜ ਵੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। 1877 ਵਿੱਚ ਵੈਸਟ ਵਰਜੀਨਿਆ ਦੇ ਮਾਰਟਿਨਸਬਰਗ ਵਿੱਚ ਰੇਲਵੇ ਹੜਤਾਲ ਸ਼ੁਰੂ ਹੋਈ। ਹਥਿਆਰਬੰਦ ਪੁਲਸ ਬੁਲਾ ਲਈ ਗਈ ਅਤੇ ਮਜ਼ਦੂਰਾਂ ਨਾਲ ਇੱਕ ਛੋਟੀ ਲੜਾਈ ਤੋਂ ਬਾਅਦ ਹੜਤਾਲ ਕੁਚਲ ਦਿੱਤੀ ਗਈ। ਪਰ ਸਿਰਫ ਸਥਾਈ ਤੌਰ ਤੇ, ਜੋ ਚਿੰਗਿਆੜੀ ਭੜਕੀ ਸੀ, ਉਹ ਜਵਾਲਾ ਬਣ ਗਈ। ਬਾਲਟੀਮੋਰ ਅਤੇ ਅੋਹਾਯੋ ਰੇਲ ਮਾਰਗ ਬੰਦ ਹੋਇਆ, ਅਤੇ ਫਿਰ ਇੱਕ ਤੋਂ ਬਾਅਦ ਦੂਜੀਆਂ ਰੇਲ ਕੰਪਨੀਆਂ ਦਾ ਵੀ ਚੱਕਾ ਜਾਮ ਹੁੰਦਾ ਗਿਆ। ਅਤੇ ਫਿਰ ਇੱਕ ਛੋਟਾ ਜਿਹਾ ਸਥਾਈ ਉਭਾਰ ਇਤਿਹਾਸ ਵਿੱਚ ਉਸ ਸਮੇਂ ਤੱਕ ਜਾਣੀ ਗਈ ਸਭ ਤੋਂ ਵੱਡੀ ਰੇਲ ਹੜਤਾਲ ਬਣ ਗਿਆ। ਦੂਜੀਆਂ ਸਨਅਤਾਂ ਵੀ ਉਸ ਵਿੱਚ ਸ਼ਾਮਿਲ ਹੋ ਗਈਆਂ ਅਤੇ ਕਈ ਇਲਾਕਿਆਂ ਵਿੱਚ ਇਹ ਰੇਲ ਹੜਤਾਲ ਇੱਕ ਆਮ ਹੜਤਾਲ ਵਿੱਚ ਬਦਲ ਗਈ। ਪਹਿਲੀ ਵਾਰ ਸਰਕਾਰਾਂ ਅਤੇ ਮਾਲਕਾਂ ਨੂੰ ਪਤਾ ਲੱਗਿਆ ਕਿ ਮਜ਼ਦੂਰ ਦੀ ਤਾਕਤ ਕੀ ਹੋ ਸਕਦੀ ਹੈ। ਉਹਨਾਂ ਨੇ ਪੁਲਸ ਅਤੇ ਫੌਜ ਬੁਲਾਈ, ਜਗ੍ਹਾ-ਜਗ੍ਹਾ ਜਾਸੂਸ ਤੈਨਾਤ ਕੀਤੇ। ਕਈ ਥਾਵਾਂ ਤੇ ਲੜਾਈਆਂ ਹੋਈਆਂ। ਸੇਂਟ ਲੂਈ ਵਿੱਚ ਨਾਗਰਿਕ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਹਥਿਆਰ ਸੁੱਟ ਦਿੱਤੇ ਅਤੇ ਸ਼ਹਿਰ ਮਜ਼ਦੂਰ ਜਮਾਤ ਦੇ ਹਵਾਲੇ ਕਰ ਦਿੱਤਾ। ਉਹਨਾਂ ਹੈਰਾਨੀਜਨਕ ਉਭਾਰਾਂ ਵਿੱਚ ਕਿੰਨੇ ਸ਼ਹੀਦ ਹੋਏ ਹੋਣਗੇ, ਉਹਨਾਂ ਨੂੰ ਅੱਜ ਕੋਈ ਨਹੀਂ ਗਿਣ ਸਕਦਾ। ਪਰ ਸ਼ਹੀਦਾਂ ਦੀ ਗਿਣਤੀ ਬਹੁਤ ਜਿਆਦਾ ਹੋਵੇਗੀ, ਇਸ ਤੇ ਕੋਈ ਵੀ, ਜਿੰਨਾਂ ਨੇ ਤੱਥਾਂ ਦਾ ਅਧਿਐਨ ਕੀਤਾ ਹੈ, ਸ਼ੱਕ ਨਹੀਂ ਕਰ ਸਕਦਾ। ਅਗਲਾ ਦਹਾਕਾ ਸੰਘਰਸ਼ ਦਾ ਦੌਰ ਸੀ, ਸ਼ੁਰੂ ਵਿੱਚ ਹੋਂਦ ਦਾ ਸੰਘਰਸ਼ ਅਤੇ ਫਿਰ ਜਥੇਬੰਦੀਆਂ ਬਣਾਉਣ ਦਾ ਸੰਘਰਸ਼। ਸਰਕਾਰ ਨੇ 1877 ਨੂੰ ਸੌਖਿਆਂ ਨਹੀਂ ਭੁਲਾਇਆ, ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਥਿਆਰ ਬਣਨ ਲੱਗੇ, ਮੁੱਖ ਸੜਕਾਂ ਚੌੜੀਆਂ ਕਰਨ ਲੱਗੇ, ਤਾਂ ਜੋ ‘ਗੈਟਲਿੰਗ’ ਮਸ਼ੀਨ ਗੰਨਾਂ ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕਣ। ਇੱਕ ਮਜ਼ਦੂਰ ਵਿਰੋਧੀ ਪ੍ਰਾਈਵੇਟ ਪੁਲਸ ਸੰਗਠਨ ਪਿੰਕਰਟਨ ਏਜੰਸੀ ਬਣਾਈ ਗਈ, ਅਤੇ ਮਜ਼ਦੂਰਾਂ ਵਿਰੁੱਧ ਚੁਕੇ ਕਦਮ ਹੋਰ ਜਾਬਰ ਹੋਣ ਲੱਗੇ। ਉਂਝ ਤਾਂ ਅਮਰੀਕਾ ਵਿੱਚ ਕੂੜ-ਪ੍ਰਚਾਰ ਦੇ ਤੌਰ ਤੇ ਲਾਲ ਖਤਰੇ (Red Terror) ਸ਼ਬਦ ਦਾ ਇਸਤੇਮਾਲ 1830 ਦੇ ਦਹਾਕੇ ਤੋਂ ਹੀ ਹੁੰਦਾ ਆਇਆ ਸੀ, ਪਰ ਉਸਨੂੰ ਹੁਣ ਇੱਕ ਅਜਿਹੇ ਡਰਾਉਣੇ ਹਊਏ ਦਾ ਰੂਪ ਦਿੱਤਾ ਗਿਆ, ਜੋ ਪ੍ਰਤੱਖ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ।ਪਰ ਮਜ਼ਦੂਰਾਂ ਨੇ ਉਸਨੂੰ ਚੁੱਪਚਾਪ ਸਵਿਕਾਰ ਨਹੀਂ ਕੀਤਾ। ਉਹਨਾਂ ਨੇ ਵੀ ਆਪਣੀਆਂ ਅੰਡਰ ਗਰਾਊਂਡ ਜਥੇਬੰਦੀਆਂ ਬਣਾਈਆਂ। ਅੰਡਰ ਗਰਾਊਂਡ ਸ਼ੁਰੂ ਹੋਈ ਜਥੇਬੰਦੀ ਨਾਈਟਸ ਆਫ ਲੇਬਰ ਦੇ ਮੈਂਬਰਾਂ ਦੀ ਗਿਣਤੀ 1886 ਤੱਕ 7,00,000 ਤੋਂ ਵੀ ਜਿਆਦਾ ਹੋ ਗਈ ਸੀ। ਨਵ ਜੰਮੇ ਅਮਰੀਕਨ ਫੈਡਰੇਸ਼ਨ ਆਫ ਲੇਬਰ ਦਾ ਮਜ਼ਦੂਰ ਜਥੇਬੰਦੀਆਂ ਦੀ ਖੁਦ-ਮੁਖਤਿਆਰ ਸੰਸਥਾ ਦੇ ਰੂਪ ਵਿੱਚ ਗਠਨ ਕੀਤਾ ਗਿਆ, ਸਮਾਜਵਾਦ ਜਿਸਦੇ ਟੀਚਿਆਂ ਵਿੱਚੋਂ ਇੱਕ ਟੀਚਾ ਸੀ। ਇਹ ਸੰਸਥਾ ਬਹੁਤ ਤੇਜ ਰਫਤਾਰ ਨਾਲ ਵਿਕਸਿਤ ਹੁੰਦੀ ਚਲੀ ਗਈ। ਇਹ ਜਮਾਤੀ ਤੌਰ ਤੇ ਸੁਚੇਤ ਅਤੇ ਜੁਝਾਰੂ ਸੀ ਅਤੇ ਆਪਣੀਆਂ ਮੰਗਾਂ ਤੇ ਟਸ ਤੋਂ ਮਸ ਨਹੀਂ ਸੀ ਹੋਣ ਵਾਲੀ। ਇੱਕ ਨਵਾਂ ਨਾਅਰਾ ਬੁਲੰਦ ਹੋਇਆ। ਇੱਕ ਨਵੀਂ ਦੋ ਟੁਕ, ਸਪੱਸ਼ਟ ਮੰਗ ਪੇਸ਼ ਕੀਤੀ ਗਈ: “ਅੱਠ ਘੰਟੇ ਕੰਮ, ਅੱਠ ਘੰਟੇ ਆਰਾਮ, ਅੱਠ ਘੰਟੇ ਮਨੋਰੰਜਨ।”1886 ਤੱਕ ਅਮਰੀਕੀ ਮਜ਼ਦੂਰ ਨੌਜਵਾਨ ਯੋਧਾ ਬਣ ਚੁੱਕਿਆ ਸੀ, ਜੋ ਆਪਣੀ ਤਾਕਤ ਪਰਖਣ ਲਈ ਮੌਕੇ ਦੀ ਭਾਲ ਕਰ ਰਿਹਾ ਸੀ। ਉਸਦਾ ਮੁਕਾਬਲਾ ਕਰਨ ਲਈ ਸਰਕਾਰੀ ਹਥਿਆਰ ਬਣਾਏ ਗਏ, ਪਰ ਉਹ ਵੀ ਘੱਟ ਸਨ। ਪਿੰਕਰਟਨੋ ਦੀ ਪ੍ਰਾਈਵੇਟ ਪੁਲਸ ਫੌਜ ਵੀ ਬਹੁਤ ਨਹੀਂ ਸੀ, ਨਾ ਹੀ ਗੈਟਲਿੰਗ ਮਸ਼ੀਨ ਗੰਨਾਂ। ਜਥੇਬੰਦ ਮਜ਼ਦੂਰ ਆਪਣੇ ਕਦਮ ਵਧਾ ਰਿਹਾ ਸੀ, ਅਤੇ ਉਸਦਾ ਇੱਕੋ ਇੱਕ ਜੁਝਾਰੂ ਨਾਹਰਾ ਦੇਸ਼ ਅਤੇ ਇੱਥੋਂ ਤੱਕ ਕੀ ਧਰਤੀ ਦੇ ਆਰ-ਪਾਰ ਗੂੰਜ ਰਿਹਾ ਸੀ: “ਇੱਕ ਦਿਨ ਵਿੱਚ ਅੱਠ ਘੰਟੇ ਕੰਮ- ਇਸ ਤੋਂ ਥੋੜਾ ਵੀ ਵੱਧ ਨਹੀਂ।” 1886 ਦੇ ਉਸ ਜ਼ਮਾਨੇ ਵਿੱਚ, ਸ਼ਿਕਾਗੋ ਜੁਝਾਰੂ, ਖੱਬੇ-ਪੱਖੀ ਮਜ਼ਦੂਰ ਅੰਦੋਲਨ ਦਾ ਕੇਂਦਰ ਸੀ। ਇੱਥੇ ਸ਼ਿਕਾਗੋ ਵਿੱਚ ਸਾਂਝੇ ਮਜ਼ਦੂਰ ਪ੍ਰਦਰਸ਼ਨ ਦੇ ਵਿਚਾਰ ਨੇ ਜਨਮ ਲਿਆ, ਇੱਕ ਦਿਨ ਜੋ ਉਹਨਾਂ ਦਾ ਦਿਨ ਹੋਵੇ ਕਿਸੇ ਹੋਰ ਦਾ ਨਹੀਂ, ਇੱਕ ਦਿਨ ਜਦ ਉਹ ਆਪਣੇ ਸੰਦ ਰੱਖ ਦੇਣਗੇ ਅਤੇ ਮੋਢੇ ਨਾਮ ਮੋਢਾ ਜੋੜ ਕੇ ਤਾਕਤ ਦਾ ਪ੍ਰਦਰਸ਼ਨ ਕਰਨਗੇ। ਪਹਿਲੀ ਮਈ ਨੂੰ ਮਜ਼ਦੂਰ ਜਮਾਤ ਦਾ ਦਿਨ, ਲੋਕਾਂ ਦੇ ਦਿਨ ਦੇ ਰੂਪ ਵਿੱਚ ਚੁਣਿਆ ਗਿਆ। ਪ੍ਰਦਰਸ਼ਨ ਤੋਂ ਬਹੁਤ ਪਹਿਲਾਂ ਹੀ “ਅੱਠ ਘੰਟਾ ਸੰਘ” ਨਾਮੀ ਇੱਕ ਕਮੇਟੀ ਬਣਾਈ ਗਈ। ਇਹ ਅੱਠ ਘੰਟਾ ਕਮੇਟੀ ਇੱਕ ਸਾਂਝਾ ਮੋਰਚਾ ਸੀ, ਜਿਸ ਵਿੱਚ ਅਮਰੀਕਨ ਫੈਡਰੇਸ਼ਨ ਆਫ ਲੇਬਰ, ਨਾਈਟਸ ਆਫ ਲੇਬਰ ਅਤੇ ਸਮਾਜਵਾਦੀ ਮਜਦੂਰ ਪਾਰਟੀ ਸ਼ਾਮਿਲ ਸਨ। ਸ਼ਿਕਾਗੋ ਦੀ ਸੈਂਟਰਲ ਲੇਬਰ ਯੂਨੀਅਨ ਸੀ, ਜਿਸ ਵਿੱਚ ਸਭ ਤੋਂ ਜੁਝਾਰੂ ਖੱਬੇ ਪੱਖੀ ਜਥੇਬੰਦੀਆਂ ਸ਼ਾਮਿਲ ਸਨ, ਇਸ ਨਾਲ ਜੁੜੀ ਸੀ। ਸ਼ਿਕਾਗੋ ਵਿੱਚ ਹੋਈ ਸ਼ੁਰੂਆਤ ਕੋਈ ਮਾਮੂਲੀ ਗੱਲ ਨਹੀਂ ਸੀ। “ਮਈ ਦਿਹਾੜੇ” ਤੋਂ ਪਹਿਲਾਂ ਇੱਕਜੁੱਟਤਾ ਲਈ ਮਿੱਥੀ ਸਭਾ ਵਿੱਚ 25000 ਮਜ਼ਦੂਰ ਆਏ। ਅਤੇ ਜਦ “ਮਈ ਦਿਹਾੜਾ” ਆਇਆ, ਤਾਂ ਉਸ ਵਿੱਚ ਭਾਗ ਲੈਣ ਲਈ ਸ਼ਿਕਾਗੋ ਦੇ ਹਜ਼ਾਰਾਂ ਮਜ਼ਦੂਰ ਆਪਣੇ ਸੰਦ ਛੱਡਕੇ ਫੈਕਟਰੀਆਂ ਵਿੱਚੋਂ ਨਿੱਕਲਕੇ ਮਾਰਚ ਕਰਦੇ ਹੋਏ ਜਨ ਸਭਾਵਾਂ ਵਿੱਚ ਸ਼ਾਮਿਲ ਹੋਣ ਲਈ ਪਹੁੰਚਣ ਲੱਗੇ। ਅਤੇ ਉਸ ਸਮੇਂ ਵੀ, ਜਦਕਿ “ਮਈ ਦਿਹਾੜਾ” ਸ਼ੁਰੂ ਹੀ ਹੋਇਆ ਸੀ, ਮੱਧ ਵਰਗ ਦੇ ਹਜ਼ਾਰਾਂ ਲੋਕ ਮਜ਼ਦੂਰਾਂ ਦੀ ਕਤਾਰ ਵਿੱਚ ਸ਼ਾਮਲ ਹੋਏ ਅਤੇ ਇੱਕਜੁੱਟਤਾ ਦਾ ਇਹ ਰੂਪ ਅਮਰੀਕਾ ਦੇ ਹੋਰਾਂ ਸ਼ਹਿਰਾਂ ਵਿੱਚ ਵੀ ਦੋਹਰਾਇਆ ਗਿਆ।ਅਤੇ ਅੱਜ ਵਾਂਗੂ ਉਦੋਂ ਵੀ ਵੱਡੇ ਸਰਮਾਏਦਾਰਾਂ ਨੇ ਜਵਾਬੀ ਹਮਲਾ ਕੀਤਾ- ਖੂਨ-ਖਰਾਬਾ, ਆਤੰਕ, ਕਾਨੂੰਨੀ ਹੱਤਿਆ ਨੂੰ ਜਰੀਆ ਬਣਾਇਆ ਗਿਆ। ਦੋ ਦਿਨਾਂ ਬਾਅਦ ਮੈਕਾਰਮਿਕ ਰੀਪਰ ਕਾਰਖਾਨੇ ਵਿੱਚ, ਜਿੱਥੇ ਹੜਤਾਲ ਚੱਲ ਰਹੀ ਸੀ, ਇੱਕ ਆਮ ਸਭਾ ਤੇ ਪੁਲਸ ਨੇ ਹਮਲਾ ਕੀਤਾ। ਉਸ ਵਿੱਚ ਛੇ ਮਜ਼ਦੂਰਾਂ ਦੀ ਹੱਤਿਆ ਹੋਈ। ਅਗਲੇ ਦਿਨ ਉਸ ਗੰਭੀਰ ਕਾਰਵਾਈ ਖਿਲਾਫ ਹੇ ਮਾਰਕੇਟ ਚੋਂਕ ਤੇ ਜਦ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ, ਤਾਂ ਪੁਲਸ ਨੇ ਉਹਨਾਂ ਤੇ ਫਿਰ ਹਮਲਾ ਕੀਤਾ। ਕਿਤੋਂ ਇੱਕ ਬੰਬ ਸੁੱਟਿਆ ਗਿਆ, ਜਿਸਦੇ ਫਟਣ ਨਾਲ ਕਈ ਮਜ਼ਦੂਰ ਅਤੇ ਪੁਲਸ ਵਾਲੇ ਮਾਰੇ ਗਏ। ਇਸ ਗੱਲ ਦਾ ਕਦੇ ਪਤਾ ਨਹੀਂ ਚੱਲ ਸਕਿਆ ਕਿ ਬੰਬ ਕਿਸਨੇ ਸੁੱਟਿਆ ਸੀ, ਇਸਦੇ ਬਾਵਜੂਦ ਚਾਰ ਅਮਰੀਕੀ ਮਜ਼ਦੂਰ ਨੇਤਾਵਾਂ ਨੂੰ ਫਾਂਸੀ ਦੇ ਦਿੱਤੀ ਗਈ, ਉਸ ਅਪਰਾਧ ਲਈ, ਜੋ ਉਹਨਾਂ ਨੇ ਕਦੇ ਕੀਤਾ ਹੀ ਨਹੀਂ ਸੀ ਅਤੇ ਜਿਸਦੇ ਲਈ ਉਹ ਨਿਰਦੋਸ਼ ਸਿੱਧ ਹੋ ਚੁੱਕੇ ਸਨ।ਉਹਨਾਂ ਵੀਰ ਸ਼ਹੀਦਾਂ ਵਿੱਚੋਂ ਇੱਕ, ਆਗਸਨ ਸਪਾਈਸ, ਨੇ ਫਾਂਸੀ ਦੇ ਤਖਤੇ ਤੋਂ ਘੋਸ਼ਣਾ ਕੀਤੀ: “ਇੱਕ ਸਮਾਂ ਆਵੇਗਾ, ਜਦੋਂ ਸਾਡੀ ਖਾਮੋਸ਼ੀ ਉਹਨਾਂ ਆਵਾਜਾਂ ਤੋਂ ਜਿਆਦਾ ਤਾਕਤਵਾਰ ਸਿੱਧ ਹੋਵੇਗੀ, ਜਿੰਨਾਂ ਦਾ ਤੁਸੀਂ ਅੱਜ ਗਲਾ ਘੁੱਟ ਰਹੇ ਹੋ।” ਸਮੇਂ ਨੇ ਉਹਨਾਂ ਸ਼ਬਦਾਂ ਦੀ ਸੱਚਾਈ ਨੂੰ ਸਿੱਧ ਕਰ ਦਿੱਤਾ। ਸ਼ਿਕਾਗੋ ਨੇ ਦੁਨੀਆਂ ਨੂੰ “ਮਈ ਦਿਹਾੜਾ” ਦਿੱਤਾ, ਅਤੇ ਇਸ 62ਵੇਂ ਮਈ ਦਿਹਾੜੇ ਤੇ ਕਰੋੜ੍ਹਾਂ ਦੀ ਗਿਣਤੀ ਵਿੱਚ ਇਕੱਠੇ ਦੁਨੀਆਂ ਭਰ ਦੇ ਲੋਕ ਆਗਸਨ ਸਪਾਈਸ ਦੀ ਭਵਿੱਖਬਾਣੀ ਨੂੰ ਸੱਚ ਸਾਬਿਤ ਕਰ ਰਹੇ ਹਨ।ਸ਼ਿਕਾਗੋ ਵਿੱਚ ਹੋਏ ਪ੍ਰਦਰਸ਼ਨ ਤੋਂ ਤਿੰਨ ਸਾਲ ਬਾਅਦ ਦੁਨੀਆਂ ਭਰ ਦੇ ਮਜ਼ਦੂਰ ਨੇਤਾ ਬਾਸਤੀ ਕਿਲੇ ਤੇ ਹਮਲੇ(ਜਿਸਦੇ ਨਾਲ ਫ੍ਰਾਂਸੀਸੀ ਇਨਕਲਾਬ ਦੀ ਸ਼ੁਰੂਆਤ ਹੋਈ ਸੀ) ਦੀ 100ਵੀਂ ਵਰੇਗੰਢ ਮਨਾਉਣ ਲਈ ਪੈਰਿਸ ਵਿੱਚ ਇਕੱਠੇ ਹੋਏ। ਇੱਕ-ਇੱਕ ਕਰਕੇ, ਕਈ ਦੇਸ਼ਾਂ ਦੇ ਨੇਤਾਵਾਂ ਨੇ ਭਾਸ਼ਣ ਦਿੱਤੇ।ਆਖਿਰ ਵਿੱਚ ਅਮਰੀਕੀਆਂ ਦੇ ਬੋਲਣ ਦੀ ਵਾਰੀ ਆਈ। ਜੋ ਮਜ਼ਦੂਰ ਸਾਡੀ ਮਜ਼ਦੂਰ ਜਮਾਤ ਦੀ ਅਗਵਾਈ ਕਰ ਰਿਹਾ ਸੀ, ਖੜਾ ਹੋਇਆ ਅਤੇ ਬਿਲਕੁਲ ਸੌਖੀ ਅਤੇ ਦੋ ਟੁਕ ਭਾਸ਼ਾ ਵਿੱਚ ਉਸਨੇ ਅੱਠ ਘੰਟੇ ਦੇ ਕੰਮ ਦਿਨ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਜਿਸਦੇ ਆਖੀਰ ਵਿੱਚ 1886 ਵਿੱਚ ਹੇ ਮਾਰਕੇਟ ਦਾ ਸ਼ਰਮਨਾਕ ਕਾਂਡ ਸੀ।ਉਸਨੇ ਹਿੰਸਾ, ਖੂਨੀ, ਬਹਾਦਰੀ ਦਾ ਜੋ ਸੰਜੀਵ ਚਿੱਤਰ ਪੇਸ਼ ਕੀਤਾ, ਉਸ ਨੂੰ ਸੰਮੇਲਨ ਵਿੱਚ ਆਏ ਆਗੂ ਵਰਿਆਂ ਤੱਕ ਨਹੀਂ ਭੁੱਲ ਸਕੇ। ਉਸਨੇ ਦੱਸਿਆ ਕਿ ਪਾਰਸਨਸ ਨੇ ਕਿਵੇਂ ਮੌਤ ਦੀ ਚੋਣ ਕੀਤੀ ਸੀ, ਜਦਕਿ ਉਸ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਸਾਥੀਆਂ ਨਾਲ ਗੱਦਾਰੀ ਕਰੇ ਅਤੇ ਮਾਫੀ ਮੰਗ ਲਵੇ ਤਾਂ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ ਉਸਨੇ ਸਰੋਤਿਆਂ ਨੂੰ ਦੱਸਿਆ ਕਿ ਕਿਵੇਂ ਦਸ ਆਈਰਿਸ਼ ਖਾਣ ਮਜ਼ਦੂਰਾਂ ਨੂੰ ਪੇਨਸਿਲਵੇਨਿਆਂ ਵਿੱਚ ਇਸ ਲਈ ਫਾਂਸੀ ਦਿੱਤੀ ਗਈ ਸੀ ਕਿ ਉਹਨਾਂ ਨੇ ਮਜ਼ਦੂਰਾਂ ਦੇ ਜਥੇਬੰਦ ਹੋਣ ਦੇ ਹੱਕ ਲਈ ਸੰਘਰਸ਼ ਕੀਤਾ ਸੀ। ਉਸਨੇ ਉਹਨਾਂ ਅਸਲੀ ਲੜਾਈਆਂ ਬਾਰੇ ਦੱਸਿਆ ਜੋ ਮਜ਼ਦੂਰਾਂ ਨੇ ਹਥਿਆਰਬੰਦ “ਪਿੰਕਰਟਨੋ” ਨਾਲ ਲੜੀਆਂ ਸਨ, ਅਤੇ ਉਸਨੇ ਹੋਰ ਵੀ ਬਹੁਤ ਕੁਝ ਦੱਸਿਆ। ਜਦ ਉਸਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਪੈਰਿਸ ਕਾਂਗਰਸ ਨੇ ਹੇਠ ਲਿਖਿਆ ਮਤਾ ਪਾਸ ਕੀਤਾ: “ਕਾਂਗਰਸ ਫੈਸਲਾ ਕਰਦੀ ਹੈ ਕਿ ਰਾਜ਼ਾਂ ਦੇ ਅਧਿਕਾਰੀਆਂ ਨਾਲ ਕੰਮ ਦਿਨ ਨੂੰ ਕਾਨੂੰਨੀ ਢੰਗ ਨਾਲ ਘਟਾ ਕੇ ਅੱਠ ਘੰਟੇ ਕਰਨ ਦੀ ਮੰਗ ਦੇ ਲਈ ਅਤੇ ਨਾਲ ਹੀ ਪੈਰਿਸ ਕਾਂਗਰਸ ਦੇ ਹੋਰ ਫੈਸਲਿਆਂ ਨੂੰ ਲਾਗੂ ਕਰਨ ਲਈ ਸਮੁੱਚੇ ਦੇਸ਼ਾਂ ਅਤੇ ਸ਼ਹਿਰਾਂ ਵਿੱਚ ਕਿਰਤੀ ਲੋਕ ਇੱਕ ਮਿੱਥੇ ਦਿਨ ਇਕ ਮਹਾਨ ਅੰਤਰ ਰਾਸ਼ਟਰੀ ਪ੍ਰਦਰਸ਼ਨ ਜਥੇਬੰਦ ਕਰਨਗੇ। ਕਿਉਂਕਿ ਅਮਰੀਕਨ ਫੈਡਰੇਸ਼ਨ ਲੇਬਰ ਪਹਿਲੀ ਮਈ 1890 ਨੂੰ ਅਜਿਹਾ ਹੀ ਪ੍ਰਦਰਸ਼ਨ ਕਰਨ ਦਾ ਫੈਸਲਾ ਕਰ ਚੁੱਕੀ ਹੈ,” ਆਖੀਰ: ਇਹ ਦਿਨ ਅੰਤਰ ਰਾਸ਼ਰਟਰੀ ਪ੍ਰਦਰਸ਼ਨ ਲਈ ਸਵੀਕਾਰ ਕੀਤਾ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਦੇ ਮਜ਼ਦੂਰਾਂ ਨੂੰ ਹਰੇਕ ਦੇਸ਼ ਵਿੱਚ ਮੌਜੂਦਾ ਹਾਲਤਾਂ ਅਨੁਸਾਰ ਇਹ ਪ੍ਰਦਰਸ਼ਨ ਜਰੂਰ ਕਰਨਾ ਚਾਹੀਦਾ ਹੈ।”ਤਾਂ ਇਸ ਇਰਾਦੇ ਤੇ ਅਮਲ ਕੀਤਾ ਗਿਆ ਅਤੇ “ਮਈ ਦਿਹਾੜਾ” ਪੂਰੇ ਸੰਸਾਰ ਦੀ ਵਿਰਾਸਤ ਬਣ ਗਿਆ। ਚੰਗੀਆਂ ਚੀਜ਼ਾਂ ਖਾਸ ਲੋਕਾਂ ਜਾਂ ਦੇਸ਼ਾਂ ਦੀ ਜਾਇਦਾਦ ਨਹੀਂ ਹੁੰਦੀਆਂ। ਇੱਕ ਤੋਂ ਬਾਅਦ ਦੂਜੇ ਦੇਸ਼ਾਂ ਦੇ ਮਜ਼ਦੂਰ ਜਿਵੇਂ-ਜਿਵੇਂ ਮਈ ਦਿਹਾੜੇ ਨੂੰ ਆਪਣੇ ਜੀਵਨ, ਆਪਣੇ ਸੰਘਰਸ਼ਾਂ, ਆਪਣੀਆਂ ਆਸਾਂ ਦਾ ਅਨਿੱਖੜਵਾਂ ਅੰਗ ਬਣਾਉਂਦੇ ਗਏ, ਉਹ ਮੰਨ ਕੇ ਚੱਲਣ ਲੱਗੇ ਕਿ ਇਹ ਦਿਨ ਉਹਨਾਂ ਦਾ ਹੈ ਅਤੇ ਇਹ ਵੀ ਸਹੀ ਹੈ, ਕਿਉਂਕਿ ਧਰਤੀ ਤੇ ਮੋਜੂਦ ਸਮੁੱਚੀਆਂ ਕੌਮਾਂ ਦੇ ਬਰਕਸ ਅਸੀਂ ਕੌਮਾਂ ਦੀ ਕੌਮ ਹਾਂ, ਸਾਰੇ ਲੋਕਾਂ ਅਤੇ ਸਾਰੀਆਂ ਸੱਭਿਆਤਾਵਾਂ ਦਾ ਸਮੂਹ ਹਾਂ।ਅਤੇ ਅੱਜ ਦੇ ਦਿਨ ਮਈ ਦਿਵਸ ਦੀ ਕੀ ਖਾਸੀਅਤ ਹੈ ਪਿਛਲੇ ਮਈ ਦਿਹਾੜੇ, ਅੱਧੀ ਸਦੀ ਦੇ ਸੰਘਰਸ਼ਾਂ ਨੂੰ ਪ੍ਰਕਾਸ਼-ਕਿਰਨਾਂ ਵਾਂਗ ਰੁਸ਼ਨਾਉਂਦੇ ਹਨ। ਇਸ ਸਦੀ ਦੇ ਸ਼ੁਰੂ ਵਿੱਚ ਮਈ ਦਿਹਾੜੇ ਦੇ ਹੀ ਦਿਨ ਮਜ਼ਦੂਰ ਜਮਾਤ ਨੇ ਪਰਾਈ ਧਰਤੀ ਨੂੰ ਹੜੱਪਣ ਲਈ ਸਾਮਰਾਜੀ ਕਾਰਵਾਈਆਂ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ ਸੀ। ਮਈ ਦਿਹਾੜੇ ਦੇ ਮੌਕੇ ਤੇ ਮਜ਼ਦੂਰਾਂ ਨੇ ਨਵ-ਜੰਮੇ ਸਮਾਜਵਾਦੀ ਸੋਵੀਅਤ ਸੰਘ ਦਾ ਸਮਰਥਨ ਕਰਨ ਲਈ ਆਵਾਜ ਬੁਲੰਦ ਕੀਤੀ ਸੀ। ਮਈ ਦਿਹਾੜੇ ਦੇ ਮੌਕੇ ਤੇ ਹੀ ਅਸੀਂ ਆਪਣੀ ਪੂਰੀ ਤਾਕਤ ਨਾਲ ਗੈਰ ਜਥੇਬੰਦਾਂ ਨੂੰ ਜਥੇਬੰਦ ਕਰਨ ਦਾ ਤਿਉਹਾਰ ਮਨਾਇਆ ਸੀ। ਪਰ ਬੀਤੇ ਕਿਸੇ ਵੀ ਮਈ ਦਿਹਾੜੇ ਤੇ ਕਦੇ ਅਜਿਹੇ ਅਸ਼ੁੱਭ ਸੰਕੇਤ, ਪਰ ਇੰਨੇ ਆਸ ਭਰੇ ਭਵਿੱਖ ਸੰਕੇਤ ਵੀ ਨਹੀਂ ਦਿਸੇ ਸਨ, ਜਿੰਨਾਂ ਕਿ ਅੱਜ ਦੇ ਮਈ ਦਿਵਸ ਤੇ ਹੋ ਰਿਹਾ ਹੈ। ਪਹਿਲਾਂ ਕਦੇ ਸਾਡੇ ਕੋਲ ਜਿੱਤਣ ਨੂੰ ਇੰਨਾਂ ਕੁਝ ਨਹੀਂ ਸੀ, ਪਹਿਲਾਂ ਕਦੇ ਸਾਡੇ ਗਵਾਉਣ ਨੂੰ ਇੰਨਾਂ ਕੁਝ ਨਹੀਂ ਸੀ। ਲੋਕਾਂ ਲਈ ਆਪਣੀ ਗੱਲ ਕਹਿ ਸਕਣਾ ਸੌਖਾ ਨਹੀਂ ਹੈ। ਲੋਕਾਂ ਕੋਲ ਅਖ਼ਬਾਰ ਜਾਂ ਮੰਚ ਨਹੀਂ ਹੈ, ਅਤੇ ਨਾਂ ਹੀ ਸਰਕਾਰ ਵਿੱਚ ਸ਼ਾਮਿਲ ਸਾਡੇ ਚੁਣੇ ਗਏ ਆਗੂਆਂ ਦੀ ਬਹੁਗਿਣਤੀ ਲੋਕਾਂ ਦੀ ਸੇਵਾ ਕਰਦੀ ਹੈ। ਰੇਡੀਉ ਲੋਕਾਂ ਦਾ ਨਹੀਂ ਹੈ ਅਤੇ ਨਾਂ ਹੀ ਫਿਲਮ ਬਨਾਉਣ ਵਾਲੀ ਮਸ਼ੀਨਰੀ ਉਸਦੀ ਹੈ। ਵੱਡੇ ਕਾਰੋਬਾਰੀਆਂ ਦੀ ਇਜਾਰੇਦਾਰੀ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੀ ਹੈ, ਬਹੁਤ ਚੰਗੀ ਤਰ੍ਹਾਂ- ਪਰ ਲੋਕਾਂ ਤੇ ਤਾਂ ਕਿਸੇ ਦਾ ਏਕਾਧਿਕਾਰ ਨਹੀਂ ਹੈ। ਲੋਕਾਂ ਦੀ ਤਾਕਤ ਉਹਨਾਂ ਦੀ ਆਪਣੀ ਤਾਕਤ ਹੈ। ਮਈ ਦਿਹਾੜਾ ਉਹਨਾਂ ਦਾ ਆਪਣਾ ਦਿਨ ਹੈ, ਆਪਣੀ ਇਹ ਤਾਕਤ ਦਿਖਾਉਣ ਦਾ ਦਿਨ। ਕਦਮ ਨਾਲ ਕਦਮ ਮਿਲਾ ਕੇ ਵਧ ਦੇ ਲੱਖਾਂ ਲੋਕਾਂ ਦੀਆਂ ਕਤਾਰਾਂ ਵਿੱਚ ਅਲੱਗ ਤੋਂ ਇੱਕ ਆਵਾਜ਼ ਬੁਲੰਦ ਹੋ ਰਹੀ ਹੈ। ਇਹ ਸਮਾਂ ਹੈ ਕਿ ਉਹ ਲੋਕ, ਜੋ ਅਮਰੀਕਾ ਨੂੰ ਫਾਸੀਵਾਦ ਦੇ ਹਵਾਲੇ ਕਰਨ ਨੂੰ ਉਤਾਵਲੇ ਨੇ, ਇਸ ਆਵਾਜ਼ ਨੂੰ ਸੁਣਨ।ਉਹਨਾਂ ਨੂੰ ਇਹ ਦੱਸਣ ਦਾ ਸਮਾਂ ਹੈ ਕਿ ਮੌਜੂਦਾ ਮਜ਼ਦੂਰੀ ਲਗਭਗ ਪੰਜ਼ਾਹ ਪ੍ਰਤੀਸ਼ਤ ਘਟ ਗਈ ਹੈ, ਕਿ ਘਰਾਂ ਵਿੱਚ ਅਨਾਜ ਦੇ ਡੱਬੇ ਖਾਲੀ ਨੇ, ਕਿ ਇੱਥੇ ਅਮਰੀਕਾ ਵਿੱਚ ਬਹੁਗਿਣਤੀ ਭੁੱਖ ਦੀ ਚਪੇਟ ਵਿੱਚ ਆ ਰਹੀ ਹੈ।ਇਹ ਸਮਾਂ ਹੈ ਕਿਰਤ ਵਿਰੋਧੀ ਕਾਨੂੰਨਾਂ ਦੇ ਖਿਲਾਫ ਆਵਾਜ ਉੱਚੀ ਕਰਨ ਦਾ। 200 ਤੋਂ ਜਿਆਦਾ ਕਿਰਤ ਵਿਰੋਧੀ ਕਾਨੂੰਨਾਂ ਦੇ ਬਿੱਲ ਕਾਂਗਰਸ ਸਾਹਮਣੇ ਵਿਚਾਰ ਅਧੀਨ ਆ ਰਹੇ ਹਨ, ਜੋ ਯਕੀਨੀ ਮਜ਼ਦੂਰਾਂ ਨੂੰ ਉਸੇ ਤਰ੍ਹਾਂ ਤੋੜ ਸੁੱਟਣ ਦੇ ਰਾਹ ਖੋਲ ਦੇਣਗੇ, ਜਿਸ ਤਰ੍ਹਾਂ ਹਿਟਲਰ ਦੇ ਨਾਜ਼ੀਵਾਦ ਨੇ ਜ਼ਰਮਨ ਮਜ਼ਦੂਰਾਂ ਨੂੰ ਤੋੜ੍ਹ ਸੁੱਟਿਆ ਸੀ।ਜਥੇਬੰਦ ਅਮਰੀਕੀ ਮਜ਼ਦੂਰਾਂ ਲਈ ਅੱਖ਼ਾਂ ਖੋਲ ਕੇ ਇਹ ਤੱਥ ਦੇਖਣ ਦਾ ਵੇਲਾ ਆ ਗਿਆ ਹੈ ਕਿ ਇਹ ਮਜ਼ਦੂਰਾਂ ਦਾ ਏਕਾ ਕਾਇਮ ਕਰਨ ਲਈ ਆਖਿਰੀ ਪਲ ਹੈ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਇਕੱਠੇ ਕਰਨ ਲਈ ਜਥੇਬੰਦ ਮਜ਼ਦੂਰ ਰਹਿਣਗੇ ਹੀ ਨਹੀਂ। ਤੁਸੀਂ ਇੱਥੇ ਪੜ ਰਹੇ ਹੋ ਕਹਾਣੀ, ਉਹਨਾਂ ਲੋਕਾਂ ਦੀ ਜੋ ਬਾਰ੍ਹਾਂ ਤੋਂ ਚੋਦਹਾਂ ਘੰਟੇ ਰੋਜ਼ ਕੰਮ ਕਰਦੇ ਹਨ, ਤੁਸੀਂ ਪੜ ਰਹੇ ਹੋ ਕਹਾਣੀ, ਉਸ ਸਰਕਾਰ ਦੀ, ਜੋ ਆਤੰਕ ਅਤੇ ਮਨਾਹੀਆਂ ਦੇ ਦਮ ਤੇ ਚੱਲ ਰਹੀ ਹੈ। ਇਹ ਹੈ ਉਹਨਾਂ ਲੋਕਾਂ ਦਾ ਟੀਚਾ, ਜੋ ਅੱਜ ਕਿਰਤੀਆਂ ਨੂੰ ਚਕਨਾ ਚੂਰ ਕਰਨਾ ਚਾਹੁੰਦੇ ਹਨ। ਉਹ ਆਪਣੇ “ਅੱਛੇ” ਦਿਨ ਫਿਰ ਤੋਂ ਲਿਆਉਣਾ ਚਾਹੁੰਦੇ ਹਨ। ਇਸਦਾ ਸਬੂਤ ਯੂਨਾਈਟੇਡ ਮਾਈਨ ਦੇ ਖਣਿਜ ਮਜ਼ਦੂਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਹੈ। ਤੁਸੀਂ ਜਦ ਮਈ ਦਿਹਾੜੇ ਦੇ ਮੌਕੇ ਤੇ ਮਾਰਚ ਕਰੋਂਗੇ ਤਾਂ ਤੁਸੀਂ ਉਹਨਾਂ ਨੂੰ ਆਪਣਾ ਜਵਾਬ ਦਵੋਂਗੇ।ਸਮਾਂ ਆ ਗਿਆ ਹੈ ਇਹ ਸਮਝਣ ਦਾ ਕਿ “ਅਮਰੀਕੀ ਸਾਮਰਾਜ” ਦੀ ਲਲਕਾਰ ਦਾ, ਯੂਨਾਨ, ਤੁਰਕੀ ਅਤੇ ਚੀਨ ਵਿੱਚ ਦਖਲ ਨਾਲ ਕੀ ਰਿਸ਼ਤਾ ਹੈ। ਸਾਮਰਾਜ ਦੀ ਕੀਮਤ ਕੀ ਹੈ? ਜੋ ਦੁਨੀਆਂ ਤੇ ਰਾਜ ਕਰਕੇ ਦੁਨੀਆਂ ਨੂੰ “ਬਚਾਉਣ” ਲਈ ਰੌਲਾ ਪਾ ਰਹੇ ਹਨ, ਉਹਨਾਂ ਨੂੰ ਹੋਰ ਸਾਮਰਾਜਾਂ ਦੇ ਅੰਤ ਨੂੰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਹ ਮਾਪਣਾ ਚਾਹੀਦਾ ਹੈ ਕਿ ਜਿੰਦਗੀ ਅਤੇ ਪੈਸਾ ਦੋਵੇਂ ਸ਼ਬਦਾਂ ਵਿੱਚ ਜੰਗ ਦੀ ਕੀ ਕੀਮਤ ਹੁੰਦੀ ਹੈ। ਸਮਾਂ ਆ ਗਿਆ ਹੈ ਇਹ ਦੇਖਣ ਲਈ ਜਾਗ ਜਾਣ ਦਾ ਕਿ ਕਮਿਊਨਿਸਟਾਂ ਪਿੱਛੇ ਸ਼ਿਕਾਰੀ ਕੁੱਤੇ ਛੱਡੇ ਜਾਣ ਦਾ ਕੀ ਮਤਲਬ ਹੈ? ਕੀ ਇੱਕ ਵੀ ਅਜਿਹਾ ਕੋਈ ਦੇਸ਼ ਹੈ, ਜਿੱਥੇ ਕਮਿਊਨਿਸਟ ਪਾਰਟੀ ਨੂੰ ਗੈਰ-ਕਾਨੂੰਨੀ ਕਿਹਾ ਜਾਣਾ ਫਾਸੀਵਾਦ ਦੀ ਪਿੱਠਭੂਮੀ ਨਾ ਰਿਹਾ ਹੋਵੇ? ਕੀ ਅਜਿਹਾ ਕੋਈ ਵੀ ਦੇਸ਼ ਹੈ, ਜਿੱਥੇ ਕਮਿਊਨਿਸਟਾਂ ਨੂੰ ਰਾਹ ਤੋਂ ਪਰ੍ਹੇ ਕਰਦੇ ਹੀ ਮਜ਼ਦੂਰ ਜਥੇਬੰਦੀਆਂ ਨੂੰ ਚਕਨਾਚੂਰ ਨਾ ਕਰ ਦਿੱਤਾ ਗਿਆ ਹੋਵੇ? ਸਮਾਂ ਆ ਗਿਆ ਹੈ ਕਿ ਅਸੀਂ ਇਹਨਾਂ ਹਾਲਤਾਂ ਦੀ ਕੀਮਤ ਨੂੰ ਸਮਝੀਏ। ਕਮਿਊਨਿਸਟਾਂ ਤੇ ਤਸ਼ੱਦਦ ਢਾਹੁਣ ਦੀ ਮੁਹਿੰਮ ਦੀ ਕੀਮਤ ਜਾਂ ਜਥੇਬੰਦ ਮਜ਼ਦੂਰਾਂ ਨੂੰ ਖੂੰਜੇ ਲਾਉਣ ਦੀ ਕੀਮਤ ਹੈ ਫਾਸੀਵਾਦ। ਅਤੇ ਅੱਜ ਕੌਣ ਹੈ, ਜੋ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਫਾਸੀਵਾਦ ਦੀ ਕੀਮਤ ਮੌਤ ਹੈ? ਮਈ ਦਿਹਾੜਾ ਇਸ ਦੇਸ਼ ਦੇ ਸਮੁੱਚੇ ਆਜ਼ਾਦੀ ਪਸੰਦ ਲੋਕਾਂ ਲਈ ਪਿਛਾਖੜੀਆਂ ਨੂੰ ਜਵਾਬ ਦੇਣ ਦਾ ਸਮਾਂ ਹੈ। ਮਾਰਚ ਕਰਦੇ ਜਾ ਰਹੇ ਲੱਖਾਂ ਲੋਕਾਂ ਦੀ ਇੱਕ ਹੀ ਆਵਾਜ ਬੁਲੰਦ ਹੋ ਰਹੀ ਹੈ- ਮਈ ਦਿਹਾੜੇ ਦੇ ਪ੍ਰਦਰਸ਼ਨ ਵਿੱਚ ਸਾਡੇ ਨਾਲ ਆਉ ਅਤੇ ਮੌਤ ਦੇ ਦਲਾਲਾਂ ਨੂੰ ਆਪਣਾ ਜਵਾਬ ਦਵੋ।

ਪੰਜਾਬੀ ਅਨੁਵਾਦ- ਬਲਤੇਜ

Leave a Reply

Your email address will not be published. Required fields are marked *

Social profiles