ਸਮਝੋ ਵਿਕਾਸ ਦੇ ਨਾਂ ਹੇਠ ਕਿਸਾਨੀ ਬਰਬਾਦ ਕਿਵੇਂ ਹੁੰਦੀ ਹੈ: ਪ੍ਰਸੂਨ ਬਾਜਪਾਈ

Read Time:11 Minute, 38 Second

(ਇਹ ਲੇਖ  2009 ਵਿਚ ਹਿੰਦੀ ਪੱਤਰਕਾਰ ਪ੍ਰਸੂਨ ਬਾਜਪਾਈ ਵੱਲੋਂ ਲਿਖਿਆ ਗਿਆ ਸੀ। ਇਸ ਵਿਚ ਬਿਆਨ ਕੀਤਾ ਗਿਆ ਹੈ ਕਿ ਕੰਟ੍ਰੈਕਟ ਫਾਰਮਿੰਗ (ਇਕਰਾਰਨਾਮੇ ਦੀ ਖੇਤੀ) ਨਾਲ ਕਿਵੇਂ ਨਾਸਿਕ ਅਤੇ ਆਸ ਪਾਸ ਅੰਗੂਰ ਕਾਸ਼ਤਕਾਰਾਂ ਨੂੰ ਵਾਈਨ ਫੈਕਟਰੀਆਂ ਵੱਲੋਂ ਕੰਗਾਲ ਕੀਤਾ ਗਿਆ ਅਤੇ ਕਿਸਾਨਾਂ ਨੂੰ ਆਪਣੀਆਂ ਹੀ ਜਮੀਨਾਂ ਤੋਂ ਉਜਾੜ ਦਿੱਤਾ ਗਿਆ। ਕਾਰਪੋਰੇਟ ਖੇਤੀ ਨਾਲ ਪੰਜਾਬ ਦੇ ਕੀ ਹਾਲਾਤ ਹੋਣਗੇ, ਉਸਦੀ ਝਲ਼ਕ ਸਾਨੂੰ ਇਸ ਵਿਚੋਂ ਦਿਸ ਸਕਦੀ ਹੈ। ਖੇਤੀ ਆਰਡੀਨੈਂਸਾ ਉਲਟ ਜਾਰੀ ਸੰਘਰਸ਼ਾਂ ਦੌਰਾਨ ਏਦਾਂ ਦੇ ਤਜਰਬਿਆਂ ਨੂੰ ਵਿਆਪਕ ਪੱਧਰ ਤੇ ਕਿਸਾਨੀ ਅਤੇ ਬਾਕੀ ਹਿੱਸਿਆਂ ਵਿੱਚ ਲਈ ਕੇ ਜਾਣ ਦੀ ਲੋੜ ਹੈ – ਅਦਾਰਾ ਪੰਜ ਤੀਰ)

ਨਾਸਿਕ ਸ਼ਹਿਰ ਤੋਂ ਲਗਭਗ ਦਸ ਕਿਲੋਮੀਟਰ ਅੱਗੇ ਗੰਗਾਪੁਰ ਹੁੰਦੇ ਹੋਏ ਲਗਭਗ ਚਾਰ ਕਿਲੋਮੀਟਰ ਅੱਗੇ ਬਣਾਈ ਗਈ ਦੇਸ਼ ਦੀ ਸਭ ਤੋਂ ਮਸ਼ਹੂਰ ਵਾਈਨ ਫੈਕਟਰੀ ਨੂੰ ਜਾਣ ਵਾਲਾ ਰਾਸਤਾ ਵੀ ਦੇਸ਼ ਦੇ ਸਭ ਤੋਂ ਖੂਬਸੂਰਤ ਰਸਤਿਆਂ ਵਿੱਚੋਂ ਇੱਕ ਹੈ।  ਸਹਾਯਾਦਰੀ ਪਹਾੜੀਆਂ ਦੇ ਵਿਚਕਾਰ ਗੰਗਾਪੁਰ ਝੀਲ ਅਤੇ ਚਾਰੇ ਪਾਸੇ ਹਰੇ ਭਰੇ ਖੇਤ। ਇਸ ਸਭ ਦੇ ਵਿਚਾਲੇ, ਸੈਂਕੜੇ ਏਕੜ ਰਕਬੇ ਵਿਚ ਅੰਗੂਰ ਦੀ ਖੇਤੀ। ਇਸ ਸਭ ਦੇ ਵਿਚਕਾਰ, ਇੱਕ ਸੱਪ ਵਰਗੀ ਸੜਕ ਅਤੇ ਉਸ ਸੜਕ ਉੱਪਰ ਰਫਤਾਰ ਨਾਲ ਚਲਦੀਆਂ ਸਭ ਤੋਂ ਆਧੁਨਿਕ ਕਾਰਾਂ। ਸਪੱਸ਼ਟ ਹੈ, ਆਧੁਨਿਕ ਭਾਰਤ ਦੀ ਇਹ ਤਸਵੀਰ ਕਿਸੇ ਵੀ ਸ਼ਹਿਰੀ ਨੂੰ ਪਸੰਦ ਆ  ਸਕਦੀ ਹੈ। ਖ਼ਾਸਕਰ ਜਦੋਂ ਇਹ ਰਸਤਾ ਵਾਈਨ ਫੈਕਟਰੀ ਵੱਲ ਲੈ ਜਾਂਦਾ ਹੋਵੇ।

ਨਾਸਿਕ ਵਿੱਚ ਅੰਗੂਰਾਂ ਦੀ ਖੇਤੀ

ਇਹ ਤਸਵੀਰ ਦਸੰਬਰ 2009 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੈ, ਪਰ ਜੇ ਤੁਸੀਂ ਇਸ ਤਸਵੀਰ ਨੂੰ ਪੰਜ ਸਾਲ ਪਹਿਲਾਂ ਵੇਖ ਲਓ ਯਾਨੀ 2004 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਨਾਸਿਕ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਗੰਗਾਪੁਰ ਜਾਣਾ ਇਕ ਜੰਗਲ ਵਿਚ ਜਾਣ ਵਰਗਾ ਸੀ। ਟੁੱਟੀਆਂ ਸੜਕਾਂ। ਬਲਦ-ਗੱਡੀਆਂ ਅਤੇ ਟਰੈਕਟਰ ਸਭ ਤੋਂ ਵੱਧ ਚੱਲਦੇ ਦਿਖਾਈ ਦਿੰਦੇ ਸਨ। ਵਾਈਨ ਫੈਕਟਰੀ ਤੱਕ ਦੇ ਰਾਹ ਵਿੱਚ ਮਿੱਟੀ ਅਤੇ ਚਿੱਕੜ ਉੱਡਦਾ ਸੀ। ਟੁੱਟੀ ਭੱਜੀ ਗੰਦੀ ਸੜਕ ‘ਤੇ, ਫੈਕਟਰੀ ਨੂੰ ਜਾਣ ਲਈ ਚਿੱਕੜ ਤੋਂ ਬਚਦੇ ਹੋਏ ਫ਼ੈਕਟਰੀ ਵਰਗੇ ਇੱਕ ਸ਼ੈੱਡ ਵਿੱਚ ਪਹੁੰਚਣਾ ਹੁੰਦਾ ਸੀ।  ਜਿਥੇ ਸ਼ੈੱਡ ਦੀ ਛਾਂ ਵਿਚ ਜਾਂ ਅੰਗੂਰ ਦੇ ਦਰੱਖਤ ਹੇਠ ਸ਼ਰਾਬ ਦੀ ਚੁਸਕੀ ਲਈ ਜਾਂਦੀ ਸੀ।  ਪੰਜ ਸਾਲਾਂ ਵਿਚ, ਵਿਕਾਸ ਦੀ ਇਹ ਲੜੀ ਇੰਨੀ ਸੰਘਣੀ ਹੋ ਗਈ ਕਿ ਜਿੱਥੇ 2004 ਵਿਚ ਕੋਈ ਪੁਲਿਸ-ਪ੍ਰਸ਼ਾਸਨ ਅਧਿਕਾਰੀ ਇਸ ਜਗ੍ਹਾ ਝਾਕਣ ਵੀ ਨਹੀਂ ਸੀ ਜਾਂਦਾ ਅਤੇ ਨਾਸਿਕ ਪਹੁੰਚਣ ਵਾਲਾ ਕੋਈ ਵੀ ਸੈਲਾਨੀ ਤ੍ਰਿਮਬਕੇਸ਼ਵਰ ਮੰਦਰ ਅਤੇ ਪਾਂਡਵਾਂ ਦੀਆਂ ਗੁਫਾਵਾਂ ਵੇਖ ਕੇ ਵਾਪਸ ਪਰਤ ਜਾਂਦਾ ਸੀ। ਹੁਣ 2009 ਵਿਚ ਇਹੋ ਵਾਈਨ ਫੈਕਟਰੀਆਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਅੱਡਾ ਹਨ।  ਸੈਲਾਨੀ ਵੀ ਹੁਣ ਯੂਰਪ ਤੋਂ ਗੰਗਾਪੁਰ ਝੀਲ ਦੇ ਕੰਢੇ ਵਾਈਨ ਫੈਕਟਰੀ ਦੀਆਂ ਹੱਟਾਂ ਵਿਚ ਰਾਤ ਬਤੀਤ ਕਰਨ ਆਉਂਦੇ ਹਨ।  ਸ਼ੁੱਕਰਵਾਰ-ਸ਼ਨੀਵਾਰ ਦੀਆਂ ਰਾਤਾਂ ਨੂੰ ਰੇਵ ਪਾਰਟੀਆਂ ਕੀਤੀਆਂ ਜਾਂਦੀਆਂ ਹਨ।

ਪਰ ਇਹ ਵੀ ਨਹੀਂ ਹੈ ਕਿ ਪੰਜ ਸਾਲਾਂ ਵਿਚ ਸਿਰਫ਼ ਇਹ ਇੱਕੋ ਇੱਕ ਨਜ਼ਾਰਾ ਹੀ ਬਦਲਿਆ ਹੈ। ਇਸ ਬਦਲੀ ਹੋਈ ਤਸਵੀਰ ਦੀ ਕੀਮਤ ਕਿਸਨੂੰ ਚੁਕਾਉਣੀ ਪਈ ਅਤੇ ਨਾਸਿਕ ਦੇ ਉਸੇ ਖੇਤਰ ਵਿਚ ਇਸ ਬਦਲੀ ਤਸਵੀਰ ਦਾ ਦੂਜਾ ਪਾਸ ਕਿਵੇਂ ਤਿਆਰ ਹੋਇਆ, ਇਸ ਨੂੰ ਮਨੋਹਰ ਬਾਬੂ ਰਾਓ ਪਟੋਲੇ ਦੇ ਪਰਿਵਾਰ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ। ਪਟੋਲੇ ਪਰਿਵਾਰ ਦੀ 2004 ਵਿਚ 20 ਏਕੜ ਜ਼ਮੀਨ ਸੀ।  ਜਿਥੇ ਇਹ ਪਰਿਵਾਰ ਅੰਗੂਰ ਉਗਾ ਕੇ ਜ਼ਿੰਦਗੀ ਬਸਰ ਕਰਦਾ ਸੀ। ਨਾਸਿਕ ਵਿਚ ਅੰਗੂਰਾਂ ਦਾ ਬਾਜ਼ਾਰ ਮੁੱਲ ਕਦੇ ਨਹੀਂ ਵਧਿਆ, ਇਸ ਲਈ ਪਟੋਲੇ ਪਰਿਵਾਰ ਨੇ ਵੱਧ ਰਹੀ ਮਹਿੰਗਾਈ ਵਿਚ ਪਰਿਵਾਰ ਦਾ ਢਿੱਡ ਭਰਨ ਲਈ ਵਾਈਨ ਬਣਾਉਣ ਵਾਲਿਆਂ ਕੋਲ ਪਹੁੰਚ ਕੀਤੀ। ਵਾਈਨ ਬਣਾਉਣ ਵਾਲਿਆਂ ਨੇ ਇਕ ਸਮਝੌਤਾ ਕੀਤਾ ਕਿ ਜੇ ਪਟੋਲੇ ਪਰਿਵਾਰ 20 ਏਕੜ ਵਿਚ ਵਾਈਨ ਲਈ ਅੰਗੂਰ ਉਗਾਏਗਾ, ਤਾਂ ਉਹ ਇਸ ਨੂੰ ਖਰੀਦਣਗੇ। ਵਾਈਨ ਅੰਗੂਰ ਆਮ ਅੰਗੂਰ ਨਾਲੋਂ ਵੱਖਰੇ ਹੁੰਦੇ ਹਨ, ਇਸ ਲਈ ਇਸ ਅੰਗੂਰ ਨੂੰ ਉਗਾਉਣ ਦਾ ਇਕ ਫਾਇਦਾ ਇਹ ਸੀ ਕਿ ਇਸ ਨਾਲ ਵਾਈਨ ਫੈਕਟਰੀ ਤੋਂ ਤੈਅਸ਼ੁਦਾ ਚੰਗੀ ਪੂੰਜੀ ਮਿਲ ਜਾਵੇਗੀ।

ਪਰ ਇੱਕ ਖ਼ਤਰਾ ਇਹ ਵੀ ਸੀ ਕਿ ਅੰਗੂਰ ਦੀ ਪੂਰੀ ਫਸਲ ਵਾਈਨ ਬਣਾਉਣ ਵਾਲਿਆਂ ‘ਤੇ ਨਿਰਭਰ ਹੋ ਜਾਵੇਗੀ। ਪਹਿਲੇ ਸਾਲ ਤਾਂ ਮੁਨਾਫ਼ਾ ਹੋਇਆ, ਪਰ ਸੰਕਟ 2006 ਵਿਚ ਸ਼ੁਰੂ ਹੋਇਆ, ਜਦੋਂ ਵਾਈਨ ਫੈਕਟਰੀ ਨੇ ਆਪਣੀ ਮਾਲੀ ਹਾਲਤ ਖਸਤਾ ਹਾਲ ਦੱਸਦੇ ਹੋਏ ਅੰਗੂਰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਪਟੋਲੇ ਪਰਿਵਾਰ ਨੂੰ ਵਾਈਨ ਅੰਗੂਰ ਬਿਲਕੁਲ ਸਸਤੇ ਭਾਅ ਵੇਚਣੇ ਪਏ। ਇਹ ਹਾਲ ਸਿਰਫ ਪਟੋਲੇ ਪਰਿਵਾਰ ਦਾ ਹੀ ਨਹੀਂ ਹੋਇਆ, ਸਗੋਂ ਸ਼ਿਵਾਜੀ ਪਵਾਰ, ਭੰਥੂ ਮੋਹਿਤੇ ਤੋਂ ਲੈ ਕੇ ਮਜਾਮ ਪਾਟਿਲ ਤੱਕ ਦਰਜਨਾਂ ਵੱਡੇ ਕਿਸਾਨਾਂ ਦੀ ਵਿੱਤੀ ਸਥਿਤੀ ਵਿਗੜੀ। ਤੀਹ ਤੋਂ ਵੱਧ ਛੋਟੇ ਕਿਸਾਨਾਂ, ਜਿਨ੍ਹਾਂ ਕੋਲ ਪੰਜ ਏਕੜ ਤੱਕ ਦੀ ਜ਼ਮੀਨ ਸੀ, ਉਨ੍ਹਾਂ ਨੂੰ ਹਰ ਸਾਲ ਮੁਸੀਬਤ ਇਹ ਆਉਂਦੀ ਕਿ ਜੋ ਸਾਲ ਦਰ ਸਾਲ ਅੰਗੂਰ ਦੀ ਫਸਲ ਨੂੰ ਬੀਜਣ ਅਤੇ ਉਗਾਉਣ ਤੇ ਆਉਣ ਵਾਲੇ ਖਰਚੇ ਵੀ ਪੂਰੇ ਨ ਹੁੰਦੇ। ਵੱਡੇ ਕਿਸਾਨਾਂ ਨੂੰ ਜ਼ਮੀਨ ਦਾ ਇੱਕ ਤੋਂ ਬਾਅਦ ਇੱਕ ਟੁਕੜਾ ਵੇਚਣਾ ਪਿਆ, ਅਤੇ ਛੋਟੇ ਕਿਸਾਨਾਂ ਨੂੰ ਜਿਉਂਦੇ ਰਹਿਣ ਲਈ ਜ਼ਮੀਨਾਂ ਗਹਿਣੇ ਰੱਖਣੀਆਂ ਪਈਆਂ।  ਵਿਕਾਸ ਦੀ ਏਸ ਗਹਿਰੀ ਹੁੰਦੀ ਲਕੀਰ ਵਿੱਚ, 2004 ਦੇ ਕਿਸਾਨ 2009 ਵਿੱਚ ਮਜ਼ਦੂਰ ਤੋਂ ਲੈ ਕੇ ਮਾਲ ਢੋਣ ਵਾਲੇ ਬਣ ਗਏ। ਕੁਝ ਕਿਸਾਨ ਤਾਂ ਜਿਉਂਦੇ ਜੀਅ ਆਪਣੀ ਜ਼ਮੀਨ ਤੋਂ ਪੂਰੀ ਤਰ੍ਹਾਂ ਉਜਾੜ ਦਿੱਤੇ ਗਏ। ਖ਼ਾਸਕਰ ਉਹ ਜਿਨ੍ਹਾਂ ਦੀ ਜ਼ਮੀਨ ਗੰਗਾਪੁਰ ਝੀਲ ਦੇ ਕਿਨਾਰੇ ਸੀ ਅਤੇ ਜਿਹੜੀਆਂ ਕਈ ਕਿਸਮਾਂ ਦੀਆਂ ਫਸਲਾਂ ਦੇ ਜ਼ਰੀਏ ਜੀਵਨ ਬਸਰ ਕਰਦੇ ਸਨ, ਜਦੋਂ ਉਹਨਾਂ ਦੀ ਫਸਲ ਸ਼ਰਾਬ ਉੱਤੇ ਨਿਰਭਰ ਹੋਈ ਅਤੇ ਹੌਲੀ ਹੌਲੀ ਫਸਲਾਂ ਉਗਾਉਣ ਤੱਕ ਦੀ ਪੂੰਜੀ ਵੀ ਨਹੀਂ ਬਚੀ ਤਾਂ ਉਹਨਾਂ ਨੇ ਜ਼ਮੀਨ ਵੇਚ ਦਿੱਤੀ।

ਇਹ ਵੀ ਮਹੱਤਵਪੂਰਨ ਹੈ ਕਿ ਝੀਲ ਦੇ ਕੰਢੇ ਦੀ ਜ਼ਮੀਨ ਨੂੰ ਸ਼ਹਿਰੀਕਰਨ ਦੇ ਦਾਇਰੇ ਵਿੱਚ ਲਿਆਉਣ ਦੀ ਗੱਲ ਅਧਿਕਾਰੀਆਂ ਨੇ ਕੀਤੀ ਅਤੇ ਮੁਆਵਜ਼ੇ ਲੈ ਕੇ ਜ਼ਮੀਨ ਵੇਚਣ ਦਾ ਸੁਝਾਅ ਵੀ ਨਾਸਿਕ ਵਿਕਾਸ ਅਥਾਰਟੀ ਤੋਂ ਹੀ ਆਇਆ। ਇਸ ਜ਼ਮੀਨ ਨੂੰ ਵੀ ਸੈਰ-ਸਪਾਟੇ ਲਈ ਵਾਈਨ ਫੈਕਟਰੀ ਨੇ ਹੀ ਆਪਣੇ ਕਬਜ਼ੇ ਵਿਚ ਲਿਆ, ਮਤਲਬ ਪੰਜ ਸਾਲ ਪਹਿਲਾਂ ਜੋ  ਆਪਣੀ ਜ਼ਮੀਨ ਉੱਤੇ ਮਿਹਨਤ ਕਰਕੇ ਜ਼ਿੰਦਗੀ ਦੀ ਗੱਡੀ ਖਿੱਚ ਲੈਂਦਾ ਸੀ, ਉਹ 2009 ਵਿਚ ਉਨ੍ਹਾਂ ਸੱਪ ਵਰਗੀਆਂ ਸੜਕਾਂ ‘ਤੇ ਤੇਜ਼ ਰਫਤਾਰ ਕਾਰਾਂ ਦੇ ਰੁਕਣ ਦੀ ਉਡੀਕ ਕਰਦਾ ਹੋਇਆ ਉਨ੍ਹਾਂ ਦਾ ਸਮਾਨ ਢੋ ਕੇ ਉਨ੍ਹਾਂ ਦੀ ਆਪਣੀ ਹੀ ਜ਼ਮੀਨ ‘ਤੇ ਬਣੀਆਂ ਹੱਟਸ ਯਾਨੀ ਰਈਸੀ ਦੀਆਂ ਝੌਪੜੀਆਂ ਵਿਚ ਪਹੁੰਚਦਾ ਕਰਦਾ ਹੈ। ਜਿੱਥੇ ਇੱਕ ਰਾਤ ਬਿਤਾਉਣ ਦੀ ਲਾਗਤ ਵੀ ਉਹਨਾਂ ਦੀ ਸਾਲ ਭਰ ਦੀ ਕਮਾਈ ਨਾਲੋਂ ਜ਼ਿਆਦਾ ਹੈ। ਇਨ੍ਹਾਂ ਪੰਜ ਸਾਲਾਂ ਵਿੱਚ ਮਾਰਕੀਟ ਅਤੇ ਖੇਤੀ ਵਿੱਚ ਕਿੰਨਾ ਫਰਕ ਆਇਆ ਹੈ, ਇਸਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਬਾਜ਼ਾਰ ਵਿੱਚ ਪ੍ਰਤੀ ਬੋਤਲ ਵਾਈਨ ਵਿੱਚ ਔਸਤਨ 300% ਦਾ ਵਾਧਾ ਹੋਇਆ ਹੈ ਅਤੇ ਖੇਤੀ ਵਿੱਚ ਲੱਗੇ ਕਿਸਾਨ ਦੀ ਫਸਲ ਵਿੱਚ ਵੀ 10% ਵਾਧਾ ਵੀ ਨਹੀਂ ਹੋਇਆ ਹੈ।

ਪੰਜ ਸਾਲ ਪਹਿਲਾਂ ਵੀ ਨਾਸਿਕ ਸ਼ਹਿਰ ਵਿੱਚ ਅੰਗੂਰ ਅੱਠ ਤੋਂ ਦਸ ਰੁਪਏ ਪ੍ਰਤੀ ਕਿੱਲੋ ਮਿਲਦਾ ਸੀ, ਜਦੋਂ ਕਿ ਸਾਲ 2009 ਵਿੱਚ ਅੰਗੂਰ ਦੀ ਕੀਮਤ ਬਾਰਾਂ ਰੁਪਏ ਪ੍ਰਤੀ ਕਿਲੋਗ੍ਰਾਮ ਵੀ ਨਹੀਂ ਹੋ ਸਕੀ ਹੈ। ਨਾਸਿਕ ਨਾਲ ਲੱਗਦੇ ਇਲਾਕਿਆਂ ਵਿੱਚ ਨੰਦਗਾਂਵ, ਚਾਂਦਵਾੜਾ ਤੋਂ ਲੈ ਯੇਵਲਾ ਅਤੇ ਮਾਲੇਗਾਓਂ ਤੱਕ, ਇਨ੍ਹਾਂ ਪੰਜ ਸਾਲਾਂ ਵਿੱਚ ਤਕਰੀਬਨ 20 ਲੱਖ ਕਿਸਾਨਾਂ ਦੇ ਸਾਹਮਣੇ ਸਭ ਤੋਂ ਵੱਡਾ ਸੰਕਟ ਆਇਆ ਹੈ ਕਿ ਉਨ੍ਹਾਂ ਦੀ ਕਾਸ਼ਤ ਵਿੱਚ ਬੀਜ, ਖਾਦ ਅਤੇ ਬਾਂਸ (ਜਿਸ ਉੱਤੇ ਅੰਗੂਰ ਦੀਆਂ ਝਾੜੀਆਂ ਰੱਖੀਆਂ ਜਾਂਦੀਆਂ ਹਨ) ਦੀ ਕੀਮਤ ਵਿਚ 50% ਦਾ ਵਾਧਾ ਹੋਇਆ ਹੈ, ਪਰ ਅੰਗੂਰਾਂ ਦੀ ਕੀਮਤ ਪੰਜ ਸਾਲਾਂ ਵਿਚ 25 ਰੁਪਏ ਪੇਟੀ  ਤੋਂ 30 ਰੁਪਏ ਪੇਟੀ ਤੱਕ ਹੀ ਪਹੁੰਚੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਮਜ਼ਦੂਰ ਬਣਨ ਤੋਂ ਵੀ ਨਹੀਂ ਝਿਜਕਦਾ, ਪਰ ਜਦੋਂ ਬਰਬਾਦ ਹੋਏ ਮਜ਼ਦੂਰ ਬਣਨ ਵਾਲੇ ਕਿਸਾਨਾਂ ਦੀ ਗਿਣਤੀ ਮਜ਼ਦੂਰਾਂ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ ਤਾਂ ਫਿਰ ਮਜ਼ਦੂਰਾਂ ਨੂੰ ਕੌਣ ਪੁੱਛਦਾ ਹੈ।

ਨਾਸਿਕ ਵਿਚ ਇਕ ਦਰਜਨ ਤੋਂ ਵੱਧ ਵਾਈਨ ਫੈਕਟਰੀਆਂ ਵਿਚ ਲਗਭਗ ਪੰਜ ਹਜ਼ਾਰ ਮੁਲਾਜ਼ਮ ਹਨ। ਇਨ੍ਹਾਂ ਮੁਲਾਜ਼ਮਾਂ ਨੂੰ ਔਸਤਨ 100 ਰੁਪਏ ਪ੍ਰਤੀ ਦਿਨ ਮਿਲਦੇ ਹਨ, ਜੋ ਖੇਤ ਮਜ਼ਦੂਰਾਂ ਨਾਲੋਂ ਪੈਂਤੀ ਰੁਪਏ ਵੱਧ ਹਨ ਅਤੇ ਨਰੇਗਾ ਵਿੱਚ ਮਿਲਦੇ ਕੰਮ ਬਰਾਬਰ ਹੁੰਦਾ ਹੈ। ਇੱਥੇ ਕੋਈ ਸਥਾਈ ਵਰਕਰ ਨਹੀਂ ਹੈ ਭਾਵੇਂ ਉਹ ਕਿੰਨੇ ਹੀ ਸਾਲਾਂ ਤੋਂ ਕੰਮ ਕਰ ਰਿਹਾ ਹੋਵੇ। ਦੂਜੇ ਪਾਸੇ, ਵੱਡੇ ਕਿਸਾਨ ਅਤੇ ਵਾਈਨ ਫੈਕਟਰੀ ਦੇ ਮਾਲਕ ਵਿਚਕਾਰ ਫ਼ਰਕ ਜ਼ਮੀਨ-ਅਸਮਾਨ ਦਾ ਹੈ। ਜਿਸ ਵਿਚ 20 ਏਕੜ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਵੀ ਪਟੋਲੇ ਪਰਿਵਾਰ 2004 ਤੱਕ ਕਦੇ ਵੀ ਸਾਲ ਵਿੱਚ ਤਿੰਨ ਲੱਖ ਤੋਂ ਵੱਧ ਨਹੀਂ ਕਮਾ ਸਕਿਆ ਅਤੇ ਹੁਣ ਸਲਾਨਾ ਇੱਕ ਲੱਖ ਵੀ ਨਹੀਂ ਜੋੜ ਪਾਉਂਦਾ। ਉਸੇ ਸਮੇਂ, 2004 ਵਿੱਚ, ਵੀਹ ਲੱਖ ਦੀ ਲਾਗਤ ਵਾਲੀ ਵਾਈਨ ਫੈਕਟਰੀ 2009 ਵਿੱਚ 200 ਕਰੋੜ ਨੂੰ ਪਾਰ ਕਰ ਗਈ ਹੈ। ਵਿਕਾਸ ਦੀ ਇਹ ਮੋਟੀ, ਪਰ ਅੰਨ੍ਹੀ ਲਹਿਰ ਨੇਤਾਵਾਂ ਨੂੰ ਕਿੰਨੀ ਪਸੰਦ ਆਉਂਦੀ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਸਿਕ ਦੇ ਭਾਜਪਾ ਨੇਤਾ ਅਤੇ ਡਿਪਟੀ ਮੇਅਰ ਅਜੈ ਬੋਰਸਤੇ ਨੇ ਇਸੇ ਦੌਰ ਵਿੱਚ ਵਾਈਨ ਫੈਕਟਰੀ ਖੋਲੀ ਹੈ। ਹਾਲਾਂਕਿ ਐਨਸੀਪੀ ਨੇਤਾ ਵਸੰਤ ਪਵਾਰ ਨਿਫਾਦ ਵਿੱਚ ਇੱਕ ਵਾਈਨ ਫੈਕਟਰੀ ਚਲਾਉਂਦੇ ਹਨ, ਰਾਜ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਮੌਜੂਦਾ ਗ੍ਰਹਿ ਮੰਤਰੀ ਆਰ. ਆਰ ਪਾਟਿਲ ਅਤੇ ਜੈਅੰਤ ਪਾਟਿਲ, ਸਾਂਗਲੀ ਵਿੱਚ ਇੱਕ ਵਾਈਨ ਫੈਕਟਰੀ ਖੋਲ੍ਹ ਰਹੇ ਹਨ। ਹੋਰ ਤਾਂ ਹੋਰ, ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਵੀ ਬਾਰਾਮਤੀ ਵਿਚ ਇਕ ਵਾਈਨ ਫੈਕਟਰੀ ਖੋਲ੍ਹਣ ਵੱਲ ਕਦਮ ਚੁੱਕੇ ਲਏ ਹਨ।

One thought on “ਸਮਝੋ ਵਿਕਾਸ ਦੇ ਨਾਂ ਹੇਠ ਕਿਸਾਨੀ ਬਰਬਾਦ ਕਿਵੇਂ ਹੁੰਦੀ ਹੈ: ਪ੍ਰਸੂਨ ਬਾਜਪਾਈ

Leave a Reply

Your email address will not be published. Required fields are marked *

Social profiles