ਚੰਡੀਗੜ੍ਹ ਦੇ ਉਜੜੇ 28 ਪਿੰਡ (ਭਾਗ – 2): ਕਾਲੀਬੜ, ਕੈਲੜ, ਖੇੜੀ ਅਤੇ ਫਤਿਹਗੜ ਮਾਦੜਿਆਂ – ਮਲਕੀਤ ਸਿੰਘ ਔਜਲਾ

Read Time:24 Minute, 24 Second

ਪਿਛਲੇ ਦਿਨਾਂ ਵਿੱਚ ਮਲਕੀਤ ਸਿੰਘ ਔਜਲਾ ਨੇ ਆਪਣੇ ਫੇਸਬੁੱਕ ਖਾਤੇ ਉੱਪਰ ਲੜੀਵਾਰ ਰੂਪ ਵਿੱਚ ਚੰਡੀਗੜ੍ਹ ਵਸਾਉਣ ਵੇਲੇ ਉਜਾੜੇ ਗਏ 28 ਪਿੰਡਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਪਾਠਕਾਂ ਵੱਲੋਂ ਉਹਨਾਂ ਦੇ ਫੇਸਬੁੱਕ ਪੰਨੇ ‘ਚੰਡੀਗੜ੍ਹ ਦੇ ਉਜੜੇ 28 ਪਿੰਡ’ ਉੱਪਰ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ । ਅਦਾਰਾ ਪੰਜ ਤੀਰ ਉਹ ਸਾਰੇ ਲੇਖ ਕੁੱਝ ਭਾਗਾਂ ਵਿੱਚ ਏਥੇ ਸਾਂਝੇ ਕਰ ਰਿਹਾ ਹੈ। ਇਸ ਭਾਗ ਵਿੱਚ ਕਾਲੀਬੜ, ਕੈਲੜ, ਖੇੜੀ ਅਤੇ ਫਤਿਹਗੜ ਮਾਦੜਿਆਂ ਬਾਰੇ ਜਾਣਕਾਰੀ ਹੈ।

ਭਾਗ – 1 ਦੇਖਣ ਲਈ ਏਥੇ ਜਾਓ

4. ਕਾਲੀਬੜ
ਚੰਡੀਗੜ ਵਸਾਉਣ ਉਜਾੜੇ ਗਏੋ ਪੰਜਾਬ ਦੇ 28 ਪਿੰਡਾਂ ਵਿੱਚ ਕਾਲੀਬੜ ਦਾ ਨਾਮ ਵੀ ਸ਼ਾਮਿਲ ਸੀ ਜਿਸ ਨੂੰ 1952 ਵਾਲੇ ਪਹਿਲੇ ਉਠਾਲੇ ਵਿੱਚ ਉਠਾਇਆ ਗਿਆ। ਹੁਣ, ਜੇਕਰ ਸਤਾਰਾਂ ਵਾਲੇ ਬੱਸ ਅੱਡੇ ਤੋਂ ਚੜਦੇ ਪਾਸੇ ਰਾਕ ਗਾਰਡਨ/ਹਾਈਕੋਰਟ ਵੱਲ ਨੂੰ ਜਾਈਏ ਤਾਂ 17/18 ਦੇ ਪ੍ਰੈਸ ਚੌਂਕ ਵਾਲੀਆਂ ਲਾਈਟਾਂ ਟੱਪ ਕੇ ਸੈਕਟਰ 8-9 ਨੂੰ ਵੰਡਦੀ ਸੜਕ ਉੱਤੇ ਅੱਧਾ ਕੁ ਕਿਲੋਮੀਟਰ ਅੱਗੇ ਘੁੱਗ ਵਸਦਾ ਪਿੰਡ ਕਾਲੀਬੜ ਹੁੰਦਾ ਸੀ, ਜਿਹੜਾ ਹੁਣ ਸੈਕਟਰ 8 ਅਤੇ 9 ਦੀਆਂ ਕੋਠੀਆਂ ਹੇਠ ਦੱਬ ਚੁੱਕਾ ਹੈ।

ਕਾਲੀਬੜ ਦੀ ਧਰਮਸ਼ਾਲਾ ਵਿੱਚ ਬਣਿਆ ਗੁਰਦੁਆਰਾ ਪਾਤਸ਼ਾਹੀ ਦਸਵੀਂ

ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ 8-ਸੀ ਕਿਸੇ ਵੇਲੇ ਕਾਲੀਬੜ ਦੀ ਧਰਮਸ਼ਾਲਾ ਵਿੱਚ ਹੁੰਦਾ ਸੀ। ਭਾਵੇਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਗੁਰਦੁਆਰੇ ਦੇ ਬੋਰਡ ਉਪਰ ਪਿੰਡ ਕਾਲੀਬੜ ਦਾ ਨਾਮ ਨਹੀਂ ਲਿਖਿਆ ਪਰ ਇਤਿਹਾਸ ਗਵਾਹ ਹੈ ਇਥੇ ਕਾਲੀਬੜ ਦੀ ਧਰਮਸ਼ਾਲਾ ਹੁੰਦੀ ਸੀ ਜਿਥੇ ਜੰਝਾਂ ਠਹਿਰਦੀਆਂ ਸਨ। ਜੈਲਦਾਰ ਲਹਿਣਾ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਇਸ ਦੀ ਉਪਰਲੀ ਮੰਜਿਲ ਵਿੱਚ ਗੁਰੂਦੁਆਰਾ ਬਣਾਇਆ ਸੀ। ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸ਼ਾਨਦਾਰ ਹੈ ਜਿਥੇ ਨਿਸ਼ਾਨ ਸਾਹਿਬ ਵੀ ਹਾਈਡਰੋਲਿਕ ਸਿਸਟਮ ਨਾਲ ਝੁਲਾਇਆ ਜਾਂਦਾ ਹੈ। ਗੁਰਦੁਆਰਾ ਕਮੇਟੀ ਨੂੰ ਪਿੰਡ ਕਾਲੀਬੜ ਦਾ ਨਾਮ ਜਰੂਰ ਲਿਖਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਹਰਦੀਪ ਸਿੰਘ ਮੋਹਾਲੀ ਦਾ ਪਿੰਡ ਵੀ ਕਾਲੀਬੜ ਹੈ।

ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਕੋਠੀ ਦੇ ਅੱਗੇ ਕਾਲੀਬੜ ਦਾ ਪੁਰਾਣਾ ਪਿੱਪਲ ਖੜਾ ਹੈ ਜੋ ਸਮੇਂ ਸਮੇਂ ਕੁਹਾੜੀਆਂ ਦੇ ਵਾਰ ਸਹਿ ਸਹਿ ਕੇ ਅਧਰੰਗ ਹੋਏ ਬੰਦੇ ਵਾਂਗ ਹਾਲ ਤੋਂ ਬੇਹਾਲ ਹੋਇਆ ਪਿਆ ਲੇਕਿਨ ਫਿਰ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖੀ ਖੜਾ ਹੈ, ਇਸ ਥਾਂ ਤੇ ਪਿੰਡ ਦਾ ਖੇੜਾ ਹੁੰਦਾ ਸੀ। ਗੁਰਦੁਆਰਾ ਸਾਹਿਬ ਦੇ ਸੱਜੇ ਹੱਥ ਜੋ ਮੰਦਰ ਹੈ ਇਸ ਦੇ ਬਾਹਰ ਵੀ ਇੱਕ ਪਿੱਪਲ ਹੈ ਜਿਥੇ ਪਿੰਡ ਦੇ ਪੰਡਤਾਂ ਦੀ ਕੁੜੀ ਪਾਠ ਪੂਜਾ ਕਰਦੀ ਹੁੰਦੀ ਸੀ।

ਸਾਹਮਣੇ ਖੇੜੇ ਵਾਲੀ ਥਾਂ ਤੇ ਖੜਾ ਅਧ ਕੱਟਿਆ ਪਿੱਪਲ

ਕਾਲੀਬੜ ਇੱਕ ਬੜਾ ਮੰਨਿਆ ਹੋਇਆ ਪਿੰਡ ਸੀ ਜਿਸ ਦਾ ਪਿਛੋਕੜ ਪਟਿਆਲਾ ਜਿਲ੍ਹੇ ਦੇ ਦਿੱਤੂਪੁਰ ਪਿੰਡ ਨਾਲ ਜੁੜਦਾ ਸੀ। ਪਿੰਡ ਵਿੱਚ ਟਿਵਾਣਾ ਅਤੇ ਛੜਾਨ ਗੋਤ ਦੀਆਂ ਦੋ ਪੱਤੀਆਂ ਸਨ ਅਤੇ ਦੋਹਾਂ ਵਿੱਚ ਦੋ ਖੂਹ ਲੱਗੇ ਹੋਏ ਸਨ। ਕਾਲੀਬੜ ਵਿੱਚ ਲਗਭਗ 350 ਘਰ ਸਨ, ਪਿੰਡ ਦੀ ਅਬਾਦੀ ਦੋ ਹਜਾਰ ਦੇ ਕਰੀਬ ਸੀ। ਇਸ ਪਿੰਡ ਵਿੱਚ ਮਿਡਲ ਸਕੂਲ ਹੁੰਦਾ ਸੀ ਜਿਥੇ ਇਲਾਕੇ ਦੇ ਬੱਚੇ ਪੜਨ ਆਉਂਦੇ ਸਨ। ਕਾਲੀਬੜ ਦੇ ਛਿਪਦੇ ਪਾਸੇ ਰੁੜਕੀ ਪੜਾਓ ਸੀ। ਭਾਵੇ ਇਨਾਂ ਦੋਵਾਂ ਪਿੰਡਾਂ ਵਿੱਚ ਦੋ ਕੁ ਮੀਲ ਦਾ ਹੀ ਫਾਸਲਾ ਸੀ ਪਰ ਪੱਤਣ ਦਾ ਬਹੁਤ ਫਰਕ ਸੀ। ਰੁੜਕੀ ਵਿੱਚ ਪਾਣੀ 20 ਕੁ ਫੁੱਟ ਤੇ ਸੀ ਜਦੋਂ ਕਿ ਕਾਲੀਬੜ ਵਿੱਚ 80 ਫੁੱਟ ਤੋਂ ਵੀ ਡੂੰਘਾ ਸੀ। ਪਿੰਡ ਦੀ ਜਮੀਨ ਉਪਜਾਊ ਸੀ, ਜਿਮੀਂਦਾਰਾਂ ਦੇ 40 ਗੱਡੇ ਸਨ। ਕਾਲੀਬੜ ਦੇ ਰੌਣਕ ਸਿੰਘ ਦਾ ਰੱਥ ਇਲਾਕੇ ਵਿੱਚ ਬੜਾ ਮਸ਼ਹੂਰ ਸੀ। ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਦੇ ਦਾਦੇ ਦੀ ਭੂਆ ਇਸ ਪਿੰਡ ਵਿੱਚ ਵਿਆਹੀ ਹੋਈ ਸੀ।

ਗੁਰਦੁਆਰਾ ਸਾਹਿਬ ਦੇ ਸਾਹਮਣੇ ਸੈਕਟਰ 9 ਦੀਆਂ ਕੋਠੀਆਂ ਤੋਂ ਅੱਗੇ ਚੜਦੇ ਕਮਿਊਨਿਟੀ ਸੈਂਟਰ ਦੇ ਪਿਛੇ ਮੋੜ ਤੇ ਆਰਮੀ ਦਾ ਦਫਤਰ ਹੈ, ਜਿਥੇ ਪੁਰਾਣੇ ਪਿੱਪਲ, ਬਰੋਟੇ ਅੱਜ ਵੀ ਖੜੇ ਹਨ, ਇਸ ਪਾਸੇ ਹੀ ਪਿੰਡ ਦਾ ਟੋਬਾ ਸੀ। ਇਸੇ ਤਰਾਂ ਸੈਕਟਰ 9 ਵਿੱਚ ਕਾਰਮਲ ਕਾਨਵੈਂਟ ਸਕੂਲ ਦੇ ਸਾਹਮਣੇ ਚੜਦੇ ਪਾਸੇ ਬਣੇ ਪਾਰਕ ਦੇ ਵਿੱਚ ਕੋਈ ਢਾਈ ਤਿੰਨ ਸੌ ਸਾਲ ਪੁਰਾਣੇ ਕਾਲੀਬੜ ਦੇ ਵਿਸ਼ਾਲ ਪਿੱਪਲ ਖੜੇ ਹਨ, ਇੱਕ ਦੇ ਥੱਲੇ ਅੰਗਰੇਜੀ ਵਿੱਚ 250 ਸਾਲ ਪੁਰਾਣਾ ਕਾਲੀਬੜ ਦਾ ਪਿੱਪਲ ਲਿਖ ਕੇ ਬੋਰਡ ਵੀ ਲੱਗਿਆ ਹੋਇਆ ਹੈ। ਇਸ ਦੇ ਨੇੜੇ ਹੀ ਕੋਠੀ ਨੰਬਰ 154 ਦੇ ਬਾਹਰ ਕੋਨੇ ਵਿੱਚ ਕੋਈ ਡੇਢ ਦੋ ਸੌ ਸਾਲ ਪੁਰਾਣਾ ਕਾਲੀਬੜ ਦਾ ਪਿੱਪਲ ਉਸੇ ਤਰਾਂ ਖੜਾ ਹੈ। ਕਾਲੀਬੜ ਪਿੰਡ ਦੇ ਚਾਰੇ ਪਾਸੇ ਬਾਹਰੋਂ ਆਉਣ ਵਾਲੇ ਰਸਤਿਆਂ ਤੇ ਚਾਰ ਚਬੂਤਰੇ ਬਣੇ ਹੋਏ ਸਨ ਅਤੇ ਪਿੱਪਲ ਅਤੇ ਬਰੋਟੇ ਲਾਏ ਹੋਏ ਸੀ, ਜਿਥੇ ਪਿੰਡ ਦੀਆਂ ਸੱਥਾਂ ਜੁੜਦੀਆਂ ਸਨ। ਦੂਰੋ ਖੜ ਕੇ ਜੇਕਰ ਇਹਨਾਂ ਪਿੱਪਲ ਬਰੋਟਿਆਂ ਨੂੰ ਤੱਕੀਏ ਤਾਂ ਇੰਜ ਲਗਦਾ ਹੈ ਜਿਵੇਂ ਇਹਨਾਂ ਨੂੰ ਅੱਜ ਵੀ ਉਜਾੜੇ ਗਏ ਕਾਲੀਬੜੀਆਂ ਦੇ ਮੁੜ ਪਰਤਣ ਦੀ ਉਮੀਦ ਹੋਵੇ।

ਸੈਕਟਰ 9 ਦੇ ਪਾਰਕ ਵਿੱਚ ਖੜਾ ਢਾਈ ਸੌ ਸਾਲ ਪੁਰਾਣਾ ਪਿੱਪਲ

ਜਿਸ ਸਮੇਂ ਕਾਲੀਬੜ ਦਾ ਉਜਾੜਾ ਕੀਤਾ ਗਿਆ ੳਸ ਸਮੇਂ ਪਿੰਡ ਦਾ ਚੌਂਕੀਦਾਰ ਮੌਲਾ ਤੇਲੀ ਸੀ ਅਤੇ ਪਟਵਾਰੀ ਕੁਰਾਲੀ ਵਾਲਾ ਕਰਤਾ ਰਾਮ ਸੀ। ਪਿੰਡ ਵਿੱਚ ਰੁਲੀਆ ਹਕੀਮ ਹੁੰਦਾ ਸੀ। ਸੌਣ ਸਿੰਘ ਨੇ 30 ਸਾਲ ਇਸ ਪਿੰਡ ਦੀ ਸਰਪੰਚੀ ਕੀਤੀ। ਰਣ ਸਿੰਘ ਪਿੰਡ ਵਿੱਚ ਡਾਕਟਰ ਹੁੰਦਾ ਸੀ। ਕਾਲੀਬੜ ਦੇ ਵਸਨੀਕਾਂ ਨੇ 1914 ਅਤੇ 1942 ਦੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਸ੍ਰ. ਹਜੂਰਾ ਸਿੰਘ ਨੂੰ ਬਹਾਦਰੀ ਦਾ ਪੁਰਸਕਾਰ ਵਿਕਟੋਰੀਆ ਕਰਾਸ ਵੀ ਮਿਲਿਆ ਹੋਇਆ ਸੀ। ਰਣ ਸਿੰਘ, ਉਤਮ ਸਿੰਘ, ਰਤਨ ਸਿੰਘ ਅਤੇ ਉਜਾਗਰ ਸਿੰਘ ਪਿੰਡ ਦੇ ਨੰਬਰਦਾਰ ਸਨ। ਕਾਲੀਬੜ ਦੀ ਉਪਰਲੀ ਹੱਦ ਹਾਈਕੋਰਟ ਤੱਕ ਲਗਦੀ ਸੀ। ਕੁੱਲ ਮਿਲਾ ਕੇ ਕਾਲੀਬੜ ਦਾ ਇਲਾਕੇ ਵਿੱਚ ਪੂਰਾ ਦਬਦਬਾ ਸੀ ਪਰ ਚੰਡੀਗੜ ਵਸਾਉਣ ਲਈ ਚੱਲੇ ਬਲਡੋਜਰ ਤੋਂ ਕਾਲੀਬੜ ਆਪਣੇ ਆਪ ਨੂੰ ਨਾ ਬਚਾ ਸਕਿਆ।

ਚੰਡੀਗੜ ਲਈ ਕੁਰਬਾਨੀ ਕਰ ਚੁੱਕੇ ਪਿੰਡ ਕਾਲੀਬੜ ਦੀ ਯਾਦ ਵਿੱਚ ਸੈਕਟਰ 8-9-17-18 ਵਾਲੇ ਪ੍ਰੈਸ ਚੌਂਕ ਦਾ ਨਾਂ ਕਾਲੀਬੜ ਚੌਂਕ ਅਤੇ ਸੈਕਟਰ 8-9 ਨੁੰ ਵੰਡਦੀ ਸੜਕ ਦਾ ਨਾਮ ਕਾਲੀਬੜ ਰੋਡ ਰੱਖਣ ਬਾਰੇ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਜਾਣਕਾਰੀ ਮਿਲਦੀ ਰਹੇ। ਇਸ ਤੋਂ ਇਲਾਵਾ ਗੁਰਦੁਆਰਾ ਕਮੇਟੀ ਨੂੰ ਵੀ ਪਿੰਡ ਦਾ ਇਤਹਾਸ ਲਿਖ ਕੇ ਬਾਹਰ ਬੋਰਡ ਲਗਾਉਣਾ ਚਾਹੀਦਾ ਹੈ।

5. ਕੈਲੜ
ਸੰਨ 1952 ਦੇ ਪਹਿਲੇ ਉਠਾਲੇ ਵਿੱਚ ਚੰਡੀਗੜ ਵਸਾਉਣ ਲਈ ਉਠਾਏ ਗਏ 17 ਪਿੰਡਾਂ ਵਿੱਚ ਕੈਲੜ ਪਿੰਡ ਦਾ ਨਾਂ ਵੀ ਸ਼ਾਮਿਲ ਹੈ। ਇਹ ਪਿੰਡ ਸੈਕਟਰ 15-16/23-24 ਵਾਲੇ ਗੋਲ ਚੌਂਕ ਤੋਂ ਸੈਕਟਰ 14-15/24-25 ਵਾਲੇ ਚੌਂਕ ਦੇ ਐਨ ਵਿਚਕਾਰ ਸੈਕਟਰ 24 ਅਤੇ ਸੈਕਟਰ 15 ਵਿੱਚ ਆ ਚੁੱਕਾ ਹੈ। ਇਸ ਸੜਕ ਤੇ ਸੈਕਟਰ 24 ਵਿੱਚ ਉੱਚੀ ਥਾਂ ਤੇ ਬਣਿਆ ਇੰਦਰਾ ਹੋਲੀਡੇਅ ਹੋਮ ਕੈਲੜ ਦੇ ਥੇਹ ਉਪਰ ਬਣਿਆ ਹੋਇਆ ਹੈ, ਜਿਥੇ ਕੰਧ ਵਿੱਚ ਇੱਕ ਪੁਰਾਣਾ ਪਿੱਪਲ ਅੱਜ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਚੜਦੇ ਪਾਸੇ ਸੈਕਟਰ 15 ਦੀਆਂ ਕੋਠੀਆਂ ਸੜਕ ਤੋਂ ਉੱਚੀਆਂ ਹਨ ਇਹ ਵੀ ਕੈਲੜ ਪਿੰਡ ਉਪਰ ਬਣੀਆਂ ਹੋਈਆਂ ਹਨ।

ਸੈਕਟਰ 15 ਵਿੱਚ ਕੈਲੜ ਦਾ ਗੁਰਦੁਆਰਾ

ਸੈਕਟਰ 15 ਵਿੱਚ ਬਣੇ ਗੁਰੂਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਹਰ ਭਾਵੇਂ ਗੁਰੂਦੁਆਰਾ ਕਮੇਟੀ ਨੇ ਕੈਲੜ ਦਾ ਬੋਰਡ ਨਹੀਂ ਲਾਇਆ ਪਰ ਪੁਰਾਣੇ ਬੰਦੇ ਦੱਸਦੇ ਹਨ ਕਿ ਇਹ ਗੁਰਦੁਆਰਾ ਪਿੰਡ ਕੈਲੜ ਦਾ ਹੁੰਦਾ ਸੀ। ਇਸ ਦੇ ਨਾਲ ਸਰਕਾਰੀ ਸਕੂਲ ਵਿੱਚ ਅਤੇ ਸੀਨੀਅਰ ਸੀਟੀਜ਼ਨ ਹੋਮ ਦੇ ਅੰਦਰ ਅਤੇ ਬਾਹਰ ਖੜੇ ਵੱਡੇ ਦਰੱਖਤ ਪਿੱਪਲ, ਅੰਬ, ਨਿੰਮ ਅਤੇ ਕਿੱਕਰ ਅੱਜ ਵੀ ਕੈਲੜ ਦੀ ਯਾਦ ਤਾਜਾ ਕਰਾਉਂਦੇ ਹਨ।

ਕੈਲੜ ਪਿੰਡ ਦੇ ਥੇਹ ਉਪਰ ਖੜਾ ਪਿੱਪਲ (ਇੰਦਰਾ ਹੋਲੀਡੇਅ ਦੀ ਕੰਧ ਵਿੱਚ)

ਸੈਕਟਰ 24 ਵਿੱਚ ਸ਼ਿਵ ਮੰਦਰ ਦੇ ਅੰਦਰ ਅਤੇ ਬਾਹਰ ਸੜਕ ਤੇ ਖੜੇ ਪੁਰਾਣੇ ਦਰੱਖਤ, ਸੜਕ ਵਿੱਚ ਖੜੀ ਨਿੰਮ, ਸਰਕਾਰੀ ਸਕੂਲ ਦੇ ਬਾਹਰ ਸੜਕ ਤੇ ਖੜਾ ਬਹੁਤ ਪੁਰਾਣਾ ਬੋਹੜ ਕੈਲੜ ਪਿੰਡ ਦਾ ਇਤਹਾਸ ਸਾਂਭੀ ਖੜੇ ਹਨ ਅਤੇ ਆਪਣਿਆਂ ਦੀ ਉਡੀਕ ਵਿੱਚ ਰਾਹਾਂ ਤੱਕਦੇ ਹਨ। ਇਸ ਦੇ ਨੇੜੇ ਹੀ ਸੈਕਟਰ 24 ਵਿੱਚ ਮਾਂ ਬਸੰਤੀ ਦੇਵੀ ਦਾ ਪ੍ਰਾਚੀਨ ਮੰਦਰ ਹੈ ਜਿਥੇ ਅੱਜ ਵੀ ਗੇਟ ਤੇ ਹਿੰਦੀ ਵਿੱਚ ਗਾਂਵ ਕੈਲੜ ਦਾ ਨਾਮ ਲਿਖ ਕੇ ਬੋਰਡ ਲਾਇਆ ਹੋਇਆ ਹੈ ਜਿਸ ਤੇ ਮੰਦਰ ਦਾ ਨਿਰਮਾਣ ਸੰਨ 1816 ਵਿੱਚ ਹੋਇਆ ਦੱਸਿਆ ਗਿਆ ਹੈ। ਇਸ ਮੰਦਰ ਦੇ ਅੰਦਰ ਕੈਲੜ ਪਿੰਡ ਦਾ ਸੈਂਕੜੇ ਸਾਲ ਪੁਰਾਣਾ ਇੱਕ ਬਹੁਤ ਵਿਸ਼ਾਲ ਪਿੱਪਲ ਦੇਖਣਯੋਗ ਹੈ।

ਸੈਕਟਰ 24 ਵਿੱਚ ਪ੍ਰਾਚੀਨ ਮਾਂ ਬਸੰਤੀ ਦੇਵੀ ਮੰਦਿਰ ਦਾ ਬੋਰਡ

ਕੈਲੜ ਪਿੰਡ ਦਾ ਪਿਛੋਕੜ ਵੀ ਕਾਲੀਬੜ ਪਿੰਡ ਵਾਂਗ ਪਟਿਆਲਾ ਜਿਲ੍ਹੇ ਦੇ ਦਿੱਤੂਪੁਰ ਪਿੰਡ ਨਾਲ ਜੁੜਦਾ ਹੈ, ਇਹ ਪਿੰਡ ਵੀ ਟਿਵਾਣਿਆਂ ਨੇ ਵਸਾਇਆ ਸੀ। ਇਸ ਪਿੰਡ ਦੀ ਅਬਾਦੀ ਵੀ ਦੋ ਹਾਜਰ ਦੇ ਲਗਭਗ ਸੀ। ਪਿੰਡ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕ ਆਪਸੀ ਪਿਆਰ ਨਾਲ ਰਹਿੰਦੇ ਸਨ ਅਤੇ 800 ਦੇ ਕਰੀਬ ਘਰ ਸਨ। ਪਿੰਡ ਵਿੱਚ ਪ੍ਰਾਇਮਰੀ ਸਕੂਲ ਵੀ ਹੁੰਦਾ ਸੀ ਜਿਥੇ ਧਨਾਸ ਤੋਂ ਬਾਬੂ ਰਾਮ ਮਾਸਟਰ ਜੀ ਪੜਾਉਣ ਆਉਂਦੇ ਸੀ। ਇੱਕ ਹੋਰ ਮਾਸਟਰ ਜੈ ਕਿਸ਼ਨ ਜੀ ਇਸ ਪਿੰਡ ਦੇ ਹੀ ਪੜਾਉਂਦੇ ਸਨ। ਇਸ ਪਿੰਡ ਦੇ ਇੱਕ ਹੋਰ ਮਾਸਟਰ ਠਾਕੁਰ ਸਿੰਘ ਜੀ ਖਰੜ ਦੇ ਕ੍ਰਿਸਚਨ ਸਕੂਲ ਵਿੱਚ ਪੜਾਉਣ ਜਾਂਦੇ ਸੀ। ਕੈਲੜ ਪਿੰਡ ਵਿੱਚ ਹੋਰ ਵੀ ਕਾਫੀ ਪੜੇ ਲਿਖੇ ਲੋਕ ਰਹਿੰਦੇ ਸੀ ਜਿਹਨਾਂ ਦਾ ਇਲਾਕੇ ਵਿੱਚ ਚੰਗਾ ਨਾਮ ਸੀ।

ਸੈਕਟਰ 16 ਦਾ ਹਸਪਤਾਲ ਵੀ ਕੈਲੜ ਪਿੰਡ ਦੀ ਜਮੀਨ ਉਪਰ ਬਣਿਆ ਹੋਇਆ ਹੈ, ਇਥੇ ਪਿੰਡ ਵਾਸੀਆਂ ਦੇ ਹਲਟ ਚੱਲਦੇ ਹੁੰਦੇ ਸੀ। ਪਿੰਡ ਦੇ ਖੂਹਾਂ ਦਾ ਪਾਣੀ ਬੜਾ ਸਾਫ ਸੀ ਅਤੇ ਲੋਕ ਭੌਣੀਆਂ ਦੇ ਨਾਲ ਪਾਣੀ ਕੱਢਦੇ ਹੁੰਦੇ ਸੀ। ਅੰਬਾਂ ਦੇ ਬਾਗ ਹੁੰਦੇ ਸੀ ਅਤੇ ਸੱਥਾਂ ਵਿੱਚ ਰੌਣਕਾਂ ਲਗਦੀਆਂ ਸਨ। ਬਲਦਾਂ ਦੇ ਗੱਲ ਟੱਲੀਆਂ ਖੜਕਦੀਆਂ ਸਨ। ਚੰਡੀਗੜ ਵਸਾਉਣ ਲਈ ਉਜਾੜੇ ਗਏ ਹੋਰ ਪਿੰਡਾਂ ਦੇ ਵਾਂਗ ਕੈਲੜ ਪਿੰਡ ਉੱਤੇ ਵੀ ਬਲਡੋਜਰ ਚੱਲ ਗਿਆ।

ਚੰਡੀਗੜ ਲਈ ਕੁਰਬਾਨ ਹੋ ਚੁੱਕੇ ਪਿੰਡ ਕੈਲੜ ਦੀ ਯਾਦ ਵਿੱਚ ਸੈਕਟਰ 15-16/23-24 ਗੋਲ ਚੌਂਕ ਦਾ ਨਾਮ ਕੈਲੜ ਚੌਂਕ ਅਤੇ ਸੈਕਟਰ 15-24 ਨੂੰ ਵੰਡਦੀ ਸੜਕ ਦਾ ਨਾਮ ਕੈਲੜ ਰੋਡ ਰੱਖਣ ਦਾ ਫੈਸਲਾ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਜਾਣਕਾਰੀ ਮਿਲਦੀ ਰਹੇ।

6. ਖੇੜੀ (ਹੁਣ ਸੈਕਟਰ 20-ਸੀ)
ਖੇੜੀ ਨੂੰ ਖੇੜੀ ਮਾਨਾਂ ਦੀ ਵੀ ਕਹਿੰਦੇ ਸੀ। ਪੁਆਧ ਇਲਾਕੇ ਦੇ ਇਸ ਪਿੰਡ ਨੂੰ ਚੰਡੀਗੜ ਵਸਾਉਣ ਸਮੇਂ ਪਹਿਲੇ ਉਠਾਲੇ ਦੌਰਾਨ ਉਠਾਏ 17 ਪਿੰਡਾਂ ਦੇ ਨਾਲ ਉਠਾਇਆ ਗਿਆ। ਚੰਡੀਗੜ ਵਸਾਉਣ ਸਮੇਂ ਸਭ ਤੋਂ ਪਹਿਲਾਂ ਚਾਰ ਪਿੰਡ ਢਾਹੇ ਗਏ ਪਹਿਲਾ ਨਗਲਾ, ਦੂਜਾ ਰੁੜਕੀ ਪੜਾਓ, ਤੀਜਾ ਕਾਲੀਬੜ ਅਤੇ ਚੌਥਾ ਖੇੜੀ। ਉਸ ਤੋਂ ਮਗਰੋਂ ਇੱਕ ਇੱਕ ਕਰਕੇ ਅੱਗੇ ਪਿੰਡ ਉਜੜਦੇ ਗਏ ਅਤੇ ਲੋਕ ਦੇਖਦੇ ਰਹੇ। ਹੌਲੀ ਹੌਲੀ ਇਹਨਾਂ ਪਿੰਡਾਂ ਉਤੇ ਸੈਕਟਰ ਕੱਟੇ ਗਏ।

ਖੇੜੀ ਪਿੰਡ ਦਾ ਗੁਰਦੁਆਰਾ ਸਾਹਿਬ

ਖੇੜੀ ਪਿੰਡ ਉਤੇ ਇਸ ਸਮੇਂ ਸੈਕਟਰ 20-ਸੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸੇਕਟਰ 33-ਬੀ ਅਤੇ 32-ਏ ਦਾ ਕੁੱਝ ਹਿੱਸਾ ਵੀ ਖੇੜੀ ਉਤੇ ਬਣਿਆ ਹੋਇਆ ਹੈ। ਦੱਖਣ ਮਾਰਗ ਤੇ ਸੈਕਟਰ 20-30/32-33 ਵਾਲੇ ਗੋਲ ਚੌਂਕ ਕੋਲ ਗੁਰਦੁਆਰਾ ਕਲਗੀਧਰ ਖੇੜ੍ਹੀ ਸੈਕਟਰ 20-ਸੀ ਅੱਜ ਵੀ ਖੇੜੀ ਪਿੰਡ ਦੀ ਯਾਦ ਦਿਵਾਉਂਦਾ ਹੈ। ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਸ਼ਾਬਾਸ਼ ਦੀ ਹੱਕਦਾਰ ਹੈ ਜਿਸ ਨੇ ਪਿੰਡ ਦਾ ਨਾਮ ਮਿਟਣ ਨਹੀਂ ਦਿੱਤਾ ਜਦੋਂ ਕਿ ਕਾਲੀਵੜ ਅਤੇ ਕੈਲੜ ਪਿੰਡਾਂ ਦੇ ਗੁਰਦੁਆਰਾ ਸਾਹਿਬ ਉਤੇ ਮੌਜੂਦਾ ਕਮੇਟੀਆਂ ਨੇ ਪਿੰਡਾਂ ਦੇ ਨਾਮ ਉਤੇ ਪੋਚਾ ਮਾਰ ਦਿੱਤਾ ਹੈ। ਖੇੜੀ ਪਿੰਡ ਦੀ ਗੁੱਗਾ ਮਾੜੀ ਅੱਜ ਵੀ ਮੌਜੂਦ ਹੈ।

ਖੇੜੀ ਪਿੰਡ ਦੀ ਜਮੀਨ 4500 ਬਿੱਘੇ ਸੀ ਅਤੇ ਲਗਭਗ 300 ਦੀ ਅਬਾਦੀ ਵਾਲੇ ਇਸ ਪਿੰਡ ਵਿੱਚ 60 ਕੁ ਘਰ ਹੁੰਦੇ ਸਨ। ਪਿੰਡ ਦੀ ਜਮੀਨ ਵਧੀਆ ਉਪਜ ਦਿੰਦੀ ਸੀ। ਇਸ ਪਿੰਡ ਵਿੱਚ ਤਿੰਨ ਪੱਤੀਆਂ ਸਨ ਇੱਕ ਮਾਨਾਂ ਦੀ ਪੱਤੀ, ਦੂਜੀ ਹੀਰਾਂ ਦੀ ਪੱਤੀ ਅਤੇ ਤੀਜੀ ਗੋਤਰਾਂ ਦੀ ਪੱਤੀ ਸੀ। ਇਹਨਾਂ ਤਿੰਨਾਂ ਪੱਤੀਆਂ ਵਿੱਚ ਪੀਣ ਵਾਲੇ ਪਾਣੀ ਲਈ ਤਿੰਨ ਖੂਹ ਲੱਗੇ ਹੋਏ ਸਨ। ਪਿੰਡ ਦੇ ਲੋਕ ਆਪਸੀ ਪਰੇਮ ਪਿਆਰ ਨਾਲ ਰਹਿੰਦੇ ਸੀ। ਇਸ ਪਿੰਡ ਦਾ ਟੋਬਾ ਚਾਰ ਕਿੱਲਿਆਂ ਵਿੱਚ ਸੀ ਜਿਸ ਵਿੱਚ ਪੌੜੀਆਂ ਵਾਲੇ ਤਿੰਨ ਪੱਕੇ ਘਾਟ ਬਣੇ ਹੋਏ ਸਨ। ਟੋਭੇ ਦੀਆਂ ਪਾਲ੍ਹਾਂ ਤੇ ਪਿੱਪਲ ਬਰੋਟੇ ਖੜੇ ਸਨ ਜਿਥੇ ਪਿੰਡ ਦੀਆਂ ਸੱਥਾਂ ਜੁੜਦੀਆਂ ਸਨ। ਸਾਊਣ ਮਹੀਨੇ ਵਿੱਚ ਕੁੜੀਆਂ ਪੀਂਘਾਂ ਝੂਟਦੀਆਂ ਸਨ।

ਖੇੜੀ ਪਿੰਡ ਦਾ ਗੁਰਦੁਆਰਾ ਸਾਹਿਬ

ਖੇੜੀ ਪਿੰਡ ਦੇ ਪਿੱਪਲ ਅਤੇ ਬਰੋਟੇ ਅੱਜ ਵੀ ਗੁਰਦੁਆਰਾ ਸਾਹਿਬ ਦੇ ਸੱਜੇ ਹੱਥੇ ਸ਼ੋਅਰੂਮਾਂ ਦੇ ਪਿੱਛੇ ਬਣੇ ਸਰਕਾਰੀ ਮਕਾਨਾਂ ਵਿੱਚ ਖੜੇ ਦੇਖੇ ਜਾ ਸਕਦੇ ਹਨ। ਇੱਕ ਬਰੋਟੇ ਦੇ ਥੱਲੇ ਭਗਵਾਨ ਬਾਲਮੀਕ ਦਾ ਮੰਦਰ ਅਤੇ ਦੂਜੇ ਹੇਠ ਕੋਈ ਹੋਰ ਅਸਥਾਨ ਬਣਿਆ ਹੋਇਆ ਹੈ। ਇੱਕ ਹੋਰ ਪਿੱਪਲ ਬਰੋਟਾ ਪੈਟਰੋਲ ਪੰਪ ਦੇ ਪਿਛੇ ਬਿਜਲੀ ਸ਼ਿਕਾਇਤ ਘਰ ਵਿੱਚ ਖੜਾ ਹੈ। ਸੈਕਟਰ 20-ਸੀ ਦੀ ਮਾਰਕੀਟ ਤੋਂ ਪਿਛੇ ਨੂੰ ਜਾਂਦੀ ਸੜਕ ਕਿਨਾਰੇ ਸਰਕਾਰੀ ਮਕਾਨ ਮੂਹਰੇ ਖੜਾ ਪਿੱਪਲ ਖੇੜੀ ਪਿੰਡ ਦਾ ਹੈ। ਸੈਕਟਰ 20ਬੀ ਅਤੇ 20ਸੀ ਦੇ ਸਰਕਾਰੀ ਮਕਾਨਾਂ ਵਿੱਚ ਬਹੁਤ ਸਾਰੇ ਪੁਰਾਣੇ ਪਿੱਪਲ ਅਤੇ ਅੰਬ ਖੜੇ ਹਨ ਜੋ ਖੇੜੀ ਪਿੰਡ ਦੇ ਲੋਕਾਂ ਵੱਲੋਂ ਲਗਾਏ ਗਏ ਸਨ। ਸੈਕਟਰ 20-ਸੀ ਵਿੱਚ ਗਿਆਨਦੀਪ ਸਕੂਲ ਵਿੱਚ ਖੜੇ ਅੰਬ ਅਤੇ ਉਸ ਦੇ ਸਾਹਮਣੇ ਪਾਰਕ ਵਿੱਚ ਪਿੱਪਲ ਨਿੰਮ ਅਤੇ ਅੱਠ ਦਸ ਅੰਬਾਂ ਦੇ ਬਾਗ ਦਾ ਝੂਰਮਟ ਵੀ ਖੇੜੀ ਪਿੰਡ ਦਾ ਹੈ, ਜਿਥੇ ਇੱਕ ਸਾਧੂ ਬਿਰਤੀ ਦਾ ਮਾਲਕ ਬਜੁਰਗ ਬਾਬਾ ਕੁਟੀਆ ਬਣਾ ਕੇ ਰਹਿ ਰਿਹਾ ਹੈ। ਪ੍ਰੰਤੂ ਉਸ ਬਾਬੇ ਨੂੰ ਖੇੜੀ ਪਿੰਡ ਬਾਰੇ ਕੁੱਝ ਨਹੀਂ ਪਤਾ ਬੱਸ ਉਹ ਇਸ਼ਾਰੇ ਨਾਲ ਇਹੀ ਦੱਸਦਾ ਹੈ ਕਿ ਇਥੇ ਸੜਕ ਹੁੰਦੀ ਸੀ। ਉਸ ਦੇ ਇਸ਼ਾਰੇ ਤੋਂ ਇਹ ਜਾਪਦਾ ਹੈ ਕਿ ਖੇੜੀ ਪਿੰਡ ਤੋਂ ਫਤਿਹਗੜ ਮਾਦੜੇ (ਹੁਣ ਸੈਕਟਰ 34) ਅਤੇ ਗੁਰਦਾਸਪੁਰਾ (ਹੁਣ ਸੈਕਟਰ 28) ਨੂੰ ਰਾਹ ਜਾਂਦਾ ਹੁੰਦਾ ਸੀ। ਖੇੜੀ ਪਿੰਡ ਨਗਲਾ, ਰੁੜਕੀ, ਫਤਿਹਗੜ ਮਾਦੜੇ, ਕੰਥਾਲਾ ਅਤੇ ਗੁਰਦਾਸਪੁਰਾ ਦੇ ਵਿਚਕਾਰ ਸੀ।

ਖੇੜੀ ਪਿੰਡ ਦਾ ਅੰਬਾਂ ਦਾ ਬਾਗ

ਖੇੜੀ ਪਿੰਡ ਦੇ ਤਿੰਨ ਸਕੇ ਭਰਾ ਵਰਿਆਮ ਸਿੰਘ, ਹਰੀ ਸਿੰਘ ਅਤੇ ਸੰਤਾ ਸਿੰਘ ਫੌਜ ਵਿੱਚ ਸਨ, ਜਿਹਨਾਂ ਦਾ ਇਲਾਕੇ ਵਿੱਚ ਚੰਗਾ ਨਾਮ ਸੀ। ਨੰਬਰਦਾਰ ਤੇਜਾ ਸਿੰਘ, ਨੰਬਰਦਾਰ ਬਖਸ਼ੀਸ਼ ਸਿੰਘ, ਪੂਰਨ ਸਿੰਘ ਅਤੇ ਸਰਬਣ ਸਿੰਘ ਪਿੰਡ ਦੇ ਮੋਹਤਬਰ ਸਨ। ਖੇੜੀ ਪਿੰਡ ਦੇ ਇਹਨਾਂ ਲੋਕਾਂ ਨੇ ਬੜਾ ਜੋਰ ਲਾਇਆ ਕਿ ਉਹਨਾਂ ਦਾ ਪਿੰਡ ਨਾ ਉਜੜੇ ਪ੍ਰੰਤੂ ਉਹਨਾਂ ਦੀ ਪੇਸ਼ ਨਾ ਗਈ। ਉਹਨਾਂ ਦੇ ਦੇਖਦੇ ਦੇਖਦੇ ਸਭ ਕੁੱਝ ਢਹਿ ਢੇਰੀ ਹੋ ਗਿਆ ਅਤੇ ਪਿੰਡ ਦੇ ਲੋਕਾਂ ਨੂੰ ਇੱਧਰ ਉਧਰ ਵਸੇਵਾ ਕਰਨ ਲਈ ਮਜਬੂਰ ਹੋਣਾ ਪਿਆ।

ਚੰਡੀਗੜ ਲਈ ਕੁਰਬਾਨ ਹੋ ਚੁੱਕੇ ਖੇੜੀ ਪਿੰਡ ਦੀ ਯਾਦ ਵਿੱਚ ਸੈਕਟਰ 20-30-32-33 ਵਾਲੇ ਗੋਲ ਚੌਂਕ ਦਾ ਨਾਮ ਖੇੜੀ ਚੌਂਕ ਅਤੇ ਸੈਕਟਰ 20-30 ਨੂੰ ਵੰਡਦੀ ਸੜਕ ਦਾ ਨਾਂ ਖੇੜੀ ਰੋਡ ਰੱਖਣਾ ਦਾ ਫੈਸਲਾ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਰਹੇ।

7. ਫਤਿਹਗੜ ਮਾਦੜਿਆਂ ਉਤੇ ਬਣਿਆ ਸੈਕਟਰ 34

ਸੰਨ 1952 ਤੋਂ 60 ਤੱਕ ਚੰਡੀਗੜ ਦੇ ਪਹਿਲੇ ਉਠਾਲੇ ਦੌਰਾਨ 17 ਪਿੰਡ ਉਜਾੜਨ ਤੋਂ ਬਾਅਦ ਸੰਨ 1960 ਤੋਂ ਦੂਜਾ ਉਠਾਲਾ ਸ਼ੁਰੂ ਹੋਇਆ ਜਿਸ ਵਿੱਚ 11 ਪਿੰਡ ਹੋਰ ਉਜਾੜੇ ਗਏ। ਇਹਨਾਂ ਵਿੱਚ ਇੱਕ ਪਿੰਡ ਫਤਿਹਗੜ ਮਾਦੜੇ ਵੀ ਸ਼ਾਮਿਲ ਸੀ ਜਿਸ ਨੂੰ ਮਾਦੜਿਆਂ ਦਾ ਫਤਿਹਗੜ ਵੀ ਕਿਹਾ ਜਾਂਦਾ ਸੀ। ਇਹ ਪਿੰਡ ਹੁਣ ਸੈਕਟਰ 34 ਹੇਠ ਆ ਚੁੱਕਾ ਹੈ। ਇਹ ਇੱਕ ਛੋਟਾ ਜਿਹਾ ਕੱਚੇ ਘਰਾਂ ਵਾਲਾ ਪਿੰਡ ਸੀ। ਇਸ ਪਿੰਡ ਵਿੱਚ ਵੀਹ ਪੱਚੀ ਕੁ ਘਰ ਸੀ, ਅਬਾਦੀ 150 ਦੇ ਕਰੀਬ ਸੀ। ਪਿੰਡ ਦੀ ਜਮੀਨ ਦਾ ਰਕਬਾ 900 ਬਿੱਘੇ ਦੇ ਲਗਭਗ ਸੀ। ਇਹ ਪਿੰਡ ਮਾਦੜਾ ਗੋਤ ਦੇ ਜਿਮੀਂਦਾਰਾਂ ਦੀ ਸੀ ਅਤੇ ਇੱਕ ਘਰ ਕਹਾਰਾਂ ਦਾ ਸੀ। ਪਿੰਡ ਵਿੱਚ ਕੋਈ ਸਕੂਲ ਨਹੀਂ ਸੀ ਅਤੇ ਬੱਚੇ ਪੜਨ ਲਈ ਬੜੈਲ ਜਾਂਦੇ ਹੁੰਦੇ ਸੀ। ਜਦੋਂ ਇਸ ਪਿੰਡ ਨੂੰ ਉਠਾਇਆ ਤਾਂ ਲੋਕਾਂ ਨੂੰ 2680 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਗਿਆ। ਲੋਕਾਂ ਨੂੰ ਮਨਾਉਣ ਵਿੱਚ ਗਰੇਵਾਲ ਤਹਿਸੀਲਦਾਰ ਨੇ ਬੜਾ ਰੋਲ ਨਿਭਾਇਆ।

ਫਤਿਹਗੜ ਮਾਦੜਿਆਂ ਦਾ ਗੁਰਦੁਆਰਾ

ਪਿੰਡ ਦੀ ਸ਼ਾਮਲਾਤ ਵਿੱਚ ਪਿੰਡ ਵਾਸੀਆਂ ਨੇ ਧਰਮਸ਼ਾਲਾ ਬਣਾਈ ਹੋਈ ਸੀ ਜਿਸ ਵਿੱਚ ਮਗਰੋਂ ਸ੍ਰ. ਕਰਤਾਰ ਸਿੰਘ ਨੇ ਉੱਦਮ ਕਰਕੇ ਗੁਰੂਦੁਆਰਾ ਸਾਹਿਬ ਬਣਾਇਆ ਸੀ ਜਿਸ ਨੂੰ ਟੀਨਾਂ ਵਾਲਾ ਗੁਰਦੁਆਰਾ ਕਿਹਾ ਜਾਂਦਾ ਸੀ। ਇਹ ਗੁਰਦੁਆਰਾ ਸਾਹਿਬ ਅੱਜ ਵੀ ਸੈਕਟਰ 34 ਵਿੱਚ ਵੇਖਿਆ ਜਾ ਸਕਦਾ ਹੈ ਜੋ ਕਿ ਹੁਣ ਸ਼ਹਿਰ ਬਣਨ ਕਰਕੇ ਬਹੁਤ ਹੀ ਸ਼ਾਨਦਾਰ ਬਣ ਚੁੱਕਾ ਹੈ। ਗੁਰੂਦੁਆਰਾ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਬੋਰਡ ਉਪਰ ਅੱਜ ਵੀ ਪਿੰਡ ਦਾ ਨਾਮ ਫਤਿਹਗੜ ਮਾਦੜਾਂ ਲਿਖਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਸੈਕਟਰ 34 (ਫਤਿਹਗੜ ਮਾਦੜਾਂ) ਹੈ। ਪਹਿਲਾਂ ਇਸ ਗੁਰੂ ਘਰ ਦੀ ਕਮੇਟੀ ਦੇ ਮੈਬਰਾਂ ਵਿੱਚ ਦੋ ਮੈਂਬਰ ਪਿੰਡ ਵਾਲੇ ਵੀ ਲਏ ਜਾਂਦੇ ਸੀ। ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਦੋ ਖੂਹ ਹੁੰਦੇ ਸੀ। ਪਿੰਡ ਦੇ ਤਿੰਨ ਪਾਸੇ ਤਿੰਨ ਟੋਭੇ ਵੀ ਸਨ ਜਿਨਾਂ ਦੇ ਆਲੇ ਦੁਆਲੇ ਪਿੱਪਲ ਬਰੋਟੇ ਖੜੇ ਸਨ। ਇੱਕ ਟੋਭਾ ਅਤੇ ਖੇੜਾ ਗੁਰੂਦੁਆਰਾ ਸਾਹਿਬ ਦੀ ਹਦੂਦ ਅੰਦਰ ਆ ਚੁੱਕਾ ਹੈ। ਬਰੋਟਾ ਅੱਜ ਵੀ ਗੁਰਦੁਆਰਾ ਸਾਹਿਬ ਦੀ ਖੂੰਜੇ ਵਿੱਚ ਖੜਾ ਹੈ ਜਿਸ ਉੱਤੇ ਚੰਡੀਗੜ ਦੇ ਜੰਗਲਾਤ ਵਿਭਾਗ ਨੇ ਵਿਰਾਸਤੀ ਬੋਰਡ ਵੀ ਲਗਾਇਆ ਹੋਇਆ ਹੈ ਪਰ ਪਿੰਡ ਦਾ ਨਾਮ ਇਸ ਵਿਰਾਸਤੀ ਬੋਰਡ ਵਿੱਚ ਨਾ ਲਿਖ ਕੇ ਬੇਇਨਸਾਫੀ ਕੀਤੀ ਗਈ ਹੈ।

ਫਤਿਹਗੜ ਮਾਦੜੇ ਪਿੰਡ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵੱਲੋਂ 1710 ਈ. ਨੂੰ ਚੱਪੜਚਿੜੀ ਦੀ ਲੜਾਈ ਵਿੱਚ ਵਜੀਦ ਖਾਂ ਨੂੰ ਮਾਰ ਸਰਹਿੰਦ ਫਤਿਹ ਹੋਣ ਮਗਰੋਂ ਹੋਂਦ ਵਿੱਚ ਆਇਆ। ਬੜੈਲ ਦੇ ਮੁਲਾਣਿਆਂ ਵੱਲੋਂ ਹਿੰਦੂ ਘਰਾਂ ਦੀਆਂ ਲੜਕੀਆਂ ਤੇ ਅਤਿਆਚਾਰ ਅਤੇ ਇੱਜਤਾਂ ਲੁੱਟਣ ਦੀਆਂ ਖਬਰਾਂ ਬੰਦਾ ਬਹਾਦਰ ਦੇ ਸਿੰਘਾਂ ਕੋਲ ਪਹੁੰਚੀਆਂ ਤਾਂ ਸਿੰਘਾਂ ਨੇ ਉਹਨਾਂ ਮੁਲਾਣਿਆਂ ਨੂੰ ਸੋਧਾ ਲਾਇਆ ਅਤੇ ਉਹਨਾਂ ਦੀਆਂ ਜਮੀਨਾਂ ਤੇ ਮਾਦੜਾ ਗੋਤ ਵਾਲੇ ਜਿਮੀਂਦਾਰਾਂ ਨੂੰ ਮਾਲਕੀ ਦੇ ਹੱਕ ਦੇ ਕੇ ਫਤਿਹਗੜ ਵਸਾਇਆ ਜੋ ਮਗਰੋਂ ਮਾਦੜਿਆਂ ਦਾ ਫਤਿਹਗੜ ਵੱਜਣ ਲੱਗਿਆ। ਇਸ ਤੋਂ ਪਹਿਲਾਂ ਇਹ ਜੰਗਲ ਵਰਗਾ ਇਲਾਕਾ ਸੀ। ਹੁਣ ਇਸ ਪਿੰਡ ਦੀ ਜਮੀਨ ਉੱਤੇ ਪਿਕਾਡਲੀ ਸਿਨੇਮਾ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਅਤੇ ਆਲੀਸ਼ਾਨ ਕੋਠੀਆਂ ਬਣੀਆਂ ਹੋਈਆਂ ਹਨ। ਸੈਕਟਰ 34 ਦੀ ਫਰਨੀਚਰ ਮਾਰਕੀਟ ਵੀ ਫਤਿਹਗੜ ਮਾਦੜਿਆਂ ਦੀ ਜਮੀਨ ਉਪਰ ਬਣੀ ਹੋਈ ਹੈ।

ਇਸ ਪਿੰਡ ਦੀਆਂ ਨਿਸ਼ਾਨੀਆਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਗੁਰਦੁਆਰਾ ਸਾਹਿਬ ਅੰਦਰ ਖੇੜੇ ਵਾਲਾ ਬਰੋਟਾ ਅੱਜ ਵੀ ਖੜਾ ਹੈ। ਖੂਹ ਪੂਰ ਦਿੱਤਾ ਗਿਆ ਹੈ। ਪੁਲਿਸ ਸਟੇਸ਼ਨ ਅੰਦਰ ਪਿੱਪਲ ਖੜਾ ਹੈ। ਉਸ ਦੇ ਨੇੜੇ ਹੀ ਡਿਸਪੈਂਸਰੀ ਵਿੱਚ ਪਿੱਪਲ ਬਰੋਟੇ ਖੜੇ ਹਨ। ਪੁਲਿਸ ਸਟੇਸ਼ਨ ਦੇ ਸਾਹਮਣੇ ਖਾਲੀ ਗਰਾਊਂਡ ਵਿੱਚ ਅੰਬਾਂ ਦੇ ਅੱਠ ਦਸ ਦਰੱਖਤ ਉਸ ਪਿੰਡ ਦੇ ਵੇਲੇ ਦੇ ਅੱਜ ਵੀ ਆਪਣਿਆਂ ਦੀਆਂ ਰਾਹਾਂ ਤੱਕਦੇ ਪ੍ਰਤੀਤ ਹੁੰਦੇ ਹਨ। ਇਹ ਅੰਬਾਂ ਦੀ ਦਰੱਖਤ ਗੋਬਿੰਦ ਸਿੰਘ ਦੋਧੀ ਦੀ ਜਮੀਨ ਵਿੱਚ ਸਨ ਜੋ ਉਸ ਦੇ ਬੇਟੇ ਬਲਦੇਵ ਸਿੰਘ ਅਤੇ ਬੇਟੀ ਸੁਰਜੀਤ ਕੌਰ ਨੇ ਲਗਾਏ ਸਨ। ਬਲਦੇਵ ਸਿੰਘ ਦਾ ਪਰਿਵਾਰ ਇਥੋਂ ਉਜੜ ਕੇ ਸ੍ਰੀ ਗੰਗਾਨਗਰ (ਰਾਜਸਥਾਨ) ਚਲਾ ਗਿਆ ਅਤੇ ਸੁਰਜੀਤ ਕੌਰ ਦਾ ਪਰਿਵਾਰ ਮੁੰਡੀ ਖਰੜ ਰਹਿ ਰਿਹਾ ਹੈ। ਸੁਰਜੀਤ ਕੌਰ ਦੇ ਬੇਟੇ ਕੁਲਦੀਪ ਸਿੰਘ ਮੁਤਾਬਿਕ ਉਸ ਦੇ ਨਾਨਕਿਆਂ ਦੇ ਘਰ ਉੱਤੇ ਹੁਣ ਪੁਲਿਸ ਥਾਣਾ ਬਣਿਆ ਹੋਇਆ ਹੈ। ਪਿੰਡ ਫਤਿਹਗੜ ਮਾਦੜਿਆਂ ਦੇ ਲੋਕ ਅੱਜ ਵੀ ਆਪਣੇ ਪਿੰਡ ਦੀਆਂ ਨਿਸ਼ਾਨੀਆਂ ਦੇਖਣ ਗਾਹੇ ਬਗਾਹੇ ਇੱਧਰ ਗੇੜਾ ਮਾਰ ਕੇ ਜਾਂਦੇ ਹਨ।

ਪਿੰਡ ਦਾ ਪੁਰਾਣਾ ਪਿੱਪਲ

ਉਜਾੜੇ ਮਗਰੋਂ ਇਸ ਪਿੰਡ ਦੇ ਲੋਕ ਰੰਗੀਆਂ, ਪੋਪਨਿਆਂ, ਢੇਲਪੁਰ, ਆਲਮਗੀਰ, ਰਾਮਪੁਰ, ਖੇੜੀ ਖਲੌਰ, ਪਲਸੌਰਾ, ਬੜੈਲ, ਕੰਬਾਲੀ ਅਤੇ ਰਾਜਸਥਾਨ ਆਦਿ ਥਾਵਾਂ ਤੇ ਜਾ ਕੇ ਵਸ ਗਏ। ਨੰਬਰਦਾਰ ਬਸਾਵਾ ਸਿੰਘ, ਪਿਰਥੀ ਸਿੰਘ, ਨੈਬ ਸਿੰਘ, ਭਗਵਾਨ ਸਿੰਘ, ਕਰਤਾਰ ਸਿੰਘ, ਦੀਪਾ (ਕਹਾਰ), ਗੋਬਿੰਦ ਸਿੰਘ, ਨਰਾਤਾ ਸਿੰਘ, ਬੰਤਾ ਸਿੰਘ ਫੌਜੀ ਇਸ ਪਿੰਡ ਦੇ ਮੋਹਤਬਰ ਸਨ, ਜਿਹਨਾਂ ਨੇ ਬੜਾ ਜੋਰ ਲਗਾਇਆ ਕਿ ਉਹਨਾਂ ਦਾ ਪਿੰਡ ਨਾ ਉਜੜੇ ਪਰ ਸਮੇਂ ਦੀਆਂ ਸਰਕਾਰਾਂ ਅੱਗੇ ਉਹਨਾਂ ਦੀ ਪੇਸ਼ ਨਾ ਗਈ ਅਖੀਰ ਨੂੰ ਪਿੰਡ ਛੱਡ ਕੇ ਕਿਸੇ ਹੋਰ ਥਾਂ ਵੱਸਣ ਲਈ ਮਜਬੂਰ ਹੋਣਾ ਪਿਆ।

ਚੰਡੀਗੜ ਲਈ ਕੁਰਬਾਨ ਹੋ ਚੁੱਕੇ ਪਿੰਡ ਫਤਿਹਗੜ ਮਾਦੜਿਆਂ ਦੀ ਯਾਦ ਵਿੱਚ ਸੈਕਟਰ 34 ਵਿੱਚ ਗੁਰਦੁਆਰੇ ਮੂਹਰੇ ਲੰਘਦੀ ਸੜਕ ਦਾ ਨਾਮ ਫਤਿਹਗੜ ਮਾਦੜੇ ਰੋਡ ਅਤੇ ਸੈਕਟਰ 33-34 ਵਾਲੇ ਛੋਟੇ ਗੋਲ ਚੌਂਕ ਦਾ ਨਾਮ ਫਤਿਹਗੜ ਮਾਦੜੇ ਚੌਂਕ ਰੱਖਣ ਦਾ ਫੈਸਲਾ ਚੰਡੀਗੜ ਪ੍ਰਸ਼ਾਸ਼ਨ ਨੂੰ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਰਹੇ।

(ਚਲਦਾ)

ਲੇਖਕ: ਮਲਕੀਤ ਸਿੰਘ ਔਜਲਾ

ਮੁੱਲਾਂਪੁਰ ਗਰੀਬਦਾਸ

ਸੰਪਰਕ: 9914992424

One thought on “ਚੰਡੀਗੜ੍ਹ ਦੇ ਉਜੜੇ 28 ਪਿੰਡ (ਭਾਗ – 2): ਕਾਲੀਬੜ, ਕੈਲੜ, ਖੇੜੀ ਅਤੇ ਫਤਿਹਗੜ ਮਾਦੜਿਆਂ – ਮਲਕੀਤ ਸਿੰਘ ਔਜਲਾ

  1. ਬਹੁਤ ਧੰਨਵਾਦ ਜੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ

Leave a Reply

Your email address will not be published. Required fields are marked *

Social profiles