ਚੰਡੀਗੜ੍ਹ ਦੇ ਉਜੜੇ 28 ਪਿੰਡ: ਰੁੜਕੀ, ਨਗਲ੍ਹਾ ਅਤੇ ਰਾਮਨਗਰ ਭੰਗੀਮਾਜਰਾ – ਮਲਕੀਤ ਸਿੰਘ ਔਜਲਾ

Read Time:9 Minute, 58 Second

ਪਿਛਲੇ ਦਿਨਾਂ ਵਿੱਚ ਮਲਕੀਤ ਸਿੰਘ ਔਜਲਾ ਨੇ ਆਪਣੇ ਫੇਸਬੁੱਕ ਖਾਤੇ ਉੱਪਰ ਲੜੀਵਾਰ ਰੂਪ ਵਿੱਚ ਚੰਡੀਗੜ੍ਹ ਵਸਾਉਣ ਵੇਲੇ ਉਜਾੜੇ ਗਏ 28 ਪਿੰਡਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਪਾਠਕਾਂ ਵੱਲੋਂ ਉਹਨਾਂ ਦੇ ਫੇਸਬੁੱਕ ਪੰਨੇ ‘ਚੰਡੀਗੜ੍ਹ ਦੇ ਉਜੜੇ 28 ਪਿੰਡ’ ਉੱਪਰ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ ਪਰ ਇਸ ਜਾਣਕਾਰੀ ਦੀ ਅਹਿਮੀਅਤ ਕਾਰਨ ਅਦਾਰਾ ਪੰਜ ਤੀਰ ਉਹ ਸਾਰੇ ਲੇਖ ਕੁੱਝ ਭਾਗਾਂ ਵਿੱਚ ਏਥੇ ਸਾਂਝੇ ਕਰ ਰਿਹਾ ਹੈ। ਇਸ ਭਾਗ ਵਿੱਚ ਰੁੜਕੀ, ਨਗਲ੍ਹਾ ਅਤੇ ਰਾਮਨਗਰ ਭੰਗੀਮਾਜਰਾ ਬਾਰੇ ਜਾਣਕਾਰੀ ਹੈ।

  1. ਰੁੜਕੀ
ਇਹ ਇਤਹਾਸਕ ਫੋਟੋ ਪਿੰਡ ਰੁੜਕੀ ਪੜਾਓ ਦੀ ਹੈ ਜਿਸ ਨੂੰ ਚੰਡੀਗੜ ਵਸਾਉਣ ਸਮੇਂ ਸੰਨ 1951-52 ਵਿੱਚ ਉਜਾੜਿਆ ਗਿਆ ਸੀ

ਸੈਕਟਰ 17 ਦੇ ਬੱਸ ਅੱਡੇ ਵਿੱਚੋਂ ਬੱਸਾਂ ਨਿਕਲਣ ਵਾਲੇ ਦੁਆਰ ਦੇ ਬਿਲਕੁੱਲ ਸਾਹਮਣੇ ਗੋਲ ਚੌਂਕ ਦੇ ਪਾਰ 21 ਸੈਕਟਰ ਵਾਲੇ ਉੱਚੇ ਥੇਹ ਉਪਰ ਦਿੱਸਦੀਆਂ ਕੋਠੀਆਂ ਇਸ ਪਿੰਡ ਦੇ ਕੱਚੇ ਮਕਾਨਾਂ ਦੀ ਮਿੱਟੀ ਉਪਰ ਬਣੀਆਂ ਹੋਈਆਂ ਹਨ।
ਇਸ ਪਿੰਡ ਦੀ ਖੇਤੀਬਾੜੀ ਚੰਗੀ ਸੀ, ਸਤਾਰਾਂ ਖੂਹ ਚੱਲਦੇ ਸੀ, ਇੱਕ ਖੂਹ ਰਾਹ ਦੇ ਉਪਰ ਸੀ ਜਿਥੇ ਆਉਂਦੇ ਜਾਂਦੇ ਰਾਹਗੀਰਾਂ ਦਾ ਪੜਾਓ ਹੁੰਦਾ ਸੀ ਅਤੇ ਪਾਣੀ ਪਿਲਾਉਣ ਲਈ ਪਿੰਡ ਵਾਲਿਆਂ ਨੇ ਇੱਕ ਸਾਂਝਾ ਬੰਦਾ ਰੱਖਿਆ ਹੁੰਦਾ ਸੀ।
ਪਿੰਡਾਂ ਦਾ ਉਜਾੜਾ ਰੋਕਣ ਲਈ ਉਸ ਸਮੇਂ ਪਿੰਡ ਬਚਾਓ ਕਮੇਟੀ ਦਾ ਸਭ ਤੋਂ ਪਹਿਲਾ ਦਫਤਰ ਇਸ ਪਿੰਡ ਵਿੱਚ ਹੀ ਬਣਾਇਆ ਗਿਆ ਸੀ।
ਰਾਜਧਾਨੀ ਬਣਾਉਣ ਸਮੇਂ ਉਜੜੇ ਇਸ ਪਿੰਡ ਦੇ ਨਾਂ ਤੇ ਸੈਕਟਰ 17-18-21-22 ਵਾਲੇ ਗੋਲ ਚੌਂਕ ਦਾ ਨਾਂ ਰੁੜਕੀ ਪੜਾਓ ਚੌਂਕ ਰੱਖਣ ਬਾਰੇ ਚੰਡੀਗੜ ਪ੍ਰਸ਼ਾਸ਼ਨ ਨੂੰ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਬਾਰੇ ਪਤਾ ਲਗਦਾ ਰਹੇ।

2. ਨਗਲ੍ਹਾ

ਚੰਡੀਗੜ੍ਹ ਸੈਕਟਰ 17-18-21-22 ਦੇ ਗੋਲ ਚੌਂਕ ਨੇੜੇ ਉੱਜੜਿਆ ਪਿੰਡ ਰੁੜਕੀ ਉਸ ਵੇਲੇ ਰੋਪੜ-ਅੰਬਾਲਾ ਨੂੰ ਜੋੜਦੇ ਰਾਹ ਦੇ ਉਪਰ ਸੀ ਜਿਥੇ ਆਉਣ ਜਾਣ ਵਾਲੇ ਰਾਹੀਆਂ ਦਾ ਪੜਾਓ (ਵਿਸ਼ਰਾਮ) ਹੁੰਦਾ ਸੀ ਜਿਸ ਕਰਕੇ ਰੁੜਕੀ ਦੇ ਨਾਲ ਪੜਾਓ ਜੁੜ ਗਿਆ।

  • ਰੁੜਕੀ ਤੋਂ ਚੜਦੇ ਪਾਸੇ ਤਿੰਨ ਕੁ ਮੀਲ ਦੀ ਵਿੱਥ ਤੇ ਨਗਲ੍ਹਾ ਪਿੰਡ ਸੀ ਜੋ ਹੁਣ ਸੈਕਟਰ 19-ਬੀ ਅਤੇ 27-ਏ ਦੀਆਂ ਕੋਠੀਆਂ ਅਤੇ ਇਮਾਰਤਾਂ ਥੱਲੇ ਦੱਬਿਆ ਹੋਇਆ ਹੈ।
  • 1950 ਵਿੱਚ ਚੰਡੀਗੜ ਵਸਾਉਣ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਨਗਲ੍ਹੇ ਤੋਂ ਹੋਈ। ਚੰਡੀਗੜ ਦਾ ਨਕਸ਼ਾ ਬਣਾਉਣ ਵਾਲੇ ਅੰਗਰੇਜ ਆਰਕੀਟੈਕਟ ਲੀ-ਕਾਰਬੂਜੀਅਰ ਦਾ ਟਿਕਾਣਾ (ਦਫਤਰ) ਵੀ ਉਸ ਵੇਲੇ ਨਗਲ੍ਹੇ ਵਿੱਚ ਹੀ ਬਣਿਆ।
  • ਚੰਡੀਗੜ ਵਿੱਚ ਸਭ ਤੋਂ ਪਹਿਲਾਂ ਬੱਸ ਨਗਲ੍ਹੇ ਪਿੰਡ ਵਿੱਚ ਆ ਕੇ ਰੁਕੀ ਅਤੇ ਪਹਿਲਾ ਬੱਸ ਸਟੈਂਡ ਨਗਲ੍ਹੇ ਵਿੱਚ ਹੀ ਬਣਿਆ ਸੀ। ਇਸ ਤੋਂ ਇਲਾਵਾ ਪਹਿਲਾ ਡਾਕ ਤਾਰ ਘਰ ਅਤੇ ਰੇਡੀਓ ਸਟੇਸ਼ਨ ਵੀ ਨਗਲ੍ਹੇ ਵਿੱਚ ਬਣੇ।
  • ਨਗਲ੍ਹੇ ਪਿੰਡ ਵਿੱਚ 30 ਕੁ ਘਰ ਹੁੰਦੇ ਸੀ ਅਤੇ ਅਬਾਦੀ 200 ਦੇ ਲਗਭਗ ਸੀ, ਪਿੰਡ ਦੀ ਜਮੀਨ 250 ਕਿੱਲੇ ਸੀ। ਪਿੰਡ ਵਿੱਚ ਤਿੰਨ ਪੱਤੀਆਂ ਸਨ ਅਤੇ ਤਿੰਨਾਂ ਵਿੱਚ ਪਾਣੀ ਲਈ ਤਿੰਨ ਖੂਹ ਹੁੰਦੇ ਸੀ।
  • ਨਗਲ੍ਹੇ ਪਿੰਡ ਵਿੱਚ ਵਿਦਵਾਨ ਸਾਉਣ ਸਿੰਘ ਰਮਾਇਣ ਅਤੇ ਮਹਾਂਭਾਰਤ ਦਾ ਗਿਆਤਾ ਸੀ ਉਸ ਨੂੰ ਪੁਸਤਕਾਂ ਨਾਲ ਬਹੁਤ ਮੋਹ ਸੀ। ਇੱਕ ਰੁਲੀ ਹਕੀਮ ਵੀ ਨਗਲੇ ਵਿੱਚ ਸੀ ਜੋ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦਾ ਸੀ
  • ਅੱਜ ਵੀ ਸੈਕਟਰ 19-ਬੀ ਦੇ ਪ੍ਰਾਚੀਨ ਮੰਦਰ ਅਤੇ ਡੀਪੀਆਈ ਦਫਤਰ ਦੇ ਨੇੜੇ ਖੜੇ ਵੱਡ ਵੱਡੇ ਪਿੱਪਲ ਬੋਰੇਟੇ ਅਤੇ ਅੰਬਾਂ ਦੇ ਦਰੱਖਤ ਇਥੇ ਪਿੰਡ ਹੋਣ ਦੀ ਗਵਾਹੀ ਭਰਦੇ ਹਨ। ਸੈਕਟਰ 27-ਏ ਵਿੱਚ ਹੈਮੋਓਪੈਥੀ ਡਿਸਪੈਂਸਰੀ ਵਿੱਚ ਖੜੇ ਵੱਡੇ ਪਿੱਪਲ ਬਰੋਟੇ ਅਤੇ ਹੋਰ ਦਰੱਖਤ ਵੀ ਉਸ ਵੇਲੇ ਦੇ ਉੱਘੇ ਹੋਏ ਹਨ। ਰਾਮਗੜੀਆ ਭਵਨ ਦੇ ਨਾਲ ਬਣੇ ਟੈਕਸੀ ਸਟੈਂਡ ਵਾਲਿਆਂ ਵੱਲੋਂ ਆਪਣੇ ਟਿਕਾਣੇ ਦਾ ਨਾਮ ਅੱਜ ਵੀ ‘ਨਗਲ੍ਹਾ ਟੈਕਸੀ ਸਟੈਂਡ’ ਲਿਖਿਆ ਹੋਇਆ ਹੈ।

ਚੰਡੀਗੜ ਸ਼ਹਿਰ ਲਈ ਕੁਰਬਾਨੀ ਦੇ ਚੁੱਕੇ ਨਗਲ੍ਹੇ ਪਿੰਡ ਦੀ ਯਾਦ ਨੂੰ ਤਾਜਾ ਰੱਖਣ ਲਈ ਚੰਡੀਗੜ ਪ੍ਰਸ਼ਾਸ਼ਨ ਨੂੰ ਸੈਕਟਰ 7-26-19-27 ਵਾਲੇ ਗੋਲ ਦਾ ਨਾਮ ‘ਨਗਲ੍ਹਾ ਚੌਂਕ’ ਅਤੇ 19-27 ਨੂੰ ਵੰਡਦੀ ਸੜਕ ਦਾ ਨਾਮ ‘ਨਗਲਾ-ਰੋਡ’ ਰੱਖਣ ਬਾਰੇ ਫੈਸਲਾ ਲੋਕ ਹਿਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਬਾਰੇ ਪਤਾ ਚਲਦਾ ਰਹੇ।

3. ਰਾਮਨਗਰ ਭੰਗੀਮਾਜਰਾ

ਚੰਡੀਗੜ ਵਸਾਉਣ ਲਈ ਉਜਾੜੇ 28 ਪਿੰਡਾਂ ਵਿੱਚ ਇੱਕ ਪਿੰਡ ਭੰਗੀਮਾਜਰਾ ਵੀ ਸੀ ਜਿਸ ਨੂੰ ਰਾਮਨਗਰ ਭੰਗੀਮਾਜਰਾ ਵੀ ਕਿਹਾ ਜਾਂਦਾ ਸੀ। ਇਸ ਪਿੰਡ ਉੱਤੇ ਅੱਜਕਲ ਪੰਜਾਬ ਦਾ ਗਵਰਨਰ ਹਾਊਸ (ਰਾਜ ਭਵਨ) ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਗੌਲਫ ਕਲੱਬ, ਯੂਟੀ ਗੈਸਟ ਹਾਊਸ ਅਤੇ ਹਰਿਆਣਾ ਰਾਜ ਭਵਨ ਵੀ ਭੰਗੀਮਾਜਰੇ ਦੀ ਮਲਕੀਅਤ ਸਨ। ਕੁੱਲ ਮਿਲਾ ਕੇ ਸੈਕਟਰ 6 ਵਿੱਚ ਦੱਬ ਚੁੱਕੇ ਇਸ ਪਿੰਡ ਦਾ ਛਿਪਦਾ ਪਾਸਾ ਸੈਕਟਰ 7 ਵਿੱਚ ਹੈ ਅਤੇ ਚੜਦਾ ਪਾਸਾ ਸੁਖਨਾ ਝੀਲ ਵਿੱਚ ਆ ਚੁੱਕਾ ਹੈ।

ਇਸ ਪਿੰਡ ਦੀ ਵਾਹੀਯੋਗ ਜਮੀਨ 3200 ਬਿੱਘੇ ਅਤੇ ਚਰਾਂਦ 864 ਬਿੱਘੇ ਸੀ। ਛੜਾਨ ਗੋਤ ਦੇ ਕਈ ਹਵੇਲੀਆਂ ਵਾਲੇ ਜਿਮੀਂਦਾਰ ਸਰਦਾਰ ਬਲਦਾਂ ਦੀਆਂ ਵਧੀਆ ਜੋੜੀਆਂ ਅਤੇ ਆਉਣ ਜਾਣ ਲਈ ਵਧੀਆ ਘੋੜੀਆਂ ਰੱਖਣ ਦੇ ਸ਼ੌਕੀਨ ਸਨ। ਇਤਿਹਾਸ ਮੁਤਾਬਕ ਕੋਈ ਢਾਈ ਸੌ ਸਾਲ ਪਹਿਲਾਂ ਬਾਬਾ ਖੜਕ ਸਿੰਘ ਨਾਂ ਦੇ ਇੱਕ ਬਜੁਰਗ ਵੱਲੋਂ ਇਹ ਪਿੰਡ ਵਸਾਇਆ ਗਿਆ ਸੀ।

ਇਸ ਪਿੰਡ ਦਾ ਇੱਕ ਜਿਮੀਂਦਾਰ ਫੌਜੀ ਗਿਆਨ ਸਿੰਘ ਜਿਸ ਨੂੰ ਗਿਆਨਾ ਕਹਿੰਦੇ ਸੀ, ਔਲਾਦ ਨਹੀਂ ਸੀ, ਟੀਬੀ ਦਾ ਰੋਗ ਸੀ, ਉਸ ਵੱਲੋਂ ਪੁੱਤਰ ਪ੍ਰਾਪਤੀ ਲਈ ਜਾਂ ਪੁੱਤ ਸਮਝ ਕੇ ਇੱਕ ਪਿੱਪਲ ਦਾ ਬੂਟਾ ਪਿੰਡ ਦੇ ਚੜਦੇ ਪਾਸੇ ਸ਼ਾਮਲਾਤ ਵਿੱਚ ਲਗਾਇਆ ਗਿਆ ਪਰ ਕੁਦਰਤੀ ਥੋੜੀ ਦੇਰ ਬਾਅਦ ਉਸ ਵਿਚਾਰੇ ਦੀ ਮੌਤ ਹੋ ਗਈ। ਮਗਰੋਂ ਉਸ ਦੇ ਪਿਤਾ ਨੰਦ ਸਿੰਘ ਨੇ ਆਪਣੇ ਫੌਜੀ ਪੁੱਤ ਹੱਥੋਂ ਲਾਏ ਉਸ ਪਿੱਪਲ ਨੂੰ ਪਾਣੀ ਪਾ ਪਾ ਕੇ ਸਿੰਜਿਆ ਤੇ ਪੁੱਤਾਂ ਵਾਂਗ ਪਾਲ ਕੇ ਵੱਡਾ ਕੀਤਾ।

ਭੰਗੀਮਾਜਰੇ ਦੀ ਜ਼ਮੀਨ ਉੱਤੇ ਝੀਲ ਤੇ ਖੜਾ ਪਿੱਪਲ

ਲਗਭਗ ਸੌ ਸਾਲ ਪੁਰਾਣਾ ਇਹ ਵਿਸ਼ਾਲ ਪਿੱਪਲ ਸਮੇਂ ਦੀਆਂ ਮਾਰਾਂ ਤੋਂ ਬਚਦਾ ਬਚਾਉਂਦਾ ਅੱਜ ਵੀ ਸੁਖਨਾ ਝੀਲ ਦੇ ਕੰਢੇ ਖੜਾ ਸੈਲਾਨੀਆਂ ਨੂੰ ਠੰਡੀਆਂ ਹਵਾਵਾਂ ਦੇ ਰਿਹਾ ਹੈ। ਇਸ ਦੇ ਚੜਦੇ ਪਾਸੇ ਦੀਆਂ ਟਾਹਣੀਆਂ ਦੇ ਪੱਤੇ ਸੁਖਨਾਂ ਝੀਲ ਦੇ ਪਾਣੀ ਨਾਲ ਕਲੋਲਾਂ ਕਰਦੇ ਹਨ। ਸੁਖਨਾ ਝੀਲ ਤੇ ਸਵੇਰੇ 2300 ਮੀਟਰ ਟਰੈਕ ਦੀ ਸੈਰ ਕਰਨ ਵਾਲੇ ਬਹੁਤੇ ਲੋਕ ਇਸ ਪਿੱਪਲ ਨੂੰ ਮੱਥਾ ਟੇਕ ਕੇ ਅੱਗੇ ਲੰਘਦੇ ਹਨ ਅਤੇ ਇਹਦੇ ਥੱਲੇ ਹਰ ਸਮੇਂ ਸੈਲਾਨੀਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਪਰ ਲੋਕ ਇਸ ਦੇ ਇਤਿਹਾਸ ਤੋਂ ਅਣਜਾਣ ਹਨ।

ਗਵਰਨਰ ਹਾਊਸ ਦੀ ਪਾਰਕਿੰਗ ਵਿੱਚ ਖੜੇ ਵੱਡੇ ਬੋਹੜ, ਬਾਹਰਲੇ ਦਫਤਰ ਕਿਨਾਰੇ ਖੜਾ ਪਿੱਪਲ ਅਤੇ ਬੈਂਕਟ ਪਾਰਟੀ ਹਾਲ ਦੇ ਖੂੰਜੇ ਵਿੱਚ ਖੜੀ ਜੱਟਾਂ ਦੇ ਵਿਹੜੇ ਵਾਲੀ ਨਿੰਮ ਅੱਜ ਵੀ ਇਤਹਾਸ ਸਾਂਭੀ ਖਲੋਤੇ ਹਨ। ਇਸ ਨਿੰਮ ਕਰਕੇ ਰਾਜ ਭਵਨ ਦੇ ਪਾਰਟੀ ਹਾਲ ਨੂੰ ਨਿੰਮ ਵਾਲਾ ਕਮਰਾ ਕਿਹਾ ਜਾਂਦਾ ਹੈ। ਰਾਜ ਭਵਨ ਅੰਦਰ ਇਸ ਪਿੰਡ ਦਾ ਇੱਕ ਖੂਹ ਵੀ ਹੁੰਦਾ ਸੀ ਜੋ ਹੁਣ ਪੂਰ ਦਿੱਤਾ ਹੈ।

ਰਾਜ ਭਵਨ ਵਿੱਚ ਖੜੀ ਨਿੰਮ

ਗਵਰਨਰ ਹਾਊਸ ਅੰਦਰ ਗੌਲਫ ਕਲੱਬ ਵਾਲੀ ਕੰਧ ਦੇ ਨਾਲ ਵੱਡੇ ਪੁਰਾਣੇ ਬੋਹੜ ਹੇਠ ਪੀਰ ਬਾਬੇ ਦੀ ਸਮਾਧ ਅੱਜ ਵੀ ਮੌਜੂਦ ਹੈ ਜੋ ਕਿ ਉਸ ਵੇਲੇ ਦੀ ਹੈ। ਇਸ ਮਜਾਰ ਤੇ ਅੱਜ ਵੀ ਦੀਵਾ ਜਗਦਾ ਹੈ ਅਤੇ ਡਿਊਟੀ ਕਰਦੇ ਮੁਲਾਜਮ ਵੀਰਵਾਰ ਨੂੰ ਮਿੱਠੇ ਚੌਲਾਂ ਦਾ ਪ੍ਰਸ਼ਾਦ ਬਣਾ ਕੇ ਵੰਡਦੇ ਹਨ। ਚੈਕ ਪੋਸਟਾਂ ਤੇ ਤੈਨਾਤ ਦਿਨ ਰਾਤ ਡਿਊਟੀ ਕਰਨ ਵਾਲੇ ਫੌਜੀ ਜਵਾਨਾਂ ਨੂੰ ਅਕਸਰ ਇਥੇ ਨਾਗ ਰਾਜ ਦੇ ਦਰਸ਼ਨ ਹੁੰਦੇ ਰਹਿੰਦੇ ਹਨ। ਫੌਜੀ ਜਵਾਨ ਵੀਰਵਾਰ ਨੂੰ ਬਦਾਮਾਂ ਵਾਲੀ ਮਿੱਠੀ ਖੀਰ ਬਣਾ ਕੇ ਇਥੇ ਮੱਥਾ ਟੇਕਦੇ ਹਨ ਅਤੇ ਸਭ ਨੂੰ ਵਰਤਾਉਂਦੇ ਹਨ।

ਪੀਰ ਬਾਬੇ ਦੀ ਸਮਾਧ ਤੇ ਜਗਦਾ ਦੀਵਾ

ਕਈ ਸਾਲ ਪਹਿਲਾਂ ਤੱਕ ਇਸ ਉਜੜੇ ਪਿੰਡ ਦੇ ਲੋਕ ਗਵਰਨਰ ਹਾਊਸ ਵਿੱਚ ਆਪਣੇ ਪੁਰਖਿਆਂ ਦਾ ਮੱਥਾ ਟੇਕਣ ਆਉਂਦੇ ਰਹੇ, ਜਿਹਨਾਂ ਨੂੰ ਰੋਕਿਆ ਵੀ ਨਹੀਂ ਸੀ ਜਾਂਦਾ ਪਰ ਹੁਣ ਉਹਨਾਂ ਦਾ ਆਉਣਾ ਬੰਦ ਹੋ ਗਿਆ ਹੈ।

ਚੰਡੀਗੜ ਸ਼ਹਿਰ ਲਈ ਕੁਰਬਾਨੀ ਦੇ ਚੁੱਕੇ ਰਾਮਨਗਰ ਭੰਗੀਮਾਜਰਾ ਦੀ ਯਾਦ ਵਿੱਚ ਚੰਡੀਗੜ ਪ੍ਰਸ਼ਾਸ਼ਨ ਨੂੰ ਸੁਖਨਾ ਝੀਲ ਨੇੜੇ ਸੈਕਟਰ 7-8-5-6 ਵਾਲੇ ਗੋਲ ਚੌਂਕ ਦਾ ਨਾਂ ਭੰਗੀਮਾਜਰਾ ਚੌਂਕ ਅਤੇ ਗਵਰਨਰ ਹਾਊਸ ਮੂਹਰੇ ਲੰਘਦੀ ਸੜਕ ਦਾ ਨਾਮ ਰਾਮਨਗਰ ਭੰਗੀਮਾਜਰਾ ਰੋਡ ਰੱਖਣ ਦਾ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵਿਰਸੇ ਬਾਰੇ ਜਾਣਕਾਰੀ ਮਿਲਦੀ ਰਹੇ। ਇਸ ਤੋਂ ਇਲਾਵਾ ਸੁਖਨਾ ਝੀਲ ਕੰਢੇ ਖੜ੍ਹੇ ਪਿੱਪਲ ਬਾਰੇ ਵੀ ਇਤਿਹਾਸਕ ਜਾਣਕਾਰੀ ਲਿਖਣੀ ਚਾਹੀਦੀ ਹੈ।

(ਚਲਦਾ)

ਲੇਖਕ: ਮਲਕੀਤ ਸਿੰਘ ਔਜਲਾ

ਮੁੱਲਾਂਪੁਰ ਗਰੀਬਦਾਸ

ਸੰਪਰਕ: 9914992424

2 thoughts on “ਚੰਡੀਗੜ੍ਹ ਦੇ ਉਜੜੇ 28 ਪਿੰਡ: ਰੁੜਕੀ, ਨਗਲ੍ਹਾ ਅਤੇ ਰਾਮਨਗਰ ਭੰਗੀਮਾਜਰਾ – ਮਲਕੀਤ ਸਿੰਘ ਔਜਲਾ

  1. ਅਦਾਰਾ ਪੰਜ ਤੀਰ ਦਾ ਮੈਂ ਰਿਣੀ ਹਾਂ ਜੋ ਮੇਰੀਆਂ ਲਿਖਤਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ

Leave a Reply

Your email address will not be published. Required fields are marked *

Social profiles