ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ: ਭਾਗ-ਚੌਥਾ (ਵਰਵਰਾ ਰਾਓ)

Read Time:11 Minute, 29 Second

‘ਇਸਲਾਮਿਕ ਦਹਿਸ਼ਤਗਰਦੀ’ ਨਾਲ ਲੜਣ ਦੇ ਨਾਮ ਹੇਠ ਇਹ ਮੁਸਲਮਾਨਾਂ ਅਤੇ ਉਹਨਾਂ ਦੀਆਂ ਜੱਥੇਬੰਦੀਆਂ ਨੂੰ ਨਿਸ਼ਾਨੇ ਤੇ ਲੈ ਰਹੀ ਹੈ। ਜਦਕਿ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਵਿਤਕਰਾ ਹੋਰ ਵਧਦਾ ਹੀ ਜਾਂਦਾ ਹੈ। ਮੁਸਲਮਾਨਾਂ ਦੇ ਕਤਲੇਆਮ ਵਿੱਚ ਸ਼ਾਮਿਲ ਭਗਵੇਂ ਗੁੰਡਿਆਂ ਨੂੰ ਸਰਕਾਰ ਵੱਲੋਂ ਹੱਲਾਸ਼ੇਰੀਆਂ ਮਿਲ ਰਹੀਆਂ ਹਨ ਜਦਕਿ ਕਿਸੇ ਵੀ ਦੋਸ਼ੀ ਠਹਿਰਾਏ ਮੁਸਲਮਾਨ ਨੂੰ ਉਮਰ ਕੈਦ ਅਤੇ ਫਾਂਸੀ ਜਿਹੀ ਸਖ਼ਤ ਸਜ਼ਾ ਮਿਲਦੀ ਹੈ।

ਬਹੁਤਿਆਂ ਨੂੰ ਤਾਂ ਬਿਨਾਂ ਕਿਸੇ ਸੁਣਵਾਈ ਦੇ ਜੇਲਾਂ ਵਿੱਚ ਪਾਇਆ ਹੋਇਆ ਹੈ। ਹਿੰਦੂ ਫਾਸ਼ੀਵਾਦੀ ਲੋਕਾਂ ਦੇ ਵਧ ਰਹੇ ਗੁੱਸੇ ਅਤੇ ਅਕਾਅ  ਦੇ ਨੁਕਸਾਨ ਤੋਂ ਬਚਣ ਲਈ ਲਈ ਉਹਨਾਂ ਨੂੰ ਭਟਕਾਅ ਕੇ ਸਾਹਮਣੇ ਧਾਰਮਿਕ ਘੱਟਗਿਣਤੀਆਂ ਨੂੰ ਦੁਸ਼ਮਣ ਵਜੋਂ ਪੇਸ਼ ਕਰ ਰਹੇ ਹਨ। ਇੰਝ ਹੀ ਦਲਿਤਾਂ, ਆਦਿਵਾਸੀਆਂ, ਔਰਤਾਂ, ਦਬਾਈਆਂ ਕੌਮਾਂ, ਤਰਕਸ਼ੀਲ, ਨਾਸਤਿਕ, ਜਮਹੂਰੀ ਕਾਰਕੁੰਨ, ਕਮਿਊਨਿਸਟਾਂ ਅਤੇ ਇੱਥੋੰ ਤੱਕ ਕਿ ਸੰਸਦੀ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕੋਈ ਵੀ ਜੋ ਅਸਲ ਜਮਹੂਰੀਅਤ, ਆਜ਼ਾਦੀ, ਆਤਮ ਨਿਰਭਰਤਾ ਲਈ ਖੜਦਾ ਹੈ ਜਾਂ ਇਹਨਾਂ ਮੰਗਾਂ ਨੂੰ ਜ਼ੋਰ ਨਾਲ ਚੱਕਦਾ ਹੈ ਉਹਨੂੰ ਸਰਕਾਰ ਦੀ ਜਾਂ ਭਗਵਿਆਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਮੋਦੀ ਦੇ ਡੇਢ ਸਾਲ ਦੇ ਸ਼ਾਸਨ ਦੌਰਾਨ ਹੀ ਹਜ਼ਾਰਾਂ ਇਹੋ ਜਿਹੇ ਹਮਲੇ ਹੋ ਗਏ ਹਨ। ਵਧ ਰਹੇ ਇਹੋ ਜਿਹੇ ਹਮਲੇ ਵੀ ਹਿੰਦੂਤਵਾ ਦੇ ਫਾਸ਼ੀ ਖਾਕੇ ਦਾ ਹਿੱਸਾ ਹਨ।

ਅਮਰੀਕੀ ਸਾਮਰਾਜੀਆਂ ਦੇ ਹੋਰ ਨੇੜੇ ਹੋਣ ਅਤੇ ਅੰਤਰਰਾਸ਼ਟਰੀ ਨੀਤੀਆਂ ਬਣਾਉਣ ਵਿੱਚ ਵੱਡਾ ਯੋਗਦਾਨ ਦੇ ਦਾਅਵੇ ਕਰਦੇ ਅੰਤਰਰਾਸ਼ਟਰੀ ਪੱਧਰ ਤੇ, ਭਾਜਪਾ ਅਤੇ ਹਿੰਦੂਤਵਾ ਫਾਸ਼ੀਵਾਦੀ ਭਾਰਤ ਨੂੰ ‘ਵੱਡੀ ਤਾਕਤ’/ ‘ਸੁਪਰ ਪਾਵਰ’ ਵੱਲ ਲਿਜਾ ਰਹੇ ਹਨ।

ਦੇਸ਼ ਨੂੰ ਅਮਰੀਕਾ ਅਤੇ ਹੋਰ ਸਾਮਰਾਜਵਾਦੀ ਤਾਕਤਾਂ ਦੀ ਇੱਕ ਮਜ਼ਬੂਤ ਖੇਤਰੀ ਚੌਂਕੀ ਵਿੱਚ ਤਬਦੀਲ ਕਰਨ ਵਾਲੀਆਂ ਹਰਕਤਾਂ ਕਰਦਿਆਂ, ਐਨ.ਡੀ.ਏ ਅਤੇ ਆਰ.ਐਸ.ਐਸ ਆਪਣੇ ਆਪ ਨੂੰ ਛਾਵਨਵਾਦੀ ਵੱਡੀ ਤਾਕਤ ਬਣਨ ਅਤੇ ਦੱਖਣੀ ਏਸ਼ੀਆ ਵਿੱਚ ਫੈਲਣ ਦੀਆਂ ਨੀਤੀਆਂ ਦਾ ਢੋਲ ਪਿੱਟ ਰਹੇ ਹਨ।

ਇਹ ਪਾਕਿਸਤਾਨ ਅਤੇ ਚੀਨ ਖਿਲਾਫ ਛਾਵਨਵਾਦੀ ਕੂਕਾਂ ਮਾਰ ਰਹੇ ਹਨ ਅਤੇ ਅਮਰੀਕਾ-ਇਜ਼ਾਰਾਈਲ ਦੀ ਵਿਦੇਸ਼ ਨੀਤੀ ਦੇ ਹੋਰ ਨੇੜੇ ਜਾਂਦਿਆ ‘ਇਸਲਾਮੀ ਦਹਿਸ਼ਤ’ ਖਿਲਾਫ਼ ਲੜਣ ਦਾ ਰੌਲਾ ਪਾ ਰਹੇ ਹਨ।

ਆਪਣੇ ਪ੍ਰਧਾਨਗੀ ਵਾਲੇ ਹਿੰਦੂ ਰਾਸ਼ਟਰ ਅਤੇ ਅਖੰਡ ਭਾਰਤ ਦੇ ਵਿਚਾਰਾਂ ਤੇ ਚੱਲਦਿਆਂ,  ਇਹ ਪੁਰਾਣੀਆਂ ਸਰਕਾਰਾਂ ਦੀਆਂ ਵਿਸਤਾਰਵਾਦੀ ਨੀਤੀਆਂ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ, ਨੇਪਾਲ ਵਰਗੇ ਆਪਣੇ ਗਵਾਂਢੀ ਦੇਸ਼ਾਂ ਦੀ ਪ੍ਰਭੂਸੱਤਾ ਦੀ ਬਹੁਤ ਘੱਟ ਪ੍ਰਵਾਹ ਕਰਦਿਆਂ ਉਹਨਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖਲਅੰਦਾਜੀ ਕਰਕੇ ਉਥੋਂ ਦੇ ਲੋਕਾਂ ਦਾ ਰੋਸ ਸਹੇੜ ਰਹੇ ਹਨ।

ਹਿੰਦੁਤਵੀ ਫਾਸੀਵਾਦੀਆਂ ਦਾ ਚਹੁੰ ਪਾਸਿਓਂ ਹਮਲਾ ਸਿਰਫ ਸਾਡੇ ਦੇਸ਼ ਵਿੱਚ ਹੀ ਅਸਹਿਣਯੋਗ ਨਹੀਂ ਹੋਇਆ ਬਲਕਿ ਗੁਆਂਢੀ ਮੁਲਕਾਂ ਦੇ ਲੋਕਾਂ ਲਈ ਵੀ ਹੋ ਚੁੱਕਾ ਹੈ।

ਆਪਣੀਆਂ ਸਮਾਨਤਾਵਾਂ ਦੇ ਬਾਵਜੂਦ,  ਹਿੰਦੂਤਵਾ ਫਾਸ਼ੀਵਾਦ ਨਾ ਤਾਂ ਹਿਟਲਰ ਦਾ ਨਾਜ਼ੀਵਾਦ ਅਤੇ ਨਾ ਹੀ ਇਟਲੀ ਦੇ ਮੁਸੋਲਿਨੀ ਵਾਲਾ ਫਾਸ਼ੀਵਾਦ। ਇਹਦਾ ਭੌਤਿਕ ਆਧਾਰ ਦੇਸ਼ ਦੀਆਂ ਸਮਾਜਿਕ  ਹਾਲਤਾਂ ਅਤੇ ਪੱਛੜੇ ਪੈਦਾਵਾਰੀ ਸੰਬੰਧਾਂ ਵਿੱਚ ਪਿਆ ਹੈ।

ਇਹ ਪੈਦਾਵਾਰੀ ਸੰਬੰਧ ਜਗੀਰੂ ਅਤੇ ਦਲਾਲ- ਨੌਕਰਸ਼ਾਹੀ ਸਰਾਏਦਾਰੀ ਦੇ ਹਿਤਾਂ ਨਾਲ ਜੁੜੇ ਹਨ ਅਤੇ ਇਹ ਸਾਮਰਾਜੀ ਏਕਾਧਿਕਾਰ ਪੂੰਜੀ ਨਾਲ ਜੁੜ ਕੇ ਉਹਨਾਂ ਦੇ ਸੇਵਕ ਹੋ ਨਿੱਬੜੇ ਹਨ।

ਤਾਂ ਇੰਝ ਦਾ ਫਾਸ਼ੀਵਾਦ ਜੋ ਸਾਡੇ ਦੇਸ਼ ਵਿੱਚ ਹੈ ਇਹ ਕਿਸੇ ਹੋਰ ਅਰਧ-ਜਗੀਰੂ-ਅਰਧ ਬਸਤੀ ਦੇਸ਼ ਦੇ ਫਾਸੀਵਾਦ ਵਰਗਾ ਹੀ ਹੈ- ਦਲਾਲ-ਜਗੀਰੂ ਫਾਸ਼ੀਵਾਦ।

ਨਤੀਜੇ ਵਜੋਂ, ਹਿੰਦੂਤਵਾ ਫਾਸ਼ੀਵਾਦ ਪੂੰਜੀਵਾਦ ਦੇਸ਼ਾਂ ਦੇ ਆਪਣੇ ਭਾਈਵਾਲਾਂ ਨਾਲੋਂ ਮੁਕਾਬਲੇ ਵਿੱਚ ਕਮਜ਼ੋਰ ਅਤੇ ਅਸਥਿਰ ਹੈ। ਜਿਵੇਂ ਦਮਿੱਤਰੋਵ ਨੇ ਦੱਸਿਆ ਇੱਥੇ ਉਵੇਂ ਵੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ “ਜਿਸ ਤਰ੍ਹਾਂ ਦਾ ਫਾਸ਼ੀਵਾਦ ਅਸੀਂ ਜਰਮਨੀ, ਇਟਲੀ ਜਾਂ ਹੋਰ ਸਰਮਾਏਦਾਰਾ ਦੇਸ਼ਾਂ ਵਿੱਚ ਵੇਖ ਰਹੇ ਹਾਂ।” (ਦਮਿੱਤਰੋਵ, ਕਮਿੰਤਰਾਂਗ ਦੀ ਸੱਤਵੀਂ ਕਾਂਗਰਸ, 1935)

ਦਲਾਲ-ਜਗੀਰੂ ਫਾਸ਼ੀਵਾਦ, ਆਪਣੇ ਪੂਰੇ ਦਲਾਲ ਕਿਰਦਾਰ ਦੇ ਨਾਲ, ਸਾਮਰਾਜੀ ਦੇਸ਼ਾਂ ਦੇ ਫਾਸ਼ੀਵਾਦ ਨਾਲ ਮੁਕਾਬਲੇ ਕਰਨ ਦੇ ਕਾਬਿਲ ਨਹੀਂ।

ਇਸ ਤੋਂ ਬਿਨਾਂ, ਦਮਨਕਾਰੀ, ਭੇਦ-ਭਾਵ ਵਾਲੀ, ਗੈਰ-ਵਿਗਿਆਨਕ, ਊਚ-ਨੀਚ, ਲੋਕ ਵਿਰੋਧੀ ਅਤੇ ਪ੍ਰਤੀਕਿਰਿਆਵਾਦੀ ਬਾਹਮਣਵਾਦੀ ਵਿਚਾਰਧਾਰਾ ਅਤੇ ਇਹਦੇ ਨਾਲ ਜੁੜਿਆ ਜਾਤ-ਪਾਤ ਢਾਂਚੇ ਨੂੰ ਦੇਸ਼ ਵਿੱਚ ਹਮੇਸ਼ਾਂ ਚੁਣੌਤੀ ਮਿਲਦੀ ਰਹੀ ਹੈ।

ਇਹਨੂੰ ਸ਼ੁਰੂ ਤੋਂ ਹੀ ਲਗਾਤਾਰ ਵਿਚਾਰਧਾਰਕ ਅਤੇ ਸਿਆਸੀ ਵਿਰੋਧਾਂ ਦਾ ਅਤੇ ਹੋਰ ਕਈ ਤਰ੍ਹਾਂ ਦੇ ਲੋਕ ਸੰਘਰਸ਼ਾਂ ਦਾ ਅਤੇ ਲੋਕਾਂ ਦੀਆਂ ਹਿੰਸਕ ਕਾਰਵਾਈਆਂ ਦਾ ਸਾਹਮਣਾ ਕਰਨਾ ਹੀ ਪਿਆ ਹੈ।ਓਹ ਭਾਵੇਂ ਚਾਰਵਾਕ, ਸੰਖਿਆ ਜਾਂ ਪੁਰਾਣੇ ਸਮੇਂ ਦੇ ਬੋਧੀ ਹੋਣ; ਮੱਧਯੁੱਗੀ ਕਾਲ ਦੇ ਕਬੀਰ ਅਤੇ ਰਵਿਦਾਸ ਹੋਣ ਜਾਂ ਆਧੁਨਿਕ ਵੇਲੇ ਦੇ ਜਯੋਤੀ ਬਾ ਫੂਲੇ ਅਤੇ ਸਾਵਿਤਰੀ ਬਾਈ, ਸ਼ਾਹੂਜੀ ਮਹਾਰਾਜ, ਡਾ.ਅੰਬੇਡਕਰ, ਪੈਰੀਆਰ ਅਤੇ ਹੋਰ ਕਈ ਜੋ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਹੋਰ ਜਮਹੂਰੀ ਤਾਕਤਾਂ ਦੀ ਅਗਵਾਈ ਕਰਦੇ ਸਨ, ਜਿੰਨ੍ਹਾਂ ਨੇ ਬਗਾਵਤਾਂ ਦੇ ਇਤਿਹਾਸ ਦੀ ਲਗਾਤਾਰਤਾ ਵਿੱਚ ਹਿੱਸਾ ਲਿਆ।

ਦੇਸ਼ ਦੇ ਉਹ ਲੋਕ, ਜਿੰਨ੍ਹਾਂ ਨੂੰ ਦੁਨੀਆਂ ਦੀਆਂ ਜਮਹੂਰੀ ਅਤੇ ਇਨਕਲਾਬੀ ਤਾਕਤਾਂ ਤੋਂ ਹਮਾਇਤ ਹਾਸਿਲ ਹੋਈ ਹੈ ਉਹ ਹੁਣ ਨਵ-ਬਾਹਮਣਵਾਦੀ ਹਿੰਦੂਤਵ ਫਾਸ਼ੀਵਾਦ ਦੇ ਰਾਹ ਵਿੱਚ ਡਟ ਕੇ ਖੜੇ ਹਨ।

ਇਸ ਲਈ,ਇਹ ਸੌਖਾ ਵੀ ਨਹੀਂ ਕਿ ਉਹ ਪਹਿਲਾਂ ਦੀ ਅਰਧ ਫਾਸ਼ੀਵਾਦ ਹਕੂਮਤ( ਜਿਹੜੀ ਬੜੇ ਹਲਕੇ ਜਿਹੇ ਪਰਦੇ ਹੇਠ ਦੇਸ਼ ਦੇ ਕੁਝ ਖੇਤਰਾਂ ਜਿਵੇਂ ਦੰਡਕਾਰਨੀਆ, ਬਿਹਾਰ-ਝਾਰਖੰਡ, ਜੰਮੂ ਅਤੇ ਕਸ਼ਮੀਰ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਫਾਸ਼ੀਵਾਦ ਹਕੂਮਤ ਹੈ) ਨੂੰ ਬਦਲ ਕੇ ਆਪਣੇ ਸੁਪਨਿਆਂ ਦੇ ਹਿੰਦੂ ਰਾਸ਼ਟਰ ਦੇ ਨੰਗੇ ਚਿੱਟੇ ਨਵ-ਫਾਸ਼ੀਵਾਦ ਨੂੰ ਸਥਾਪਿਤ ਕਰ ਲੈਣ।

ਹਿੰਦੂਤਵ ਫਾਸ਼ੀਵਾਦੀ ਹਮਲਿਆਂ ਨੂੰ ਅੱਜ ਦੇਸ਼ ਵਿੱਚ ਚਹੁੰ ਪਾਸਿਓਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੇਂ ਆਤੰਕ ਅਤੇ ਹਕੂਮਤ ਦੇ ਫਾਸ਼ੀਕਰਨ ਖਿਲਾਫ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ, ਵਧ ਤੋਂ ਵਧ ਲੋਕ ਲਗਾਤਾਰ ਇਹਨਾਂ ਪ੍ਰਦਰਸ਼ਨਾਂ ਵਿੱਚ ਜੁੜ ਕੇ ਆਵਾਜ ਉੱਚੀ ਚੱਕ ਰਹੇ ਹਨ।

ਪ੍ਰੋਫੈਸਰ ਕੁਲਬਰਗੀ, ਅਖਲਾਕ ਅਤੇ ਕੁਝ ਹੱਦ ਤੱਕ ਯਾਕੂਬ ਮੈਨਨ ਦੇ ਅਦਾਲਤੀ ਕਤਲ ਤੋਂ ਬਾਅਦ ਫੈਲੇ ਗੁੱਸੇ ਨੇ ਇਸ ਫਾਸ਼ੀਵਾਦੀ ਵਿਰੋਧੀ ਮੁਹਿੰਮ ਨੂੰ ਹੋਰ ਅਗਾਂਹ ਪਹੁੰਚਾਇਆ।

ਹੁਣੇ ਹੀ, ਸੈਂਕੜੇ ਲੇਖਕਾਂ, ਕਲਾਕਾਰਾਂ, ਅਕਾਦਮਿਕਾਂ, ਐਕਟਰਾਂ, ਪੱਤਰਕਾਰਾਂ, ਫਿਲਮ-ਘਾੜਿਆਂ ਅਤੇ ਹੋਰ ਸਾਹਿਤਕ, ਸੱਭਿਆਚਾਰਕ ਅਤੇ ਅਕਾਦਮਿਕ ਖੇਤਰਾਂ ਦੇ ਲੋਕਾਂ ਨੇ ਹਿੰਦੂ ਫਾਸ਼ੀਵਾਦ ਦੇ ਵਧ ਰਹੇ ਹਮਲਿਆਂ ਖਿਲਾਫ ਵੱਖਰਾ ਪ੍ਰਦਰਸ਼ਨ ਕਰਦਿਆਂ ਆਪਣੇ ਅਵਾਰਡ ਵਾਪਿਸ ਕੀਤੇ ਹਨ।

ਇਹਨਾਂ ਦਾ ਵਿਰੋਧ ਘੱਟ ਗਿਣਤੀਆਂ ਨੂੰ ਦਬਾਏ ਜਾਣ ਖਿਲਾਫ, ਉਹਨਾਂ ਦੇ ਮੌਲਿਕ ਜਮਹੂਰੀ ਹੱਕਾਂ ਸਣੇ ਬੋਲਣ ਅਤੇ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲੇ ਜਾਣ ਦੇ ਖਿਲਾਫ ਸਨ।

ਵੱਡੀ ਗਿਣਤੀ ਵਿੱਚ ਪ੍ਰਦਰਸ਼ਨ, ਧਰਨੇ, ਮੀਟਿੰਗਾਂ ਆਦਿ ਦੇਸ਼ ਵਿੱਚ ਰੋਜ਼ ਵਾਂਗ ਹੀ ਹੋਣ ਲੱਗੇ ਹਨ। ਬਾਹਰਲੇ ਮੁਲਕਾਂ ਦੇ ਲੋਕ ਵੀ ਆਪਣੀਆਂ ਸਰਕਾਰਾਂ ਜ਼ਰੀਏ ਮੋਦੀ ਅਤੇ ਉਹਦੀ ਜੁੰਡਲੀ ਦੇ ਜ਼ੁਰਮਾਂ ਦੀ ਮੌਕਾਪ੍ਰਸਤ ਲਿਪਾ ਪੋਚੀ ਦੇ ਪਰਛਾਵੇਂ ਵਿੱਚ ਵਧ ਰਹੇ ਹਿੰਦੂਤਵਾ ਫਾਸ਼ੀਵਾਦ ਦੀ ਆਲੋਚਨਾ ਕਰ ਰਹੇ ਹਨ।

ਹੁਣੇ ਹੁਣੇ  ਜਿਹੜਾ ਵਿਰੋਧ ਪਾਟੀਦਾਰ ਰਾਖਵਾਂਕਰਣ ਅੰਦੋਲਨ ਦੌਰਾਨ ਵੇਖਿਆ ਗਿਆ, ਉਸ ‘ਚ ਰਾਜਸੱਤਾ ਦੇ ਚਿੰਨ ਪੁਲਿਸ ਸਟੇਸ਼ਨਾਂ ਖਿਲਾਫ ਨਫ਼ਰਤ ਵੀ ਦਿਖੀ ਮਤਲਬ ਗੁਜ਼ਰਾਤ ਵਰਗੀਆਂ ਥਾਵਾਂ ਜਿੱਥੇ ਹਿੰਦੂਤਵ ਦੀ ਪਕੜ ਮਜ਼ਬੂਤ ਦੱਸੀ ਜਾਂਦੀ ਸੀ ਉੱਥੇ ਵੀ ਇਹ ਲੋਕਾਂ ਦੇ ਗੁੱਸੇ ਅਤੇ ਨਿਰਾਸ਼ਾਂ ਦੇ ਕਾਰਨ ਹੁਣ ਸੁਰੱਖਿਅਤ ਨਹੀਂ ਹਨ।ਲੋਕ ਹਿੰਦੂਤਵਾ ਫਾਸ਼ੀਵਾਦੀਆਂ ਨੂੰ ਇਹ ਜਰੂਰ ਹੀ ਅਹਿਸਾਸ ਕਰਵਾ ਦੇਣਗੇ ਕਿ ਉਹ ਬਹੁਤ ਘੱਟਗਿਣਤੀ ਵਿੱਚ ਹਨ ਜੋ ਸਿਰਫ ਪਿਛਾਖੜੀ ਤਾਕਤਾਂ, ਸੱਜੇ ਪੱਖੀ ਹੁਕਮਰਾਨ ਜਮਾਤ ਅਤੇ ਉਹਨਾਂ ਦੇ ਪਿੱਠੂਆਂ ਦੇ ਨੁਮਾਇੰਦੇ ਹਨ।

ਦੇਸ਼ ਦੇ ਬਹੁ ਗਿਣਤੀ ਲੋਕ ਉਹਨਾਂ ਦੀ ਪ੍ਰਤੀਕਿਰਿਆਵਾਦੀ ਵਿਚਾਰਧਾਰਾ ਦੇ ਪਿੱਛੇ ਨਹੀਂ ਲੱਗਣਗੇ, ਅਤੇ ਨਾ  ਹੀ ਉਹਨਾਂ ਤੇ ਧੱਕੇ ਨਾਲ ਹਿੰਦੂ ਬਹੁ-ਗਿਣਤੀਵਾਦ ਥੋਪਿਆ ਜਾ ਸਕਦਾ ਹੈ। ਅੱਜ ਜਾਂ ਕੱਲ ਭਾਜਪਾ ਸੰਘ ਪਰਿਵਾਰ ਨੂੰ ਇਹ ਅਹਿਸਾਸ ਹੋ ਹੀ ਜਾਣਾ ਹੈ ਕਿ ਸਾਮਰਾਜੀਆਂ ਦੇ ਚਮਚੇ ਬਣ ਕੇ ਜਿਉਣਾ ਕੋਈ ਖੇਡ ਨਹੀਂ ਸੀ।

ਇਨਕਾਬੀ, ਜਮਹੂਰੀ, ਦੇਸ਼ਭਗਤ ਅਤੇ ਧਰਮ ਨਿਰਪੱਖ ਤਾਕਤਾਂ, ਕਾਮੇ ਅਤੇ ਕਿਸਾਨ, ਕੌਮੀ ਅਤੇ ਧਾਰਮਿਕ ਘੱਟਗਿਣਤੀਆਂ, ਦਲਿਤ ਅਤੇ ਆਦਿਵਾਸੀ, ਸ਼ਹਿਰੀ ਗਰੀਬ ਅਤੇ ਸ਼ਹਿਰੀ ਮੱਧਵਰਗ, ਕੌਮੀ ਬੁਰਜੂਆਜ਼ੀ, ਵਿਦਿਆਰਥੀ, ਅਧਿਆਪਕ ਅਤੇ ਬੁੱਧੀਜੀਵੀ, ਅਕਾਦਮਿਕ, ਇਤਿਹਾਸਕਰ, ਲੇਖਕ, ਕਲਾਕਾਰ, ਵਕੀਲ, ਪੱਤਰਕਾਰ, ਡਾਕਟਰ, ਵਿਗਿਆਨੀ, ਖੋਜਾਰਥੀ, ਔਰਤਾਂ, ਐਲ.ਜੀ.ਬੀ.ਟੀ, ਅਪੰਗ, ਬਜ਼ੁਰਗ ਨੌਜਵਾਨ ਜੋ ਇਸ ਹਿੰਦੂਤਵ ਫਾਸ਼ੀਵਾਦ ਦੇ ਖਿਲਾਫ ਖਲੋਤੇ ਹਨ ਐਮ.ਆਈ.ਬੀ ਉਹਨਾਂ ਨੂੰ ਇਨਕਲਾਬੀ ਸਲਾਮ ਭੇਜਦਾ ਹੈ ਜਿਹੜੇ ਇਸ ਸਾਂਝੀ ਜੰਗ ਦਾ ਹਿੱਸਾ ਹਨ। ।

ਅੰਤਰਰਾਸ਼ਟਰੀ ਪ੍ਰੋਲੇਤਾਰੀ ਅਤੇ ਹੋਰ ਜਮਹੂਰੀ ਤਾਕਤਾਂ ਦੀ ਫਾਸ਼ੀਵਾਦ ਨੂੰ ਹਰਾਉਣ ਵਿੱਚ ਭੂਮਿਕਾ ਤੋਂ ਤਾਕਤ ਲੈਂਦਿਆਂ, ਅਸੀਂ ਹਰ ਦੱਬੀ ਕੁਚਲੀ ਜਮਾਤ ਨੂੰ, ਕੌਮਾਂ ਨੂੰ, ਜਮਾਤਾਂ ਨੂੰ ਅਤੇ ਗਰੁੱਪਾਂ ਨੂੰ ਬ੍ਰਾਹਮਣਵਾਦੀ ਹਿੰਦੂ ਫਾਸ਼ੀ ਤਾਕਤ ਦੇ ਖਿਲਾਫ ਇੱਕਜੁੱਟ ਹੋਣ ਦਾ ਅਤੇ ਲਮਕਵਾਂ ਯੁੱਧ ਛੇੜਣ ਦਾ ਹੋਕਾ ਦਿੰਦੇ ਹਾਂ।

(ਇਸ ਸਮਝ ਨਾਲ ਕਿ ਫਾਸ਼ੀਵਾਦ ਨੂੰ ਸਿਰਫ ਇਨਕਲਾਬੀ ਤਰੀਕੇ ਨਾਲ ਹੀ ਜੜੋਂ ਪੱਟਿਆ ਜਾ ਸਕਦਾ ਹੈ ਨਾ ਕਿ ਸੋਧਵਾਦੀ, ਜਾਂ ਹੋਰ ਪਾਰਲੀਮਾਨੀ ਤਰੀਕਿਆਂ ਨਾਲ ਜਾਂ ਵੋਟਾਂ ਨਾਲ ਭਾਜਪਾ ਉੱਤੇ ‘ਜਿੱਤ’ ਹਾਸਿਲ ਕਰਕੇ ਕੁਝ ਕੀਤਾ ਜਾ ਸਕਦਾ ਹੈ।ਐਮ.ਆਈ.ਬੀ ਤੁਹਾਨੂੰ ਸਾਰਿਆਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੀ ਅਗਵਾਈ ਵਿੱਚ ਚੱਲ ਰਹੀ ਕਿਸਾਨੀ ਇਨਕਲਾਬੀ ਜੰਗ ਨੂੰ ਮਜ਼ਬੂਤ ਕਰਨ ਅਤੇ ਅਸਲ ਜਮਹੂਰੀ, ਆਜ਼ਾਦ, ਆਤਮ ਨਿਰਭਰ ਅਤੇ ਲੋਕਤੰਤਰ ਨੂੰ ਸਥਾਪਿਤ ਕਰਨ ਦਾ ਹੋਕਾ ਦਿੰਦੀ ਹੈ।ਹਿੰਦੂਤਵੀ ਫਾਸ਼ੀਵਾਦੀਆਂ ਦੀ ਅਸਲ ਅਤੇ ਆਖਿਰੀ ਕਬਰ ਇਵੇਂ ਹੀ ਪੱਟੀ ਜਾ ਸਕਦੀ ਹੈ।) (ਸਮਾਪਤ)

ਅਨੁਵਾਦਕ: ਬਲਤੇਜ

Leave a Reply

Your email address will not be published. Required fields are marked *

Social profiles