ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ: ਭਾਗ-ਤੀਜਾ (ਵਰਵਰਾ ਰਾਓ)

Read Time:9 Minute, 18 Second

ਆਈ.ਐਮ.ਐਫ ਦੀਆਂ ਨਵ-ਉਦਾਰਵਾਦੀ ਨੀਤੀਆਂ ਦੀ ‘ਧੀਮੀ’ ਗਤੀ ਅਤੇ ਆਰਥਿਕਤਾ ਦੇ ਸਾਰੇ ਸੈਕਟਰਾਂ ਨੂੰ ਬਾਹਰੀ ਅਤੇ ਭਾਰਤੀ ਵੱਡੀ ਪੂੰਜੀ ਲਈ ਖੋਲਣ ਲਈ ਭਾਜਪਾ ਹਰ ਸੰਸਦੀ ਅਤੇ ਲੋੜ ਪੈਣ ਤੇ ਸੰਸਦ ਤੋਂ ਵਾਧੂ ਹੋਰ ਤਰੀਕੇ ਵੀ ਅਪਣਾ ਰਹੀ ਹੈ।

ਲੋਕ ਸਭਾ ਵਿੱਚ ਬਹੁਗਿਣਤੀ ਲੈ ਕੇ ਆਪਣਾ ਨੰਗਾ ਚਿੱਟਾ ਬਹੁਗਿਣਤੀਵਾਦ ਦਿਖਾਉਂਦੇ, ਮੋਦੀ ਦੀ ਭਾਜਪਾ ਸਰਕਾਰ ਇਹਨਾਂ ਨੀਤੀਆਂ ਨੂੰ ਆਪਣੇ ਫਾਸ਼ੀ ਤਰਕ ਨਾਲ ਲਾਗੂ ਕਰ ਰਹੀਆਂ ਹਨ ਕਿ ਉਹਨਾਂ ਨੂੰ ਬਹੁ-ਗਿਣਤੀ ਲੋਕਾਂ ਨੇ ਮਨ-ਮਰਜ਼ੀ ਦੀਆਂ ਨੀਤੀਆਂ ਘੜਣ ਲਈ ਚੁਣਿਆ ਹੈ।

ਵੇਖਣ ਵਾਲੀ ਗੱਲ ਏ ਕਿ ਇਟਲੀ ਅਤੇ ਜਰਮਨੀ ਦੇ ਫਾਸ਼ੀਵਾਦੀਆਂ ਨੂੰ ਵੀ ਸੰਸਦ ਵਿੱਚ ਬਹੁ-ਗਿਣਤੀ ਸੀਟਾਂ ਮਿਲੀਆਂ ਸਨ ਅਤੇ ਉਹਨਾਂ ਨੇ ਵੀ ਇਸ ਭੈੜੀ ਬਹੁਗਿਣਤੀ ਦਾ ਆਪਣੀਆਂ ਨੀਤੀਆਂ ਥੋਪ ਕੇ ਲਾਹਾ ਲਿਆ ਸੀ॥ ਜਿਵੇਂ ਹੁਣ ਦੇਸ਼ ਦੀ ਆਰਥਿਕਤਾ ਮੰਦੀ ਦੇ ਸਮੁੰਦਰ ਵਿੱਚ ਡੂੰਘੀ ਲਹਿੰਦੀ ਜਾ ਰਹੀ ਹੈ, ਹਿੰਦੂਤਵੀ ਫਾਸ਼ੀਵਾਦੀ ਆਪਣੇ ਸਾਮਰਾਜੀ ਆਕਾਵਾਂ ਨੂੰ ਖੁਸ਼ ਰੱਖਣ ਲਈ ਪੱਬਾਂ ਭਾਰ ਨੇ।

ਦੂਜੇ ਪਾਸੇ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਲਈ ਨਵੇਂ ਕਾਰਪੋਰੇਟੀ ਕਾਨੂੰਨ ਲਿਆ ਕੇ ਅਤੇ ਮੋਜ਼ੂਦਾ ਕਾਨੂੰਨਾਂ ਵਿੱਚ ਸੋਧਾਂ ਕਰ ਕੇ, ਟੈਕਸ ਚੋਰੀਆਂ, ਕਰਜ਼ੇ ਮਾਫ ਕਰਕੇ, ਸਰਕਾਰੀ ਜ਼ਾਇਦਾਦ ਕੋਡੀਆਂ ਭਾਅ ਚੁਕਾ ਕੇ ਕਾਨੂੰਨੀ ਅਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਚੋਖਾ ਪੈਸਾ ਲੁਟਾਇਆ ਜਾ ਰਿਹਾ ਹੈ।

ਕਈ ਇਹੋ ਜਿਹੇ ਕਾਨੂੰਨ ਜੋ ਲੋਕ ਭਲਾਈ ਸਕੀਮਾਂ ਨਾਲ ਸੰਬੰਧਿਤ ਹਨ ਜਿਵੇਂ ਕਿਰਤ ਕਾਨੂੰਨ, ਕਿਸਾਨਾਂ ਨੂੰ ਛੋਟਾਂ ਦੇਣ ਵਾਲੇ ਕਾਨੂੰਨ, ਪੈਨਸ਼ਨਾਂ, ਸੇਵਾ-ਮੁਕਤੀ ਫਾਇਦੇ, ਤਨਖਾਹਦਾਰ ਮੁਲਾਜ਼ਮਾਂ ਲਈ ਇਨਸ਼ੋਰੈਂਸ ਸਕੀਮਾਂ, ਸਮਾਜਿਕ ਸੁਰੱਖਿਆ ਲਈ ਕਾਨੂੰਨ, ਸਿਹਤ ਅਤੇ ਸਿੱਖਿਆ ਆਦਿ ਕਾਨੂੰਨ ਪੁਰਾਣੇ ਅਤੇ ਵੇਲਾ ਵਿਹਾ ਚੁੱਕੇ ਕਾਨੂੰਨ ਕਹਿ ਕੇ ਬਦਲੇ ਜਾ ਰਹੇ ਹਨ, ਜਦਕਿ ਬਹੁਤ ਪੁਰਾਣੇ ਬਸਤੀਵਾਦੀ ਕਾਨੂੰਨ ਜਿਹੜੇ ਲੋਕਾਂ ਨੂੰ ਦਬਾਉਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਨਵੀਆਂ ਸੋਧਾਂ ਨਾਲ ਲਿਆਂਦਾ ਜਾ ਰਿਹਾ ਹੇ।

‘ਸਕਿੱਲ ਡਿਵੈਲਪਮੈਂਟ’ ਵਰਗੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਤਾਂ ਕਿ ਸਸਤੇ ਘੱਟ ਹੁਨਰਮੰਦ ਕਾਮਿਆਂ ਨੂੰ ਸੰਸਾਰ ਸਰਮਾਏਦਾਰਾ ਅਰਥਚਾਰਾ ਅਤੇ ਦੇਸੀ ਵੱਡੇ ਸਰਮਾਏਦਾਰਾਂ ਦੀ ਲੋੜ ਪੂਰਤੀ ਲਈ ਵਰਤਿਆ ਜਾ ਸਕੇ।

ਸੰਸਦ ਵਿੱਚ ਹਕੂਮਤ ਕਰ ਰਹੀਆਂ ਅਤੇ ਵਿਰੋਧੀ ਧਿਰ ਵਿੱਚ ਬੈਠੀਆਂ ਪਾਰਟੀਆਂ ਵੱਲੋਂ ਬਹਿਸਾਂ ਦਾ ਡਰਾਮਾ ਰਚਿਆ ਜਾਂਦਾ ਹੈ, ਪਰ ਅੰਤ ਵਿੱਚ ਸਾਰੇ ਲੋਕ ਵਿਰੋਧੀ ਕਾਨੂੰਨ ਅਤੇ ਨੀਤੀਆਂ ਆਪਸੀ ਸਹਿਮਤੀ ਨਾਲ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ।

ਦੂਜੇ ਪਾਸੇ,ਖੇਤੀਬਾੜੀ,ਲੋਕ ਭਲਾਈ,ਸਿਹਤ ਅਤੇ ਸਿੱਖਿਆ,ਪਾਣੀ ਅਤੇ ਘਰਾਂ ਆਦਿ ਤੇ ਸਰਕਾਰੀ ਖਰਚਾ ਅਨੁਸ਼ਾਸਨੀ ਅਤੇ ਸਖ਼ਤ ਨੀਤੀਆਂ ਦੇ ਨਾਂਓਂ ਹੇਠ ਕੱਟਿਆ ਜਾ ਰਿਹਾ ਹੈ।

ਆਰਥਿਕ ਅਤੇ ਸਿਆਸੀ ਹੱਕ ਜੋ ਲੋਕਾਂ ਨੇ ਲੜ ਕੇ ਲਏ ਸਨ- ਚਾਹੇ ਉਹ ਕਾਮਿਆਂ ਦੇ ਹੋਣ, ਕਿਰਸਾਨਾਂ ਦੇ, ਮਜ਼ਦੂਰ ਸੁਆਣੀਆਂ ਦੇ, ਮੁਲਾਜ਼ਮਾਂ ਦੇ, ਤਨਖ਼ਾਹਦਾਰਾਂ ਅਤੇ ਮੱਧਵਰਗ ਦੇ ਹੋਣ- ਉਹ ਸਾਰੇ ਕਦਮ ਬ ਕਦਮ ਸਾਮਰਾਜੀਆਂ ਅਤੇ ਭਾਰਤੀ ਹਾਕਮਾਂ ਦੇ ਫਾਇਦੇ ਲਈ ਖੋਹੇ ਜਾ ਰਹੇ ਹਨ।

ਇਹ ਨਵੀਆਂ ਨੀਤੀਆਂ ਦਾ ਹੜ੍ਹ ਜਿਹਾ ਹੈ ਜੋ ਆਰਥਿਕ, ਸਿੱਖਿਆ, ਸਿਹਤ, ਵਾਤਾਵਰਨ, ਲੋਕ ਭਲਾਈ ਅਤੇ ਹੋਰਾਂ ਅਜਿਹੀਆਂ ਨੀਤੀਆਂ ਉੱਤੇ ਚਹੁੰ ਪਾਸਿਓਂ ਹੱਲਾ ਕਰ ਰਿਹਾ ਹੈ।ਵਿਦੇਸ਼ੀ ਨਿਵੇਸ਼ ਜੋ ਸਾਮਰਾਜੀਆਂ ਦੀ ਜਕੜ ਮਜ਼ਬੂਤ ਕਰ ਰਿਹਾ ਹੈ ਮੋਦੀ ਉਸ ਨੂੰ ਸਾਰੇ ਦੁੱਖਾਂ ਦਾ ਤਾਰੂ ਬਣਾ ਕੇ ਪੇਸ਼ ਕਰ ਰਿਹਾ ਹੈ।

‘ਕੁਦਰਤ ਦੀ ਦੇਖ ਭਾਲ’ ਬਾਰੇ ਮਿੱਠੀਆਂ ਮਿੱਠੀਆਂ ਗੱਲ਼ਾਂ ਕਰਦਿਆਂ, ਸਰਕਾਰ ਸੰਵੇਦਨਸ਼ੀਲ ਵਾਤਾਵਰਣ ਵਾਲੇ ਇਲਾਕਿਆਂ ਵਿੱਚ ਵੀ ਵਿਦੇਸ਼ੀ ਨਿਵੇਸ਼ ਸੱਦਣ ਲਈ ਅਤੇ ਕੁਦਰਤੀ ਸਾਧਨਾਂ ਨੂੰ ਲੁੱਟਣ ਲਈ ਰਹਿੰਦੀਆਂ ਖੂੰਹਦੀਆਂ ਪਾਬੰਦੀਆਂ ਵੀ ਹਟਾ ਰਹੀ ਹੈ।

ਖਦਾਣਾਂ, ਪੁਲਾਂ, ਸਨਅਤਾਂ, ਡੈਮਾਂ, ਬੰਦਰਗਾਹਾਂ ਅਤੇ ਹੋਰ ਕਈ ਪ੍ਰੋਜੈਕਟਾਂ ਦੀ ਸੰਵੇਦਨਸ਼ੀਲ ਵਾਤਾਵਰਣ ਵਾਲੇ ਜ਼ੋਨਾਂ ਵਿੱਚ ਅੰਨੇਵਾਹ ਮਨਜ਼ੂਰੀ ਦਿੱਤੀ ਜਾ ਰਹੀ ਹੈ, ਇਹ ਵਾਤਾਵਰਣ ਦੀ ਤਬਾਹੀ ਅਤੇ ਪ੍ਰਦੂਸ਼ਣ ਨੂੰ ਸੱਦਾ ਹੈ, ਹਾਲੇ ਜੇ ਆਪਾਂ ਲੋਕਾਂ ਦੇ ਵੱਡੇ ਪੈਮਾਨੇ ਤੇ ਹੋ ਰਹੇ ਪ੍ਰਵਾਸ ਬਾਰੇ ਭਾਵੇਂ ਚੁੱਪ ਹੀ ਰਹੀਏ। ਮੋਦੀ ਤੇ ਉਹਦੀ ਜੁੰਡਲੀ ‘ਪਰਸੈਪਸ਼ਨ ਮੈਨੇਜ਼ਮੈਂਟ’ ਤੇ ਹੋਰ ਚਾਲਾਂ ਦਾ ਸਹਾਰਾ ਲੈ ਕੇ ਲੋਕਾਂ ਦੀਆਂ ਮੂਲ ਸਮੱਸਿਆਵਾਂ ਅਤੇ ਆਪਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਿਭਾਉਣ ਤੋਂ ਵੀ ਮੁਨਕਰ ਹਨ।

ਨਾਜ਼ੀਆਂ ਦੇ ਜੋਸੇਫ ਗੋਏਬਲਜ਼ ਵਾਲੇ ਪ੍ਰੋਪੇਗੰਡੇ ਦੇ ਰਾਹਾਂ ਤੇ ਚੱਲਦੇ, ਮੋਦੀ ਸਰਕਾਰ ਨੇ ਅਖ਼ਬਾਰਾਂ, ਮੀਡੀਆ ਅਤੇ ਡਿਜ਼ੀਟਲ ਮੀਡੀਆ ਦੀ ਵਰਤੋਂ ਲੋਕਮਤ ਨੂੰ ਬਦਲਣ ਲਈ ਕੀਤੀ, ਲੋਕਾਂ ਨੂੰ ਝੂਠ ਸੁਣਾ ਸੁਣਾ ਕੇ ਅਤੇ ਭਰਮਾ ਕੇ ਸਾਮਰਾਜੀਆਂ ਅਤੇ ਹਿੰਦੂਤਵ ਪੱਖੀ ਏਜੰਡੇ ਨੂੰ ਲਾਗੂ ਰਨ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਮੀਡੀਆ ਨੂੰ ਸਿੱਧੇ ਅਸਿੱਧੇ ਢੰਗ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਾਣਕਾਰੀ ਦੇ ਪ੍ਰਸਾਰ ਤੇ ਕਬਜ਼ਾ ਹੋ ਸਕੇ। ਗਰੀਬਾਂ, ਔਰਤਾਂ, ਆਦਿਵਾਸੀਆਂ ਅਤੇ ਦਲਿਤਾਂ ਦਾ ‘ਵਿਕਾਸ’ ਅਤੇ ‘ਤਾਕਤ’, ‘ਸਦਭਾਵਨਾ-ਸ਼ਾਂਤੀ-ਸੁਰੱਖਿਆ’ ‘ਦੇਸ਼ ਦੀ ਉਸਾਰੀ’, ‘ਦੇਸ਼ ਦੇ ਹਿਤ’, ਵਰਗੇ ਸ਼ਬਦਾਂ ਦਾ ਜ਼ਾਲ ਗੋਏਬਲੇਜ਼ ਢੰਗ ਨਾਲ ਵਿਛਾਇਆ ਜਾ ਰਿਹਾ ਹੈ।

ਸੰਘ ਪਰਿਵਾਰ ਜੱਥੇਬੰਦੀਆਂ ਵੀ ਹਿੰਦੂਤਵਾ ਦੇ ਅਸਲ ਚਹਿਰੇ ਨੂੰ ਲੁਕਾਉਣ ਲਈ , ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਅਤੇ ਖਿਆਲੀ ਗੱਲ਼ਾਂ ਨੂੰ ਅਸਲੀਅਤ ਦਿਖਾਉਣ ਲਈ ਟੀ.ਵੀ ਮੀਡੀਆ ਦੀ ਵਰਤੋਂ ਕਰਦੀਆਂ ਹਨ। ਕਹਿਣੀ ਕਰਨੀ ਵਿੱਚ ਦੋਗਲਾਪਣ ਹਿੰਦੂਤਵੀ ਫਾਸ਼ੀਵਾਦੀਆਂ ਦਾ ਖਾਸ ਗੁਣ ਹੈ।

ਇਸ ਸਾਰੇ ਕਾਸੇ ਦੇ ਨਾਲ ਨਾਲ ਇਹ ਰਾਜਸੱਤਾ ਦਾ ਫਾਸ਼ੀਕਰਨ ਵੀ ਕਰ ਰਹੇ ਹਨ। ਚਾਹੇ ਉਹ ਨੌਕਰਸ਼ਾਹੀ ਹੋਵੇ, ਅਦਾਲਤਾਂ ਹੋਣ, ਫੌਜੀ, ਜੇਲਾਂ ਤੇ ਰਾਜਸੱਤਾ ਦੇ ਹੋਰ ਅੰਗ ਹੋਣ- ਭਾਜਪਾ ਸਰਕਾਰ ਜਿੱਥੇ ਵੀ ਹੋ ਸਕਦਾ ਹੈ ਆਪਣਾ ਹਿੰਦੂਤਵਾ ਵਾਲਾ ਯੱਕਾ ਅੜਾ ਰਹੀ ਹੈ।

ਫੌਜ, ਨੀਮ-ਫੌਜੀ ਬਲਾਂ ਅਤੇ ਪੁਲਿਸ ਬਲਾਂ ਦਾ ਉਹਨਾਂ ਦੀ ਸਿਖਲਾਈ ਦੌਰਾਨ ਹੀ ਫਾਸ਼ੀਕਰਨ ਹੋ ਰਿਹਾ ਹੈ, ਹਿੰਦੂ ਫਾਸੀ ਇਹ ਕੰਮ ਆਪਣੇ ਸਰਕਾਰੀ ਦਬਦਬੇ ਨੂੰ ਵਰਤ ਕੇ ਕਰ ਰਹੇ ਹਨ।

ਇਹਨਾਂ ਸਾਰਿਆ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ, ਦੇਸ਼ ਹਿਤ, ਆਤੰਕਵਾਦ ਖਿਲਾਫ ਜੰਗ ਆਦਿ ਕਹਿਕੇ ਨਕਲੀ ਦੇਸ਼ਭਗਤੀ ਅਤੇ ਹਿੰਦੂਤਵ ਦੇ ਲੜ ਲਾਇਆ ਜਾ ਰਿਹਾ ਹੈ। ਇਵੇਂ ਹੀ ਇਹ ਹਿੰਦੂਤਵਾ ਕੈਂਪਾਂ ਦੇ ਨੇੜੇ ਚਲੇ ਜਾਂਦੇ ਹਨ, ਦੇਸ਼ ਨੂੰ ਬਚਾਉਣ, ਧਰਮ, ਸੱਭਿਆਚਾਰ ਦੇ ਨਾਓਂ ਤੇ ਵਿਚਾਰਧਾਰਕ ਤੌਰ ਤੇ ਤਿਆਰ ਇਹ ਲੋਕ ਜਮਹੂਰੀ ਅੰਦੋਲਨਾਂ ਨੂੰ ਕੁਚਲਣ ਤੱਕ ਜਾਂਦੇ ਹਨ।

ਨਰਿੰਦਰ ਮੋਦੀ ਦਾ ਮੁਖੌਟਾ ਪਹਿਨੀ, ਸੰਘ ਪਰਿਵਾਰ ਕੁਝ ਕੁ ‘ਬੇਟੀ ਬਚਾਓ-ਬੇਟੀ ਪੜਾਓ’, ‘ਜਨਧਨ ਯੋਜਨਾ’, ‘ਸਵੱਛ ਭਾਰਤ ਅਭਿਆਨ’ ਵਰਗੇ ਲੋਕ ਭਲਾਈ ਵਾਲੇ ਨਾਅਰਿਆਂ ਨਾਲ ਆਪਣਾ ਸਮਾਜਿਕ ਦਬਦਬਾ ਪਸਾਰ ਰਿਹਾ ਹੈ। ਪਹਿਲਾਂ ਵਾਲੀਆਂ ਬਾਕੀ ਫਾਸ਼ੀਵਾਦੀ ਤਾਕਤਾਂ ਵਾਂਗ, ਐਨ.ਡੀ.ਏ ਸਰਕਾਰ ਅਤੇ ਸੰਘ ਇਹੋ ਜਿਹੇ ਕੁਝ ਲੋਕਵਾਦੀ ਫੈਸਲੇ ਸਿਰਫ ਤਾਂ ਲੈ ਲੈਂਦੀ ਹੈ ਤਾਂ ਕਿ ਭੁੱਖ ਅਤੇ ਜਬਰ ਦੇ ਸਤਾਏ ਲੋਕ ਕਿਸੇ ਵੀ ਕਿਸਮ ਦਾ ਵਿਦਰੋਹ ਨਾ ਕਰਨ।

ਹੁਣ ਭਗਵੇਂਕਰਨ ਦੀ ਇੱਕ ਹੋਰ ਕੋਸ਼ਿਸ਼ ਸਕੂਲੀ ਕਿਤਾਬਾਂ ਨੂੰ ਦੋਬਾਰਾ ਲਿਖਾ ਕੇ, ਸਿਲੇਬਸ ਬਦਲ ਕੇ, ਸੰਸਕ੍ਰਿਤ ਥੋਪ ਕੇ, ਸਕੂਲਾਂ ਵਿੱਚ ਯੋਗਾ ਕਰਵਾ ਕੇ ਤੇ ਇਹੋ ਜਿਹੇ ਹੋਰ ਲੱਛਣਾਂ ਨਾਲ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਇਸ ਤੋਂ ਅੱਗੇ ਯੂਨੀਵਰਸਿਟੀਆਂ ਅਤੇ ਹੋਰ ਆਪ-ਮੁਹਾਰੇ ਚੱਲਣ ਵਾਲੀਆਂ ਸੰਸਥਾਵਾਂ ਵਿੱਚ ਦਖਲ ਅੰਦਾਜ਼ੀ ਕਰ ਕੇ ਆਪਣਾ ਹਿੰਦੂਤਵੀ ਏਜੰਡਾ ਥੋਪ ਰਹੀ ਹੈ।

ਇਸ ਦੇ ਨਾਲ ਨਾਲ ਪੁਰਾਣੀਆਂ ਸਰਕਾਰਾਂ ਦੀਆਂ ਚੱਲੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਵਧਾਵਾ ਦਿੱਤਾ ਜਾ ਰਿਹਾ। ਆਰ.ਐਸ.ਐਸ ਆਪਣੀ ਵਿਚਾਧਾਰਾ ਨਾਲ ਜੁੜੇ ਸਾਵਰਕਰ, ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨ ਦਿਆਲ ਉਪਾਦਿਆ ਵਰਗਿਆਂ ਨੂੰ ਹੀਰੋ ਬਨਾਉਣ ਤੇ ਤੁਲੀ ਹੋਈ ਹੈ, ਉਹਨਾਂ ਦੇ ਨਾਮ ਦੀਆਂ ਸੜਕਾਂ ਬਨਾਉਣੀਆਂ, ਸੰਸਥਾਵਾਂ ਦੇ ਨਾਮ ਰੱਖਣੇ, ਸਕੀਮਾਂ ਦੇ ਨਾਮ ਰੱਖਣੇ ਆਦਿ। ਇਹੋ ਜਿਹੀਆਂ ਹਰਕਤਾਂ ਨਾਲ ਇਹ ਰਾਜ-ਸੱਤਾ ਦਾ ਕਿਰਦਾਰ ਹੋਰ ਵੀ ਅਮੀਰ ਪੱਖੀ, ਜ਼ਾਤ-ਪਾਤੀ ਅਤੇ ਮਰਦਾਵਾਂ ਬਣਾ ਰਹੇ ਹਨ। (ਚਲਦਾ)

ਅਨੁਵਾਦਕ: ਬਲਤੇਜ

(ਭਾਗ ਦੂਜਾ ਪੜ੍ਹਨ ਲਈ ਇਸ ਲਿੰਕ ਤੇ ਜਾਓ:-https://panjteer.com/2020/08/22/vv-rao-on-facism/)

Leave a Reply

Your email address will not be published. Required fields are marked *

Social profiles