ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ: ਭਾਗ – ਦੂਜਾ (ਵਰਵਰਾ ਰਾਓ)

Read Time:9 Minute, 37 Second

(ਪਹਿਲਾ ਭਾਗ ਪੜ੍ਹਨ ਲਈ ਇਸ ਲਿੰਕ ‘ਤੇ ਜਾਓ)

ਮੁਸਲਮਾਨ ਅਤੇ ਇਸਾਈ ਤਾਂ ਵੇਖੇ ਹੀ ਓਪਰਿਆਂ ਵਾਂਗੂ ਜਾਂਦੇ ਸਨ ਜਿਹੜੇ ਜਾਂ ਤਾਂ ਆਪਣੇ ਵਿੱਚ ਰਲਾ ਲਏ ਜਾਣਗੇ, ਜਾਂ ਦਬਾਏ ਜਾਣਗੇ। ਸਿੱਖ, ਬੋਧੀ, ਦਲਿਤ ਅਤੇ ਅਦਿਵਾਸੀ ਤਾਂ ਪਹਿਲਾਂ ਤੋਂ ਹੀ ਹਿੰਦੂ ਮੰਨੇ ਜਾਂਦੇ ਹਨ(ਉਹਨਾਂ ਵੱਲੋਂ) ਅਤੇ ਇਹਨਾਂ ਨੂੰ ਬਿਨਾਂ ਪੁੱਛੇ ਹੀ ‘ਹਿੰਦੂ ਰਾਸ਼ਟਰ’ ਵਿੱਚ ਗਿਣਿਆ ਜਾਂਦਾ ਹੈ।

ਦਰਜਾਬੰਦੀ ਕਰਨ ਵਾਲੀ, ਬਾਕੀਆਂ ਤੋਂ ਆਪ ਨੂੰ ਉੱਚਾ ਸਮਝਣ ਵਾਲੀ ਅਤੇ ਛਾਵਨਵਾਦੀ ਹਿੰਦੂਤਵ ਵਿਚਾਰਧਾਰਾ, ਸੱਭਿਆਚਾਰ ਅਤੇ ਕਦਰਾਂ ਕੀਮਤਾਂ ਬਾਕੀ ਸਾਰਿਆਂ ਉੱਤੇ ਉਹਨਾਂ ਦੇ ਵੱਖੋ-ਵੱਖਰੇ ਸੱਭਿਆਚਾਰਾਂ, ਬੋਲੀਆਂ, ਮਨਾਉਤਾਂ ਅਤੇ ਰੀਤਾਂ ਨੂੰ ਰਲਾ ਕੇ ਜਾਂ ਕਾਬੂ ਕਰ ਕੇ ਥੋਪੀਆਂ ਗਈਆਂ।

ਹਿੰਦੂਤਵ ਦੀ ਫਾਸ਼ੀਵਾਦੀ ਵਿਚਾਰਧਾਰਾ ਇਹਨਾਂ ਦੀਆਂ ਜੱਥੇਬੰਦੀਆਂ ਦੇ ਢਾਂਚੇ ਵਿੱਚੋਂ ਦਿਖਦੀ ਹੈ। ਆਰ.ਐਸ ਐਸ, ਹਿੰਦੂ ਮਹਾਂਸਭਾ ਆਦਿ ਇਹ ਸਭ 1920 ਦੇ ਸ਼ੁਰੂਆਤ ਵਿੱਚ ਸ਼ੁਰੂ ਹੋਈਆਂ। ਇਹ ਬਹੁਤ ਹੀ ਜਿਆਦਾ ਤਾਨਾਸ਼ਾਹ ਹਨ ਅਤੇ ਆਗੂਆਂ ਨਾਲ ਅਸਹਿਮਤੀ ਦੀ ਇਸ ਵਿੱਚ ਕੋਈ ਥਾਂ ਨਹੀਂ ਹੈ।

ਆਰ.ਐਸ.ਐਸ ਵਿੱਚ ਸਰ ਸੰਘਚਾਲਕ ਦਾ ਕਿਹਾ ਆਖਿਰੀ ਹੀ ਮੰਨਿਆ ਜਾਂਦਾ ਹੈ ਅਤੇ ਬਿਨਾ ਸਵਾਲ ਤੋਂ ਸਵਿਕਾਰਨਾ ਪੈਂਦਾ ਹੈ। ਆਪਣੀ ਸ਼ੁਰੂਆਤ ਤੋਂ ਹੀ, ਹਿੰਦੂਤਵ ਤਾਕਤਾਂ ਨੂੰ ਵੱਡੇ ਜ਼ਿਮੀਂਦਾਰਾਂ ਅਤੇ ਦਲਾਲ ਵੱਡੀ ਸਰਮਾਏਦਾਰੀ ਦੀ ਹਮਾਇਤ ਮਿਲਦੀ ਰਹੀ ਕਿਉਂਕਿ ਇਹਨਾਂ ਦੀ ਸੱਜੇ ਪੱਖੀ ਵਿਚਾਰਧਾਰਾ ਅਤੇ ਤਾਨਾਸ਼ਾਹ ਢਾਂਚਾ ਉਹਨਾਂ ਦੇ ਆਰਥਿਕ ਅਤੇ ਸਿਆਸੀ ਹਿੱਤਾਂ ਦੇ ਅਨੁਸਾਰੀ ਸੀ।

ਇਹ ਬਰਤਾਨੀ ਬਸਤੀਵਾਦੀ ਹਾਕਮਾਂ ਦੇ ਸੇਵਕ ਵੀ ਬਣ ਕੇ ਰਹੇ, ਇਹ ਉਹਨਾਂ ਵੇਲਿਆਂ ਵਿੱਚ ਲੋਕਾਂ ਨੂੰ ‘ਦੇਸ਼ ਮੁੜ-ਨਿਰਮਾਣ’ ਦਾ ਹੋਕਾ ਲਾਉਂਦੇ ਰਹੇ ਜਦੋ ਸਾਰੀਆਂ ਬਸਤੀਵਾਦੀ ਵਿਰੋਧੀ, ਜਮਹੂਰੀ ਅਤੇ ਦੇਸ਼ ਭਗਤ ਤਾਕਤਾਂ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦੀਆਂ ਹੋਈਆਂ ਸਨ (ਸਾਵਰਕਰ ਤਾਂ ਆਪਣੀਆਂ ਲਿਖਤਾਂ ਵਿੱਚ ਬਸਤੀਵਾਦ ਨੂੰ ਬਹੁਤ ਸਲਾਹੁੰਦਾ ਹੈ ਆਖਦਾ ਹੈ ਕਿ, ‘ਬਰਤਾਨੀ ਸਾਮਰਾਜ ਦੀ ਸ਼ਾਨ ਬਹੁਤ ਉੱਚੀ ਹੈ’( ਵੀ.ਡੀ ਸਾਵਰਕਰ, ਹਿੰਦੂਤਵ, ਪੰਨਾ85, 166); ਗੋਲਵਲਕਰ ਤਾਂ ਕੌਮੀ ਆਜ਼ਾਦੀ ਨੂੰ ਇਹ ਕਹਿ ਕੇ ਨਫ਼ਰਤ ਕਰਦਾ ਸੀ ਕਿ ‘ਇਹ ਤਾਂ ਭੁੱਲੇ ਭਟਕੇ ਲੋਕਾਂ ਦੀ ਮੰਗ ਹੈ’ (ਐਮ ਐਸ ਗੋਲਵਲਕਰ, ਵੀ ਆਰ ਆਰ ਨੇਸ਼ਨਹੁਡ ਡਿਫਾਈਨਡ, ਪੰਨਾ-7)

ਆਪਣੇ ਦਲਾਲ ਚਰਿੱਤਰ ਨਾਲ ਇਮਾਨਦਾਰੀ ਨਿਭਾਉਂਦੀਆਂ, ਹਿੰਦੂਤਵੀ ਤਾਕਤਾਂ ਸਾਵਰਕਰ ਵਰਗੇ ਗੱਦਾਰਾਂ ਨੂੰ ਨਾਇਕ ਬਣਾ ਬਣਾ ਕੇ ਪੇਸ਼ ਕਰਦੀਆਂ ਰਹੀਆਂ ਅਤੇ ਟੀਪੂ ਸੁਲਤਾਨ ਵਰਗੇ ਅਸਲੀ ਕੌਮੀ ਦੇਸ਼ਭਗਤਾਂ ਨੂੰ ਭੰਡਦੀਆਂ ਰਹੀਆਂ।

ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਲੋਕਾਂ ਵਿੱਚ ਜਮਾਤੀ ਜਾਗਰੂਕਤਾ ਨੂੰ ਫੈਲਣ ਤੋਂ ਰੋਕਣ ਅਤੇ ਜੱਥੇਬੰਦਕ ਜਮਾਤੀ ਸੰਘਰਸ਼ ਨੂੰ ਦਬਾਉਣ ਲਈ ਹਮੇਸ਼ਾਂ ਦੁਸ਼ਮਣ ਜਮਾਤਾਂ ਦੇ ਪਾਲੇ ਵਿੱਚ ਖੜੀਆਂ ਰਹੀਆਂ।

ਜਿਵੇਂ, ਆਰ.ਐਸ.ਐਸ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ 1948 ਵਿੱਚ ਲਿਖਿਆ, “ਰਾਸ਼ਟਰੀ ਸਵੈ ਸੇਵਕ ਸੰਘ ਹੀ ਇੱਕੋ ਇੱਕ ਰਾਹ ਹੈ ਜੋ ਕਮਿਊਨਿਜ਼ਮ ਨੂੰ ਵੰਗਾਰ ਸਕਦਾ ਹੈ ਅਤੇ ਇਹੋ ਇੱਕੋ ਇੱਕ ਵਿਚਾਰਧਾਰਾ ਹੈ ਜੋ ਜਿਹੜੀ ਸਮਾਜ ਦੇ ਵੱਖੋ ਵੱਖਰੇ ਵਰਗਾਂ ਨੂੰ ਇਕੱਠਾ ਕਰ ਸਕਦੀ ਹੈ ਅਤੇ ਜਮਾਤੀ ਜੰਗ ਨੂੰ ਸਫ਼ਲਤਾਪੂਰਨ ਟਾਲ ਸਕਦੀ ਹੈ” (ਆਰ.ਐਸ.ਐਸ ਵੱਲੋਂ ਲਿਖਿਆ ਪ੍ਰਧਾਨ ਮੰਤਰੀ ਨਹਿਰੂ ਨੂੰ ਖਤ, ਆਰਗੇਨਾਈਸਰ ਵਿੱਚ 23 ਅਕਤੂਬਰ 1948 ਨੂੰ ਛਪਿਆ)।ਉਹਨਾਂ ਨੇ ਹਿੰਦੂਵਾਦ ਦੇ ਪ੍ਰਾਚੀਨ ਸਮਾਜਿਕ ਬਦਲਾਂ ਅਨੁਸਾਰ ਢਲਣ ਵਾਲੀ ਪ੍ਰਵਿਰਤੀ ਨੂੰ ਵਰਤ ਕੇ ਇਸ ਦੇ ਸੱਜੇ ਪੱਖੀ ਸਾਰੇ ਭਟਕਾਵਾਂ ਨੂੰ ਬਚਾਇਆ ਅਤੇ ਹੋਰ ਮਜ਼ਬੂਤ ਕਰਕੇ ਹਾਕਮ ਜਮਾਤਾਂ ਦੇ ਹਿੱਤ ਵਿੱਚ ਵਰਤਿਆ- ਭਾਵੇਂ ਉਹ ਸਾਮਰਾਜੀ ਹਾਕਮ ਹੋਣ ਅਤੇ ਭਾਵੇਂ ਭਾਰਤੀ ਅਮੀਰ ਦਲਾਲ ਹਾਕਮ ਜਿੰਨ੍ਹਾਂ ਨੇ ਪਹਿਲਿਆਂ ਦੀ ਥਾਂ ਲੈ ਲਈ ਸੀ।

ਉਹਨਾਂ ਨੇ ਵੱਡੇ ਜਿਮੀਂਦਾਰਾਂ ਅਤੇ ਦਲਾਲ ਸਰਮਾਏਦਾਰਾਂ ਦੀ ਸਾਂਝੀ ਗੱਦੀ ਬਚਾਉਣ ਲਈ ਜਮਹੂਰੀ ਤਾਕਤਾਂ ਨੂੰ ਕੁਚਲਿਆ, ਕੌਮੀ ਛਾਵਨਵਾਦ ਅਤੇ ਫ਼ਿਰਕਾਪ੍ਰਸਤੀ ਨੂੰ ਹਵਾ ਦਿੱਤੀ, ਧਾਰਮਿਕ ਘੱਟ ਗਿਣਤੀਆਂ ਨੂੰ ਦਬਾਇਆ ਅਤੇ ਘੱਟ ਗਿਣਤੀ ਕੌਮੀਅਤਾਂ, ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਕੁਚਲਿਆ।

ਵਿਚਾਰਧਾਰਕ ਤੌਰ ਤੇ ਆਲੰਕਾਰਵਾਦੀ, ਵਿਚਾਰਵਾਦੀ ਅਤੇ ਨਿੱਜਵਾਦੀ ਹਿੰਦੂਤਵ ਸੰਸਾਰ ਦ੍ਰਿਸ਼ਟੀਕੋਣ- ਵਿਗਿਆਨਕ, ਪਦਾਰਥਵਾਦੀ, ਤਰਕ, ਉਦੇਸ਼ਵਾਦੀ ਅਤੇ ਸੰਸਾਰ ਨੂੰ ਸਮਝਣ ਅਤੇ ਬਦਲਣ ਦੀ ਦਵੰਦਵਾਦੀ ਸਮਝ ਦਾ, ਵਿਗਿਆਨਕ ਸਮਾਜਵਾਦ ਦੀ ਸਮਝ, ਦਵੰਦਵਾਦੀ ਤੇ ਇਤਿਹਾਸਕ ਸਮਝ ਦਾ ਘੋਰ ਵਿਰੋਧੀ ਹੈ।

ਵਿਚਾਰਧਾਰਕ-ਸਿਆਸੀ ਭਗਤੀਭਾਵ,  ਸਮਾਜਕ ਨੈਤਾਗਿਰੀ, ਕੌਮੀ ਅਤੇ ਧਾਰਮਿਕ ਛਾਵਨਵਾਦ, ਗੋਬਲਜ਼ੀਅਨ ਪ੍ਰਾਪੇਗੰਡਾ, ਸੌਦੇਬਾਜ਼ੀ ਅਤੇ ਦਲਾਲੀ ਇਹ ਸਭ ਕਾਸੇ ਦੀ ਮਦਦ ਨਾਲ ਇਹ ਸਮਾਜ ਦੇ ਵੱਡੇ ਹਿੱਸੇ ਵਿੱਚੋਂ ਇੱਕ ਨੂੰ ਪੱਖ ਵਿੱਚ ਲੈਂਦੇ ਹਨ ਤੇ ਦੂਜੇ ਨੂੰ ਦਬਕਾਉਂਦੇ ਹਨ।

ਇਹਨਾਂ ਨੇ ਲੋਕਾਂ ਦੇ ਭੋਲੇਪਣ, ਪਛੜੇਪਣ, ਬੇਧਿਆਨੀ ਅਤੇ ਵਿਰੋਧਤਾਈਆਂ ਦਾ ਪੂਰਾ ਲਾਹਾ ਲਿਆ ਅਤੇ ਸਾਡੇ ਦੇਸ਼ ਦੇ ਅਰਧ ਜਗੀਰੂ ਅਰਧ ਬਸਤੀ ਢਾਂਚੇ ਦੇ ਅੰਦਰ ਡੂੰਘੀ ਪਈ ਤੰਗਨਜ਼ਰੀ ਨੂੰ ਪੂਰਾ ਪੂਰਾ ਵਰਤਿਆ।

ਉਹ ਲਗਾਤਾਰ ਝੂਠ, ਪਾਖੰਡ, ਲੋਕਾਂ ਦਾ ਧਿਆਨ ਭਟਕਾਉਣ ਅਤੇ ਉਹਨਾਂ ਨੂੰ ਵੰਡਣ  ਵਿੱਚ ਰੁੱਝੇ ਰਹਿੰਦੇ ਹਨ।ਅਕਸਰ ਉਹ ਜੋ ਕਹਿੰਦੇ ਹਨ ਉਹਦਾ ਬਿਲਕੁਲ ਉਲਟਾ ਕਰਦੇ ਹਨ ਅਤੇ ਜੋ ਉਹ ਕਰਦੇ ਹਨ ਉਹਦਾ ਬਿਲਕੁਲ ਉਲਟਾ ਪ੍ਰਚਾਰਦੇ ਹਨ।

ਉਹਨਾਂ ਨੇ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਉਤਪਾਦਾਂ ਨੂੰ ਵਰਤਿਆ ਤਾਂ ਜੋ ਲੋਕਾਂ ਨੂੰ ਕਾਬੂ ਕਰ ਸਕਣ ਅਤੇ ਆਪਣੇ ਸੱਜੇ-ਪੱਖੀ ਸਮਾਜਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਹਿੱਤ ਪੂਰੇ ਕਰ ਸਕਣ।

ਹਿੰਦੂਤਵਾ ਫਾਸ਼ੀਵਾਦ ਨੇ ਆਪਣੇ ਆਪ ਨੂੰ ਬਦਲਦੀਆਂ ਹਾਲਤਾਂ ਅਨੁਸਾਰ ਢਾਲਿਆ ਅਤੇ ਹਰ ਮੋਜੂਦਾ ਢੰਗ ਨਾਲ ਆਪਣੇ ਝੂਠਾਂ, ਵਹਿਮਾਂ ਅਤੇ ਖੂਨੀ ਇਰਾਦਿਆਂ ਨੂੰ ਫੈਲਾਇਆ। ਆਪਣੀ ਵਿਚਾਰਧਾਰਾ ਅਤੇ ਇਰਾਦਿਆਂ ਤੋਂ ਬਿਲਕੁਲ ਉਲਟ ਇਹਨਾਂ ਨੇ ਆਪਣੇ ਆਪ ਨੂੰ ਅਹਿੰਸਾਵਾਦੀ ਕਿਹਾ ਅਤੇ ਆਪਣੇ ਆਪ ਨੂੰ ਮਹਿਜ ਸੱਭਿਆਚਾਰਕ ਜੱਥੇਬੰਦੀ ਕਿਹਾ ਜੋ ਭਾਰਤੀ ਸੰਵਿਧਾਨ ਨੂੰ ਮੰਨਦੀ ਹੋਵੇ (ਜਿਵੇਂ ਗਾਂਧੀ ਦੇ ਕਤਲ ਤੋਂ ਬਾਅਦ ਆਪਣੇ ਆਪ ਤੋਂ ਪਾਬੰਦੀ ਹਟਾਉਣ ਲਈ ਆਰ.ਐਸ.ਐਸ ਨੇ ਕਿਹਾ ਸੀ)- ਪਰ ਇਹਨਾਂ ਦੇ ਕੰਮ ਇਹਨਾਂ ਦੀ ਕਹਾਉਤ ਤੋਂ ਉਲਟੇ ਹੀ ਸਾਬਿਤ ਹੁੰਦੇ ਹਨ।

ਆਪਣੇ ਨਾਜ਼ੀ ਭਾਈਵਾਲਾਂ ਵਾਂਗ, ਇਹਨਾਂ ਨੇ ਭਾਰਤੀ ਸੰਸਦੀ ਢਾਂਚੇ ਨੂੰ ਵੀ ਵਰਤਿਆ ਤਾਂ ਜੋ ਇਹ ਤਾਕਤ ਵਿੱਚ ਆ ਕੇ ਆਪਣੇ ਇਰਾਦਿਆਂ ਤੱਕ ਪਹੁੰਚ ਜਾਣ।

1951 ਦੇ ਭਾਰਤੀ ਜਨਸੰਘ ਬਣਨ ਤੋਂ ਲੈ ਕੇ 1997 ਤੱਕ ਭਾਜਪਾ ਦੀ ਸਰਕਾਰ ਬਣਨ ਤੱਕ, ਹਿੰਦੂਤਵ ਫਾਸ਼ੀਵਾਦ ਨੇ ਸੰਸਦੀ ਸਿਆਸਤ ਦੇ ਪਰਦੇ ਹੇਠ ਦੇਸ਼ ਦੇ ਵੱਡੇ ਹਿੱਸੇ ਤੇ ਪਕੜ ਬਣਾ ਲਈ। ਜਿਵੇਂ ਰਾਮ ਜਨਮ ਭੂਮੀ ਅੰਦੋਲਨ, ਰਥ ਯਾਤਰਾ, ਬਾਬਰੀ ਮਸਜ਼ਿਦ, ਮੁਸਲਮਾਨਾਂ ਦਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਤਲੇਆਮ, ਗੁਜ਼ਰਾਤ ਨਸਲਕੁਸ਼ੀ ਅਤੇ ਇਹੋ ਜਿਹੇ ਹੋਰ ਛੋਟੇ ਵੱਡੇ ਕਾਂਡ ਦਰਸਾਉਂਦੇ ਹਨ ਕਿ ਇਹਨਾਂ ਨੇ ਸੰਸਦ ਤੱਕ ਪਹੁੰਚਣ ਲਈ ਸੰਸਦੀ ਕੰਮਾਂ ਤੋਂ ਬਿਨਾਂ ਹੋਰ ਹਿੰਸਕ ਤਰੀਕੇ ਵੀ ਅਪਣਾਏ।

ਇਹਨਾਂ ਦੇ ਤਰੀਕਿਆਂ ਵਿੱਚ ਸਫ਼ਲਤਾ ਮਿਲਣ ਦਾ ਇੱਕ ਵੱਡਾ ਕਾਰਨ ਇਹਨਾਂ ਦੇ ਪਾਰਲੀਮਾਨੀ ਵਿਰੋਧੀ ਵੀ ਹਨ।ਭਾਵੇਂ ਉਹ ਕਾਂਗਰਸ ਹੋਵੇ, ਸੋਧਵਾਦੀ ਸੀ.ਪੀਆਈ, ਸੀ.ਪੀ.ਐਮ ਜਾਂ ਹੋਰ ਖੇਤਰੀ ਪਾਰਟੀਆਂ। ਇਹ ਸਭ ਹਿੰਦੂਤਵ ਫਾਸੀਵਦ ਦਾ ਰਥ ਰੋਕਣ ਵਿੱਚ ਖੱਸੀ ਸਾਬਿਤ ਹੋਈਆਂ

ਬਲਕਿ, ਇਹਨਾਂ ਹਾਕਮ ਜਮਾਤੀ ਪਾਰਟੀਆਂ ਦੇ ਅੰਦਰ ਵੀ ਕਿਤੇ ਨਾ ਕਿਤੇ ਹਿੰਦੂਵਾਦ ਦੀ ਭਾਵਨਾ ਹੈ ਜਿਸਨੇ ਹਿੰਦੂਤਵਾ ਨਾਲ ਜਮਾਤੀ ਸਾਂਝ ਅਤੇ ਮੌਕਾਪ੍ਰਸਤੀ ਸਿਆਸਤ ਕਰਕੇ ਇਹਨਾਂ ਨੂੰ ਵਧਣ ਵਿੱਚ ਬਲ ਦਿੱਤਾ।2014 ਦੀਆਂ ਸੰਸਦੀ ਚੋਣਾਂ ਤੋਂ ਬਾਅਦ, ਭਾਜਪਾ ਸਭ ਤੋਂ ਵੱਡੀ, ਸਭ ਤੋਂ ਤਾਕਤਵਾਰ ਅਤੇ ਕਾਂਗਰਸ ਨੂੰ ਲਾਂਭੇ ਕਰਕੇ ਸਾਮਰਾਜੀਆਂ ਦੀ ਚਾਕਰ ਭਾਰਤੀ ਦਲਾਲ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਚਹੇਤੀ ਬਣ ਕੇ ਉੱਭਰੀ ਹੈ।

ਅਤੀਤ ਦੇ ਸਾਰੇ ਫਾਸ਼ੀਵਾਦੀਆਂ ਵਾਂਗ, ਹਿੰਦੂਤਵ ਫਾਸ਼ੀਵਾਦ ਦਾ ਮੌਜੂਦਾ ਵਿਕਾਸ ਸਾਲ 2008 ਤੋਂ ਸ਼ੁਰੂ ਹੋਏ ਸੰਸਾਰ ਸਰਮਾਏਦਾਰਾ ਪ੍ਰਬੰਧ ਦੇ ਡੂੰਘੇ ਸੰਕਟ ਦਰਮਿਆਨ ਹੋਇਆ ਅਜਿਹਾ ਸੰਕਟ ਜੋ ਕਿਧਰੇ ਟਲਦਾ ਨਹੀਂ ਵਿਖ ਰਿਹਾ। ਪੂਰੀ ਦੁਨੀਆਂ ਵਿੱਚ ਫਾਸ਼ੀਵਾਦੀ ਰੁਝਾਨ ਦਿਖ ਰਹੇ ਹਨ।

ਭਾਰਤ ਵਿੱਚ ਵੀ, ਕਾਂਗਰਸ ਦੀ ਅਗਵਾਈ ਵਾਲਾ ਯੂ.ਪੀ.ਏ ਭਾਰਤੀ ਹਾਕਮ ਜਮਾਤ ਲਈ ਹੁਣ ਬੇਮਾਅਨਾ ਹੋ ਚੁੱਕਿਆ ਹੈ। ਇਸੇ ਲਈ ਹੁਣ ਮੋਦੀ ਦੀ ਅਗਵਾਈ ਵਾਲੀ ਭਾਜਪਾ ਬੇਕਿਰਕੀ ਨਾਲ ਨਵ-ਉਦਾਰਵਾਦੀ ਏਜੰਡੇ ਨੂੰ ਅੱਗੇ ਲੈ ਕੇ ਵਧ ਰਹੀ ਹੈ ਲੋੜ ਪੈਣ ਤੇ ਫਾਸ਼ੀਵਾਦੀ ਤਰੀਕੇ ਵੀ ਵਰਤ ਰਹੀ ਹੈ।ਭਾਜਪਾ ਆਪਣੀ ਨਵ-ਫਾਸ਼ੀਵਾਦੀ ਹਿੰਦੂਤਵਾ ਵਿਚਾਰਧਾਰਾ ਅਤੇ ਆਪਣੀਆਂ ਹੋਰ ਜੱਥੇਬੰਦੀਆਂ ਜ਼ਰੀਏ ਸਮਾਜ ਦੇ ਵੱਖ ਵੱਖ ਹਿੱਸੇ ਵਿੱਚ ਪਹੁੰਚ ਹੋਣ ਕਰਕੇ, ਇਸ ਕੰਮ ਲਈ ਸਭ ਤੋਂ ਵਧੀਆ ਸੀ। (ਚਲਦਾ)

ਅਨੁਵਾਦਕ: ਬਲਤੇਜ

2 thoughts on “ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ: ਭਾਗ – ਦੂਜਾ (ਵਰਵਰਾ ਰਾਓ)

Leave a Reply

Your email address will not be published. Required fields are marked *

Social profiles