ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ : ਭਾਗ – ਪਹਿਲਾ (ਵਰਵਰਾ ਰਾਓ)

Read Time:8 Minute, 42 Second

ਬ੍ਰਾਹਮਣਵਾਦੀ ਹਿੰਦੁਤਵੀ ਫਾਸੀਵਾਦ ਨੂੰ ਟੱਕਰ ਦੇਵੋ!

ਲਮਕਵੇਂ ਲੋਕ ਯੁੱਧ ਨੂੰ ਫੈਲਾਓ!

ਨਵ-ਜਮਹੂਰੀ ਇਨਕਲਾਬ ਨੂੰ ਅੱਗੇ ਵਧਾਓ!

ਮੁਹੰਮਦ ਅਖ਼ਲਾਕ, ਪ੍ਰੋ ਕਲਬੁਰਗੀ ਅਤੇ ਯਾਕੂਬ ਮੈਮਨ ਦੇ ਕਤਲ ਦੀਆਂ ਘਟਨਾਵਾਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦੇ ਹੇਠ ਦੇਸ਼ ਦੀ ਹਾਲਾਤ ਨੂੰ ਕਈ ਚਿੰਨ੍ਹਾਂ ਨਾਲ ਦਰਸਾਉਂਦੀਆਂ ਹਨ। ਅਖ਼ਲਾਕ ਨੂੰ ਸਤੰਬਰ ਵਿੱਚ ਉਹਦੇ ਘਰ ਦਾਦਰੀ ਵਿਖੇ ਭੀੜ ਨੇ ਕਤਲ ਕਰ ਦਿੱਤਾ, ਉਹ ਭੀੜ ਜੋ ਸੰਘੀ ਗੁੰਡਿਆਂ ਵੱਲੋਂ ਗਾਂ-ਮਾਸ ਦੀਆਂ ਅਫਵਾਹਾਂ ਫੈਲਾ ਕੇ ਇਕੱਠੀ ਕੀਤੀ ਤੇ ਉਕਸਾਈ ਗਈ ਸੀ।

ਪ੍ਰੋ. ਕਲਬੁਰਗੀ ਨੂੰ ਕਰਨਾਟਕਾ ਵਿੱਚ ਹਿੰਦੂ ਫਾਸ਼ੀਵਾਦੀਆਂ ਦੀਆਂ ਕਰਤੂਤਾਂ ਖਿਲਾਫ ਲਗਾਤਾਰ ਅਤੇ ਅਟੱਲ ਵਿਰੋਧ ਕਾਰਨ ਅਣਪਛਾਤੇ ਬੰਦਿਆਂ ਵੱਲੋਂ ਗੋਲੀ ਮਾਰ ਦਿੱਤੀ ਗਈ। ਮੈਮਨ ਨੂੰ 1993 ਦੇ ਬੰਬ ਧਮਾਕਿਆਂ ਲਈ ‘ਨਿਆਂ ਦੇ ਘੇਰੇ’ ਵਿੱਚ ਲਿਆ ਕੇ ਜੁਲਾਈ 2015 ਵਿੱਚ ਨਾਗਪੁਰ ਜੇਲ ਵਿਖੇ ਫਾਂਸੀ ਚੜ੍ਹਾ ਦਿੱਤਾ ਗਿਆ।

‘ਹਿੰਦੂ ਰਾਸ਼ਟਰ’ ਦੇ ਆਪੂ ਬਣੇ ਝੰਡਾ ਬਰਦਾਰ, ਕਿਸੇ ਨੂੰ ਉਹਦੀ ਖਾਣ ਦੀ ਚੋਣ ਕਰਕੇ ਦੇਸ਼ ਵਿਰੋਧੀ ਦੱਸਦੇ ਹਨ, ਕਿਸੇ ਨੂੰ ਬੇਬਾਕ ਬੋਲਣ ਕਰਕੇ ਤੇ ਕਿਸੇ ਨੂੰ ਸਿਰਫ਼ ਇਸੇ ਕਰਕੇ ਦੇਸ਼ ਵਿਰੋਧੀ ਦੱਸਦੇ ਹਨ ਕਿ ਉਹ ਕਿਸੇ ਅਜਿਹੇ ਮੁਸਲਮਾਨ ਦਾ ਭਰਾ ਹੈ ਜੋ ਅਖੌਤੀ ਦੇਸ਼ ਵਿਰੋਧੀ ਗਤੀਵਿਧੀਆਂ ਕਰਦਾ ਸੀ- ‘ਜ਼ੁਰਮ’ ਜਿਹਦੀ ਸਜ਼ਾ ਮਨੂੰਵਾਦੀ ਫਾਸੀਵਾਦੀਆਂ ਦੇ ਮੁਤਾਬਿਕ ਫਾਂਸੀ ਹੋਣੀ ਚਾਹੀਦੀ ਹੈ।

ਭਾਵੇਂ ਇਹ ਸਾਰੀ ਕਾਰਵਾਈ ਰਾਜ ਦੀਆਂ ਅਦਾਲਤਾਂ ਵੱਲੋਂ ਕੀਤੀ ਜਾਵੇ ਤੇ ਭਾਵੇਂ ਸੰਘੀਆਂ ਦੇ ਪਾਲੇ ਕਾਤਲ ਗੁੰਡੇ ਕਰਨ ਇਸ ਵਿੱਚ ਬੱਸ ਬੰਦੇ ਦਾ ਅੰਤ ਹੀ ਥੋੜਾ ਵੱਖਰਾ ਹੋਵੇਗਾ।

ਇਹ ਕਤਲ (ਗੋਵਿੰਦ ਪਨਸਾਰੇ ਅਤੇ ਨਰਿੰਦਰ ਦਬੋਲਕਰ ਦੇ ਵੀ) ਬਾਕੀਆਂ ਨਾਲੋਂ ਕੁਝ ਜਿਆਦਾ ਚਰਚਿਤ ਘਟਨਾਵਾਂ ਸਨ ਜਿਸ ਕਰਕੇ ਇਹ ਹਿੰਦੂ ਫਾਸੀਵਾਦੀ ਤਾਕਤਾਂ ਵੱਲੋਂ ਪੂਰੇ ਦੇਸ਼ ਵਿੱਚ ਕੀਤੇ ਜਾ ਰਹੇ ਹਮਲਿਆਂ ਦੇ ਰਾਹ ਵਿੱਚ ਅੜਿੱਕਾ ਬਣ ਗਈਆਂ।

ਖਾਸ ਕਰ ਜਦੋਂ ਦੀ ਭਾਜਪਾ ਸੱਤਾ ਵਿੱਚ ਆਈ ਹੈ, ਇਹੋ ਜਿਹੇ ਕਤਲ ਤਾਂ ਨਿੱਤ ਦਿਹਾੜੀ ਦੀ ਗੱਲ ਹੋ ਗਏ ਹਨ। ਕੁਝ ਵੱਲੋਂ ਇਹਨਾਂ ਨੂੰ ਭਾਜਪਾ ਦੀ’ ਅਸਹਿਣਸ਼ੀਲਤਾ’ ਦੱਸਿਆ ਗਿਆ, ਪਰ ਇਹ ਬ੍ਰਾਹਮਣਵਾਦੀ ਹਿੰਦੂ ਫਾਸ਼ੀਵਾਦੀ ਤਾਕਤਾਂ ਦੇ ਚਹੁੰ-ਮੁਖੀ ਹਮਲੇ ਦਾ ਹਿੱਸਾ ਸਨ ਜੋ ਨਿੱਤ ਦਿਨ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ।

ਇਹ ਹਮਲੇ ਵਿਚਾਰਧਾਰਕ, ਸਿਆਸੀ, ਸਮਾਜਕ, ਧਾਰਮਿਕ, ਨੈਤਿਕ, ਆਰਥਿਕ, ਸੱਭਿਆਚਾਰਕ ਅਤੇ ਕੁਦਰਤ ਤੇ ਵੀ ਹਨ- ਜੋ ਹਿੰਸਾ ਅਤੇ ਅਹਿੰਸਾ ਦੇ ਨਾਲ, ਕਾਨੂੰਨੀ ਅਤੇ ਗੈਰ-ਕਾਨੂੰਨੀ ਜ਼ਰੀਏ, ਸੰਵਿਧਾਨ ਅਤੇ ਸੰਵਿਧਾਨ ਤੋਂ ਪਾਰ ਜਾ ਕੇ ਹੋ ਰਹੇ ਹਨ।

ਉਹਨਾਂ ਦੇ ਨਿਸ਼ਾਨੇ ਤੇ ਮਤਭੇਦ ਰੱਖਣ ਵਾਲੇ ਅਤੇ ਉਹਨਾਂ ਦੇ ਅਕੀਦਿਆਂ ਤੇ ਨਾ ਚੱਲਣ ਵਾਲੇ ਸਾਰੇ ਹਨ, ਖਾਸਕਰ ਲੜ ਰਹੀਆਂ ਜੱਥੇਬੰਦੀਆਂ ਅਤੇ ਇਨਕਲਾਬੀ, ਜਮਹੂਰੀ, ਧਰਮ ਨਿਰਪੱਖ ਅਤੇ ਦੇਸ਼ ਭਗਤ ਲੋਕ।ਨਾਲ ਦੀ ਨਾਲ ਹੀ ਮੁਸਲਮਾਨ ਅਤੇ ਇਸਾਈ, ਦਲਿਤ ਅਤੇ ਆਦਿਵਾਸੀ, ਔਰਤਾਂ ਅਤੇ ਹੋਰ ਦੱਬੇ ਕੁਚਲੇ ਲੰਿਗ ਵਾਲੇ ਲੋਕ, ਦਬਾਈਆਂ ਜਾਂਦੀਆਂ ਕੌਮਾਂ ਹੋਰ ਤਾਂ ਹੋਰ ਪਾਰਲੀਮਾਨੀ ਵਿਰੋਧੀਆਂ ਦਾ ਇੱਕ ਹਿੱਸਾ ਵੀ।

ਮਤਲਬ, ਹਰ ਕੋਈ ਜੋ ਉਹਨਾਂ ਦੇ ਹਿੰਦੂਤਵੀ ਖਾਕੇ ‘ਚ ਫਿਟ ਬਹਿਣ ਤੋਂ ਇਨਕਾਰੀ ਹੈ ਜਾਂ ਉਹਨਾਂ ਦੀ ਫਾਸ਼ੀ ਤਾਨਾਸ਼ਾਹੀ ਦਾ ਵਿਰੋਧ ਕਰਦਾ ਹੈ ਉਹ ਸਾਰੇ ਨਿਸ਼ਾਨੇ ਤੇ ਹਨ। ਇਹੋ ਜਿਹੇ ਵੇਲੇ ਜਦੋਂ ਹਿੰਦੂ ਫਾਸ਼ੀ ਤਾਕਤਾਂ ਆਪਣੇ ਹਮਲੇ ਦੇਸ਼ ਅਤੇ ਸਮਾਜ ਦੇ ਹਰ ਹਿੱਸੇ ਤੇ ਪਕੜ ਵਧਾ ਰਹੀਆਂ ਹਨ, ਤਾਂ ਕਿਸੇ ਨੂੰ ਇਹ ਸੋਚਣ ਲਈ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿ ਸਮਾਜ ਦਾ ਇੱਕ ਵੱਡਾ ਹਿੱਸਾ ‘ਹਿੰਦੂ ਰਾਸ਼ਟਰ’ ਦੇ ਪਰਛਾਵੇਂ ਹੇਠ ਰਹਿਣ ਲਈ ਬਣਾ ਦਿੱਤਾ ਗਿਆ ਹੈ।

ਹਿੰਦੂ ਫਾਸ਼ੀਵਾਦ, ਆਪਣੀਆਂ ਕੁਝ ਖਾਸੀਅਤਾਂ ਦੇ ਬਾਵਜੂਦ, ਸਰਮਾਏਦਾਰਾ ਮੁਲਕਾਂ ਦੇ ਉਹਨਾਂ ਫਾਸ਼ੀਵਾਦਾਂ ਨਾਲ ਮੇਲ ਖਾਂਦਾ ਹੈ ਜੋ 1930 ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਮੰਦੀ ਦੇ ਦੌਰ ਵਿੱਚੋਂ ਨਿੱਕਲੇ, ਉਹ ਭਿਆਨਕ ਮੰਦੀ ਜੋ ਦੋ ਸਾਮਰਾਜੀ ਜੰਗਾਂ ਦੇ ਵਿਚਕਾਰਲੇ ਵਕਫ਼ੇ ਦੌਰਾਨ ਆਈ।

ਇਟਾਲੀਅਨ ਫਾਸ਼ੀਵਾਦ ਅਤੇ ਜਰਮਨੀ ਨਾਜ਼ੀਵਾਦ ਵਾਂਗੂ, ਹਿੰਦੂਤਵਾ ਵੀ ਸਾਮਰਾਜੀ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਵਰਤਾਰੇ ਦਾ ਦੌਰ ਹੈ, ਜਿਹੜਾ ਸਾਮਰਾਜੀ-ਸਰਮਾਏਦਾਰੀ ਦੇਸ਼ਾਂ ਵਿੱਚ ਸੱਜੇ ਪੱਖੀ ਅਤੇ ਫਾਸ਼ੀ ਪਾਰਟੀਆਂ, ਸੰਸਥਾਵਾਂ, ਹਥਿਆਰਬੰਦ ਟੁਕੜੀਆਂ ਦੇ ਨਾਲ ਪਾਰਲੀਮਾਨੀ ਜਮਹੂਰੀ ਨਕਾਬ ਸਮੇਤ ਜਾਂ ਉਸਤੋਂ ਬਿਨਾਂ ਹੀ ਉੱਭਰਿਆ ਹੈ। ਫਾਸ਼ੀਵਾਦ ਨੇ ਆਪਣਾ ਸਿਰ ਪੂਰਾ ਉੱਨਤ ਹੋ ਕੇ ਚੁੱਕਿਆ, ਜਦ ਸਰਮਾਏਦਾਰੀ ਆਪਣੀ ਆਮ ਮੰਦੀ ਦੇ ਦੌਰ ਵਿੱਚ ਦਾਖਲ ਹੋ ਚੁੱਕੀ ਸੀ ਅਤੇ ਬਾਲਸ਼ਵਿਕ ਇਨਕਲਾਬ ਤੋਂ ਬਾਅਦ ਸਮਾਜਵਾਦ ਅਸਲ ਬਦਲ ਦੇ ਤੌਰ ਤੇ ਪੂਰੀ ਦੁਨੀਆਂ ਦੇ ਲੋਕਾਂ ਸਾਹਮਣੇ ਉੱਭਰ ਰਿਹਾ ਸੀ।

ਉਸ ਵੇਲੇ ਦੀਆਂ ਇਟਾਲੀਅਨ, ਜਰਮਨ, ਜਪਾਨੀ ਅਤੇ ਹੋਰ ਫਾਸ਼ੀ ਲਹਿਰਾਂ ਨੇ ਉਹਨਾਂ ਦੇਸ਼ਾਂ ਦੀਆਂ ਸਾਮਰਾਜੀ ਹਾਕਮ ਜਮਾਤਾਂ ਦੇ ਸਾਹਮਣੇ ਪੈਦਾ ਹੋਏ ਅਸਲ ਸੰਕਟ ਨੂੰ ਦਰਸਾਇਆ।

ਇਹ ਮਜ਼ਦੂਰ ਜ਼ਮਾਤ ਦੇ ਖਿਲਾਫ ਬੁਰਜੂਆਜ਼ੀ ਦਾ ਸਿਆਸੀ ਗੁਨਾਹ ਸੀ ਜੋ ਉਹਨਾਂ ਨੇ ਆਪਣੀ ਆਰਥਿਕ ਅਤੇ ਸਿਆਸੀ ਮੰਦੀ ਵਿੱਚੋਂ ਬਾਹਰ ਆਉਣ ਲਈ ਕੀਤਾ। ਉਹਨਾਂ ਨੇ ਆਪਣੇ ਦੇਸ਼ ਦੇ ਅੰਦਰ ਨੰਗੀ ਚਿੱਟੀ ਅੱਤਵਾਦੀ ਨੀਤੀ ਅਪਣਾਈ ਅਤੇ ਗੁੱਸੇਖੋਰੀ ਅਤੇ ਜੰਗਾਂ ਨੂੰ ਵਿਦੇਸ਼ੀ ਨੀਤੀ ਬਣਾ ਲਿਆ।

ਦੇਸ਼ ਦੇ ਅੰਦਰ ਫਾਸ਼ੀਵਾਦੀਆਂ ਦੇ ਅਸਲ ਦੁਸ਼ਮਣ ਮਜ਼ਦੂਰਾਂ ਅਤੇ ਆਮ ਲੋਕਾਈ ਦੀਆਂ ਜੱਥੇਬੰਦੀਆਂ, ਇਨਕਲਾਬੀ ਪ੍ਰੋਲੇਤਾਰੀ ਪਾਰਟੀਆਂ, ਜਮਹੂਰੀ ਜੱਥੇਬੰਦੀਆਂ, ਕੌਮੀ ਘੱਟਗਿਣਤੀਆਂ ਅਤੇ ਪ੍ਰਵਾਸੀ ਸਨ। ਜਦਕਿ ਦੇਸ਼ ਦੇ ਬਾਹਰ ਇਹਨਾਂ ਦੇ ਮੁੱਖ ਨਿਸ਼ਾਨੇ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਕੈਂਪ ਅਤੇ ਉਹ ਬਸਤੀਆਂ ਅਤੇ ਅਰਧ-ਬਸਤੀਆਂ ਸਨ ਜਿੰਨ੍ਹਾਂ ਵਿੱਚ ਕੌਮੀ ਆਜ਼ਾਦੀ ਦੀਆਂ ਲਹਿਰਾਂ ਸਿਖਰਾਂ ਤੇ ਸਨ।

ਉਹਨਾਂ ਨੇ ਉਲਟ ਇਨਕਲਾਬੀ ਜੰਗਾਂ ਸੰਸਾਰ ਦੀਆਂ ਸਾਰੀਆਂ ਕਮਿਊਨਿਸਟ ਅਤੇ ਜਮਹੂਰੀ ਤਾਕਤਾਂ ਦੇ ਖਿਲਾਫ ਲੜੀਆਂ ਜਦ ਤੱਕ ਇਨਕਲਾਬੀ ਅਤੇ ਕੌਮੀ ਇਨਕਲਾਬਾਂ ਦੀਆਂ ਜੰਗਾਂ ਨੇ ਉਹਨਾਂ ਨੂੰ  ਸਿਵਿਆਂ ਤੱਕ ਨਾ ਪਹੁੰਚਾ ਦਿੱਤਾ।

ਪਰ ਹਿੰਦੂਤਵ ‘ਮੇਡ ਇਨ ਇੰਡੀਆ’ ਕਿਸਮ ਦੀ ਸ਼ੈਅ- ਆਪਣੇ ਯੂਰਪੀ ਅਤੇ ਜਪਾਨੀ ਭਾਈਵਾਲਾਂ ਤੋਂ ਸਿਰਫ ਵੱਖਰਾ ਹੀ ਨਹੀਂ ਬਲਕਿ ਇਹਦੇ ਬੀਅ ਤਾਂ ਸੌ ਸਾਲ ਪੁਰਾਣੇ ਹਨ। ਹਿੰਦੂਤਵ ਭਾਰਤ ਦੇ ਜਾਤੀ ਰੂੜ੍ਹੀਵਾਦ ਦੇ ਨਾਲ ਘੁਲਿਆ ਮਿਲਿਆ (ਜਿਵੇਂ ਇਹਦੀ ਜਨਮਜ਼ਾਤ ਉੱਚੇ ਹੋਣ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਹੈ ਹੀ, ਆਦਿ) ਅਤੇ ਨਾਲੋ ਨਾਲ ਆਧੁਨਿਕ ਬੁਰਜ਼ੂਆ ਸੰਕਲਪ (ਜਿਵੇਂ ਦੇਸ਼, ਬਸਤੀਵਾਦੀ ਪੱਖੀ ਸਕਾਲਰਾਂ ਦਾ ਆਰੀਅਨ ਨਸਲ ਦਾ ਸਿਧਾਂਤ ਅਤੇ ਭਾਰਤੀ ਇਤਿਹਾਸ ਦੀ ਫਿਰਕੂ ਬਣਤਰ ਅਤੇ ਹੋਰ ਬਹੁਤ ਕੁਝ) ਜਿਹੜਾ ਕਿ ਭਾਰਤੀ ਦਲਾਲ ਹਾਕਮ ਜਮਾਤ ਅਤੇ ਪੁਰਾਣੀਆਂ ਸਮਾਜਿਕ ਤਾਕਤਾਂ ਨੂੰ ਠੀਕ ਬੈਠਦਾ ਸੀ।

‘ਹਿੰਦੂ ਰਾਸ਼ਟਰ ਦੇ ਗੌਰਵਮਈ ਭਵਿੱਖ’ ਦੀ ਕਾਢ ਲਈ ਇਹਨਾਂ ਨੇ ਇਤਿਹਾਸ ਨਾਲ ਛੇੜਛਾੜ ਕੀਤੀ, ਬਿਨਾਂ ਇਹ ਤੱਥ ਨੂੰ ਜਾਣੇ ਕਿ ਅੰਗਰੇਜ਼ਾਂ ਦੇ ਇਸ ਖਿੱਤੇ ਤੇ ਕਬਜ਼ਾ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਹਿੰਦੂ ਧਰਮ ਸੀ ਅਤੇ ਨਾ ਹੀ ਕੋਈ ‘ਇੰਡੀਆ’ ਨਾਮੀ ਦੇਸ਼ ਸੀ।

ਸ਼ੁਰੂਆਤੀ ਹਿੰਦੂਤਵੀ ਹਮਾਇਤੀਆਂ ਦਾ ਨਿੱਕਾ ਦਿਮਾਗ ਅਸਲ ਵਿੱਚ ‘ਹਿੰਦੂ ਰਾਸ਼ਟਰ'(ਦੇਸ਼) ਦਾ ਨਵ-ਬ੍ਰਾਹਮਣਵਾਦੀ ਸੱਜੇਪੱਖੀ ਖਾਮ-ਖਿਆਲੀ ਵਿਚਾਰ ਸੀ, ਜਿਹਨੂੰ ਹਿੰਦੁਤਵ ਫਾਸ਼ੀਆਂ ਨੇ ਦੇਸ਼ ਦਾ ‘ਮਾਣਯੋਗ’ ਇਤਿਹਾਸ ਦਰਸਾਇਆ ਅਤੇ ਇਸੇ ਨੂੰ ਦੇਸ਼ ਦੇ ‘ਸੁਨਹਿਰੇ’ ਭਵਿੱਖ ਲਈ ਆਦਰਸ਼ ਮੰਨਿਆ।

ਉਹਨਾਂ ਨੇ ਇਹ ਫਾਸ਼ੀ ਵਿਚਾਰਧਾਰਾ ਉਹਨਾਂ ਹਿੰਦੂਆਂ, ਗੈਰ-ਹਿੰਦੂਆਂ, ਹੋਰ ਭਾਈਚਾਰਿਆਂ, ਵਰਗਾਂ ਤੇ ਥੋਪਣੀ ਚਾਹੀ ਜਿਹੜੇ ਉਹਨਾਂ ਦੀ ਇਸ ਸਮਾਜਿਕ ਅਤੇ ਇਤਿਹਾਸਕ ਫਿਰਕੂ ਸਮਝ ਵਿੱਚ ਹੁੰਗਾਰਾ ਨਹੀਂ ਭਰਦੇ ਸਨ।(ਚਲਦਾ)

ਅਨੁਵਾਦਕ: ਬਲਤੇਜ

(ਦੂਜਾ ਭਾਗ ਪੜ੍ਹਨ ਲਈ ਇਸ ਲਿੰਕ ‘ਤੇ ਜਾਉ)

2 thoughts on “ਬ੍ਰਾਹਮਣਵਾਦੀ ਫਾਸ਼ੀਵਾਦ ਅਤੇ ਨਵ-ਜਮਹੂਰੀ ਇਨਕਲਾਬ ਦਾ ਸੰਕਲਪ : ਭਾਗ – ਪਹਿਲਾ (ਵਰਵਰਾ ਰਾਓ)

Leave a Reply

Your email address will not be published. Required fields are marked *

Social profiles