ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ ਇੱਕਦਮ ਆਈ ਗਿਰਾਵਟ ਦੀ ਪੜਤਾਲ ਕਰਦਿਆਂ

Read Time:14 Minute, 2 Second

ਭਾਰਤ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਜੋ ਕਿ ਕੁੱਝ ਸਮਾਂ ਲੱਗਭੱਗ ਇੱਕ ਹੀ ਪੱਧਰ ਤੇ ਸਥਿਰ ਸੀ। ਪਰ 9 ਮਈ ਨੂੰ ਕੇਂਦਰੀ ਸਹਿਤ ਮੰਤਰਾਲੇ ਵੱਲੋਂ ਜਾਰੀ ਹੋਈ ਸੋਧੀ ਹੋਈ ਡਿਸਚਾਰਜ ਪਾਲਿਸੀ (ਮਰੀਜ਼ਾਂ ਨੂੰ ਛੁੱਟੀ ਦੇਣ ਦੀ ਨੀਤੀ) ਦੇ ਲਾਗੂ ਹੋਣ ਮਗਰੋਂ ਇਸ ਵਿੱਚ ਵੱਡੇ ਪੱਧਰ ਤੇ ਗਿਰਾਵਟ ਆਉਣ ਲੱਗੀ। ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ 34,100 ਦੇ ਕਰੀਬ ਮਰੀਜ਼ ਹਸਪਤਾਲਾਂ ਵਿੱਚੋਂ ਛੁੱਟੀ ਲੈ ਕੇ ਘਰ ਪਰਤ ਚੁੱਕੇ ਹਨ। 55,000 ਦੇ ਕਰੀਬ ਸਰਗਰਮ ਮਰੀਜ਼ਾਂ ਨਾਲ ਭਾਰਤ ਦੁਨੀਆਂ ਵਿੱਚ ਸੱਤਵੇਂ ਸਥਾਨ ਤੇ ਚੱਲ ਰਿਹਾ ਹੈ।

ਮਰੀਜ਼ਾਂ ਦੇ ਠੀਕ ਹੋਣ ਦੀ ਦਰ (recovery rate) ਮਹਾਂਮਾਰੀ ਦੇ ਮੁੱਢਲੇ ਦਿਨਾਂ ਵਿੱਚ 10-11% ਤੋਂ ਵਧਦੀ ਆ ਰਹੀ ਹੈ। ਜਿਉਂ-ਜਿਉਂ ਬਿਮਾਰੀ ਫੈਲਦੀ ਹੈ, ਇਸਦੀ ਉਮੀਦ ਵੀ ਕੀਤੀ ਜਾਂਦੀ ਹੈ। ਪਰ ਹੋਰਨਾਂ ਬਿੰਦੂਆਂ ਤੋਂ ਇਲਾਵਾ ਇਸਦਾ ਸਿੱਧਾ ਰਿਸ਼ਤਾ ਡਿਸਚਾਰਜ ਨੀਤੀ ਨਾਲ ਵੀ ਹੈ, ਕਿਉਂਕਿ ਹਸਪਤਾਲ ਵਿੱਚੋਂ ਛੁੱਟੀ ਲੈ ਚੁੱਕੇ ਮਰੀਜ਼ਾਂ ਤੋਂ ਵੀ ਇਸਦਾ ਅੰਦਾਜਾ ਲਗਾਇਆ ਜਾਂਦਾ ਹੈ। 17 ਮਈ ਤੱਕ ਭਾਰਤ ਦਾ ਰਿਕਵਰੀ ਰੇਟ 37.51% ਹੋ ਚੁੱਕਾ ਸੀ।

ਇਸ ਤੋਂ ਪਹਿਲਾਂ ਲਾਗੂ 17 ਮਾਰਚ ਵਾਲੀ ਨੀਤੀ ਮੁਤਾਬਕ ਕੋਵਿਡ-19 ਦੇ ਇਲਾਜ ਅਧੀਨ ਹਰ ਮਰੀਜ਼ ਨੂੰ ਛੁੱਟੀ ਦੇਣ ਲਈ ਘੱਟੋ-ਘੱਟ 24 ਘੰਟਿਆਂ ਦੇ ਵਕਫੇ ਤੇ ਦੋ ਵਾਰ ਕੀਤੇ ਟੈਸਟ ਦਾ ਨੇਗੇਟਿਵ ਜਾਂ ਵਾਇਰਸ ਦਾ ਨਾ ਆਉਣਾ ਜ਼ਰੂਰੀ ਸੀ। ਇਨ੍ਹਾਂ ਮਰੀਜ਼ਾਂ ਦਾ ਆਰ ਟੀ- ਪੀ ਸੀ ਆਰ {rt-PCR (Reverse Transcriptase- Polymerase Chain Reaction)} ਟੈਸਟ ਕੀਤਾ ਜਾਂਦਾ ਸੀ ਜਿਸਦੇ ਲਈ ਉੱਪਰੀ ਸਾਹ ਤੰਤਰ (Upper Respiratory Tract) ਤੋਂ ਸੈਂਪਲ ਲਿਆ ਜਾਂਦਾ ਹੈ।

9 ਮਈ ਵਾਲੀ ਨੀਤੀ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਨੂੰ ਕਲੀਨੀਕਲ ਗੰਭੀਰਤਾ ਅਤੇ ਲੱਛਣਾਂ (clinical severity and symptoms) ਦੇ ਅਧਾਰ ਤੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਪ੍ਰੀ-ਸਿੰਪਟੋਮੈਟਿਕ ਅਤੇ ਹਲਕੇ ਜਾਂ ਮਾਈਲਡ (presymptomatic & mild) ਲੱਛਣਾਂ ਵਾਲੇ ਮਰੀਜ਼ਾਂ ਨੂੰ ਇੱਕ ਸ਼੍ਰਣੀ ਵਿੱਚ ਰੱਖਿਆ ਗਿਆ ਹੈ। ਦੂਜੀ ਸ਼੍ਰੇਣੀ ਵਿੱਚ ਮੱਠੇ ਜਾਂ ਮੌਡਰੇਟ (moderate) ਲੱਛਣਾਂ ਵਾਲੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ ਅਤੇ ਤੀਜੀ ਸ਼੍ਰੇਣੀ ਵਿੱਚ ਗੰਭੀਰ ਜਾਂ ਸਵੀਅਰ (severe) ਲੱਛਣਾਂ ਵਾਲੇ ਅਤੇ ਬਹੁਤ ਘੱਟ ਇਮਿਊਨਿਟੀ ਵਾਲੇ (ਏਡਜ਼, ਕੈਂਸਰ, ਟ੍ਰਾਂਸਪਲਾਂਟ ਆਦਿ) ਮਰੀਜ਼ਾਂ ਨੂੰ ਰੱਖਿਆ ਗਿਆ ਹੈ।

ਨਵੀਂ ਨੀਤੀ ਮੁਤਾਬਕ ਛੁੱਟੀ ਦੇਣ ਤੋਂ ਪਹਿਲਾਂ ਸਿਰਫ ਤੀਜੀ ਸ਼੍ਰੇਣੀ ਵਿੱਚ ਆਉਂਦੇ ਮਰੀਜ਼ਾਂ ਦਾ ਟੈਸਟ ਕਰਨਾ ਹੀ ਲਾਜ਼ਮੀ ਹੋਵੇਗਾ। ਬਾਕੀ ਦੋ ਸ਼੍ਰੇਣੀਆਂ ਵਿੱਚ ਆਉਂਦੇ ਮਰੀਜ਼ਾਂ ਨੂੰ ਸਿਰਫ ਕਲੀਨੀਕਲ ਲੱਛਣਾਂ ਦੇ ਆਧਾਰ ਤੇ ਹੀ ਛੁੱਟੀ ਦੇ ਦਿੱਤੀ ਜਾਵੇਗੀ। ਇਸ ਵਿੱਚ ਮੱਠੇ ਜਾਂ ਮੌਡਰੇਟ ਕੇਸਾਂ ਲਈ ਬਿਨ੍ਹਾਂ ਬੁਖਾਰ ਦੀ ਦਵਾਈ ਦੇ ਲਗਾਤਾਰ ਤਿੰਨ ਦਿਨਾਂ ਲਈ ਬੁਖਾਰ ਨਾ ਚੜ੍ਹਣਾ, ਸਾਹ ਨਾ ਚੜ੍ਹਣਾ ਅਤੇ ਸਾਹ ਲੈਣ ਲਈ ਆਕਸੀਜਨ ਦੀ ਲੋੜ ਨਾ ਪੈਣ ਦੇ, ਅਤੇ ਜੇ ਕਿਸੇ ਨੂੰ ਆਕਸੀਜਨ ਦੀ ਲੋੜ ਹੈ, ਉਸਨੂੰ ਲੱਛਣਾਂ ਦੇ ਠੀਕ ਹੋਣ ਅਤੇ ਲਗਾਤਾਰ ਤਿੰਨ ਦਿਨਾਂ ਲਈ ਬਿਨ੍ਹਾਂ ਬਾਹਰੀ ਸਹਾਇਤਾ ਤੋਂ ਆਕਸੀਜਨ ਦਾ ਪੱਧਰ ਸਥਿਰ ਰਹਿਣ ਦੇ ਲੱਛਣ ਸ਼ਾਮਲ ਹਨ। ਹਲਕੇ ਜਾਂ ਮਾਈਲਡ ਕੇਸਾਂ ਵਾਸਤੇ ਦਾਖਲ ਹੋਣ ਤੋਂ ਦਸ ਦਿਨਾਂ ਤੱਕ ਕਿਸੇ ਵੀ ਲੱਛਣ ਦੇ ਨਾ ਆਉਣ ਅਤੇ ਲਗਾਤਾਰ ਤਿੰਨ ਦਿਨਾਂ ਲਈ ਬੁਖਾਰ ਨਾ ਹੋਣ ਦੇ ਲੱਛਣ ਸ਼ਾਮਲ ਹਨ। ਇਹ ਦੋ ਸ਼੍ਰੇਣੀਆਂ ਦੇ ਮਰੀਜ਼ਾਂ ਨੂੰ ਛੁੱਟੀ ਮਿਲਣ ਮਗਰੋਂ ਸੱਤ ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਦੀ ਹਦਾਇਤ ਦਿੱਤੀ ਗਈ ਹੈ।

ਕੋਵਿਡ-19 ਦੇ ਮਰੀਜ਼ਾਂ ਦੀ ਵੱਡੀ ਗਿਣਤੀ ਮਾਈਲਡ ਅਤੇ ਮੌਡਰੇਟ ਲੱਛਣਾਂ ਵਾਲੇ ਮਰੀਜ਼ਾਂ ਦੀ ਹੀ ਹੁੰਦੀ ਹੈ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਬਿਨ੍ਹਾਂ ਟੈਸਟ ਦੇ ਛੁੱਟੀ ਦੇ ਦੇਣਾ ਇੱਕ ਚਿੰਤਾ ਦਾ ਵਿਸ਼ਾ ਹੈ। ਅਸਲ ਵਿੱਚ ਸਰਕਾਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਰੱਖਣ ‘ਤੇ ਅਤੇ ਟੈਸਟਾਂ ‘ਤੇ ਹੋਣ ਵਾਲੇ ਖਰਚ ਨੂੰ ਬਚਾਉਣ ਲਈ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਅਤੇ ਇਸ ਉਮੀਦ ਵਿੱਚ ਇਹ ਸਭ ਕਰ ਰਹੀ ਹੈ ਕਿ ਮਰੀਜ਼ ਘਰ ਪਰਤ ਕੇ ਸੱਤ ਦਿਨਾਂ ਦਾ ਇਕਾਂਤਵਾਸ ਕੱਟ ਲੈਣਗੇ।

ਅਸਲ ਵਿੱਚ ਕਿਸੇ ਮਰੀਜ਼ ਵਿੱਚ ਲੱਛਣਾਂ ਦੇ ਖਤਮ ਹੋ ਜਾਣ ਜਾਂ ਨਾ ਹੋਣ ਤੋਂ ਇਹ ਨਹੀਂ ਸਿੱਧ ਹੁੰਦਾ ਕਿ ਉਸ ਵਿੱਚ ਵਾਇਰਸ ਬਿਲਕੁਲ ਖਤਮ ਹੋ ਗਏ ਹਨ। ਲੱਛਣਾਂ ਦੇ ਨਾ ਦਿਸਣ ‘ਤੇ ਵੀ ਮਰੀਜ਼ ਕਈ ਦਿਨਾਂ ਤੱਕ ਵਾਇਰਸ ਨੂੰ ਫੈਲਾਉਂਦਾ ਰਹਿ ਸਕਦਾ ਹੈ ਅਤੇ ਹੋਰਨਾਂ ਕਈ ਜਾਣਿਆਂ ਨੂੰ ਇਸਦੀ ਲਾਗ ਲਾ ਸਕਦਾ ਹੈ। ਆਰ ਟੀ- ਪੀ ਸੀ ਆਰ ਟੈਸਟ ਸ਼ਰੀਰ ਵਿੱਚ ਵਾਇਰਸ ਦੇ ਆਰ.ਐੱਨ.ਏ. ਦੀ ਮੌਜੂਦਗੀ ਨੂੰ ਜਾਨਣ ਲਈ ਕਾਫੀ ਕਾਰਗਰ ਮਾਧਿਅਮ ਹੈ। ਹੁਣ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਇਸਤੋਂ ਬਿਨਾਂ ਹੀ ਛੁੱਟੀ ਦਿੱਤੀ ਜਾ ਰਹੀ ਹੈ। ਜੇ ਇਨ੍ਹਾਂ ਮਰੀਜ਼ਾਂ ਤੋਂ ਅੱਗੇ ਇਹ ਬਿਮਾਰੀ ਫੈਲਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ। ਹੁਣ ਤੱਕ ਦੇ ਵਿਗਿਆਨਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮਾਈਲਡ ਲੱਛਣਾਂ ਵਾਲੇ ਮਰੀਜ਼ਾਂ ਦੇ ਟੈਸਟ ਵੀ ਕਈ ਦਿਨਾਂ ਤੱਕ ਜਾਂ ਕੁੱਝ ਕੇਸਾਂ ਵਿੱਚ ਕਈ ਹਫਤਿਆਂ ਤੱਕ ਪਾਜ਼ਿਟਿਵ ਆਉਂਦੇ ਰਹਿੰਦੇ ਹਨ।

ਦ ਅਮੈਰੀਕਨ ਜਰਨਲ ਆੱਫ ਰਿਸਪੀਰੇਟਰੀ ਐਂਡ ਕਰਿਟੀਕਲ ਕੇਅਰ ਮੈਡੀਸਿਨ (The American Journal of Respiratory and Critical Care Medicine) ਵਿੱਚ 23 ਮਾਰਚ ਨੂੰ ਛਪੇ ਚੀਨ ਦੇ ਪੀ.ਐੱਲ.ਏ. ਹਸਪਤਾਲ ਅਤੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੇ ਅਧਿਐਨ ਮੁਤਾਬਿਕ 50 % ਦੇ ਕਰੀਬ ਮਰਿਜ਼ਾਂ ਵਿੱਚ ਲੱਛਣਾਂ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਅੱਠ ਦਿਨਾਂ ਤੱਕ ਬਲਗਮ ਦਾ ਟੈਸਟ ਪਾਜ਼ਿਟਿਵ ਆਉਂਦਾ ਰਿਹਾ ਹੈ। ਉੱਤਰ ਪੂਰਬੀ ਸੂਬੇ ਮਿਜ਼ੋਰਮ ਦੇ ਇਕਲੌਤੇ ਮਰੀਜ਼ ਨੂੰ ਹਸਪਤਾਲ ਵਿੱਚ 46 ਦਿਨ ਰਹਿਣ ਮਗਰੋਂ 10 ਮਈ ਨੂੰ ਛੁੱਟੀ ਮਿਲੀ ਕਿਉਂਕਿ ਘੱਟੋ-ਘੱਟ 24 ਘੰਟਿਆਂ ਦੇ ਵਕਫੇ ਤੇ ਦੋ ਵਾਰ ਕੀਤੇ ਉਸਦੇ ਟੈਸਟ ਨੇਗੇਟਿਵ ਨਹੀਂ ਸਨ ਆ ਰਹੇ। ਕੇਰਲ ਦੇ ਪਥਾਨਮਥਿੱਟਾ ਦੀ ਇੱਕ 62 ਸਾਲਾ ਔਰਤ ਦਾ ਟੈਸਟ 22 ਵਾਰ ਕਰਨ ਮਗਰੋਂ 42ਵੇਂ ਦਿਨ ਨੇਗੇਟਿਵ ਆਇਆ। ਗਾਇਕਾ ਕਨੀਕਾ ਕਪੂਰ ਦਾ ਵੀ ਪੰਜਵਾਂ ਟੈਸਟ ਨੇਗੇਟਿਵ ਆਇਆ ਸੀ।

ਇਸ ਨੀਤੀ ਦਾ ਕਈ ਸਿਹਤ ਮਾਹਰਾਂ ਵੱਲੋਂ ਵਿਰੋਧ ਵੀ ਹੋ ਰਿਹਾ ਹੈ। ਬੰਗਾਲ ਦੇ ਡਾਕਟਰਾਂ ਦੀ ਇੱਕ ਸੰਸਥਾ ਐਸੋਸੀਏਸ਼ਨ ਆੱਫ ਹੈਲਥ ਸਰਵਿਸਿਜ਼ ਡਾਕਟਰਸ ਨੇ ਇਸ ਨੀਤੀ ਦਾ ਵਿਰੋਧ ਕੀਤਾ ਹੈ। ਪਬਲਿਕ ਹੈਲਥ ਦੇ ਮਾਹਰ ਡਾ.ਅਮੋਲ ਅਨਾਡਟੇ ਦਾ ਕਹਿਣਾ ਹੈ, “ਇਹ ਜਾਨਣ ਦਾ ਕੋਈ ਜ਼ਰੀਆ ਨਹੀਂ ਹੈ ਕਿ ਦਸ ਦਿਨਾਂ ਵਿੱਚ ਮਰੀਜ਼ ਦੇ ਇਮੀਊਨ ਸਿਸਟਮ ਨੇ ਕੋਈ ਜਵਾਬ ਦਿੱਤਾ ਹੈ ਜਾਂ ਨਹੀਂ। ਟੈਸਟ ਨੇਗੇਟਿਵ ਆ ਜਾਣ ਅਤੇ ਲੱਛਣਾਂ ਦੇ ਖਤਮ ਹੋ ਜਾਣ ਮਗਰੋਂ ਵੀ, ਮਰੀਜ਼ ਅਗਲੇ 14 ਦਿਨਾਂ ਲਈ ਵਾਇਰਸ ਫੈਲਾਉਣ ਦੇ ਕਾਬਿਲ ਰਹਿੰਦਾ ਹੈ। ਵਿਸ਼ਵ ਭਰ ਵਿੱਚ ਇਸ ਵਾਇਰਸ ਦੇ ਝੜਣ ਦਾ ਸਮਾਂ ਕਾਲ (viral shedding time) ਔਸਤਨ 20 ਦਿਨ ਦੇ ਕਰੀਬ ਮੰਨਿਆ ਗਿਆ ਹੈ। ਜਦ ਤੱਕ ਤੁਸੀਂ ਟੈਸਟ ਨਹੀਂ ਕਰਦੇ, ਤੁਸੀਂ ਇਹ ਨਹੀਂ ਜਾਣ ਸਕਦੇ ਕਿ ਇਹ ਇਨਸਾਨ ਬਿਮਾਰੀ ਫੈਲਾ ਸਕਦਾ ਹੈ ਜਾਂ ਨਹੀਂ।”

ਇੱਕ ਹੋਰ ਵਿਗਿਆਨੀ ਅਨੰਤ ਭਾਨ ਦਾ ਕਹਿਣਾ ਹੈ ਕਿ, “ਹਰ ਕੋਈ ਆਪਣੇ ਘਰ ਵਿੱਚ ਹੀ ਕਾਰਗਰ ਤਰੀਕੇ ਨਾਲ ਇਕਾਂਤਵਾਸ ਨਹੀਂ ਕੱਟ ਸਕਦਾ। ਲੋਕ ਇਸ ਨਾਲ ਬਹੁਤੇ ਸੰਤੁਸ਼ਟ ਨਹੀਂ ਹੋ ਸਕਣਗੇ, ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਘਰੇਲੂ ਇਕਾਂਤਵਾਸ ਦੇ ਨਿਜਮਾਂ ਨੂੰ ਮੰਨਣਾ ਕਾਫੀ ਚੁਣੌਤੀਪੂਰਵਕ ਹੋਵੇਗਾ। ਇਹ ਮੰਨ ਲੈਣਾ ਗਲਤ ਹੋਵੇਗਾ ਕਿ ਲੋਕ ਘਰ ਵਿੱਚ ਸਵੈ-ਇਕਾਂਤਵਾਸ ਕਰ ਲੈਣਗੇ ਜਾਂ ਸਕਣਗੇ, ਕਿਉਂਕਿ ਅਨੁਭਵ ਦਰਸਾਉਂਦਾ ਹੈ ਭਾਰਤ ਦੇ ਮਾਮਲੇ ਵਿੱਚ ਇਹ ਬਹੁਤੀ ਵਾਰ ਨਹੀਂ ਹੁੰਦਾ।” ਛੁੱਟੀ ਮਗਰੋਂ ਹੋਣ ਵਾਲੇ ਫੈਲਾਅ ਨੂੰ ਰੋਕਣ ਸੰਬੰਧੀ, ਉਨ੍ਹਾਂ ਦਾ ਕਹਿਣਾ ਹੈ, “ਮਰੀਜ਼ ਨੂੰ ਘਰ ਭੇਜਣ ਤੋਂ ਪਹਿਲਾਂ ਇਸ ਲਈ ਬਣੇ ਕਿਸੇ ਖਾਸ ਸਥਾਨ ‘ਤੇ ਇਕਾਂਤਵਾਸ ਵਿੱਚ ਰੱਖਿਆ ਜਾ ਸਕਦਾ ਹੈ। ਪਰ ਸਰਕਾਰ ਵੱਲੋਂ ਇਸ ਵਿੱਚ ਆਉਣ ਵਾਲੇ ਖਰਚ ਨਾਲੋਂ ਮਰੀਜ਼ਾਂ ਦੇ ਟੈਸਟ ਕਰਨਾ ਕਿਤੇ ਵੱਧ ਸਸਤਾ ਰਹੇਗਾ।” ਨਵੀਂ ਨੀਤੀ ਲਾਗੂ ਹੋਣ ਮਗਰੋਂ ਮਹਾਂਰਾਸ਼ਟਰ ਦੇ ਵਿਧਰਭ ਖੇਤਰ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਦੁੱਗਣੀ ਹੋ ਗਈ ਹੈ। ਮੁੰਬਈ ਦੇ ਮੁਲਾਜ਼ਮ ਇਸ ਗੱਲੋਂ ਖੁਸ਼ ਹਨ ਕਿ ਇਸ ਨੀਤੀ ਨਾਲ ਹਸਪਤਾਲਾਂ ਦੇ ਬਿਸਤਰੇ ਬਹੁਤ ਜਲਦੀ ਖਾਲੀ ਹੋਣਗੇ।

ਜਿਸ ਦਿੱਕਤ ਦਾ ਸਾਹਮਣਾ ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਛੁੱਟੀ ਮਿਲਣ ਉਪਰੰਤ ਕਰਨਾ ਪਵੇਗਾ, ਉਹ ਹੈ ਘਰੇਲੂ ਇਕਾਂਤਵਾਸ ਦੇ ਸਾਰੇ ਨਿਜਮਾਂ ਦੀ ਪਾਲਣਾ ਨਾ ਕਰ ਪਾਉਣਾ। ਅਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਪੱਕੇ ਘਰਾਂ ਜਾਂ ਘਰਾਂ ਤੋਂ ਹੀ ਸੱਖਣਾ ਹੈ। ਅਤੇ ਇੱਕ ਵੱਡਾ ਤਬਕਾ ਝੁੱਗੀਆਂ, ਝੌਪੜੀਆਂ, ਡੰਗਰਾਂ ਦੇ ਬਾੜਿਆਂ ਵਰਗੇ ਘੁਰਨਿਆਂ ਵਿੱਚ ਰਹਿਣ ਲਈ ਮਜਬੂਰ ਹੈ।  ਜਿੱਥੇ ਇੱਕ ਕਮਰੇ ਵਿੱਚ 15 ਤੋਂ 20 ਜਾਣੇ ਰਹਿਣ ਲਈ ਮਜਬੂਰ ਹੋਣ, ਉੱਥੇ ਇਸ ਗੱਲ ਦੀ ਕਲਪਨਾ ਕਰਨੀ ਬਹੁਤੀ ਔਖੀ ਨਹੀਂ ਕਿ ਇਹ ਲੋਕ ਇਕਾਂਤਵਾਸ ਕਿਵੇਂ ਕੱਟ ਸਕਣਗੇ।

ਮੈਡੀਕਲ ਵਿਗਿਆਨ ਦੇ ਰਸਾਲੇ ‘ਦ ਲੈਂਸਟ’(The Lancet)  ਵਿੱਚ ਚੀਨ ਦੇ ਵਿਗਿਆਨੀਆਂ ਦੇ ਅਧਿਐਨ ਦੇ 1 ਮਈ ਨੂੰ ਛਪੇ ਇੱਕ ਲੇਖ ਵਿੱਚ ਦੱਸਿਆ ਗਿਆ ਕਿ ਸਾਰਸ ਕੋ ਵੀ-2 ਦੇ ਮਰੀਜ਼ਾਂ ਦੇ ਪਾਖਾਨੇ ਵਿੱਚ ਵੀ ਵਾਇਰਸ ਮੌਜੂਦ ਹੁੰਦਾ ਹੈ। ਟੈਸਟ ਦੇ ਨੇਗੇਟਿਵ ਆ ਜਾਣ ਮਗਰੋਂ ਵੀ ਪੰਜ ਹਫਤਿਆਂ ਤੱਕ ਪਾਖਾਨੇ ਵਿੱਚੋਂ ਵਾਇਰਸ ਮਿਲਦੇ ਰਹਿੰਦੇ ਹਨ। ਕੋਰੋਨਾਵਾਇਰਸਾਂ ਕਾਰਨ ਪਹਿਲਾਂ ਫੈਲੀਆਂ ਦੋ ਬਿਮਾਰੀਆਂ: ਸਾਰਸ ਅਤੇ ਮਰਸ ਵਿੱਚ ਵੀ ਇਸ ਮਾਧਿਅਮ ਰਾਹੀਂ ਇਹ ਬਿਮਾਰੀ ਮਨੁੱਖਾਂ ਵਿੱਚ ਫੈਲਦੀ ਰਹੀ। ਇਸ ਗੱਲ ਤੋਂ ਇਸ ਬਿਮਾਰੀ ਦੇ ਪਖਾਨੇ ਦੇ ਮਾਧਿਆਮ ਰਾਹੀਂ (faeco-oral route) ਫੈਲਣ ਦੇ ਆਸਾਰ ਰਹਿੰਦੇ ਹਨ ਅਤੇ ਭਾਰਤ ਵਿੱਚ ਇਸ ਤਰ੍ਹਾਂ ਪਹਿਲਾਂ ਵੀ ਕਈ ਬਿਮਾਰੀਆਂ ਆਮ ਹੀ ਫੈਲਦੀਆਂ ਹਨ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋਵੇਗਾ ਕਿ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਖੁੱਲੇ ਵਿੱਚ ਪਾਖਾਨਾ ਕਰਨ ਲਈ ਮਜਬੂਰ ਹੈ ਜਾਂ ਫਿਰ ਸਾਂਝੀਆਂ ਲੈਟਰੀਨਾਂ ਦੀ ਵਰਤੋਂ ਕਰਦੀ ਹੈ। ਇਸ ਲਈ ਹੀ ਕੇਂਦਰ ਸਰਕਾਰ ਨੇ ਕਈ ਵਰ੍ਹਿਆਂ ਤੋਂ “ਸਵੱਛ ਭਾਰਤ ਮਿਸ਼ਨ” ਚਲਾਇਆ ਹੋਇਆ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ਾਂ ਲਈ ਵੱਖਰੀ ਲੈਟਰੀਨਾਂ ਦਾ ਪ੍ਰਬੰਧ ਹੋਵੇਗਾ ਜਾਂ ਨਹੀਂ ਇਸ ਗੱਲ ਨੂੰ ਸਮਝਣਾ ਕੋਈ ਬਹੁਤਾ ਔਖਾ ਨਹੀਂ।

ਦੁਨੀਆਂ ਦੇ ਬਹੁਤੇ ਮੁਲਕਾਂ ਵਿੱਚ ਕੋਵਿਡ-19 ਦੇ ਇਲਾਜ ਅਧੀਨ ਸਾਰੇ ਮਰੀਜ਼ਾਂ ਦਾ ਟੈਸਟ ਕਰਨਾ ਲਾਜ਼ਮੀ ਹੈ। ਇਟਲੀ, ਸਿੰਗਾਪੁਰ, ਅਮਰੀਕਾ, ਚੀਨ ਵਿੱਚ ਘੱਟੋ-ਘੱਟ 24 ਘੰਟਿਆਂ ਦੇ ਵਕਫੇ ‘ਤੇ ਕੀਤੇ ਦੋ ਟੈਸਟਾਂ ਦਾ ਨੇਗੇਟਿਵ ਆਉਣਾ ਲਾਜ਼ਮੀ ਹੈ। ਯੂਰਪ ਦੇ ਕਿੱਝ ਹਿੱਸਿਆਂ ਵਿੱਚ ਤਾਂ 4 ਵਾਰ ਤੱਕ ਵੀ ਟੈਸਟ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਉੱਤਰ ਭਾਰਤ ਦੇ ਮੁੱਖ ਹਸਪਤਾਲ ਪੀਜੀਆਈ ਵੱਲੋਂ ਵੀ ਕੋਰੋਨਾ ਪੀੜਿਤ ਮਰੀਜਾਂ ਨੂੰ ਨਵੀਂ ਪਾਲਿਸੀ ਦੇ ਆਧਾਰ ਉੱਪਰ ਛੁੱਟੀ ਨਹੀਂ ਦਿੱਤੀ ਜਾਂ ਰਹੀ।  

ਭਾਵੇਂ ਸਮੁੱਚੇ ਵਿਸ਼ਵ ਵਿੱਚ ਹੀ ਹਰ ਗੱਲ ਲਈ “ਸਾਜਿਸ਼ੀ ਸਿਧਾਂਤ” (conspiracy theory)ਘੜਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਪਰ ਭਾਰਤ ਵਿੱਚ ਇਨ੍ਹਾਂ ਦੀਆਂ ਗੱਲਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ ਬਾਕੀ ਮੁਲਕਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਵੈਕਸੀਨ ਵਾਹੀਆਤ ਵਿਗਿਆਨ ਹੈ, ਧਰਤੀ ਗੋਲ ਨਹੀਂ ਬਲਕਿ ਚਪਟੀ ਹੈ, ਵਾਤਾਵਰਨ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ ਆਦਿ ਆਦਿ ਗੱਲਾਂ ਇਨ੍ਹਾਂ ਸਾਜਿਸ਼ੀ ਸਿਧਾਂਤਾਂ ਦੇ ਘਾੜਿਆਂ ਵੱਲੋਂ ਕਹੀਆਂ ਜਾਂਦੀਆਂ ਹਨ।

ਕੋਰੋਨਾਵਾਇਰਸ ਬਾਰੇ ਵੀ ਇਨ੍ਹਾਂ ਵੱਲੋਂ ਕਈ ਗੱਲਾਂ ਘੜੀਆਂ ਗਈਆਂ ਜਿਵੇਂ ਇਹ ਸਿਰਫ ਇੱਕ ਆਮ ਫਲੂ ਹੈ ਆਦਿ। (ਇਸ ਬਾਰੇ ਜਾਨਣ ਲਈ ਇੱਥੇ ਦੇਖੋ) ਸਾਡੇ ਸਮਾਜ ਵਿੱਚ ਬਣੀਆਂ ਧਾਰਨਾਵਾਂ ਅਨੁਸਾਰ ਜੇ ਇਹੀ ਗੱਲ ਇੱਕ ਡਾਕਟਰ ਕਹੇ ਤਾਂ ਉਹ ਪੱਥਰ ਤੇ ਲਕੀਰ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਸਮਾਜ ਦੇ ਸਭ ਤੋਂ ਸੁਚੇਤ ਤੇ ਸਿਆਣੇ ਮੰਨਿਆ ਜਾਂਦਾ ਹੈ। ਆਮ ਦਿਨਾਂ ਵਿੱਚ ਆਪਣੇ ਆਪ ਨੂੰ ਵਿਗਿਆਨਕ ਕਹਿਣ ਵਾਲੇ ਲੋਕ ਵੀ ਇਸ ਮਹਾਂਮਾਰੀ ਦੇ ਦੌਰ ਵਿੱਚ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ ਹਨ ਅਤੇ ਮਰੀਜ਼ਾਂ ਦੀ ਗਿਣਤੀ ਦੇ ਇੱਕ ਦਮ ਘੱਟ ਹੋ ਜਾਣ ਨੂੰ ਇਨ੍ਹਾਂ ਦੇ ਨੁਕਤਿਆਂ ਦੇ ਸਬੂਤ ਵਜੋਂ ਮੰਨ ਰਹੇ ਹਨ।

ਅਜਿਹੇ ਸਮੇਂ ਲੋੜ ਹੈ ਕਿ ਅਸੀਂ ਹਰ ਦਾਅਵੇ ਦੀ ਵਿਗਿਆਨਕ ਨਜ਼ਰੀਏ ਨਾਲ ਪੜਤਾਲ ਕਰੀਏ ਅਤੇ ਹਰ ਝੂਠ ਦਾ ਪਰਦਾ ਫਾਸ਼ ਕਰਦੇ ਹੋਏ ਲੋਕਾਈ ਦੇ ਵਿਸ਼ਾਲ ਸਮੁੰਦਰ ਵਿੱਚ ਨਿੱਤਰੀਏ।

ਤਸਵੀਰਾਂ: ਸਰਫਰਾਜ਼ ਆਲਮ ਤੇ ਪੁਲਾਹਾ ਰਾਏ

ਸ਼ੁਭਕਰਮਦੀਪ ਸਿੰਘ (+918283828222)

Leave a Reply

Your email address will not be published. Required fields are marked *

Social profiles