ਅਰਥ-ਸ਼ਾਸਤਰ ਦੇ ਵਿਦਿਆਰਥੀਆਂ ਦੇ ਨਾਮ: ਪਛਤਾਵੇ, ਝੂਠ ਅਤੇ ਸੱਚਾਈਆਂ

Read Time:11 Minute, 0 Second

ਡਾ. ਅੰਨਾਵਜਾਹੁਲਾ ਬੋਸ, ਅਰਥਸ਼ਾਸਤਰ ਵਿਭਾਗ, ਸ਼੍ਰੀ ਰਾਮ ਕਾਲਜ ਆੱਫ ਕਾਮਰਸ

You can read the English version of this article here on RUPE.


ਮੰਨ ਲਓ ਕਿ ਤੁਸੀਂ ਅਰਥਚਾਰੇ ਨੂੰ ਸਮਝਣ ਅਤੇ ਇਸਦੀ ਕਾਰਜਸ਼ੀਲਤਾ ਨੂੰ ਵਧੇਰੇ ਸਮਾਜਿਕ ਭਲਾਈ ਵੱਲ ਬਦਲਣ ਲਈ ਸੰਜੀਦਾ ਹੋ। ਅਤੇ ਇਸ ਲਈ, ਤੁਸੀਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਰਥ-ਸ਼ਾਸਤਰ ਦਾ ਵਿਸ਼ਾ ਪੜ੍ਹਣ ਦਾ ਮਨ ਬਣਾ ਲਿਆ ਹੈ।

ਤੁਹਾਨੂੰ ਬਾਅਦ ਵਿੱਚ ਪਛਤਾਵਾ ਹੋ ਸਕਦਾ ਹੈ ਕਿ ਤੁਸੀਂ ਭੋਲੇਪਣ ਵਿੱਚ ਅਰਥ-ਸ਼ਾਸਤਰ ਪੜ੍ਹਣ ਵਿੱਚ ਆਪਣਾ ਕੀਮਤੀ ਸਮਾਂ ਬਰਬਾਦ ਕੀਤਾ ਜੋ ਕਿ ਅਰਥ ਸ਼ਾਸਤਰ ਦੇ ਨਾਮ ਹੇਠ ਵਾਧਾ ਕਰਨ (maximization) ਦੇ ਗਣਿਤ ਤੋਂ ਵੱਧ ਕੁੱਝ ਵੀ ਨਹੀਂ ਸੀ। ਪੀਟਰ ਰੈਡਫੋਰਡ ਇਸ ਪਛਤਾਵੇ ਦਾ ਨਿਚੋੜ ਇਸ ਤਰ੍ਹਾਂ ਕੱਢਦਾ ਹੈ: “ਬਹੁਤ ਸਾਰੇ ਲੋਕ ਅਰਥ-ਸ਼ਾਸਤਰੀਆਂ ਬਾਰੇ ਗੱਲ ਕਰਨ ਵਿੱਚ ਬਹੁਤ ਸਾਰਾ ਸਮਾਂ ਬਰਬਾਦ ਕਰ ਰਹੇ ਹਨ ਅਤੇ ਉਹ ਇਸਨੂੰ ਹੀ ਅਰਥ ਵਿਵਸਥਾ ਦਾ ਅਧਿਐਨ ਕਰਨਾ ਸਮਝ ਰਹੇ ਹਨ। ਉਹ ਅਜਿਹਾ ਕੁੱਝ ਨਹੀਂ ਕਰਦੇ। ਉਹ ਸਚਮੁੱਚ ਅਜਿਹਾ ਕੁੱਝ ਨਹੀਂ ਕਰਦੇ… ਅਰਥਸ਼ਾਸਤਰੀ ਦ੍ਰਿੜਤਾ ਨਾਲ ਤੱਥ ਨੂੰ ਨਕਾਰਦੇ ਰਹੇ ਹਨ, ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ;  ਆਪਣੇ ਉਸਾਰੇ ਹੋਏ ਪਰੀਲੋਕ ਵਿੱਚ ਜੀਉਂਦੇ ਰਹੇ ਹਨ। ਅਰਥਸ਼ਾਸਤਰੀ ਅਰਥ-ਸ਼ਾਸਤਰ ਦਾ ਅਧਿਐਨ ਕਰਦੇ ਹਨ। ਅਤੇ ਅਰਥ-ਸ਼ਾਸਤਰ ਅਰਥਚਾਰਾ ਨਹੀਂ ਹੈ। ਇਹ ਵਿਚਾਰਾਂ, ਮਾਡਲਾਂ, ਸਿਧਾਂਤਾਂ, ਗਣਿਤਿਕ ਪੇਚੀਦਗੀਆਂ ਅਤੇ ਕਥਨਾਂ ਦਾ ਸਵੈ-ਨਿਰਭਰ ਸਮੂਹ ਹੈ, ਜੋ ਅਜਿਹੀਆਂ ਗਤੀਵਿਧੀਆਂ ਵਿੱਚ ਰੁੱਝੇ ਹੋਏ ਲੋਕਾਂ ਨੂੰ ਇੱਕ ਦਿਲਚਸਪ ਬੌਧਿਕ ਖੇਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ… ਅਰਥਸ਼ਾਸਤਰੀਆਂ ਦਾ ਇੱਕ ਹੋਰ ਲੱਛਣ ਹੈ ਉਹਨਾਂ ਦਾ ਬਿਨਾਂ ਕਿਸੇ ਜਨੂੰਨ ਅਤੇ ਪੱਖ-ਪਾਤ ਸਮਾਜ ਦੇ ਨਿਰੀਖਕ ਬਤੌਰ ਪੇਸ਼ਕਾਰੀ, ਜੋ ਮਨੁੱਖਾਂ ਦੁਆਰਾ ਮੂਰਖਤਾ ਵਿੱਚ ਰੱਦੇ ਜਾਣ ਵਾਲੇ ‘ਡੂੰਘੇ ਕਨੂੰਨਾਂ’ ਨੂੰ ਗੰਭੀਰਤਾ ਨਾਲ ਬਿਆਨ ਕਰਦਾ ਹੈ। ਉਹ ਗੰਭੀਰ ਵਿਸ਼ਲੇਸ਼ਣ ਦਾ ਇੱਕ ਮਹੌਲ ਸਿਰਜਦੇ ਹਨ। ਉਹ ਮਨੁੱਖੀ ਵਾਹ ਵਾਸਤੇ ਦੇ ਤਾਲਾਬ ਦੇ ਘੜਮੱਸ ਉੱਪਰ ਅਨੁਸ਼ਾਸਨ ਅਤੇ ਗਹਿਰਾਈ ਦਾ ਟੀਕਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਵਿਸ਼ਵਾਸ ਕਰੀਏ ਕਿ ਉਹ ਜੋ ਵੀ ਵਿਆਖਿਆ ਕਰਦੇ ਹਨ, ਉਹੀ ਅਟੱਲ ਹੈ। ਇਸ ਲਈ, ਜੋ ਵੀ ਹੋਣਾ ਚਾਹੀਦਾ ਹੈ, ਉਹ ਆਪਣੇ ਆਪ ਨੂੰ ਉਸਦੀ ਦੇਖਭਾਲ ਕਰਨ ਦਾ ਕੰਮ ਕਰਨ ਵਾਲੇ ਵਜੋਂ ਸਮਝਦੇ ਹਨ…ਇਸ ਲਈ: ਮੇਰੀ ਸਲਾਹ ਹੈ ਕਿ ਅਰਥਚਾਰੇ ਦੇ ਅਧਿਐਨ ਲਈ ਰਾਜਨੀਤੀ, ਸਮਾਜ ਸ਼ਾਸਤਰ, ਫਲਸਫਾ, ਕਾਰੋਬਾਰ ਜਾਂ ਜਥੇਬੰਦਕ ਸਿਧਾਂਤ ਦਾ ਗਿਆਨ ਜ਼ਰੂਰ ਲਵੋ। ਭਾਰੀ ਮਾਤਰਾ ਵਿੱਚ ਉਪਲੱਬਧ ਜਾਣਕਾਰੀਆਂ ਦਾ ਗਹਿਨ ਅਧਿਐਨ ਕਰੋ। ਅਰਥਚਾਰੇ ਅੰਦਰ ਇਕ ਦੂਜੇ ਨਾਲ ਲਗਾਤਾਰ ਰਿਸ਼ਤਿਆਂ ਵਿੱਚ ਵਿਚਰ ਰਹੇ ਵਿਅਕਤੀਆਂ ਅਧਾਰਤ ਮਾਡਲ (agent based model) ਉਸਾਰੋ। ਜਾਓ ਅਤੇ ਮਜ਼ਦੂਰਾਂ, ਦੁਕਾਨਦਾਰਾਂ ਅਤੇ ਪੇਂਡੂ ਖੇਤਰ ਦੇ ਹੋਰ ਸਾਰੇ ਲੋਕਾਂ ਨਾਲ ਗੱਲ ਕਰੋ। ਪਰ ਅਰਥ-ਸ਼ਾਸਤਰ ਤੋਂ ਦੂਰ ਰਹੋ। ਖ਼ਾਸਕਰ ਜੇ ਤੁਸੀਂ ਅਰਥਚਾਰੇ ਪ੍ਰਤੀ ਸੰਜੀਦਾ ਹੋ।”

ਅਰਥਚਾਰੇ ਨੂੰ ਸਮਝਣਾ ਚਾਹੁੰਦੇ ਵਿਦਿਆਰਥੀਆਂ ਲਈ ਇਹ ਪਤਾ ਲਗਾਉਣਾ ਵੀ ਤੰਗ ਕਰਨ ਵਾਲੀ ਸਮੱਸਿਆ ਹੈ ਕਿ ਅਰਥ-ਸ਼ਾਸਤਰ ਵਿੱਚ ਕੌਣ ਸੱਚ ਬੋਲ ਰਿਹਾ ਹੈ। ਇੱਥੇ ਬਹੁਤ ਸਾਰੀਆਂ ਜਾਅਲੀ ਖੋਜਾਂ ਅਤੇ ਝੂਠੀਆਂ ਦਲੀਲਾਂ ਹਨ ਜੋ ਸਾਨੂੰ ਘੁੰਮਣ ਘੇਰੀ ਵਿੱਚ ਪਾ ਸਕਦੀਆਂ ਹਨ। ਉਦਾਹਰਣ ਵਜੋਂ, ਪ੍ਰਮਾਣਿਕ ਅਰਥ-ਸ਼ਾਸਤਰ ਸਾਨੂੰ ਦੱਸਦਾ ਹੈ ਕਿ ਮਜ਼ਦੂਰਾਂ ਲਈ ਮੰਗ ਦਾ ਕਰਵ ਇੱਕ ਗਿਰਾਵਟੀ ਢਾਲ ਵਾਲਾ (sloping demand curve for labor) ਹੈ। ਦੂਜੇ ਸ਼ਬਦਾਂ ਵਿੱਚ, ਜੇ ਤੁਸੀਂ ਸੰਤੁਲਤ ਉਜਰਤ ਤੋਂ ਵੱਧ ਘੱਟੋ-ਘੱਟ ਉਜਰਤ ਪ੍ਰਾਪਤ ਕਰਦੇ ਹੋ ਤਾਂ ਇਸ ਨਾਲ ਬੇਰੁਜ਼ਗਾਰੀ ਹੋਵੇਗੀ। ਇਸਦਾ ਕੋਈ ਮਜ਼ਬੂਤ ਪ੍ਰਮਾਣਿਕ ਸਮਰਥਨ ਨਹੀਂ ਹੈ। ਇਸੇ ਤਰ੍ਹਾਂ, ਮਸ਼ਹੂਰ ਅਰਥਸ਼ਾਸਤਰੀਆਂ ਦੁਆਰਾ ਸਮਾਜਿਕ ਸੁਰੱਖਿਆ (ਅਤੇ ਹਰ ਕਿਸਮ ਦੇ ਸਮਾਜ ਭਲਾਈ ਪਰੋਗਰਾਮਾਂ) ਦੇ ਵਿਰੁੱਧ ਦਿੱਤੀਆਂ ਦਲੀਲਾਂ ਪਿੱਛੇ ਕੋਈ ਸੱਚਾਈ ਨਹੀਂ ਹੈ ਕਿ ਇਹ ਲੋਕਾਂ ਦੇ ਬਚਤ ਕਰਨ ਦੀ ਆਦਤ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ ਅਤੇ ਇਹ ਵੀ ਕਿ ਜੇਕਰ ਕੋਈ ਸਮਾਜਿਕ ਸੁਰੱਖਿਆ ਪ੍ਰਣਾਲੀ ਨਾ ਹੁੰਦੀ ਤਾਂ ਵਧੇਰੇ ਨਿਵੇਸ਼ ਅਤੇ ਆਰਥਿਕ ਵਿਕਾਸ ਹੁੰਦਾ। ਅਰਥ-ਸ਼ਾਸਤਰ ਬਾਰੇ ਕਈ ਭਰਮ ਤੋੜਣ ਵਾਲੇ ਅਧਿਆਪਕ ਮਾਈਕਲ ਯੇਟਸ ਨੇ ਅਰਥ-ਸ਼ਾਸਤਰ ਵਿੱਚ ਸੱਚਾਈ ਲੱਭਣ ਵਿੱਚ ਪੇਸ਼ ਆਉਂਦੀ ਮੁਸ਼ਕਲ ਨੂੰ ਇੰਝ ਪੇਸ਼ ਕੀਤਾ ਹੈ: “ਇੱਥੇ ਸਿਰਫ ਤਕਨੀਕੀ ਮੁਸ਼ਕਲਾਂ ਹੀ ਨਹੀਂ ਹਨ। ਭਵਿੱਖਬਾਣੀ ਪੈਦਾ ਕਰਨ ਲਈ ਲਾਭਦਾਇਕ ਧਾਰਨਾਵਾਂ ਬਣਾਉਣ ਅਤੇ ਇਹਨਾਂ ਧਾਰਨਾਵਾਂ ਦੇ ਤਰਕ ਦਾ ਪਤਾ ਲਗਾਉਣ ਲਈ ਹੁਨਰ ਦੀ ਜ਼ਰੂਰਤ ਹੁੰਦੀ ਹੈ। ਭਵਿੱਖਬਾਣੀਆਂ ਦੀ ਪਰਖ਼ ਲਈ ਦੇ ਉਚਿਤ ਟੈਸਟਾਂ ਦਾ ਨਿਰਮਾਣ ਕਰਨਾ ਸੌਖਾ ਨਹੀਂ ਹੈ। ਬਦਲਨਹਾਰ ਕਾਰਕਾਂ (Variables) ਦੀ ਪਰਿਭਾਸ਼ਾ ਅਤੇ ਪਰਿਭਾਸ਼ਾ ਨੂੰ ਅੰਕੜੇ ਵਿੱਚ ਬਦਲਣਾ ਵੀ ਆਪਣੀਆਂ ਮੁਸ਼ਕਲਾਂ ਪੇਸ਼ ਕਰਦਾ ਹੈ। ਪਰ ਇਹਨਾਂ ਗੰਭੀਰ ਮੁਸ਼ਕਲਾਂ ਦੇ ਨਾਲ ਨਾਲ ਵਿਦਿਆਰਥੀ ਨੂੰ ਇਸ ਹਕੀਕਤ ਨਾਲ ਸੰਤੁਸ਼ਟ ਹੋਣਾ ਪੈਂਦਾ ਹੈ ਕਿ ਇੱਕ ਪੂੰਜੀਵਾਦੀ ਅਰਥਚਾਰੇ  ਵਿੱਚ ਜਿਹਨਾਂ ਕੋਲ ਪੂੰਜੀ ਹੁੰਦੀ ਹੈ, ਉਹ ਹੀ ਨਿਯਮ ਬਣਾਉਂਦੇ ਹਨ। ਉਹ ਆਪਣੇ ਹਿੱਤਾਂ ਤੋਂ ਉਲਟ ਖੋਜਾਂ ਨੂੰ ਆਗਿਆ ਦੇਣ ਤੋਂ ਇਨਕਾਰ ਕਰਕੇ ਜਾਂ ਆਪਣੇ ਹਿੱਤਾਂ ਨਾਲ ਮੇਲ ਖਾਂਦੀਆਂ ਖੋਜਾਂ ਨੂੰ ਵਿਸ਼ਾਲ ਪ੍ਰਸਿੱਧੀ ਦੇ ਕੇ, ਸੱਚਾਈ ਦੀ ਪੈਰਵਾਈ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ। ਅਰਥਸ਼ਾਸਤਰੀ, ਬਦਲੇ ਵਿੱਚ, ਜਾਂ ਤਾਂ ਸਿੱਧੇ ਹੀ ਧਨਾਢ ਲੋਕਾਂ ਦੀਆਂ ਇੱਛਾਵਾਂ ਵੱਲ ਧਿਆਨ ਦੇ ਸਕਦੇ ਹਨ ਜਾਂ ਫਿਰ ਉਹ ਆਪਣੇ ਸਿਧਾਂਤ ਦੀ ਸ਼ਾਨ ਨਾਲ ਇੰਨੇ ਪ੍ਰਭਾਵਿਤ ਹੋ ਸਕਦੇ ਹਨ ਕਿ ਉਹ ਪਰਿਕਲਪਨਾਵਾਂ ਨੂੰ ਜਾਚਣ ਦੀ ਜ਼ਰੂਰਤ ਵੱਲ ਧਿਆਨ ਦੇਣਾ ਬੰਦ ਕਰ ਦਿੰਦੇ ਹਨ। ਇਸ ਦੀ ਬਜਾਏ, ਉਹ ਬਿਲਕੁਲ ਇੱਕ ਧਾਰਮਿਕ ਅੰਧਭਗਤ ਵਾਂਗ ਕੰਮ ਕਰਦਿਆਂ ਪੂਰਵ-ਅਨੁਮਾਨਾਂ ਨੂੰ ਹੀ ਸੱਚਾਈ ਵਜੋਂ ਮਾਨਤਾ ਦੇਣ ਲਗਦੇ ਹਨ…ਇਸ ਲਈ ਪਾਠਕਾਂ ਨੂੰ ਅਰਥ-ਸ਼ਾਸਤਰ ਦਾ ਧਿਆਨ ਨਾਲ ਅਧਿਐਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਧਿਆਨ ਰੱਖੋ ਕਿ ਸਾਰੀ ਰਿਸਰਚ ਉਹ ਨਹੀਂ, ਜੋ ਉਹ ਦਾਅਵਾ ਕਰਦੀ ਹੈ। ਸੁਚੇਤ ਰਹੋ ਕਿ ਅਰਥ-ਸ਼ਾਸਤਰ ਵਿੱਚ ਹਮੇਸ਼ਾ ਸੱਚ ਹੀ ਨਹੀਂ ਜਿੱਤਦਾ। ਇਹ ਸਮਝੋ ਕਿ ਅਰਥਸ਼ਾਸਤਰ ਦੇ ਮਾਮਲਿਆਂ ਵਿੱਚ ਤਾਕਤਵਰ ਨਿੱਜੀ ਹਿੱਤ ਲਾਗੂ ਹੁੰਦੇ ਹਨ। ਇਸ ਸਭ ਤੋਂ ਉੱਪਰ, ਸ਼ੱਕੀ ਬਣੇ ਰਹੋ। ਤੁਹਾਡੇ ਆਪਣੇ ਵਿਸ਼ਵਾਸ, ਅਰਥਸ਼ਾਸਤਰੀਆਂ ਦੀਆਂ ਭਵਿੱਖਬਾਣੀਆਂ ਅਤੇ ਮੇਰੀ ਕਿਤਾਬ ਵਿੱਚ ਦਿੱਤੇ ਹਰ ਬਿਆਨ ਦੀ ਵੀ ਪਰਖ ਕੀਤੀ ਜਾਣੀ ਚਾਹੀਦੀ ਹੈ।”

ਅੰਤ ਵਿੱਚ ਇਸ ਸਵਾਲ ਨੂੰ ਹੀ ਲੈ ਲਵੋ ਕਿ ਕੀ ਭਾਰਤ ਇੱਕ ਮੱਧ-ਵਰਗੀ ਸਮਾਜ ਹੈ ? ਇਸ ਸਵਾਲ ਵਿੱਚ ਭਾਰਤੀ ਅਰਥਚਾਰੇ ਅਤੇ ਸਮਾਜ ਨੂੰ ਵਿਸਤਾਰ ਨਾਲ ਸਮਝਣ ਬਾਰੇ ਝੂਠ ਅਤੇ ਸੱਚਾਈਆਂ ਵੱਲ ਤੁਹਾਡੀਆਂ ਅੱਖਾਂ ਖੋਲ੍ਹਣ ਦੀ ਤਾਕਤ ਹੈ। ਇੱਕ ਪਾਸੇ, ਇੱਥੇ ਅਜਿਹੇ ਅਰਥਸ਼ਾਸਤਰੀ, ਰਿਸਰਚ ਫਰਮਾਂ ਅਤੇ ਰਾਜਨੇਤਾ ਹਨ ਜੋ ਇਹ ਦਾਅਵਾ ਕਰਦੇ ਹਨ ਕਿ ਭਾਰਤ ਵਿੱਚ ਵਿਸ਼ਾਲ ਮੱਧ-ਵਰਗ ਜਮਾਤ ਹੈ, ਜਾਂ ਇਹ ਅਨੁਮਾਨ ਪੇਸ਼ ਕਰਦੇ ਹਨ ਕਿ ਭਾਰਤ ਦੀ ਆਬਾਦੀ ਪ੍ਰਮੁੱਖ ਤੌਰ ‘ਤੇ ਮੱਧ ਵਰਗੀ ਹੈ। ਅਰਥਾਤ, ਭਾਰਤ ਦੀ ਆਬਾਦੀ ਪਿਰਾਮਿਡ ਨਹੀਂ ਬਲਕਿ “ਧਨਾਢ ਲੋਕਾਂ ਦੇ ਵੱਡੇ ਸਿਰ ਵਾਲੀ ਮੋਟੀ ਔਰਤ ਹੈ ਜਿੱਥੇ ਨਿਆਸਰੇ ਅਤੇ ਇੱਛਾਵਾਨਾਂ ਦਾ ਛੋਟਾ ਜਿਹਾ ਤਲ ਅਤੇ ਵਿਚਕਾਰ ਉੱਨਤ ਅਤੇ ਖਪਤਕਾਰ ਜਮਾਤਾਂ ਤੋਂ ਬਣਿਆ ਵੱਡਾ ਉਭਾਰ ਹੈ”। ਇਹ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਭਾਰਤ ਵਿੱਚ ਪਿਛਲੇ ਦੋ ਦਹਾਕਿਆਂ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਵਿਆਪਕ ਖੁਸ਼ਹਾਲੀ ਪੈਦਾ ਕੀਤੀ ਹੈ, ਅਤੇ ਇਸ ਲਈ ਹੁਣ ਸਾਨੂੰ ਅਸਮਾਨਤਾ ਅਤੇ ਗਰੀਬੀ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਬਲਕਿ ਅਸੀਂ ਨਵਉਦਾਰਵਾਦੀ ਨੀਤੀਆਂ ਨੂੰ ਹੋਰ ਵਧੇਰੇ ਤਿੱਖੇ ਰੂਪ ਵਿੱਚ ਜਾਰੀ ਰੱਖਣ ‘ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਦੂਜੇ ਪਾਸੇ, ਮੁੰਬਈ ਦੀ ਰਾਜਨੀਤਕ ਅਰਥਸ਼ਾਸਤਰ ਲਈ ਅਧਿਐਨ ਇਕਾਈ (RUPE) ਨੇ ਸਖ਼ਤੀ ਨਾਲ ਇਹਨਾਂ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ। ਭਾਰਤ ਵਿੱਚ ਸਿਰਫ ਇੱਕ ਛੋਟਾ ਜਿਹਾ ਵਰਗ ਹੈ ਜਿਸਦੀ ਖਪਤ ਦਾ ਪੱਧਰ ਵਿਕਸਿਤ ਦੇਸ਼ਾਂ ਵਿਚਲੀ ਗਰੀਬੀ ਰੇਖਾ ਦੇ ਖਪਤ ਦੇ ਪੱਧਰ ਤੋਂ ਉੱਚਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਜ਼ਿਆਦਾ ਖਰਚਾ ਕਰ ਸਕਣ ਵਾਲਾ ਭਾਗ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਭਾਰਤ ਦੀ ਆਬਾਦੀ ਦੇ ਅਨੁਪਾਤ ਵਿੱਚ ਇਹ ਬਹੁਤ ਛੋਟਾ ਹੈ।ਉਸੇ ਸਮੇ ਹੀ, ਆਮਦਨ ਅਤੇ ਸੰਪਤੀ ਇੱਕ ਛੋਟੇ ਕੁਲੀਨ ਵਰਗ ਕੋਲ ਕੇਂਦਰਿਤ ਹੈ। ਇਹੀ ਸਭ ਕੁੱਝ ਨਹੀਂ ਹੈ। ਰੁਜ਼ਗਾਰ ਦਾ ਢਾਂਚਾ ਵੀ ਮੱਧ-ਵਰਗੀ ਭਾਰਤ ਦੇ ਦਾਅਵੇ ਦਾ ਸਮਰਥਨ ਨਹੀਂ ਕਰਦਾ। “ਦੇਸ਼ ਦੇ ਮਿਹਨਤ ਕਰਨ ਵਾਲੇ ਬਹੁਤ ਜ਼ਿਆਦਾ ਲੋਕ ਅਸੁਰੱਖਿਅਤ ਅਤੇ ਘੱਟ ਉਜਰਤਾਂ ‘ਤੇ ਮਾੜੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ। ਭਾਰਤ ਦੀ ਕਿਰਤ ਮੰਡੀ ਉੱਨਤ ਪੂੰਜੀਵਾਦੀ ਮੁਲਕਾਂ ਨਾਲੋਂ ਬਿਲਕੁਲ ਵੱਖਰੀ ਹੈ। ਇੱਥੇ ਕਿਰਤ ਵੱਡੇ ਪੱਧਰ ‘ਤੇ ਅਸੰਗਠਿਤ ਖੇਤਰ (ਸਵੈ-ਰੁਜ਼ਗਾਰ ਅਤੇ ਹੋਰ ਨਿਰਭਰ ਰੁਜ਼ਗਾਰ) ਵਿੱਚ ਛੋਟੇ ਉਤਪਾਦਨ ਵਿੱਚ ਲੱਗੀ ਹੋਈ ਹੈ ਜਿੱਥੇ ਉਤਪਾਦਕਤਾ ਦਾ ਪੱਧਰ ਸਥਿਰ ਹੈ ਜਾਂ ਡਿੱਗ ਰਿਹਾ ਹੈ। ਇੱਥੋਂ ਤੱਕ ਕਿ ਸੰਗਠਿਤ ਖੇਤਰ ਦੇ ਅੰਦਰ ਵੀ ਹਾਲ ਹੀ ਦੇ ਸਾਲਾਂ ਵਿੱਚ ਕਿਰਤ ਦੇ ਗੈਰ-ਰਸਮੀਕਰਨ ਵਿੱਚ ਵਾਧਾ ਹੋਇਆ ਹੈ। ਬਹੁਤ ਜ਼ਿਆਦਾ ਕਿਰਤੀ ਲੋਕਾਂ ਦਾ ਅਪੂਰਨ-ਰੁਜ਼ਗਾਰੀ ਹੋਣ, ਅਤੇ ਅਧਿਕਾਰਤ ਤੌਰ ‘ਤੇ ਰੁਜ਼ਗਾਰੀ ਕ੍ਰਮਬੱਧ ਲੋਕਾਂ ਦਾ ਵੀ ਗਰੀਬੀ ਤੋਂ ਪੀੜਤ ਹੋਣ ਕਾਰਨ ਜ਼ਿਆਦਾਤਰ ਕਿਰਤੀਆਂ ਲਈ ਰੁਜ਼ਗਾਰ ਅਤੇ ਬੇਰੁਜ਼ਗਾਰੀ ਵਿਚਾਲੇ ਸਪੱਸ਼ਟ ਵੰਡ ਰੇਖਾ ਨਹੀਂ ਹੈ। ਉਤਪਾਦਕਤਾ ਅਤੇ ਉਜਰਤਾਂ ਦੇ ਮਾਮਲੇ ਵਿੱਚ ਖੇਤਰਾਂ ਵਿਚਕਾਰ ਅਤੇ ਖੇਤਰਾਂ ਦੇ ਵਿੱਚ ਅੰਦਰੂਨੀ ਤੌਰ ਤੇ ਕਾਫੀ ਸਖ਼ਤ ਫ਼ਰਕ ਹਨ।”

ਸ੍ਰੋਤ:

Radford, Peter. 2017. Economics is a Waste of Time. Real-World Economics Review Blog. February 15.

Research Unit for Political Economy. 2014. A Middle Class India? in Aspects of India’s Economy, No.58.

Yates, Michael D. 2003. Naming the System: Inequality and Work in the Global Economy. Monthly Review Press. New York.

ਤਰਜ਼ਮਾ : ਅੰਤਰਪ੍ਰੀਤ

Leave a Reply

Your email address will not be published. Required fields are marked *

Social profiles