ਮਾਰਕਸ ਦੇ ਜਨਮ ਦਿਹਾੜੇ ‘ਤੇ: “ਹੁਣ ਤੱਕ ਦਾਰਸ਼ਨਿਕਾਂ ਨੇ ਸਮਾਜ ਦੀ ਵਿਆਖਿਆ ਕੀਤੀ ਹੈ, ਪਰ ਸਵਾਲ ਇਸਨੂੰ ਬਦਲਣ ਦਾ ਹੈ”

Read Time:29 Minute, 48 Second

ਦੁਨੀਆਂ ਨੂੰ ਸਿਰਫ਼ ਸਮਝਣ ਦਾ ਹੀ ਨਹੀਂ, ਬਲਕਿ ਇਸਨੂੰ ਬਦਲਣ ਦਾ ਫ਼ਲਸਫ਼ਾ ਸਮਾਜ ਨੂੰ ਦੇਣ ਵਾਲੇ ਕਾਰਲ ਮਾਰਕਸ 202 ਸਾਲ ਦੇ ਹੋ ਚੁੱਕੇ ਹਨ। ਅੱਜ 5 ਮਈ 2020 ਨੂੰ ਦੁਨੀਆਂ ਉਨ੍ਹਾਂ ਦੇ ਜਨਮ ਦੀ 202 ਵੀਂ ਵਰ੍ਹੇ-ਗੰਢ ਮਨਾ ਰਹੀ ਹੈ। ਦੁਨੀਆਂ ਨੂੰ ਜਿਸ ਫ਼ਲਸਫ਼ੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਤ ਕੀਤਾ ਹੈ, ਉਹ ਹੈ ਕਾਰਲ ਮਾਰਕਸ ਫ਼ਲਸਫ਼ਾ। ਜਿਸਨੂੰ ਮਾਰਕਸਵਾਦ ਦੇ ਨਾਂ ਨਾਲ ਪੂਰੀ ਦੁਨੀਆਂ ਵਿੱਚ ਜਾਣਿਆ ਗਿਆ। ਇਹ ਮਾਰਕਸ ਦੇ ਹੀ ਫ਼ਲਸਫ਼ੇ ਦਾ ਨਜ਼ਰੀਆ ਹੈ, ਜਿਸ ਨਾਲ ਅਸੀਂ ਚੀਜ਼ਾਂ ਨੂੰ ਉਨ੍ਹਾਂ ਦੀ ਨਿਰੰਤਰਤਾ ਵਿੱਚ ਦੇਖ ਪਾ ਰਹੇ ਹਾਂ। ਮਾਰਕਸ ਦਾ ਫ਼ਲਸਫ਼ਾ ਕਹਿੰਦਾ ਹੈ – “ਹਰ ਚੀਜ ਸਦਾ ਗਤੀਸ਼ੀਲ ਅਤੇ ਪਰਿਵਰਤਨ ਦੀ ਨਿਰੰਤਰ ਸੁਰਜੀਤੀ ਅਤੇ ਤਰੱਕੀ ਦੀ ਹਾਲਤ ਵਿੱਚ ਰਹਿੰਦੀ ਹੈ, ਜਿਸ ਵਿੱਚ ਸਦਾ ਹੀ ਕੁਝ ਪੈਦਾ ਅਤੇ ਵਿਕਸਿਤ ਹੁੰਦਾ ਰਹਿੰਦਾ ਹੈ ਅਤੇ ਕੁਝ ਅਲੋਪ ਹੁੰਦਾ ਰਹਿੰਦਾ ਹੈ।” ਜ਼ਾਹਿਰ ਹੈ ਇਹ ਪ੍ਰਕਿਰਿਆ ਫਲਸਫ਼ੇ ਦੇ ਖੇਤਰ ਵਿੱਚ ਵੀ ਹੁੰਦੀ ਹੈ। ਇੱਕ ਗਿਆਨ ਦੀ ਬੁਨਿਆਦ ’ਤੇ ਦੂਜੇ ਗਿਆਨ ਦੀ ਇਮਾਰਤ ਤਿਆਰ ਹੁੰਦੀ ਹੈ।

ਇਹ ਮਹੱਤਵਪੂਰਨ ਹੈ ਕਿ ਮਾਰਕਸ ਦੇ ਫ਼ਲਸਫ਼ੇ ਨੇ ਨਾ ਸਿਰਫ ਕੁਦਰਤ ਬਲਕਿ ਸਮਾਜ ਨੂੰ ਵੀ ਸਮਝਣ ਦਾ ਨਜ਼ਰੀਆ ਦਿੱਤਾ, ਬਲਕਿ ਸਮਾਜ ਦੇ ਸੁਚੇਤ ਬਦਲਾਵ ਦਾ ਫ਼ਲਸਫ਼ਾ ਵੀ ਦੁਨੀਆਂ ਨੂੰ ਦਿੱਤਾਮਤਲਬ ਕਿ ਇਸ ਫ਼ਲਸਫ਼ੇ ਨੇ ਦੁਨੀਆਂ ਦੇ ਇਤਿਹਾਸ ਨੂੰ ਦੇਖਣ ਦਾ ਨਜ਼ਰੀਆ ਦਿੱਤਾ, ਜਿਸ ਨਾਲ ਅਸੀਂ ਬਿਹਤਰ ਭਵਿੱਖ ਦੇ ਲਈ ਵਰਤਮਾਨ ਵਿੱਚ ਆਪਣੀ ਭੂਮਿਕਾ ਵੀ ਪੱਕੀ ਕਰ ਸਕੇਇਸ ਰੂਪ ਵਿੱਚ ਕਾਰਲ ਮਾਰਕਸ ਨੇ ਆਪਣੀ ਜ਼ਿੰਦਗੀ ਨਾ ਸਿਰਫ ਦੁਨੀਆਂ ਨੂੰ ਸਮਝਣ ਵਿੱਚ ਲਗਾਈ, ਬਲਕਿ ਉਸਨੂੰ ਬਦਲਣ ਦੇ ਕੰਮ ਵਿੱਚ ਵੀ ਓਨੀ ਹੀ ਲਗਨ ਨਾਲ ਲੱਗੇ ਰਹੇਯਾਦ ਰੱਖੋ ਕਿ ਇਹ ਕਾਰਲ ਮਾਰਕਸ ਦੀ 202 ਵੀਂ ਵਰ੍ਹੇ-ਗੰਢ ਹੈ, ਮਾਰਕਸਵਾਦੀ ਫ਼ਲਸਫ਼ੇ ਦੀ ਉਮਰ ਇਸਤੋਂ ਵੀ ਘੱਟ ਹੈ, ਪਰ ਇੰਨੇ ਘੱਟ ਸਮੇਂ ਵਿੱਚ ਇਸ ਫ਼ਲਸਫ਼ੇ ਨੇ ਦੁਨੀਆਂ ਭਰ ਵਿੱਚ ਬਦਲਾਵ ਦੀ ਅਜਿਹੀ ਹਵਾ ਵਹਾ ਦਿੱਤੀ ਕਿ ਦੁਨੀਆਂ ਭਰ ਦੇ ਲੋਟੂ-ਹਾਕਮਾਂ ਦੇ ਕੰਮ ਦਾ ਸਭ ਤੋਂ ਵੱਡਾ ਹਿੱਸਾ, ਤਾਕਤ, ਸਮਾਂ ਅਤੇ ਧਨ ਇਸ ਫ਼ਲਸਫ਼ੇ ਨਾਲ ਲੈਸ ਅਤੇ ਪ੍ਰੇਰਤ ਲਹਿਰਾਂ ਨੂੰ ਰੋਕਣ ਵਿੱਚ ਖ਼ਰਚ ਹੋ ਰਿਹਾ ਹੈ

5 ਮਈ 1818 ਨੂੰ ਜਰਮਨੀ (ਉਸ ਸਮੇਂ ਦੇ ਪਰੁਸ਼ਿਆ ਦੇ ਰਾਇਨਲੈਂਡ ਖੇਤਰ ਵਿੱਚ) ਵਿੱਚ ਜਨਮੇ ਕਾਰਲ ਮਾਰਕਸ ਦੇ ਸਮਾਜ ਨੂੰ ਦਿੱਤੇ ਯੋਗਦਾਨ ਦੀ ਚਰਚਾ ਕੀਤੀ ਜਾਵੇ, ਤਾਂ ਇਸ ’ਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ, ਕਿਉਂਕਿ ਮਾਰਕਸ ਦੇ ਵਿਚਾਰਾਂ ਨੇ ਪੂਰੀ ਦੁਨੀਆਂ ਵਿੱਚ ਕੁਦਰਤੀ ਵਿਗਿਆਨ, ਸਮਾਜ ਵਿਗਿਆਨ ਦੇ ਨਾਲ-ਨਾਲ ਕਲਾ, ਸੱਭਿਆਚਾਰ, ਸਾਹਿਤ ਆਦਿ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਾਰਕਸ ਦੇ ਯੋਗਦਾਨਾਂ ਨੂੰ ਇੱਕ ਛੋਟੇ ਜਿਹੇ ਲੇਖ ਵਿੱਚ ਬਿਆਨ ਕਰਨਾ ਮੁਸ਼ਕਲ ਹੈ, ਪਰ ਦੁਨੀਆਂ ਭਰ ਵਿੱਚ ਲਤਾੜੀਆਂ ਜਮਾਤਾਂ ਨੂੰ ਲੜਨ ਦਾ ਨਜ਼ਰੀਆ ਦੇਣ ਵਾਲੇ ਅਤੇ ਦੁਨੀਆਂ ਭਰ ਦੇ ਹਾਕਮਾਂ ਅਤੇ ਮੁਨਾਫ਼ਾਖੋਰਾਂ ਨੂੰ ਡਰਾਉਣ ਵਾਲੇ ਇਸ ਫ਼ਲਸਫ਼ੇ ’ਤੇ ਸੰਖੇਪ ਚਰਚਾ ਮਾਰਕਸ ਦੀ 202 ਵੀਂ ਵਰ੍ਹੇ-ਗੰਢ ’ਤੇ ਲੋੜੀਂਦੀ ਹੈ, ਤਾਂਕਿ ਇਸ ਵਿਚਾਰਕ ਹਥਿਆਰ ਨੂੰ ਅਸੀਂ ਲੁੱਟੇ ਜਾਣ ਵਾਲੇ ਇੱਕ ਵਾਰ ਫਿਰ ਯਾਦ ਕਰਕੇ ਇਸਦਾ ਇਸਤੇਮਾਲ ਤੇਜ ਕਰ ਸਕੀਏ। ਪਰ ਉਸਤੋਂ ਪਹਿਲਾਂ ਇਹ ਕਹਿਣਾ ਜਰੂਰੀ ਹੈ ਕਿ ਅੱਜ ਅਸੀਂ ਜਿਸਨੂੰ ਮਾਰਕਸਵਾਦੀ ਫ਼ਲਸਫ਼ਾ ਕਹਿੰਦੇ ਹਾਂ, ਉਹ ਮਾਰਕਸ ਅਤੇ ਏਂਗਲਜ਼ ਦਾ ਸਾਂਝਾ ਕੰਮ ਹੈ। ਦੋਨੋਂ ਜਿਗਰੀ ਦੋਸਤ ਸੀ, ਦੋਨੋਂ ਆਪਣੇ ਫ਼ਲਸਫ਼ੇ ਦੇ ਕਾਰਨ ਹੀ ਨਹੀਂ, ਬਲਕਿ ਆਪਣੀ ਦੋਸਤੀ ਲਈ ਵੀ ਹਮੇਸ਼ਾ ਯਾਦ ਕੀਤੇ ਜਾਣਗੇ। ਇਸਦੇ ਨਾਲ ਹੀ ਮਾਰਕਸ ਦੀ ਜੀਵਣ ਸਾਥਣ ਜੇਨੀ ਉਨ੍ਹਾਂ ਦੀ ਹਰ ਲਿਖਤ ਦੀ ਪਹਿਲੀ ਪਾਠਕ ਅਤੇ ਸੁਝਾਅਦਾਤਾ ਸੀ।

ਮਾਰਕਸ ਦਾ ਫ਼ਲਸਫ਼ਾ ਜਾਂ ਵਿਚਾਰ ਕੋਈ ਖੜੋਤ ਵਾਲਾ ਫ਼ਲਸਫ਼ਾ ਨਹੀਂ ਹੈ। ਮਾਰਕਸਵਾਦ ਨੇ ਇਹ ਨਜ਼ਰੀਆ ਮੁਹੱਈਆ ਕਰ ਦਿੱਤਾ, ਜਿਸਦੇ ਦੁਆਰਾ ਹਰ ਸਮੇਂ ਨੂੰ, ਹਰ ਸਮਾਜ ਦੀ ਹਾਲਤ ਨੂੰ ਸਮਝਿਆ ਜਾ ਸਕਦਾ ਹੈ। ਮਾਰਕਸ ਨੇ ਆਪਣੇ ਸਮੇਂ ਵਿੱਚ ਪੂੰਜੀ ਦਾ ਜੋ ਰੂਪ ਦੇਖਿਆ, ਉਸਦੇ ਆਧਾਰ ’ਤੇ ਉਨ੍ਹਾਂ ਨੇ ‘ਸਰਮਾਇਆ’ (Capital) ਦੇ ਤਿੰਨ ਖੰਡ ਲਿਖ ਕੇ ਪੂੰਜੀਵਾਦੀ ਢਾਂਚੇ ਵਿੱਚ ਲੁੱਟ ਦੇ ਢਾਂਚੇ ਨੂੰ ਇੰਨੇ ਅਖੰਡ ਤਰੀਕੇ ਨਾਲ ਬਿਆਨ ਕੀਤਾ ਕਿ ਉਸਦਾ ਖੰਡਨ ਅੱਜ ਤੱਕ ਕੋਈ ਵੀ ਅਰਥਸ਼ਾਸ਼ਤਰੀ ਜਾਂ ਦਾਰਸ਼ਨਿਕ ਨਹੀਂ ਕਰ ਪਾਇਆ। ਪਰ ਮਾਰਕਸ ਨੇ ਪੂੰਜੀ ਦੇ ਸਾਮਰਾਜਵਾਦੀ ਅਤੇ ਏਕਾਧਿਕਾਰਤ ਰੂਪ ਨੂੰ ਆਪਣੇ ਸਮੇਂ ਵਿੱਚ ਨਹੀਂ ਦੇਖਿਆ, ਜਿਸ ਨੂੰ ਬਾਅਦ ਵਿੱਚ ਵਲਾਦੀਮੀਰ ਲੈਨਿਨ ਨੇ ਦੇਖਿਆ, ਸਮਝਿਆ ਅਤੇ ਇਸਨੂੰ ਲਿਖ ਕੇ ਮਾਰਕਸਵਾਦੀ ਫ਼ਲਸਫ਼ੇ ਨੂੰ ਅਮੀਰ ਕੀਤਾ। ਲੈਨਿਨ ਤੋਂ ਬਾਅਦ ਮਾਓ ਤਸੇ-ਤੁੰਗ ਨੇ ਚੀਨ ਵਰਗੇ ਉਨ੍ਹਾਂ ਮੁਲਕਾਂ ਵਿੱਚ ਸਾਮਰਾਜਵਾਦੀ ਪੂੰਜੀ ਦੇ ਆਉਣ ਨਾਲ ਪੈਂਦੇ ਅਸਰ ਨੂੰ ਦੇਖਿਆ ਅਤੇ ਸਮਝਿਆ, ਜਿੱਥੇ ਹਾਲੇ ਪੂੰਜੀਵਾਦ ਨਹੀਂ ਆਇਆ ਸੀ, ਬਲਕਿ ਇਹ ਸਮਾਜ ਜਗੀਰੂ ਢਾਂਚੇ ’ਚੋਂ ਨਿਕਲਣ ਦੀ ਪ੍ਰਕਿਰਿਆ ਵਿੱਚ ਹੀ ਸੀ। ਉਨ੍ਹਾਂ ਨੇ ਅਜਿਹੇ ਸਮਾਜਾਂ ਦੀ ਆਰਥਕਤਾ ਨੂੰ ‘ਅਰਧ ਬਸਤੀਵਾਦੀ – ਅਰਧ ਜਗੀਰੂ’ ਦੇ ਰੂਪ ਵਿੱਚ ਵਿਆਖਿਆ ਕਰਕੇ ਇਨ੍ਹਾਂ ਮੁਲਕਾਂ ਵਿੱਚ ਬਦਲਾਵ ਦਾ ਨਵਾਂ ਰਾਹ ਦਿਖਾਇਆ, ਜਿਸਨੂੰ ‘ਸਮਾਜਵਾਦੀ ਇਨਕਲਾਬ’ ਨਹੀਂ, ਬਲਕਿ ‘ਨਵ-ਜਮਹੂਰੀ ਇਨਕਲਾਬ’ ਕਿਹਾ। ਮਾਓ ਦਾ ਇਹ ਯੋਗਦਾਨ ਵੀ ਮਾਰਕਸਵਾਦੀ ਵਿਚਾਰਧਾਰਾ ਦਾ ਵੱਡਾ ਵਾਧਾ ਸੀ। ਮਾਓ ਨੇ ਫ਼ਲਸਫ਼ੇ ਦੇ ਪੱਧਰ ਤੇ ਵੀ ਵਿਸ਼ੇਸ਼ ਕਰਕੇ ਕੁਦਰਤੀ ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿੱਚ ਵਿਰੋਧਤਾਈਆਂ ਨੂੰ ਸਮਝਣ ਵਿੱਚ ਮਾਰਕਸਵਾਦੀ ਗਿਆਨ ਦੇ ਫ਼ਲਸਫ਼ੇ ਵਿੱਚ ਇੱਕ ਅਨਮੋਲ ਵਾਧਾ ਕੀਤਾ ਹੈ। ਅੱਜ ਜਦੋਂ ਅਸੀਂ ਆਪਣੇ ਮੁਲਕ ਵਿੱਚ ਬਦਲਾਵ ਲਈ ਮਾਰਕਸਵਾਦੀ ਫ਼ਲਸਫ਼ੇ ਨਾਲ ਚਾਨਣ ਗ੍ਰਹਿਣ ਕਰਦੇ ਹਾਂ ਤਾਂ ਮਾਰਕਸ ਦੇ ਨਾਲ ਲੈਨਿਨ ਅਤੇ ਮਾਓ ਦੇ ਵਿਚਾਰਾਂ ਨਾਲ ਹੀ ਕਰਦੇ ਹਾਂ। ਉਨ੍ਹਾਂ ਨੂੰ ਛੱਡ ਕੇ ਸਾਡਾ ਮਾਰਕਸਵਾਦ ਦਾ ਗਿਆਨ ਅਧੂਰਾ ਰਹਿ ਜਾਵੇਗਾ।

ਵਿਗਿਆਨ ਅਤੇ ਫ਼ਲਸਫ਼ੇ ਵਿੱਚ ਮਾਰਕਸਵਾਦ ਦਾ ਯੋਗਦਾਨ

ਦੁਨੀਆਂ ਨੂੰ ਸਮਝਣ ਲਈ ਹੁਣ ਤੱਕ ਤਿੰਨ ਤਰ੍ਹਾਂ ਦੇ ਫ਼ਲਸਫ਼ੇ ਰਹੇ ਹਨ। ਪਹਿਲਾ ਵਿਚਾਰਵਾਦੀ ਫ਼ਲਸਫ਼ਾ (Idealism) – ਜਿਸਦੇ ਮੁਤਾਬਕ ਬ੍ਰਹਿਮੰਡ ਦੀ ਹਰ ਘਟਨਾ ਜਾਂ ਗਤੀ ਲਈ ਕੋਈ ਅਦਿੱਖ ਤਾਕਤ ਜਿੰਮੇਵਾਰ ਹੈ। ਇਸ ਅਦਿੱਖ ਤਾਕਤ ਨੂੰ ਹੀ ਰੱਬ ਮੰਨਿਆ ਗਿਆ। ਇਹ ਦੁਨੀਆਂ ਦਾ ਸਭ ਤੋਂ ਪਹਿਲਾ ਫ਼ਲਸਫ਼ਾ ਹੈ, ਜੋ ਕਿ ਅਗਿਆਨ ਤੋਂ ਉਪਜਿਆ ਸੀ, ਪਰ ਬ੍ਰਹਿਮੰਡ ਦੀਆਂ ਅਨੇਕਾਂ ਗਤੀਆਂ ਅਤੇ ਘਟਨਾਵਾਂ ਦਾ ਗਿਆਨ ਹੋ ਜਾਣ ਤੋਂ ਬਾਅਦ ਵੀ ਇਹ ਫ਼ਲਸਫ਼ਾ ਅੱਜ ਵੀ ਸਮਾਜ ਵਿੱਚ ਨਾ ਸਿਰਫ ਮੌਜੂਦ ਹੈ, ਬਲਕਿ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਜਕੜੀ ਬੈਠਿਆ ਹੈ, ਅੱਜ ਦੇ ਸਮੇਂ ’ਚ ਇਹ ਲੋਟੂਆਂ ਦਾ ਫ਼ਲਸਫ਼ਾ ਹੈ।

ਜੋ ਦੂਜਾ ਫ਼ਲਸਫ਼ਾ ਆਇਆ ਉਹ ਹੈ ਪਦਾਰਥਵਾਦੀ ਫ਼ਲਸਫ਼ਾ – ਜਿਸਦੇ ਅਨੁਸਾਰ ਹਰ ਚੀਜ ਦਾ ਕਾਰਨ ਇਸੇ ਜਗਤ ਵਿੱਚ ਹੈ, ਕੋਈ ਅਦਿੱਖ ਕਾਰਨ ਨਹੀਂ। ਗਿਆਨ ਦੇ ਪੱਧਰ ’ਤੇ ਇਹ ਇੱਕ ਛਾਲ ਸੀ, ਪਰ ਇਹ ਗਤੀਆਂ ਅਤੇ ਘਟਨਾਵਾਂ ਦੇ ਕਾਰਨਾਂ ਨੂੰ ਪੂਰਨ ਰੂਪ ਵਿੱਚ ਦੇਖ ਪਾਉਣ ਵਿੱਚ ਨਾਕਾਬਲ ਸੀ, ਕਿਉਂਕਿ ਇਹ ਵਸਤੂਆਂ ਦੀ ਅੰਦਰੂਨੀ ਗਤੀ ਤੱਕ ਨਹੀਂ ਪਹੁੰਚ ਸਕਿਆ ਸੀ, ਅਤੇ ਗਤੀਆਂ ਅਤੇ ਘਟਨਾਵਾਂ ਦੇ ਸਿਰਫ ਬਾਹਰੀ ਕਾਰਨਾਂ ਦੇ ਆਧਾਰ ਤੇ ਉਨ੍ਹਾਂ ਨੂੰ ਸਮਝਣ ਦੀ ਅਸਫ਼ਲ ਕੋਸ਼ਿਸ਼ ਕਰਦਾ ਹੈ।

ਮਾਰਕਸ ਨੇ ਇਸ ਫ਼ਲਸਫ਼ੇ ਵਿੱਚ ਜੋੜਿਆ ਕਿ ‘ਹਰ ਗਤੀ ਦਾ ਕਾਰਨ ਇਸੇ ਦੁਨੀਆਂ ਵਿੱਚ ਮੌਜੂਦ ਹੈ, ਨਾਲ ਹੀ ਹਰ ਗਤੀ ਜਾਂ ਵਿਕਾਸ ਦਾ ਕਾਰਨ ਦਵੰਦ ਹੈ, ਇਹ ਜਗਤ ਅਤੇ ਇਸਦਾ ਹਰ ਪਦਾਰਥ ਦਵੰਦਾਤਮਕ ਗਤੀ ਦੇ ਕਾਰਨ ਅੱਗੇ ਵਧ ਰਿਹਾ ਹੈ।’ ‘ਦਵੰਦਾਤਮਕ ਗਤੀ’ ਦਾ ਮਤਲਬ ਹੈ ਇੱਕ ਬਾਹਰੀ ਗਤੀ ਅਤੇ ਦੂਜੀ ਅੰਦਰੂਨੀ ਗਤੀ, ਜਿਸ ਵਿੱਚ ਅੰਦਰੂਨੀ ਗਤੀ ਮੁੱਖ ਹੁੰਦੀ ਹੈਇਨ੍ਹਾਂ ਦੋਨਾਂ ਗਤੀਆਂ ਦਾ ਸਿੱਟਾ ਹੈ ਬ੍ਰਹਿਮੰਡ ਅਤੇ ਸਮਾਜ ਦੀ ਕੋਈ ਵੀ ਗਤੀ ਅਤੇ ਵਿਕਾਸਇਸੇ ਕਾਰਨ ਮਾਰਕਸ ਦੇ ਫ਼ਲਸਫ਼ੇ ਨੂੰ “ਦਵੰਦਾਤਮਕ ਪਦਾਰਥਵਾਦ” ਕਿਹਾ ਜਾਂਦਾ ਹੈ

ਇਹ ਫ਼ਲਸਫ਼ਾ ਗਿਆਨ ਦੇ ਖੇਤਰ ਵਿੱਚ ਅਜਿਹੀ ਛਾਲ ਸੀ, ਜਿਸਨੇ ਕੁਦਰਤੀ ਵਿਗਿਆਨ ਅਤੇ ਸਮਾਜ ਵਿਗਿਆਨ ਦੀ ਇੱਕ ਵੱਡੀ ਉਲਝਣ ਨੂੰ ਸੁਲਝਾ ਦਿੱਤਾ। ਦਵੰਦਾਤਮਕ ਭੌਤਿਕਵਾਦ ਦੁਨੀਆਂ ਨੂੰ ਦੇਖਣ ਦਾ ਅਜਿਹਾ ਨਜ਼ਰੀਆ ਸੀ, ਜਿਸਨੇ ਹੁਣ ਤੱਕ ਜਾਣੀਆਂ ਗੱਲਾਂ ਨੂੰ ਸਮਝਣ ਅਤੇ ਅਣਜਾਣ ਗੱਲਾਂ ਤੱਕ ਪਹੁੰਚਣ ਦਾ ਧਾਗਾ ਫੜਾ ਦਿੱਤਾ। ਇਹੀ ਵਜ੍ਹਾ ਹੈ ਕਿ ਦੁਨੀਆਂ ਵਿੱਚ ਮਾਰਕਸਵਾਦ ਮਤਲਬ ਕਿ ਦਵੰਦਾਤਮਕ ਭੌਤਿਕਵਾਦੀ ਫ਼ਲਸਫ਼ੇ ਦੇ ਆਉਣ ਤੋਂ ਬਾਅਦ ਵਿਗਿਆਨ ਦੇ ਖੇਤਰ ਵਿੱਚ ਵਰ੍ਹਿਆਂ ਤੱਕ ਇੱਕ ਤੋਂ ਵਧਕੇ ਇੱਕ ਵੱਡੀਆਂ ਸਿਧਾਂਤਕ ਖੋਜਾਂ ਹੁੰਦੀਆਂ ਰਹੀਆਂ। 19ਵੀਂ ਸਦੀ ਦੇ ਮੱਧ ਵਿੱਚ ਹੀ ਏਂਗਲਜ਼ ਨੇ “ਕੁਦਰਤ ਦਾ ਦਵੰਦ” ਨਾਮ ਦੀ ਰਚਨਾ ਵਿੱਚ ਖਗੋਲ ਵਿਗਿਆਨ ਜਾਨੀ ਕਿ ਅੰਤਰਿਕਸ਼ ਦੇ ਰਹੱਸਾਂ ਨੂੰ ਸਮਝਣ ਦਾ ਮੁੱਢਲਾ ਸੂਤਰ ਫੜਾ ਦਿੱਤਾ ਸੀ। ਬ੍ਰਹਿਮੰਡ ਨੂੰ ਸਮਝਣ ਲਈ ਆਈਨਸਟਾਈਨ ਦੇ ‘ਸਾਪੇਖਤਾ ਦੇ ਸਿਧਾਂਤ’ ਜਿਹੀ ਵੱਡੀ ਖੋਜ ਦਾ ਮੁੱਖ ਆਧਾਰ ਇਹ ਫ਼ਲਸਫ਼ਾ ਹੈ।

ਮਾਰਕਸਵਾਦੀ ਫ਼ਲਸਫ਼ਾ ਇਹ ਦਸਦਾ ਹੈ ਕਿ ਅਣੂਆਂ ਦੇ ਟੁੱਟਣ ਦੀ ਕੋਈ ਹੱਦ ਨਹੀਂ, ਹਰ ਅਣੂ ਟੁੱਟਣ-ਯੋਗ ਹੈ, ਇਸ ਲਈ ਅਖੀਰਲਾ ਜਾਂ ਸ਼ੁਰੂਆਤੀ ਅਣੂ (ਜਾਂ ਕਿਸੇ ਅਦਿੱਖ ਤਾਕਤ ਦੁਆਰਾ ਤਿਆਰ ‘ਗੌਡ ਪਾਰਟੀਕਲ’) ਰਾਹੀਂ ਇਸ ਪਹੇਲੀ ਦਾ ਅੰਤ ਨਹੀਂ ਹੋ ਸਕਦਾ। ਹਰ ਪਦਾਰਥ ਆਪਣਾ ਰੂਪ ਬਦਲਦਾ ਹੈ। ਅਣੂਆਂ ਦੇ ਸੰਘਣੇ ਜਾਂ ਵਿਰਲੇ ਹੋਣ ਨਾਲ ਪਦਾਰਥ ਦਾ ਰੂਪ ਬਦਲਦਾ ਜਾਵੇਗਾ।

ਕਿਉਂਕਿ ਦੁਨੀਆਂ ਵਿੱਚ ਮਾਰਕਸਵਾਦੀ ਫ਼ਲਸਫ਼ੇ ਨੂੰ ਲਾਗੂ ਕਰਨ ਵਾਲਾ ਸਮਾਜਕ ਢਾਂਚਾ ਇਸ ਸਮੇਂ ਇਸ ਪੂਰੀ ਦੁਨੀਆਂ ਵਿੱਚ ਨਹੀਂ ਹੈ, ਇਸ ਕਰਕੇ ਇਸ ਸਮੇਂ ਵਿਗਿਆਨ ਦਾ ਦਾਰਸ਼ਨਿਕ ਅਤੇ ਸਿਧਾਂਤਕ ਵਿਕਾਸ ਵੀ ਰੁਕਿਆ ਹੋਇਆ ਹੈ, ਅੱਜ ਜਿਸ ਤਰੱਕੀ ਨੂੰ ਅਸੀਂ ਦੇਖ ਰਹੇ ਹਾਂ, ਉਹ ਦਰਅਸਲ ਤਕਨੀਕੀ ਤਰੱਕੀ ਹੈ, ਜੋ ਕਿ ਪੂੰਜੀਵਾਦੀ ਲੁੱਟ ਨੂੰ ਤੇਜ ਕਰਨ ਦਾ ਹੀ ਕੰਮ ਕਰ ਰਹੀ ਹੈ।

ਸਮਾਜ ਵਿਗਿਆਨ ਦੇ ਖੇਤਰ ਵਿੱਚ ਮਾਰਕਸ ਦਾ ਯੋਗਦਾਨ 

ਮਾਰਕਸਵਾਦੀ ਫ਼ਲਸਫ਼ਾ ਭਾਵ ਦਵੰਦਾਤਮਕ ਪਦਾਰਥਵਾਦ ਦੀ ਇਹ ਖ਼ਾਸੀਅਤ ਹੈ ਕਿ ਇਸ ਨਾਲ ਸਿਰਫ ਕੁਦਰਤੀ ਵਿਗਿਆਨ ਹੀ ਨਹੀਂ ਬਲਕਿ ਸਮਾਜ ਵਿਗਿਆਨ ਦੀ ਗਤੀ ਨੂੰ ਵੀ ਸਾਫ਼-ਸਾਫ਼ ਸਮਝਿਆ ਸਕਦਾ ਹੈ। ਮਾਰਕਸ ਅਤੇ ਏਂਗਲਜ਼ ਨੇ ਦਵੰਦਾਤਮਕ ਪਦਾਰਥਵਾਦ ਦੇ ਫ਼ਲਸਫ਼ੇ ਨੂੰ ਸਮਾਜ ’ਤੇ ਲਾਗੂ ਕਰਕੇ ਸਮਾਜ ਦੀ ਗਤੀ ਦੀ ਵਿਆਖਿਆ ਕੀਤੀ, ਤਾਂ ਉਸਨੂੰ ‘ਇਤਿਹਾਸਕ ਪਦਾਰਥਵਾਦ’ ਕਿਹਾ ਗਿਆ। ਇਸ ਤੋਂ ਪਹਿਲਾਂ ਇਤਿਹਾਸ ਨੂੰ ਦੋ ਹਾਕਮਾਂ ਦੀਆਂ ਜੰਗਾਂ ਜਾਂ ਖ਼ਾਸ ਸਲਤਨਤ ਵਿੱਚ ਉਸ ਸਮੇਂ ਦੀਆਂ ਪ੍ਰਸ਼ਾਸ਼ਨਿਕ ਖੂਬੀਆਂ ਜਾਂ ਕਮੀਆਂ ਦੇ ਰੂਪ ਵਿੱਚ ਹੀ ਬਿਆਨ ਕੀਤਾ ਜਾਂਦਾ ਰਿਹਾ। ਪਰ ਮਾਰਕਸਵਾਦ ਦੇ ‘ਇਤਿਹਾਸਕ ਪਦਾਰਥਵਾਦੀ’ ਫ਼ਲਸਫ਼ੇ ਨੇ ਸਮਾਜ ਦੇ ਵਿਕਾਸ ਦਾ ਕਾਰਨ ‘ਜਮਾਤੀ ਸੰਘਰਸ਼’ ਦੱਸਿਆ। ਮਤਲਬ ਕਿ ਇਤਿਹਾਸ ਸਿਰਫ ਦੋ ਰਾਜਿਆਂ ਦੇ ਵਿੱਚ ਪਰਸਪਰ ਜੰਗ ਦੀ ਕਹਾਣੀ ਨਹੀਂ ਹੈ, ਬਲਕਿ ਇਹ ਸ਼ੋਸ਼ਕਾਂ ਅਤੇ ਸ਼ੋਸ਼ਤਾਂ ਦੇ ਵਿੱਚ ਦੇ ਅੰਤਰ-ਵਿਰੋਧ ਅਤੇ ਉਸ ਨਾਲ ਪੈਦਾ ‘ਜਮਾਤੀ ਸੰਘਰਸ਼’ ਦਾ ਵਿਗਿਆਨ ਹੈ, ਜਿਸ ਨਾਲ ਸਮਾਜ ਅੱਗੇ ਵਧਦਾ ਹੈ ਅਤੇ ਨਿਰੰਤਰ ਵਿਕਾਸ ਦੀ ਨਵੀਂ ਮੰਜਲ ਵੱਲ ਵਧਦਾ ਰਹਿੰਦਾ ਹੈਹਰ ਸਮਾਜਕ ਢਾਂਚੇ ਵਿੱਚ ਸ਼ੋਸ਼ਕਾਂ ਅਤੇ ਸ਼ੋਸ਼ਤਾਂ ਦੇ ਵਿੱਚ ਦਾ ਅੰਤਰ-ਵਿਰੋਧ ਉਸ ਸਮੇਂ ਵਿੱਚ ਮੌਜੂਦ ਉਨ੍ਹਾਂ ਦੇ ਵਿੱਚ ਦੇ ਉਤਪਾਦਨ ਸੰਬੰਧਾਂ ਨੂੰ ਤੋੜ ਕੇ ਅੱਗੇ ਵਧਣ, (ਜੋ ਸ਼ੋਸ਼ਤ ਹੁੰਦਾ ਹੈ) ਅਤੇ ਉਸਨੂੰ ਬਣਾਈ ਰੱਖ ਕੇ ਸ਼ੋਸ਼ਣ ਜਾਰੀ ਰੱਖਣ, (ਜੋ ਸ਼ੋਸ਼ਣ ਕਰਦਾ ਹੈ) ਦਾ ਹੁੰਦਾ ਹੈਇਸ ਸੰਬੰਧ ਨੂੰ ਤੋੜ ਕੇ ਅੱਗੇ ਵਧਣ ਵਾਲੀ ਤਿਆਰ ਜਮਾਤ ਆਪਣੇ ਸਮੇਂ ਦੀ ਅਗਾਹਾਂ-ਵਧੂ ਅਤੇ ਇਨਕਲਾਬੀ ਜਮਾਤ ਹੁੰਦੀ ਹੈ ਅਤੇ ਉਸਨੂੰ ਰੋਕ ਕੇ ਰੱਖਣ ਵਾਲੀ ਜਮਾਤ ਪਿਛੜੀ ਅਤੇ ਪ੍ਰਤੀਕਿਰਿਆਵਾਦੀ ਜਮਾਤ ਹੁੰਦੀ ਹੈ ਇਤਿਹਾਸਕ ਪਦਾਰਥਵਾਦ ਦੀ ਇਸੇ ਤਰਜ ’ਤੇ ਹੁਣ ਤੱਕ ਸਮਾਜ ਗੁਲਾਮਦਾਰੀ ਯੁੱਗ, ਜਗੀਰਦਾਰੀ ਯੁੱਗ ਤੋਂ ਹੁੰਦਾ ਹੋਇਆ ਪੂੰਜੀਵਾਦੀ ਅਤੇ ਸਾਮਰਾਜਵਾਦੀ ਯੁੱਗ ਤੱਕ ਪਹੁੰਚਿਆ ਹੈ, ਅਤੇ ਇਸੇ ਵਿਗਿਆਨਕ ਅਸੂਲ ਦੇ ਆਧਾਰ ’ਤੇ ਇਹ ਪੱਕੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸਦੀ ਅਗਲੀ ਮੰਜਲ ਸਮਾਜਵਾਦ ਅਤੇ ਸਾਮਵਾਦ ਦੀ ਹੋਵੇਗੀ। ਭਾਰਤ ਦੇ ਪ੍ਰਸੰਗ ਵਿੱਚ ਇਹ ਨਵ-ਜਮਹੂਰੀ ਇਨਕਲਾਬ ਤੋਂ ਹੋ ਕੇ ਸਮਾਜਵਾਦ ਦੇ ਰਸਤੇ ’ਤੇ ਅੱਗੇ ਵਧੇਗਾ। ਭਾਰਤ ਵਿੱਚ ਆਪਣੇ ਜਗੀਰੂ ਸ਼ੋਸ਼ਕਾਂ ਦੇ ਖਿਲਾਫ਼ ਕਿਸਾਨ, ਦਲਿਤ, ਆਦਿਵਾਸੀ, ਅਤੇ ਸਾਮਰਾਜਵਾਦ ਦੇ ਖਿਲਾਫ਼ ਮਜ਼ਦੂਰ ਜਮਾਤ ਅੱਜ ਦਾ ਅਗਾਂਹ-ਵਧੂ ਇਨਕਲਾਬੀ ਤਬਕਾ ਹੈ, ਕਿਉਂਕਿ ਇਹ ਹੀ ਉਨ੍ਹਾਂ ਪੁਰਾਣੇ ਉਤਪਾਦਨ ਸੰਬੰਧਾਂ ਨੂੰ ਤੋੜਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਜਿਸਨੂੰ ਮੰਨੂਵਾਦੀ ਜਗੀਰੂ ਸੱਤਾ ਅਤੇ ਸਾਮਰਾਜਵਾਦੀ ਕਾਰਪੋਰੇਟੀ ਘਰਾਣੇ ਸ਼ਾਸ਼ਕ ਜਮਾਤ ਦੇ ਰੂਪ ਵਿੱਚ, ਬਣਾ ਕੇ ਰੱਖਣ ਦਾ ਯਤਨ ਕਰ ਰਹੇ ਹਨ।

ਅਧਿਆਤਮਕ ਫ਼ਲਸਫ਼ਾ ਸਮਾਜਕ ਢਾਂਚੇ ਬਾਰੇ ਇਹ ਦੱਸਦਾ ਹੈ ਕਿ ਦੁਨੀਆਂ ਵਿੱਚ ਅਮੀਰ ਅਤੇ ਗ਼ਰੀਬ, ਸ਼ੋਸ਼ਕ ਅਤੇ ਸ਼ੋਸ਼ਤ ਬਣਾਉਣ ਵਾਲਾ ਭਗਵਾਨ ਹੈ, ਅਤੇ ਉਹ ਇਨਸਾਨ ਦੇ ਪਿਛਲੇ ਜਨਮ ਦੇ ਕੰਮਾਂ ਦੇ ਆਧਾਰ ’ਤੇ ਅਮੀਰ ਅਤੇ ਗ਼ਰੀਬ ਬਣਾਉਂਦਾ ਹੈ, ਜਾਂ ਆਪਣੇ ਦੁੱਖਾਂ ਵਿੱਚ ਖੁਸ਼ ਰਹਿ ਕੇ ਇਸਨੂੰ ਮੰਨਣਾ ਪ੍ਰਮਾਤਮਾ ਨੂੰ ਖੁਸ਼ ਕਰਨ ਜਿਹਾ ਹੈ, ਜਿਸਦਾ ਫਲ ਮਨੁੱਖ ਨੂੰ ਮਰਨ ਤੋਂ ਬਾਅਦ ਮਿਲੇਗਾ। ਪੂੰਜੀਵਾਦੀ ਭੌਤਿਕਵਾਦੀ ਫ਼ਲਸਫ਼ਾ ਹੁਣ ਇਹ ਦੱਸਦਾ ਹੈ, ਕਿ ‘ਜੋ ਜਿੰਨਾ ਮਿਹਨਤ ਕਰਦਾ ਹੈ ਉਹ ਓਨਾ ਅਮੀਰ ਹੁੰਦਾ ਹੈ’, ਅਤੇ ਇਹ ਕਿ ‘ਅਮੀਰ ਇਨਸਾਨ ਦਿਮਾਗੀ ਮਿਹਨਤ ਕਰਕੇ ਅਮੀਰ ਬਣਦਾ ਹੈ’, ਜੋ ਕਿ ਗ਼ਰੀਬ ਨਹੀਂ ਕਰ ਸਕਦਾ, ਕਿਉਂਕਿ ਉਸਦੇ ਕੋਲ ਦਿਮਾਗ ਨਹੀਂ ਹੈ। ਉੱਥੇ ਹੀ ‘ਇਤਿਹਾਸਕ ਪਦਾਰਥਵਾਦ’ ਦੱਸਦਾ ਹੈ ਕਿ ਸਮਾਜ ਅੱਜ ਜਿਹਾ ਜਾ ਵੀ ਹੈ, ਉਹ ਇੱਥੇ ਮੌਜੂਦ ਦੋ ਜਮਾਤਾਂ ਦੇ ਅੰਤਰ-ਵਿਰੋਧਾਂ ਦੇ ਆਧਾਰ ’ਤੇ ਹੈ, ਅਤੇ ਇਸੇ ਦੇ ਕਾਰਨ ਇਹ ਬਦਲੇਗਾ ਇਤਿਹਾਸ ਦੀ ਗਤੀ, ਜੋ ਕਿ ਸ਼ੋਸ਼ਤ ਜਮਾਤ ਦੀ ਚੇਤਨਾ ਨੂੰ ਦ੍ਰਿੜ ਵੀ ਕਰਦੀ ਹੈ, ਇਸੇ ਚੇਤਨਾ ਨਾਲ ਉਹ ਆਪਣੀਆਂ ਭੌਤਿਕ ਹਾਲਤਾਂ ਮਤਲਬ ਕਿ ਪੁਰਾਣੇ ਉਤਪਾਦਨ ਸੰਬੰਧਾਂ ਨੂੰ ਬਦਲਣ ਦਾ ਕੰਮ ਕਰਦਾ ਹੈ। ਜਿਵੇਂ ਕਿ ਪੂੰਜੀਵਾਦ ਵਿੱਚ ਉਤਪਾਦਨ ਦੇ ਢੰਗ ਦਾ ਸਮੂਹੀਕਰਨ, ਪਰ ਉਤਪਾਦਨ ਦੇ ਸਾਧਨਾਂ ’ਤੇ ਨਿੱਜੀ ਮਾਲਕੀ, ਇਹ ਅਜਿਹਾ ਅੰਤਰ-ਵਿਰੋਧ ਹੈ, ਜਿਸਦੀ ਸੁਭਾਵਕ ਮੰਗ ਸਮਾਜਵਾਦੀ ਆਰਥਕਤਾ ਹੈ। ਉਤਪਾਦਨ ਵਿੱਚ ਸਖ਼ਤ ਅਨੁਸ਼ਾਸ਼ਨ ਅਤੇ ਮੰਡੀ ਵਿੱਚ ਅਰਾਜਕਤਾ ਇਹ ਸਭ ਭੌਤਿਕ ਹਾਲਤਾਂ ਮਿਲਕੇ ਪੂੰਜੀਵਾਦ ਦੇ ਅਗਾਂਹ-ਵਧੂ ਜਮਾਤ ਮਜ਼ਦੂਰ ਦੀ ਉਸ ਚੇਤਨਾ ਨੂੰ ਤੈਅ ਕਰਦੀ ਹੈ, ਜੋ ਇਸ ਪੁਰਾਣੇ ਉਤਪਾਦਨ ਸੰਬੰਧਾਂ ਨੂੰ ਬਦਲਣ ਦੀ ਤਰਫ਼ ਉਸਨੂੰ ਪ੍ਰੇਰਤ ਕਰਦੀ ਹੈ।

ਕਿਉਂਕਿ ਸਮਾਜ ਵਿੱਚ ਦੋ ਜਮਾਤਾਂ ਹਨ ਇਸ ਲਈ ਸਮਾਜ ਵਿੱਚ ਵੱਡੀ ਅਰਾਜਕਤਾ ਨੂੰ ਦੇਖਣ ਦੇ ਦੋ ਫ਼ਲਸਫ਼ੇ ਵੀ ਮੌਜੂਦ ਰਹਿੰਦੇ ਹਨ। ਸਹੀ-ਗਲਤ ਫ਼ਲਸਫ਼ੇ ਨੂੰ ਚੁਣਨ ਦੇ ਪ੍ਰਸੰਗ ਵਿੱਚ ਮਾਰਕਸ ਦਾ ਕਹਿਣਾ ਹੈ, ਜਦੋਂ ਅਸੀਂ ਇਤਿਹਾਸਕ ਨਜ਼ਰੀਏ ਨਾਲ ਸਭ ਤੋਂ ਅਗਾਹਾਂ-ਵਧੂ ਜਮਾਤ ਦੇ ਨਜ਼ਰੀਏ ਨੂੰ ਅਪਣਾਉਂਦੇ ਹਾਂ, ਸਿਰਫ ਉਦੋਂ ਹੀ ਅਸੀਂ ਸੱਚ ਦੇ ਹੋਰ ਜ਼ਿਆਦਾ ਨੇੜੇ ਪਹੁੰਚਣ ਦੇ ਯੋਗ ਹੋ ਸਕਦੇ ਹਾਂ।”

ਅਰਥਸ਼ਾਸ਼ਤਰ ਵਿੱਚ ਮਾਰਕਸ ਦਾ ਯੋਗਦਾਨ

ਹਾਲਾਂਕਿ ਸੰਪੂਰਨਤਾ ਵਿੱਚ ਦੇਖਣ ’ਤੇ ਸਮਾਜ ਵਿਗਿਆਨ ਤੋਂ ਅਰਥਸ਼ਾਸ਼ਤਰ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਪਰ ਕਿਉਂਕਿ ਮਾਰਕਸ ਨੇ ਆਪਣੇ ਸਮੇਂ ਵਿੱਚ ਅਦਿੱਖ ਸ਼ੋਸ਼ਣ ਦੀ ਇੱਕ ਅਜਿਹੀ ਉਲਝਣ ਸੁਲਝਾ ਲਈ ਸੀ, ਜੋ ਪੂੰਜੀਵਾਦੀ ਆਰਥਿਕਤਾ ਦੇ ਸ਼ੋਸ਼ਣ ਨੂੰ ਉਜਾਗਰ ਕਰ ਦਿੰਦੀ ਹੈ, ਇਸ ਲਈ ਉਨ੍ਹਾਂ ਦੇ ਇਸ ਯੋਗਦਾਨ ਨੂੰ ਅਰਥਸ਼ਾਸ਼ਤਰ ਦਾ ਹਿੱਸਾ ਮੰਨਿਆ ਜਾਂਦਾ ਹੈ।

ਜਗੀਰਦਾਰੀ ਉਤਪਾਦਨ ਸੰਬੰਧਾਂ ਨੂੰ ਤੋੜ ਕੇ ਜਦੋਂ ਯੂਰਪ ਵਿੱਚ ਪੂੰਜੀਵਾਦ ਆਇਆ, ਤਾਂ ਉਸਨੇ ਇਹ ਦਾਵਾ ਕੀਤਾ ਕਿ ਉਸਨੇ ਕਿਰਤ ਨੂੰ ਮੁਕਤ ਕਰ ਦਿੱਤਾ ਹੈ, ਹਰ ਕਿਸੇ ਨੂੰ ਉਸਦੇ ਕੀਤੇ ਦਾ ਮੁੱਲ ਮਿਲੇਗਾ ਅਤੇ ਕਿਸੇ ਦੀ ਲੁੱਟ ਨਹੀਂ ਹੋਵੇਗੀ। ਪਰ ਉਸਨੇ ਇਸ ਦਾਵੇ ਦੀ ਆੜ੍ਹ ਵਿੱਚ ਕਿਰਤ ਦੇ ਜਿਸ ਸ਼ੋਸ਼ਣ ਨੂੰ ਅਪਣਾਇਆ, ਉਸ ਨਾਲ ਕਿਰਤ ਵੇਚਣ ਲਈ ਮੁਕਤ ਅਤੇ ਵਸਤੂਆਂ ਦੇ ਉਤਪਾਦਨ ਕਰਨ ਵਿੱਚ ਲੱਗੇ ਮਜ਼ਦੂਰ ਦੀ ਹਾਲਤ ਵਿੱਚ ਕੋਈ ਬਦਲਾਵ ਨਹੀਂ ਹੋਇਆ, ਜਦਕਿ ਮਜ਼ਦੂਰਾਂ ਦੀ ਕਿਰਤ ਨਾਲ ਮਾਲ ਉਤਪਾਦਨ ਵਿੱਚ ਲੱਗੇ ਪੂੰਜੀਪਤੀ ਅਮੀਰ ਤੋਂ ਅਮੀਰ ਹੁੰਦੇ ਗਏ। ਪੂੰਜੀਪਤੀ ਦਾ ਇਹ ਦਾਵਾ ਸੀ ਕਿ ਉਹ ਤਾਂ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਦੇ ਰਿਹਾ ਹੈ, ਉਸਦਾ ਮੁਨਾਫ਼ਾ ਉਸਦੀ ਆਪਣੀ ਪੂੰਜੀ ਅਤੇ ਦਿਮਾਗ ਦੇ ਕਾਰਨ ਹੋ ਰਿਹਾ ਹੈ, ਜੋ ਕਿ ਮਜ਼ਦੂਰਾਂ ਕੋਲ ਨਹੀਂ ਹੈ ਮਾਰਕਸ ਨੇ ਇਸ ਉਲਝਣ ਨੂੰ ਸੁਲਝਾਉਣ ਲਈ ਵਰ੍ਹੇ ਲਗਾਏ ਅਤੇ ਫਿਰ ਤਿੰਨ ਖੰਡਾਂ ਵਿੱਚ ‘ਪੂੰਜੀ’ ਲਿਖ ਕੇ ਪੂੰਜੀ ਦੇ ਚਰਿੱਤਰ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ ਹੀ, ਨਾਲ ਹੀ ਉਨ੍ਹਾਂ ਨੇ ਮਜ਼ਦੂਰਾਂ ਦੀ ਕਿਰਤ ਦਾ ਗ਼ਬਨ ਕਰਨ ਵਾਲੀ ਪੂੰਜੀਪਤੀਆਂ ਦੀ ਨੀਤੀ ਨੂੰ ਵੀ ਸਮਝਾਇਆ ਜਿਸਨੂੰ ‘ਵਾਧੂ ਮੁੱਲ ਦਾ ਸਿਧਾਂਤ’ ਕਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੂੰਜੀਪਤੀ ਆਪਣਾ ਮੁਨਾਫ਼ਾ ਆਪਣੇ ਦਿਮਾਗ ਜਾਂ ਕਾਰੋਬਾਰ ਵਿੱਚ ਲਗਾਈ ਗਈ ਪੂੰਜੀ ਤੋਂ ਨਹੀਂ ਕਮਾਉਂਦਾ ਹੈ, ਬਲਕਿ ਉਹ ਆਪਣਾ ਮੁਨਾਫ਼ਾ ਮਜ਼ਦੂਰਾਂ ਦੀ ਕਿਰਤ ਦੀ ਚੋਰੀ ਤੋਂ ਹੀ ਕਮਾਉਂਦਾ ਹੈ ਸੰਖੇਪ ਵਿੱਚ ਇਸਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਪੂੰਜੀਵਾਦ ਦੇ ਆਉਣ ਤੋਂ ਬਾਅਦ ਨਿੱਤ ਨਵੀਂ ਵਿਕਸਤ ਤਕਨੀਕ ਵਾਲੀਆਂ ਮਸ਼ੀਨਾਂ ਦੇ ਰੂਪ ਵਿੱਚ ਮਨੁੱਖ ਦੀ ਕਿਰਤ ਪਹਿਲਾਂ ਹੀ ਲੱਗ ਚੁੱਕੀ ਹੁੰਦੀ ਹੈਮਸ਼ੀਨਾਂ ਮਨੁੱਖ ਦੀ ਕਿਰਤ ਦਾ ਹੀ ਵਿਕਸਤ ਰੂਪ ਹਨ ਹੋਰ ਕੁਝ ਨਹੀਂ

ਦੁਨੀਆਂ ਵਿੱਚ ਹਰ ਪੂੰਜੀ ਦਾ ਆਧਾਰ ਕਿਰਤ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਰੂਪ ਵਿੱਚ ਦੁਨੀਆਂ ਦੀ ਮੁੱਖ ਪੂੰਜੀ ਕੁਦਰਤ ਦੇ ਬਾਅਦ ਕਿਰਤ ਹੀ ਹੈ, ਇੱਕ ’ਤੇ ਕਬਜਾ ਕਰਕੇ ਅਤੇ ਦੂਸਰੇ ਦੀ ਚੋਰੀ ਕਰਕੇ ਪੂੰਜੀਪਤੀ ਆਪਣਾ ਮੁਨਾਫ਼ਾ ਵਧਾਉਂਦਾ ਜਾਂਦਾ ਹੈ। ਇਸੇ ਨੂੰ ਹੀ ‘ਵਾਧੂ ਮੁੱਲ ਦਾ ਸਿਧਾਂਤ’ ਕਹਿੰਦੇ ਹਨ। ਇਹ ਮੁਨਾਫਾਖੋਰ ਪੂੰਜੀ ਸਮਾਜ ਵਿੱਚ ਅਰਾਜਕਤਾ ਪੈਦਾ ਕਰਦੀ ਹੈ, ਲੁੱਟ ਨੂੰ ਵਧਾਉਂਦੀ ਹੈ। ਇਸੇ ਕਰਕੇ ਮੰਦੀ ਦਾ ਵਾਰ-ਵਾਰ ਆਉਣਾ ਤੈਅ ਹੈ, ਇਸਦਾ ਕਾਰਨ ਪੂੰਜੀਵਾਦੀ ਆਰਥਿਕਤਾ ਵਿੱਚ ਹੀ ਸਮਾਇਆ ਹੋਇਆ ਹੈ। ਪੂੰਜੀਵਾਦ ਦੇ ਖਾਤਮੇ ਦੇ ਨਾਲ ਹੀ ਇਹ ਮੰਦੀ ਖ਼ਤਮ ਹੋਵੇਗੀ, ਕਿਉਂਕਿ ਉਦੋਂ ਆਰਥਿਕਤਾ ਮੁਨਾਫ਼ੇ ’ਤੇ ਨਹੀਂ, ਮਨੁੱਖ ਦੀ ਜਰੂਰਤ ’ਤੇ ਟਿਕੀ ਹੋਵੇਗੀ। ਨਾਲ ਹੀ ਮਸ਼ੀਨਾਂ ਦੇ ਰੂਪ ਵਿੱਚ ਕਿਰਤ ਦਾ ਇਕੱਤਰੀਕਰਨ ਮਨੁੱਖ ਦੀ ਕਿਰਤ ਨੂੰ ਅਸਲ ਵਿੱਚ ਮੁਕਤ ਕਰੇਗਾ, ਤਾਂ ਕਿ ਉਹ ਉਸਦੀ ਵਰਤੋਂ ਹੋਰ ਵਾਧੂ ਰਚਨਾਤਮਕ ਕੰਮਾਂ ਅਤੇ ਮਨੁੱਖਤਾ ਦੀ ਬਿਹਤਰੀ ਦੇ ਲਈ ਲਗਾ ਸਕਣ।

ਪੂੰਜੀਵਾਦੀ ਆਰਥਿਕਤਾ ਦੇ ਅਜਿਹੇ ਪਾਜ ਉਘਾੜਦੀ ਕਿਤਾਬ ‘ਪੂੰਜੀ’ ਮਾਰਕਸ ਦਾ ਸਮਾਜ ਵਿਗਿਆਨ ਅਤੇ ਅਰਥਸ਼ਾਸ਼ਤਰ ਦੇ ਲਈ ਬਹੁਮੁੱਲਾ ਯੋਗਦਾਨ ਹੈ।

ਕਮਿਊਨਿਸਟ ਪਾਰਟੀ ਦਾ ਐਲਾਨਨਾਮਾ

ਮਾਰਕਸ ਦਿਆਂ ਯੋਗਦਾਨਾਂ ਵਿੱਚੋਂ ਇਹ ਵੀ ਉਸਦਾ ਇੱਕ ਮਹੱਤਵਪੂਰਨ ਯੋਗਦਾਨ ਹੈ, ਜੋ ਇਸਦਾ ਗਵਾਹ ਹੈ ਕਿ ‘ਦੁਨੀਆਂ ਨੂੰ ਸਮਝਣ ਦਾ ਦਾਵਾ ਤਾਂ ਬਹੁਤ ਲੋਕ ਕਰ ਚੁੱਕੇ ਹਨ ਸਵਾਲ ਇਸਨੂੰ ਬਦਲਣ ਦਾ ਹੈ।’ ਕਮਿਊਨਿਸਟ ਐਲਾਨਨਾਮਾ ਇਸ ਗੱਲ ਦਾ ਐਲਾਨ ਹੈ, ਕਿ ਇਹ ਸਮਾਜ ਅੱਜ ਜਿਹੋ ਜਿਹਾ ਹੈ ਇਹ ਅਜਿਹਾ ਨਹੀਂ ਰਹੇਗਾ ਅਤੇ ਇਸਦਾ ਆਧਾਰ ਸਿਰਫ ਭਾਵਨਾ ਨਹੀਂ, ਬਲਕਿ ਵਿਗਿਆਨ ਹੈ। ਆਉਣ ਵਾਲਾ ਸਮਾਜ ਕਿਹੋ ਜਿਹਾ ਹੋਵੇਗਾ ਇਸਦਾ ਵੀ ਐਲਾਨ ਹੈ ਇਹ ਦਸਤਾਵੇਜ਼, ਜਿਸਨੂੰ ਮਾਰਕਸ ਨੇ ਏਂਗਲਜ਼ ਅਤੇ ਜੈਨੀ ਦੇ ਸਲਾਹ ਮਸ਼ਵਰੇ ਨਾਲ 1848 ਵਿੱਚ ਲਿਖਿਆ ਸੀ, ਜੋ ਅੱਜ ਤੱਕ ਸਮਾਜ ਬਦਲਣ ਵਾਲਿਆਂ ਦਾ ਮਹੱਤਵਪੂਰਨ ਔਜ਼ਾਰ ਹੈ, ਅਤੇ ਜੋ ਅੱਜ ਵੀ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿੱਚ ਹੈ। ਜਿਸਦੇ ਆਧਾਰ ’ਤੇ 1871 ਵਿੱਚ ਮਾਰਕਸ ਦੇ ਹੀ ਸਮੇਂ ਵਿੱਚ ਫਰਾਂਸ ਵਿੱਚ ਪੈਰਿਸ ਕਮਿਊਨ ਦੇ ਰੂਪ ਵਿੱਚ ਸਮਾਜਵਾਦ ਦੇ ਵਿਚਾਰ ਨੂੰ ਪਹਿਲੀ ਵਾਰ ਧਰਤੀ ’ਤੇ ਉਤਾਰਿਆ ਵੀ ਗਿਆ।

ਮਾਰਕਸਵਾਦ ਅਤੇ ਔਰਤਾਂ ਦੀ ਮੁਕਤੀ

ਸਦੀਆਂ ਤੋਂ ਪਿੱਤਰਸੱਤਾ ਦੀ ਮਾਰ ਝੱਲਦੀਆਂ ਔਰਤਾਂ ਦੀ ਮੁਕਤੀ ਦੇ ਰਾਹ ਨੂੰ ਮਾਰਕਸਵਾਦ ਨੇ ਹੀ ਸਭ ਤੋਂ ਵਿਗਿਆਨਿਕ ਤਰੀਕੇ ਨਾਲ ਦੱਸਿਆ ਹੈ। ਜਿਸਦਾ ਐਲਾਨ ਕਮਿਊਨਿਸਟ ਐਲਾਨਨਾਮੇ ਵਿੱਚ ਤਾਂ ਹੈ ਹੀ, ਏਂਗਲਜ਼ ਨੇ ਆਪਣੀ ਕਿਤਾਬ ‘ਪਰਿਵਾਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉੱਤਪਤੀ’ ਵਿੱਚ ਵਿਗਿਆਨਕ ਤਰੀਕੇ ਨਾਲ ਔਰਤਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਦੀ ਦੂਜੇ ਦਰਜੇ ਦੀ ਹਾਲਤ ਨੂੰ ਸਮਝਾਇਆ ਹੈ। ਏਂਗਲਜ਼ ਨੇ ਦੱਸਿਆ ਹੈ ਕਿ ਉਹ ਨਿੱਜੀ ਸੰਪੱਤੀ ਦੀ ਵਿਵਸਥਾ ਹੈ, ਜਿਸਨੇ ਮਾਤਰਪ੍ਰਧਾਨ ਸਮਾਜ ਨੂੰ ਪਿੱਤਰਸੱਤਾ ਵਿੱਚ ਤਬਦੀਲ ਕਰ ਦਿੱਤਾ ਅਤੇ ਔਰਤਾਂ ਨੂੰ ਮਰਦਾਂ ਦੇ ਅਧੀਨ ਕਰ ਦਿੱਤਾ। ਇਹ ਹਾਲਤ ਹਮੇਸ਼ਾ ਬਣੇ ਰਹਿਣ ਇਸ ਲਈ ਇਸ ਅਧੀਨਤਾ ਨੂੰ ਧਰਮ ਦਾ ਲਿਬਾਸ ਪਹਿਨਾ ਦਿੱਤਾ ਗਿਆ। ਏਂਗਲਜ਼ ਨੇ ਉਪਰੋਕਤ ਤਬਦੀਲੀ ਨੂੰ ਦੁਨੀਆਂ ਅਤੇ ਸਮਾਜ ਦੀ ਪਹਿਲੀ ਵਰਗ ਵੰਡ ਕਿਹਾ ਹੈ, ਜਿਸ ਵਿੱਚ ਔਰਤ ਮਰਦ ਦੀ ਦਾਸੀ ਬਣ ਗਈ। ਇਸ ਇਤਿਹਾਸ ਨੂੰ ਧਿਆਨ ਵਿੱਚ ਰੱਖ ਕੇ ਮਾਰਕਸਵਾਦ ਇਹ ਦੱਸਦਾ ਹੈ ਕਿ ਔਰਤਾਂ ਦੀ ਸੰਪੂਰਨ ਮੁਕਤੀ ਨਿੱਜੀ ਸੰਪੱਤੀ ਦੇ ਖਾਤਮੇ ਵਾਲੇ ਢਾਂਚੇ ਦੇ ਨਾਲ ਹੀ ਸੰਭਵ ਹੈ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜਰੂਰੀ ਹੈ ਕਿ ਮਾਰਕਸਵਾਦ ਨੂੰ ਜ਼ਮੀਨ ’ਤੇ ਉਤਾਰਨ ਵਾਲੇ ਮੁਲਕ ਸੋਵੀਅਤ ਸੰਘ ਵਿੱਚ ਹੀ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਸਮੇਤ ਅਜਿਹੇ ਤਮਾਮ ਹੱਕ ਪੱਕੇ ਕੀਤੇ ਗਏ, ਜਿਨ੍ਹਾਂ ਨਾਲ ਸਮਾਜ ਵਿੱਚ ਔਰਤ ਮਰਦ ਦੇ ਵਿੱਚ ਬਰਾਬਰੀ ਆ ਸਕੇ। ਮਾਰਕਸਵਾਦ ਦੱਸਦਾ ਹੈ ਕਿ ਪੂੰਜੀਵਾਦ ਔਰਤ ਮਰਦ ਦੀ ਗੈਰ-ਬਰਾਬਰੀ ਦੀ ਹਾਲਤ ਤੋਂ ਆਪਣਾ ਮੁਨਾਫ਼ਾ ਵਧਾਉਂਦਾ ਹੈ, ਕਿਉਂਕਿ ਉਹ ਔਰਤ ਦੀ ਘਰੇਲੂ ਕਿਰਤ ਦਾ ਵਟਾਂਦਰਾ ਮੁੱਲ ਨਹੀਂ ਬਣਨ ਦਿੰਦਾ ਅਤੇ ਜਿੱਥੇ ਪੂੰਜੀ ਦੇ ਨਾਲ ਜਗੀਰੂ ਸ਼ੋਸ਼ਣ ਵੀ ਮਿਲਿਆ ਹੋਵੇ, ਉੱਥੇ ਤਾਂ ਉਨ੍ਹਾਂ ਦੀ ਹਾਲਤ ਹੋਰ ਵੀ ਬੁਰੀ ਹੋਵੇਗੀ, ਜਿਵੇਂ ਕਿ ਭਾਰਤ ਵਿੱਚ। ਮਾਓ ਨੇ ਇਸ ਫ਼ਲਸਫ਼ੇ ਨੂੰ ਵਿਕਸਤ ਕਰਦੇ ਹੋਏ ਕਿਹਾ ਹੈ ਕਿ ਅਰਧ ਜਗੀਰੂ – ਅਰਧ ਬਸਤੀਵਾਦੀ ਮੁਲਕਾਂ ਦੇ ਲੁੱਟੇ ਜਾਂ ਰਹੇ ਲੋਕਾਂ ਉੱਪਰ ਤਿੰਨ ਤਰ੍ਹਾਂ ਦੇ ਪਹਾੜ ਹਨ, ਪਰ ਇਹਨਾਂ ਮੁਲਕਾਂ ਦੀਆਂ ਔਰਤਾਂ ਉੱਪਰ ਇਹ ਪਹਾੜ ਚਾਰ ਤਰ੍ਹਾਂ ਦੇ ਹਨ, ਚੌਥਾ ਪਹਾੜ ਪਿੱਤਰਸੱਤਾ ਦਾ ਹੈ।

ਕਲਾ-ਸਾਹਿਤ-ਸੱਭਿਆਚਾਰ ਵਿੱਚ ਮਾਰਕਸਵਾਦ ਦਾ ਅਸਰ

ਮਾਰਕਸਵਾਦੀ ਫ਼ਲਸਫ਼ੇ ਨੇ ਕਲਾ, ਸਾਹਿਤ ਅਤੇ ਸੱਭਿਆਚਾਰ ਦੀ ਦੁਨੀਆਂ ਨੂੰ ਵੀ ਡੂੰਘਾਈ ਨਾਲ ਪ੍ਰਭਾਵਤ ਕੀਤਾ। ਮਾਰਕਸਵਾਦੀ ਫ਼ਲਸਫ਼ਾ ਇਹ ਕਹਿੰਦਾ ਹੈ ਕਿ ਜਿਵੇਂ ਸ਼ਾਸ਼ਕ ਅਤੇ ਸ਼ੋਸ਼ਤ ਜਮਾਤ ਦੇ ਦੋ ਵੱਖ-ਵੱਖ ਫ਼ਲਸਫ਼ੇ ਹੁੰਦੇ ਨੇ, ਉਸੇ ਤਰ੍ਹਾਂ ਹਰ ਸਾਹਿਤ ਅਤੇ ਕਲਾ ਵੀ ਕਿਸੇ ਜਮਾਤ ਦਾ ਪ੍ਰਤੀਨਿੱਧ ਕਰਦੀ ਹੈ। ਸਮਾਜ ਦੇ ਅਗਾਂਹ-ਵਧੂ ਤੱਤਾਂ ਦਾ ਪ੍ਰਤੀਨਿੱਧ ਕਰਨ ਵਾਲਾ ਸਾਹਿਤ ਹੀ ਉੱਤਮ ਸਾਹਿਤ ਹੈ। ਦਰਅਸਲ ਸਮਾਜ ਨੂੰ ਦੇਖਣ ਸਮਝਣ ਦੀ ਵਿਗਿਆਨਿਕ ਸਮਝ ਨਾਲ ਲੈਸ ਹੋਣ ਵਾਲੇ ਜਮਹੂਰੀ ਸਾਹਿਤ ਨੇ ਸਾਹਿਤ ਦੇ ਪੈਮਾਨਿਆਂ ਨੂੰ ਹੀ ਬਦਲ ਦਿੱਤਾ। ਸਾਹਿਤ ਸਿਰਫ ਚੰਗੀ ਕਲਾ ਪੇਸ਼ਕਾਰੀ ਦਾ ਨਮੂਨਾ ਹੀ ਨਹੀਂ, ਬਲਕਿ ਸਮਾਜ ਬਦਲਾਵ ਦਾ ਸੁਚੇਤ ਤੇਜਧਾਰ ਹਥਿਆਰ ਵੀ ਬਣ ਗਿਆ। ਕਲਾ ਨੂੰ ਸਿਰਫ ਕਲਾ ਲਈ ਨਹੀਂ, ਅਗਾਹਾਂ-ਵਧੂ ਵਿਚਾਰਾਂ ਦੇ ਵਾਹਕ ਦੇ ਰੂਪ ਵਿੱਚ ਦੇਖਣਾ ਮਾਰਕਸਵਾਦੀ ਫ਼ਲਸਫ਼ੇ ਦੀ ਹੀ ਦੇਣ ਹੈ, ਅੱਜ ਵੀ ਸਾਹਿਤ ਵਿੱਚ ਇਹ ਬਹਿਸ ਜਿਉਂਦੀ ਹੈ, ਪਰ ਪੂਰੀ ਦੁਨੀਆਂ ਵਿੱਚ ਉਹੀ ਸਾਹਿਤ ਸਰਾਹਿਆ ਗਿਆ ਹੈ, ਜੋ ਸਿਰਫ ਅਸਲੀਅਤ/ਯਥਾਰਥ ਦਾ ਸ਼ੀਸ਼ਾ ਨਹੀਂ, ਬਲਕਿ ਜਿਸ ਵਿੱਚ ਪੁਰਾਣੇ ਨੂੰ ਤੋੜ ਕੇ ਨਵੇਂ ਮੁੱਲਾਂ, ਵਿਚਾਰਾਂ ਦੇ ਆਉਣ ਦੀ ਆਵਾਜ਼ ਵੀ ਹੁੰਦੀ ਹੈ। ਸਾਹਿਤ ਦੇ ਨਾਲ ਕਲਾ ਦੇ ਹੋਰ ਰੂਪ ਵੀ ਸਿਰਫ ਯਥਾਰਥ ਨੂੰ ਚਰਿੱਤਰ ਕਰਨ ਦਾ ਇੱਕਤਰਫ਼ਾ ਮਾਧਿਅਮ ਨਹੀਂ, ਬਲਕਿ ਸਮਾਜ ਨੂੰ ਸਮਝਣ ਅਤੇ ਅੱਗੇ ਲੈ ਕੇ ਜਾਣ ਦਾ ਸੁਚੇਤ ਜ਼ਰੀਆ ਵੀ ਬਣਨ ਲੱਗਿਆ। ਜਰਮਨੀ ਦੇ ਮਾਰਕਸਵਾਦੀ ਰੰਗਕਰਮੀ ਬਰਤੋਲਤ ਬ੍ਰੈਖ਼ਤ ਦਾ ਪ੍ਰਸਿੱਧ ਕਥਨ ਹੈ ਕਿ “ਕਲਾ ਅਜਿਹਾ ਕੋਈ ਸ਼ੀਸ਼ਾ ਨਹੀਂ ਹੈ, ਜਿਸ ਵਿੱਚ ਯਥਾਰਥ ਨੂੰ ਕੈਦ ਕੀਤਾ ਜਾਂਦਾ ਹੈ, ਬਲਕਿ ਕਲਾ ਉਹ ਹਥੌੜਾ ਹੈ, ਜਿਸ ਨਾਲ ਯਥਾਰਥ ਦਾ ਰੂਪ ਬਦਲਿਆ ਜਾਂਦਾ ਹੈ।”  ਅੱਗੇ ਚੱਲ ਕੇ ਮਾਓ ਨੇ ਮਾਰਕਸਵਾਦੀ ਕਲਾ ਸਾਹਿਤ ਦੇ ਫ਼ਲਸਫ਼ੇ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ “ਇਨਕਲਾਬ ਦੇ ਲਈ ਦੋ ਫੌਜਾਂ ਦਾ ਹੋਣਾ ਜਰੂਰੀ ਹੈ। ਪਹਿਲਾ ਬੰਦੂਕ ਦੀ ਫੌਜ, ਦੂਜਾ ਕਲਮ ਦੀ ਫੌਜਕਲਾ ਅਤੇ ਸੱਭਿਆਚਾਰ ਦੇ ਬਗੈਰ ਫੌਜ ਮੰਦਬੁੱਧੀ ਫੌਜ ਹੈ

ਕੁੱਲ ਮਿਲਾ ਕੇ ਮਾਰਕਸਵਾਦੀ ਫ਼ਲਸਫ਼ੇ ਨੇ ਪੂਰੀ ਦੁਨੀਆਂ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ। ਮਾਰਕਸ ਦੇ ਵਿਚਾਰ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਦੁਨੀਆਂ ਵਿੱਚੋਂ ਖ਼ਤਮ ਕਰ ਦੇਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਇਹ ਕੋਸ਼ਿਸ਼ਾਂ ਸ਼ੋਸ਼ਕ ਜਮਾਤ ਵੱਲੋਂ ਵੀ ਅਤੇ ਖੁਦ ਨੂੰ ਮਾਰਕਸਵਾਦੀ ਕਹਿਣ ਵਾਲਿਆਂ ਵੱਲੋਂ ਵੀ ਜਾਰੀ ਹਨ। ਪਿਛਲੇ ਦੋ ਦਹਾਕਿਆਂ ਤੋਂ ਵਿਚਾਰਧਾਰਾ ਦੇ ਅੰਤ ਅਤੇ ਵਿਚਾਰਧਾਰਾਤਮਕ ਲਹਿਰਾਂ ਦੇ ਦੌਰ ਦਾ ਅੰਤ ਜਿਹੇ ਪ੍ਰਤੀਕਿਰਿਆਵਾਦੀ ਸਿਧਾਂਤ ਸ਼ਾਸ਼ਕ ਜਮਾਤ ਵੱਲੋਂ ਫੈਲਾਏ ਜਾ ਰਹੇ ਹਨ। ਦੂਜੇ ਪਾਸੇ ਪੁਰਾਣੇ ਉਤਪਾਦਨ ਸੰਬੰਧਾਂ ਨੂੰ ਖ਼ਤਮ ਕਰਕੇ ਨਵੇਂ ਵਿਕਸਤ ਸਮਾਜ ਵਿੱਚ ਕਦਮ ਰੱਖਣ ਦੇ ਮਾਰਕਸਵਾਦੀ ਫ਼ਲਸਫ਼ੇ ਨੂੰ ਧੁੰਦਲਾ ਕਰਕੇ ਉਤਪਾਦਨ ਸੰਬੰਧਾਂ ਵਿੱਚ ਸੁਧਾਰ ਕਰਨ ਦਾ ਗੈਰ ਇਨਕਲਾਬੀ ਵਿਚਾਰ ਵੀ ਹਮਲਾਵਰ ਹੈ, ਅਜਿਹਾ ਇਸ ਲਈ ਵੀ ਹੈ ਕਿ ਮਾਰਕਸਵਾਦ ਨੂੰ ਜ਼ਮੀਨ ’ਤੇ ਉਤਾਰਨ ਵਾਲੇ ਮੁਲਕ ਹੁਣ ਖੁਦ ਮਾਰਕਸਵਾਦੀ ਫ਼ਲਸਫ਼ੇ ਦਾ ਵਿਚਾਰ ਤਿਆਗ ਚੁੱਕੇ ਹਨ। ਪਰ ਇਸ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਮਾਰਕਸਵਾਦੀ ਫ਼ਲਸਫ਼ਾ ਗੈਰ-ਪ੍ਰਸੰਗਕ ਹੋ ਗਿਆ ਹੈ, ਮਾਰਕਸਵਾਦ ਸਿਰਫ ਵਿਚਾਰ ਨਹੀਂ, ਇਹ ਦੁਨੀਆਂ ਨੂੰ ਦੇਖਣ ਅਤੇ ਉਸਨੂੰ ਬਦਲਣ ਦਾ ਫ਼ਲਸਫ਼ਾ ਹੈ, ਦੁਨੀਆਂ ਵਿੱਚ ਸਮਾਜਵਾਦ ਭਲੇ ਹੀ ਨਾ ਹੋਵੇ, ਦੁਨੀਆਂ ਨੂੰ ਦੇਖਣ ਦਾ ਇਹ ਫ਼ਲਸਫ਼ਾ ਹਮੇਸ਼ਾ ਲੋਕਾਂ ਨੂੰ ਸਹੀ ਨਜ਼ਰੀਆ ਦਿੰਦਾ ਰਹੇਗਾ। ਦੂਜੀ ਗੱਲ ਇਹ ਹੈ ਕਿ ਮਾਰਕਸਵਾਦੀ ਇਤਿਹਾਸ ਹੀ ਇਹ ਦੱਸਦਾ ਹੈ ਕਿ ਇੱਕ ਸਮਾਜਕ ਢਾਂਚੇ ਤੋਂ ਦੂਜੇ ਸਮਾਜਕ ਢਾਂਚੇ ਵਿੱਚ ਹਰ ਸਮਾਜ ਨੂੰ ਕਈ ਸੌ ਸਾਲ ਲੱਗੇ। ਅਤੇ ਹਾਲੇ ਤਾਂ ਮਾਰਕਸਵਾਦ ਨੂੰ ਆਏ ਹੀ 150 ਸਾਲ ਹੋਏ ਹਨ, ਇਤਿਹਾਸ ਦੇ ਨਜ਼ਰੀਏ ਤੋਂ ਇਹ ਸਮਾਂ ਕਾਲ ਬਹੁਤ ਛੋਟਾ ਹੈ। ਪਰ ਇਸ ਛੋਟੀ ਜਿਹੇ ਸਮਾਂ ਕਾਲ ਵਿੱਚ ਹੀ ਦੁਨੀਆਂ ਦੇ ਕਈ ਮੁਲਕਾਂ ਨੇ ਇਸਨੂੰ ਜ਼ਮੀਨ ’ਤੇ ਉਤਾਰ ਕੇ ਦਿਖਾ ਵੀ ਦਿੱਤਾ ਹੈ ਅਤੇ ਕਈ ਮੁਲਕ ਇਸਨੂੰ ਜ਼ਮੀਨ ’ਤੇ ਉਤਾਰਨ ਦੀ ਪ੍ਰਕਿਰਿਆ ਵਿੱਚ ਹਨ। ਪਰ ਲੁਟੇਰੀ ਜਮਾਤ ਨੂੰ ਸਾਫ਼ ਹੈ ਕਿ ਮਾਰਕਸਵਾਦੀ ਫ਼ਲਸਫ਼ਾ ਹੀ ਤੀਰ ਹੈ ਜਿਸ ਨਾਲ ਉਹ ਮਾਰੇ ਜਾ ਸਕਦੇ ਹਨ, ਇਸ ਲਈ ਆਪਣੇ ਦੁਸ਼ਮਣ ਖਿਲਾਫ਼ ਉਹ ਜ਼ਿਆਦਾ ਸੁਚੇਤ ਅਤੇ ਹਮਲਾਵਰ ਵੀ ਹਨ। ਚਾਹੇ ਮੁਲਕ ਦੇ ਅੰਦਰ ਦੀ ਗੱਲ ਹੋਵੇ ਜਾਂ ਮੁਲਕ ਦੇ ਬਾਹਰ ਦੀ, ਹਰ ਜਗ੍ਹਾ ਮਾਰਕਸਵਾਦੀ ਫ਼ਲਸਫ਼ੇ ਨੂੰ ਜ਼ਮੀਨ ’ਤੇ ਉਤਾਰਨ ਦਾ ਸੰਘਰਸ਼ ਕਰਨ ਵਾਲੇ ਲੋਕ ਸੱਤਾ ਦੇ ਨਿਸ਼ਾਨੇ ’ਤੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਇਸ ਫ਼ਲਸਫ਼ੇ ਨਾਲ ਹੀ ਸ਼ੋਸ਼ਣ ਕਰਨ ਵਾਲੀ ਜਮਾਤ ਸਭ ਤੋਂ ਜ਼ਿਆਦਾ ਡਰਦੀ ਹੈ ਅਤੇ ਇਹ ਮਾਰਕਸਵਾਦ ਦੇ ਸਟੀਕ ਫ਼ਲਸਫ਼ੇ ਹੋਣ ਦੀ ਪੁਸ਼ਟੀ ਕਰਦਾ ਹੈ। ਦੁਨੀਆਂ ਨੂੰ ਸਮਝਣ ਲਈ ਹੀ ਨਹੀਂ ਇਸਨੂੰ ਬਦਲਣ ਲਈ ਵੀ ਮਾਰਕਸ ਦਾ ਫ਼ਲਸਫ਼ਾ ਪੜ੍ਹਿਆ ਜਾਂਦਾ ਰਹੇਗਾ, ਅਤੇ ਇਸਨੂੰ ਜ਼ਮੀਨ ’ਤੇ ਉਤਾਰਨ ਦੀ ਲਹਿਰ ਹਮੇਸ਼ਾ ਜਿਉਂਦੀ ਰਹੇਗੀ।

ਤਰਜ਼ਮਾ : ਸਚਿੰਦਰਪਾਲ ਪੱਲੀ

ਸੀਮਾ ਅਜ਼ਾਦ ਦੇ ਲਿਖੇ ਲੇਖ ਦੇ ਇਹ ਅੰਸ਼ ‘ਮਸ਼ਾਲ’ ਰਸਾਲੇ ਵਿੱਚ ਛਪੇ ਸਨ।

Leave a Reply

Your email address will not be published. Required fields are marked *

Social profiles