ਇੱਕ ਛੁੱਟੀ ਦਾ ਜਨਮ : ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ ਬਾਰੇ ਮਾਰਕਸਵਾਦੀ ਇਤਿਹਾਸਕਾਰ ਏਰਿਕ ਹੌਬਸਬਾਮ

Read Time:65 Minute, 27 Second

ਏਰਿਕ ਹੌਬਸਬਾਮ ਸੰਸਾਰ ਪ੍ਰਸਿੱਧ ਮਰਕਸੀ ਚਿੰਤਕ ਸਨ। ਅਦਾਰਾ ਪੰਜ ਤੀਰ ਕੌਮਾਂਤਰੀ ਮਜ਼ਦੂਰ ਦਿਵਸ ਬਾਰੇ ਉਹਨਾਂ ਦੀ ਇਹ ਲਿਖਤ ਕੱਲ ਯਾਨੀ 1 ਮਈ ਦੇ ਮੌਕੇ ਸਾਂਝੀ ਕਰਨੀ ਚਾਹੁੰਦਾ ਸੀ। ਪਰ ਕੁੱਝ ਤਕਨੀਕੀ ਅਤੇ ਤਰਜ਼ਮੇ ਦੀਆਂ ਦਿੱਕਤਾਂ ਕਾਰਨ ਇਹ ਅੱਜ ਸਾਂਝਾ ਕਰ ਰਹੇ ਹਾਂ। ਮਈ ਦਿਵਸ ਦੇ ਇਤਿਹਾਸ ਅਤੇ ਵਿਕਾਸ ਨੂੰ ਸਮਝਣ ਵਿੱਚ ਇਹ ਸਹਾਈ ਹੋਵੇਗਾ।

1990 ਵਿੱਚ ਮਾਈਕਲ ਇਗਨੇਟੀਫ ਨੇ ਆਬਜ਼ਰਵਰ ਵਿੱਚ ਈਸਟਰ ਬਾਰੇ ਲਿਖਦਿਆਂ ਟਿੱਪਣੀ ਕੀਤੀ ਕਿ “ਧਰਮ ਨਿਰਪੱਖ ਸਮਾਜ ਕਦੇ ਵੀ ਧਾਰਮਿਕ ਰੀਤੀ ਰਿਵਾਜਾਂ ਦੇ ਬਦਲ ਮੁਹੱਈਆ ਕਰਾਉਣ ਵਿੱਚ ਸਫਲ ਨਹੀਂ ਹੋਇਆ।” ਉਹ ਨਿਸ਼ਾਨਦੇਹੀ ਕਰਦੇ ਹਨ ਕਿ ਫਰਾਂਸੀਸੀ ਇਨਕਲਾਬ “ਨੇ ਪਰਜਾ ਨੂੰ ਨਾਗਰਿਕ ਵਿੱਚ ਬਦਲ ਦਿੱਤਾ ਹੋ ਸਕਦਾ ਹੈ, ਹੋ ਸਕਦਾ ਹੈ ਕਿ ਹਰ ਸਕੂਲ ਦੇ ਦਰਵਾਜ਼ੇ ਉੱਪਰ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਨਾਅਰਾ ਲਿਖ ਦਿੱਤਾ ਹੋਵੇ ਅਤੇ ਮੱਠਾਂ ਨੂੰ ਮਟੀਆ ਮੇਟ ਕਰ ਦਿੱਤਾ ਗਿਆ ਹੋਵੇ, ਪਰ 14ਵੀਂ ਜੁਲਾਈ ਦੇ ਦਿਨ ਤੋਂ ਬਿਨਾਂ ਇਹ ਪੁਰਾਣੇ ਈਸਾਈ ਕੈਲੰਡਰ ਤੇ ਕੋਈ ਫ਼ਰਕ ਨਹੀਂ ਪਾ ਸਕਿਆ।”       

ਮੇਰਾ ਮੌਜੂਦਾ ਵਿਸ਼ਾ ਸ਼ਾਇਦ ਇੱਕਲੌਤਾ ਅਜਿਹਾ ਨਿਸ਼ਾਨ ਹੈ ਜੋ ਇੱਕ ਧਰਮ ਨਿਰਪੱਖ ਲਹਿਰ ਦੁਆਰਾ ਈਸਾਈ ਜਾਂ ਕਿਸੇ ਵੀ ਹੋਰ ਅਧਿਕਾਰਤ ਕੈਲੰਡਰ ਵਿੱਚ ਬਣਾਇਆ ਗਿਆ ਹੈ। ਇੱਕ ਅਜਿਹੀ ਛੁੱਟੀ ਜੋ ਕਿ ਇੱਕ ਜਾਂ ਦੋ ਦੇਸ਼ਾਂ ਵਿੱਚ ਨਹੀਂ, ਬਲਕਿ 1990 ਵਿੱਚ ਅਧਿਕਾਰਤ ਤੌਰ ਤੇ 107 ਰਾਜਾਂ ਵਿੱਚ ਸਥਾਪਿਤ ਕੀਤੀ ਗਈ ਇਸ ਤੋਂ ਇਲਾਵਾ, ਇਹ ਅਜਿਹਾ ਮੌਕਾ ਹੈ ਜੋ ਸਰਕਾਰਾਂ ਜਾਂ ਜੇਤੂਆਂ ਦੀ ਤਾਕਤ ਦੁਆਰਾ ਨਹੀਂ, ਬਲਕਿ ਗਰੀਬ ਮਰਦਾਂ ਅਤੇ ਔਰਤਾਂ ਦੀ ਇੱਕ ਪੂਰੀ ਤਰ੍ਹਾਂ ਨਾਲ ਅਣਅਧਿਕਾਰਤ ਲਹਿਰ ਦੁਆਰਾ ਸਥਾਪਿਤ ਕੀਤਾ ਗਿਆ ਮੈਂ ਮਈ ਦਿਵਸ ਦੀ ਗੱਲ ਕਰ ਰਿਹਾ ਹਾਂ, ਜਾਂ ਬਿਲਕੁਲ ਮਈ ਦੇ ਪਹਿਲੇ ਦਿਨ ਦੀ, ਮਜ਼ਦੂਰ-ਜਮਾਤੀ ਲਹਿਰ ਦਾ ਕੌਮਾਂਤਰੀ ਤਿਉਹਾਰ, ਜਿਸਦੀ ਸ਼ਤਾਬਦੀ 1990 ਵਿੱਚ ਮਨਾਈ ਜਾਣੀ ਚਾਹੀਦੀ ਸੀ, ਕਿਉਂਕਿ ਇਸ ਦਾ ਉਦਘਾਟਨ 1890 ਵਿੱਚ ਹੋਇਆ ਸੀ।

“ਜਾਣੀ ਚਾਹੀਦੀ ਹੈ” ਸਹੀ ਵਾਕਾਂਸ਼ ਹੈ, ਕਿਉਂਕਿ ਇਤਿਹਾਸਕਾਰਾਂ ਤੋਂ ਇਲਾਵਾ, ਕੁਝ ਹੀ ਲੋਕਾਂ ਨੇ ਇਸ ਮੌਕੇ ਵਿੱਚ ਜ਼ਿਆਦਾ ਦਿਲਚਸਪੀ ਦਿਖਾਈ ਹੈ। ਇੱਥੋਂ ਤਕ ਕਿ ਉਨ੍ਹਾਂ ਸਮਾਜਵਾਦੀ ਪਾਰਟੀਆਂ ਨੇ ਵੀ ਨਹੀਂ ਜੋ ਉਨ੍ਹਾਂ ਦੇ ਵੰਸ਼ਜ ਹਨ, ਜਿੰਨ੍ਹਾ ਨੇ ਦੂਸਰਾ ਅੰਤਰਰਾਸ਼ਟਰੀ ਬਣਨ ਦੀਆਂ ਉਦਘਾਟਨੀ ਸਭਾਵਾਂ ਸਮੇਂ, 1889 ਵਿੱਚ ਇੱਕ ਅਜਿਹੇ ਕਾਨੂੰਨ ਦੇ ਹੱਕ ਵਿੱਚ ਇੱਕੋ ਸਮੇਂ ਅੰਤਰਰਾਸ਼ਟਰੀ ਕਾਮਿਆਂ ਦੇ 1 ਮਈ 1890 ਨੂੰ ਹੋਣ ਵਾਲੇ ਪ੍ਰਦਰਸ਼ਨ ਦੀ ਮੰਗ ਕੀਤੀ ਜੋ ਕੰਮ ਦੇ ਦਿਨ ਨੂੰ ਅੱਠ ਘੰਟਿਆਂ ਤੱਕ ਸੀਮਤ ਕਰੇ। ਇਹ ਦਿਲਚਸਪੀ ਉਨ੍ਹਾਂ ਪਾਰਟੀਆਂ ਵਿੱਚ ਵੀ ਨਜ਼ਰ ਨਹੀਂ ਆਈ ਜਿੰਨ੍ਹਾਂ ਦੀ 1889 ਦੀਆਂ ਸਭਾਵਾਂ ਅੰਦਰ ਅਸਲ ਵਿੱਚ ਨੁਮਾਇੰਦਗੀ ਸੀ, ਅਤੇ ਜਿਹੜੀਆਂ ਅੱਜ ਵੀ ਹੋਂਦ ਵਿੱਚ ਹਨ। ਦੂਜੀ ਇੰਟਰਨੈਸ਼ਨਲ ਦੀਆਂ ਇਹ ਪਾਰਟੀਆਂ ਜਾਂ ਉਨ੍ਹਾਂ ਦੇ ਵੰਸ਼ਜ ਅੱਜ ਯੂਰਪ ਜਾਂ ਉਸ ਖੇਤਰ ਦੇ ਪੱਛਮ ਵਿੱਚ ਲਗਭਗ ਹਰ ਜਗ੍ਹਾ ਸਰਕਾਰਾਂ ਜਾਂ ਮੁੱਖ ਵਿਰੋਧੀ ਧਿਰਾਂ ਵਿੱਚ ਹਨ ਜੋ ਕਿ “ਅਸਲ-ਮੌਜੂਦ ਸਮਾਜਵਾਦ” (really-existing socialism) ਦਾ ਸਵੈ-ਵਰਣਿਤ ਖੇਤਰ ਸੀ। ਉਨ੍ਹਾਂ ਤੋਂ ਉਮੀਦ ਕੀਤੀ ਜਾ ਸਕਦੀ ਸੀ ਕਿ ਉਹ ਆਪਣੇ ਇਤਿਹਾਸ ਵਿੱਚ ਵਧੇਰਾ ਮਾਣ ਦਿਖਾਉਂਦੀਆਂ, ਜਾਂ ਇੱਥੋਂ ਤਕ ਕਿ ਸਿਰਫ਼ ਵਧੇਰੇ ਦਿਲਚਸਪੀ ਦਿਖਾਉਂਦੀਆਂ।

ਬ੍ਰਿਟੇਨ ਵਿੱਚ ਮਈ ਦਿਵਸ ਦੀ ਸ਼ਤਾਬਦੀ ਪ੍ਰਤੀ ਸਭ ਤੋਂ ਸਖ਼ਤ ਸਿਆਸੀ ਪ੍ਰਤੀਕਰਮ ਸਰ ਜੌਨ ਹੈਕੇਟ ਤੋਂ ਆਇਆ। ਸਰ ਜੌਨ ਹੈਕੇਟ ਇੱਕ ਸਾਬਕਾ ਜਨਰਲ ਸੀ ਅਤੇ, ਮੈਨੂੰ ਇਹ ਕਹਿੰਦਿਆਂ ਅਫਸੋਸ ਹੋ ਰਿਹਾ ਹੈ, ਲੰਡਨ ਯੂਨੀਵਰਸਿਟੀ ਦੇ ਇੱਕ ਕਾਲਜ ਦਾ ਸਾਬਕਾ ਮੁਖੀ ਵੀ ਸੀ, ਜਿਸ ਨੇ ਮਈ ਦਿਵਸ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਸੀ। ਉਸ ਨੂੰ ਇਹ ਦਿਨ ਸੋਵੀਅਤ ਸੰਘ ਦੀ ਕਿਸੇ ਤਰ੍ਹਾਂ ਦੀ ਖੋਜ ਹੀ ਨਜ਼ਰ ਆਉਂਦਾ ਸੀ। ਉਹ ਮਹਿਸੂਸ ਕਰਦਾ ਸੀ ਕਿ ਅੰਤਰਰਾਸ਼ਟਰੀ ਪੱਧਰ ਤੇ ਕਮਿਊਨਿਜ਼ਮ ਦੇ ਪਤਨ ਤੋਂ ਬਾਅਦ ਮਈ ਦਿਵਸ ਬਚਣਾ ਹੀ ਨਹੀਂ ਚਾਹੀਦਾ ਸੀ। ਹਾਲਾਂਕਿ, ਯੂਰਪੀ ਭਾਈਚਾਰੇ ਅੰਦਰ ਬਸੰਤ ਮਈ ਦਿਵਸ ਦੀ ਛੁੱਟੀ ਦੀ ਸ਼ੁਰੂਆਤ ਬੋਲਸ਼ੇਵਿਕ ਜਾਂ ਇੱਥੋਂ ਤੱਕ ਕਿ ਸੋਸ਼ਲ-ਡੇਮੋਕ੍ਰੇਟਿਕ ਦੇ ਮੂਲ ਦੇ ਬਿਲਕੁਲ ਉਲਟ ਹੈ। ਇਹ ਉਹਨਾਂ ਸਮਾਜਵਾਦੀ ਵਿਰੋਧੀ ਸਿਆਸਤਦਾਨਾਂ ਵੱਲੋਂ ਆਉਂਦੀ ਹੈ ਜਿਹੜੇ ਮਜਦੂਰ-ਜਮਾਤ ਦੇ ਤਿਉਹਾਰ ਨੂੰ ਆਪਣਾ ਕੇ ਅਤੇ ਇਸਨੂੰ ਬਦਲ ਕੇ ਕੁਝ ਹੋਰ ਬਣਾਉਣਾ ਚਾਹੁੰਦੇ ਸਨ, ਕਿਉਂਕਿ ਉਹ ਪਛਾਣਦੇ ਸਨ ਕਿ ਮਈ ਦਿਵਸ ਦੀਆਂ ਜੜ੍ਹਾਂ ਪੱਛਮੀ ਮਜ਼ਦੂਰ-ਜਮਾਤਾਂ ਦੀ ਮਿੱਟੀ ਵਿੱਚ ਕਿੰਨੀ ਡੂੰਘਾਈ ਤੱਕ ਪਹੁੰਚ ਗਈਆਂ ਸਨ। ਇਸ ਤਰ੍ਹਾਂ ਨਾਲ ਉਹ ਮਜ਼ਦੂਰ ਦਿਵਸ ਨੂੰ ਮਾਨਤਾ ਦਿੰਦੇ ਹੋਏ ਮਜ਼ਦੂਰ ਅਤੇ ਸਮਾਜਵਾਦੀ ਲਹਿਰਾਂ ਦੀ ਅਪੀਲ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ। ਅਪ੍ਰੈਲ 1920 ਦਾ ਇੱਕ ਫ੍ਰੈਂਚ ਸੰਸਦੀ ਪ੍ਰਸਤਾਵ, ਜਿਸ ਵਿੱਚ 41 ਡਿਪਟੀ ਸਿਰਫ਼ ਗੈਰ-ਸਮਾਜਵਾਦੀ ਹੋਣ ਕਰਕੇ ਹੀ ਇਕੱਠੇ ਸਨ, ਦੱਸਦਾ ਹੈ:

ਇਸ ਛੁੱਟੀ ਵਿੱਚ ਈਰਖਾ ਅਤੇ ਨਫ਼ਰਤ ਦਾ ਕੋਈ ਤੱਤ ਨਹੀਂ ਹੋਣਾ ਚਾਹੀਦਾ [ਜਮਾਤੀ ਸੰਘਰਸ਼ ਲਈ ਕੋਡ ਰੱਖਿਆ ਸ਼ਬਦ]। ਸਾਰੀਆਂ ਜਮਾਤਾਂ, ਜੇਕਰ ਜਮਾਤਾਂ ਨੂੰ ਅਜੇ ਵੀ ਮੌਜੂਦ ਕਿਹਾ ਜਾ ਸਕਦਾ ਹੈ, ਅਤੇ ਕੌਮ ਦੀ ਸਾਰੀ ਉਪਜਾਊ ਊਰਜਾ ਨੂੰ ਇੱਕੋ ਵਿਚਾਰ ਅਤੇ ਇੱਕੋ ਆਦਰਸ਼ ਦੁਆਰਾ ਭਾਈਚਾਰੇ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।”

ਯੂਰਪੀ ਭਾਈਚਾਰੇ ਤੋਂ ਪਹਿਲਾਂ, ਮਈ ਦਿਵਸ ਨੂੰ ਅਪਣਾਉਣ ਵਿੱਚ ਜੋ ਸਭ ਤੋਂ ਅੱਗੇ ਗਏ, ਉਹ ਧੁਰ ਸੱਜੇ ਪੱਖੀ ਸਨ ਨਾ ਕਿ ਖੱਬੇ  ਸੋਵੀਅਤ ਸੰਘ ਤੋਂ ਬਾਅਦ ਹਿਟਲਰ ਦੀ ਸਰਕਾਰ ਪਹਿਲੀ ਸੀ ਜਿਸਨੇ ਅਧਿਕਾਰਤ ਤੌਰ ਪਹਿਲੀ ਮਈ ਨੂੰ ਕਿਰਤ ਦਾ ਕੌਮੀ ਦਿਵਸ ਬਣਾਇਆ। ਮਾਰਸ਼ਲ ਪੇਟੈਨ ਦੀ ਵਿੱਛੀ ਸਰਕਾਰ ਨੇ ਮਈ ਦੇ ਪਹਿਲੇ ਦਿਨ ਨੂੰ “ਕਿਰਤ ਅਤੇ ਸਹਿਮਤੀ ਦਾ ਤਿਉਹਾਰ”(Festival of Labor and Concord) ਘੋਸ਼ਿਤ ਕੀਤਾ ਸੀ ਅਤੇ ਕਿਹਾ ਜਾਂਦਾ ਹੈ ਕਿ ਇਹ ਫੈਸਲਾ ਫ੍ਰੈਂਕੋ ਦੇ ਸਪੇਨ ਦੇ ਫਾਲਾਂਗਿਸਟ ਮਈ ਦਿਵਸ ਤੋਂ ਅਜਿਹਾ ਕਰਨ ਲਈ ਪ੍ਰੇਰਿਤ ਹੋਇਆ ਸੀ, ਜਿੱਥੇ ਮਾਰਸ਼ਲ ਇੱਕ ਪ੍ਰਸ਼ੰਸਕ ਰਾਜਦੂਤ ਰਿਹਾ ਸੀ।

ਦਰਅਸਲ, ਯੂਰਪੀ ਆਰਥਿਕ ਭਾਈਚਾਰਾ ਜਿਸਨੇ ਮਈ ਦਿਵਸ ਨੂੰ ਜਨਤਕ ਛੁੱਟੀ ਬਣਾਇਆ, ਉਹ ਇੱਕ ਢਾਂਚੇ ਦੇ ਤੌਰ ‘ਤੇ (ਇਸ ਵਿਸ਼ੇ ‘ਤੇ ਸ਼੍ਰੀਮਤੀ ਥੈਚਰ ਦੇ ਵਿਚਾਰਾਂ ਦੇ ਬਾਵਜੂਦ) ਸਮਾਜਵਾਦੀ ਨਹੀਂ ਬਲਕਿ ਮੁੱਖ ਤੌਰ ‘ਤੇ ਸਮਾਜਵਾਦੀ ਵਿਰੋਧੀ ਸਰਕਾਰਾਂ ਸਨ। ਪੱਛਮੀ ਅਧਿਕਾਰਤ ਮਈ ਦਿਵਸ ਦਰਅਸਲ ਅਣਅਧਿਕਾਰਤ ਮਈ ਦਿਵਸ ਦੀ ਪਰੰਪਰਾ ਦੀ ਸਚਾਈ ਨਾਲ ਦੋ ਚਾਰ ਹੋਣ ਅਤੇ ਇਸਨੂੰ ਮਜ਼ਦੂਰ ਲਹਿਰਾਂ, ਜਮਾਤੀ ਚੇਤਨਾ ਅਤੇ ਜਮਾਤੀ ਸੰਘਰਸ਼ਾਂ ਤੋਂ ਵੱਖ ਕਰਨ ਦੀ ਜ਼ਰੂਰਤ ਵਿਚੋਂ ਆਇਆ। 

ਪਰ ਇਹ ਕਿਵੇਂ ਹੋਇਆ ਕਿ ਇਹ ਪਰੰਪਰਾ ਇੰਨੀ ਮਜ਼ਬੂਤ ​​ਸੀ ਕਿ ਇੱਥੋਂ ਤੱਕ ਕਿ ਇਸਦੇ ਦੁਸ਼ਮਣਾਂ ਨੇ ਵੀ ਸੋਚਿਆ ਕਿ ਉਨ੍ਹਾਂ ਨੂੰ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਾ ਚਾਹੀਦਾ ਹੈ, ਜਦੋਂ ਕਿ ਹਿਟਲਰ, ਫ੍ਰੈਂਕੋ ਅਤੇ ਪੇਟੈਨ ਵਾਂਗ, ਉਨ੍ਹਾਂ ਨੇ ਵੀ ਸਮਾਜਵਾਦੀ ਮਜ਼ਦੂਰ ਲਹਿਰ ਨੂੰ ਖਤਮ ਕੀਤਾ?

ਤੇਜ਼ ਉਭਾਰ

ਇਸ ਦੇ ਅਦਾਰੇ ਬਤੌਰ ਵਿਕਾਸ ਬਾਰੇ ਵਿਲੱਖਣ ਗੱਲ ਇਹ ਹੈ ਕਿ ਇਹ ਗੈਰ-ਇਰਾਦਤਨ ਅਤੇ ਯੋਜਨਾ-ਰਹਿਤ ਸੀ ਇਸ ਹੱਦ ਤੱਕ ਇਹ ਕੋਈ ‘ਖੋਜੀ ਗਈ ਰਵਾਇਤ’ ਨਹੀਂ ਸੀ ਬਲਕਿ ਅਚਾਨਕ ਪੈਦਾ ਹੋਈ। ਮਈ ਦਿਵਸ ਦੀ ਫੌਰੀ ਸ਼ੁਰੂਆਤ ਬਾਰੇ ਵਿਵਾਦ ਨਹੀਂ ਹੈ। ਇਹ ਇੱਕ ਮਤਾ ਸੀ ਜੋ ਫਰਾਂਸੀਸੀ ਇਨਕਲਾਬ ਦੇ ਸ਼ਤਾਬਦੀ ਵਰ੍ਹੇ, ਅੰਤਰਰਾਸ਼ਟਰੀ ਨੂੰ ਸਥਾਪਤ ਕਰਨ ਵਾਲੀਆਂ ਦੋ ਵਿਰੋਧੀ ਧਿਰਾਂ ਵਿਚੋਂ ਇੱਕ – ਮਾਰਕਸੀ ਧਿਰ – ਨੇ ਜੁਲਾਈ 1889 ਵਿੱਚ ਪਾਸ ਕੀਤਾ ਸੀ। ਇਸ ਨੇ ਉਸੇ ਦਿਨ ਮਜ਼ਦੂਰਾਂ ਦੁਆਰਾ ਇੱਕ ਅੰਤਰਰਾਸ਼ਟਰੀ ਪ੍ਰਦਰਸ਼ਨ ਦੀ ਮੰਗ ਕੀਤੀ, ਜਦੋਂ ਉਹ ਕਨੂੰਨੀ ਅੱਠ ਘੰਟੇ ਦਿਹਾੜੀ ਦੀ ਮੰਗ ਨੂੰ ਆਪਣੇ ਸੰਬੰਧਤ ਜਨਤਕ ਅਤੇ ਹੋਰ ਅਧਿਕਾਰੀਆਂ ਕੋਲ ਰੱਖਣਗੇ। ਅਤੇ ਕਿਉਂਕਿ ਅਮਰੀਕਨ ਫੈਡਰੇਸ਼ਨ ਆੱਫ ਲੇਬਰ ਨੇ ਪਹਿਲਾਂ ਹੀ 1 ਮਈ 1890 ਨੂੰ ਅਜਿਹਾ ਪ੍ਰਦਰਸ਼ਨ ਕਰਨ ਦਾ ਫੈਸਲਾ ਕਰ ਲਿਆ ਸੀ, ਇਸ ਲਈ ਇਸ ਦਿਨ ਨੂੰ ਅੰਤਰਰਾਸ਼ਟਰੀ ਪ੍ਰਦਰਸ਼ਨ ਲਈ ਚੁਣਿਆ ਜਾਣਾ ਸੀ। ਵਿਅੰਗਾਤਮਕ ਗੱਲ ਇਹ ਹੈ ਕਿ ਅਮਰੀਕਾ ਵਿੱਚ ਮਈ ਦਿਵਸ ਆਪਣੇ ਆਪ ਨੂੰ ਉਸ ਤਰ੍ਹਾਂ ਕਦੇ ਵੀ ਸਥਾਪਿਤ ਨਹੀਂ ਕਰ ਸਕਿਆ ਜਿਵੇਂ ਕਿ ਕਿਤੇ ਹੋਰ ਹੋਇਆ। ਜੇਕਰ ਸਿਰਫ ਇਸ ਕਰਕੇ ਮਜ਼ਦੂਰਾਂ ਦੀ ਅਧਿਕਾਰਤ ਜਨਤਕ ਛੁੱਟੀ ਦੀ ਗੱਲ ਹੈ ਤਾਂ ਕਿਰਤ ਦਿਹਾੜਾ (Labour Day), ਸਤੰਬਰ ਦੇ ਪਹਿਲੇ ਸੋਮਵਾਰ ਬਤੌਰ ਪਹਿਲਾਂ ਹੀ ਅਮਰੀਕਾ ਵਿੱਚ ਮੌਜੂਦ ਸੀ।

ਕੁਦਰਤੀ ਤੌਰ ‘ਤੇ ਵਿਦਵਾਨਾਂ ਨੇ ਇਸ ਮਤੇ ਦੀ ਸ਼ੁਰੂਆਤ, ਅਤੇ ਇਹ ਅਮਰੀਕਾ ਅਤੇ ਹੋਰ ਥਾਵਾਂ ਉੱਪਰ ਕਨੂੰਨੀ ਅੱਠ ਘੰਟਿਆਂ ਲਈ ਸੰਘਰਸ਼ ਦੇ ਪਹਿਲੇ ਇਤਿਹਾਸ ਨਾਲ ਕਿਵੇਂ ਸਬੰਧਤ ਹੈ ਬਾਰੇ ਪੜਤਾਲ ਕੀਤੀ ਹੈ, ਪਰ ਇਹ ਮਾਮਲੇ ਇੱਥੇ ਸਾਡੀ ਚਿੰਤਾ ਦਾ ਵਿਸ਼ਾ ਨਹੀਂ। ਜੋ ਮੌਜੂਦਾ ਦਲੀਲ ਨਾਲ ਢੁਕਵਾਂ ਹੈ ਉਹ ਹੈ ਕਿ ਮੰਨਿਆ ਗਿਆ ਮਤਾ ਕੀ ਸੀ ਅਤੇ ਅਸਲ ਵਿੱਚ ਜੋ ਹੋਇਆ ਉਸ ਤੋਂ ਕਿਵੇਂ ਵੱਖਰਾ ਸੀ ਅਸਲ ਪ੍ਰਸਤਾਵ ਬਾਰੇ ਤਿੰਨ ਤੱਥ ਨੋਟ ਕਰਨ ਵਾਲੇ ਹਨ। ਪਹਿਲਾ, ਇਹ ਸੱਦਾ ਸਿਰਫ਼ ਇੱਕ ਬਾਰ ਲਈ, ਅੰਤਰ-ਰਾਸ਼ਟਰੀ ਪ੍ਰਗਟਾਵੇ ਲਈ ਸੀ। ਇੱਥੇ ਕੋਈ ਸੁਝਾਅ ਨਹੀਂ ਹੈ ਕਿ ਇਸ ਨੂੰ ਦੁਹਰਾਇਆ ਜਾਣਾ ਚਾਹੀਦਾ ਹੈ, ਇੱਕ ਨਿਯਮਤ ਸਾਲਾਨਾ ਸਮਾਗਮ ਬਣਨਾ ਤਾਂ ਦੂਰ ਦੀ ਗੱਲ ਹੈ। ਦੂਸਰਾ, ਇੱਥੇ ਕੋਈ ਸੁਝਾਅ ਨਹੀਂ ਸੀ ਕਿ ਇਹ ਇੱਕ ਖਾਸ ਤਿਉਹਾਰ ਜਾਂ ਰਸਮ ਦਾ ਮੌਕਾ ਹੋਣਾ ਚਾਹੀਦਾ ਹੈ, ਹਾਲਾਂਕਿ ਸਾਰੇ ਦੇਸ਼ਾਂ ਦੀਆਂ ਕਿਰਤ ਲਹਿਰਾਂ ਨੂੰ “ਇਸ ਪ੍ਰਦਰਸ਼ਨ ਨੂੰ ਉਨ੍ਹਾਂ ਤਰੀਕਿਆਂ ਨਾਲ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਜੋ ਉਨ੍ਹਾਂ ਦੇ ਦੇਸ਼ ਦੀ ਸਥਿਤੀ ਮੁਤਾਬਕ ਜ਼ਰੂਰੀ ਹੋਣ।”

ਇਹ, ਬੇਸ਼ੱਕ, ਜਰਮਨ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਖ਼ਾਤਰ ਇੱਕ ਐਮਰਜੈਂਸੀ ਰਾਹ ਸੀ, ਜੋ ਕਿ ਅਜੇ ਵੀ ਬਿਸਮਾਰਕ ਦੇ ਸਮਾਜਵਾਦੀ-ਵਿਰੋਧੀ ਕਨੂੰਨ ਦੇ ਤਹਿਤ ਗੈਰਕਨੂੰਨੀ ਸੀ। ਅੰਤ ਵਿੱਚ, ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਉਸ ਸਮੇਂ ਇਸ ਮਤੇ ਨੂੰ ਖਾਸ ਤੌਰ ‘ਤੇ ਮਹੱਤਵਪੂਰਣ ਦੇਖਿਆ ਗਿਆ ਹੋਵੇ। ਇਸਦੇ ਉਲਟ, ਸਮਕਾਲੀ ਪ੍ਰੈਸ ਰਿਪੋਰਟਾਂ ਇਸਦਾ ਕੋਈ ਬਹੁਤਾ ਜ਼ਿਕਰ ਹੀ ਨਹੀਂ ਕਰਦੀਆਂ, ਅਤੇ ਜੇਕਰ ਕਰਦੀਆਂ ਵੀ ਹਨ ਤਾਂ ਬਿਨਾਂ ਤੈਅ ਤਰੀਕ ਤੋਂ ਬੱਸ ਇੱਕ ਅਪਵਾਦ ਨੂੰ ਛੱਡਕੇ (ਉਤਸੁਕਤਾ ਨਾਲ ਇਹ ਵੀ ਇੱਕ ਬੁਰਜੂਆ ਅਖਬਾਰ ਹੈ)। ਇੱਥੋਂ ਤੱਕ ਕਿ ਜਰਮਨ ਸੋਸ਼ਲ ਡੈਮੋਕਰੇਟਿਕ ਪਾਰਟੀ ਦੁਆਰਾ ਪ੍ਰਕਾਸ਼ਤ ਕੀਤੀ ਗਈ ਅਧਿਕਾਰਤ ਕਾਂਗਰਸ ਰਿਪੋਰਟ ਵਿੱਚ, ਮਤੇ ਦੇ ਪ੍ਰਸਤਾਵਕਾਂ ਦਾ ਸਿਰਫ਼ ਜ਼ਿਕਰ ਹੈ। ਇਸਨੂੰ ਕਿਸੇ ਟਿੱਪਣੀ ਜਾਂ ਏਸੇ ਭਾਵ ਤੋਂ ਬਿਨਾਂ ਛਾਪਿਆ ਗਿਆ ਹੈ ਕਿ ਇਹ ਕੋਈ ਮਹੱਤਵਪੂਰਨ ਗੱਲ ਸੀ। ਸੰਖੇਪ ਵਿੱਚ, ਜਿਵੇਂ ਕਿ ਐਡਵਰਡ ਵੈਲੈਂਟ, ਜੋ ਕਿ ਇਸ ਕਾਂਗਰਸ ਵਿੱਚ ਸ਼ਾਮਲ ਹੋਏ ਇੱਕ ਵਧੇਰੇ ਉੱਘੇ ਅਤੇ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਪ੍ਰਤੀਨਿਧੀ ਸਨ, ਨੇ ਕੁਝ ਸਾਲਾਂ ਬਾਅਦ ਯਾਦ ਕੀਤਾ: ‘ਮਈ ਦਿਵਸ ਦੇ ਤੇਜ਼ੀ ਨਾਲ ਵਧਣ ਦੀ ਭਵਿੱਖਬਾਣੀ ਕੌਣ ਕਰ ਸਕਦਾ ਸੀ?’

ਇਸ ਦਾ ਤੇਜ਼ੀ ਨਾਲ ਵਾਧਾ ਅਤੇ ਸੰਸਥਾਗਤਕਰਨ ਸ਼ਾਇਦ 1890 ਵਿੱਚ ਪਹਿਲੇ ਮਈ ਦਿਵਸ ਦੇ ਪ੍ਰਦਰਸ਼ਨਾਂ ਦੀ ਅਸਧਾਰਨ ਸਫਲਤਾ ਦੇ ਕਾਰਨ ਸੀ, ਘੱਟੋ-ਘੱਟ ਰੂਸੀ ਸਾਮਰਾਜ ਅਤੇ ਬਾਲਕਨ ਤੋਂ ਪੱਛਮ ਦੇ ਯੂਰਪ ਵਿੱਚ। ਸਮਾਜਵਾਦੀਆਂ ਨੇ ਅੰਤਰਰਾਸ਼ਟਰੀ ਦੇ ਗਠਨ ਲਈ ਜਾਂ, ਜੇਕਰ ਅਸੀਂ ਸਹੀ ਕਹੀਏ, ਤਾਂ ਅੰਤਰਰਾਸ਼ਟਰੀ ਦੇ ਪੁਨਰਗਠਨ ਲਈ ਸਹੀ ਪਲ ਦੀ ਚੋਣ ਕੀਤੀ ਸੀ। ਪਹਿਲਾ ਮਈ ਦਿਵਸ ਬਹੁਤ ਸਾਰੇ ਦੇਸ਼ਾਂ ਵਿੱਚ ਮਜ਼ਦੂਰ ਸ਼ਕਤੀ ਅਤੇ ਵਿਸ਼ਵਾਸ ਦੇ ਜੇਤੂ ਉਭਾਰ ਨਾਲ ਸੰਯੋਗ ਰੂਪ ਜੁੜਦੇ ਹੋਏ ਅੱਗੇ ਵਧਿਆ। ਸਿਰਫ ਦੋ ਜਾਣੂ ਮਿਸਾਲਾਂ ਦਾ ਹਵਾਲਾ ਠੀਕ ਰਹੇਗਾ। ਬ੍ਰਿਟੇਨ ਵਿੱਚ 1889 ਦੇ ਡੌਕ ਹੜਤਾਲ ਤੋਂ ਬਾਅਦ ਫੁੱਟਿਆ ਨਵ ਯੂਨੀਅਨਵਾਦ ਦਾ ਗੁੱਸਾ। ਦੂਜਾ, ਜਰਮਨੀ ਵਿੱਚ ਸਮਾਜਵਾਦੀ ਜਿੱਤ, ਜਿਥੇ ਰਾਇਕਸਟੈਗ ਨੇ ਜਨਵਰੀ 1890 ਵਿੱਚ ਬਿਸਮਾਰਕ ਦੇ ਸਮਾਜਵਾਦੀ-ਵਿਰੋਧੀ ਕਨੂੰਨ ਨੂੰ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਨਤੀਜੇ ਵਜੋਂ ਇੱਕ ਮਹੀਨੇ ਬਾਅਦ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਆਮ ਚੋਣਾਂ ਵੇਲੇ ਆਪਣੀ ਵੋਟ ਦੁੱਗਣੀ ਕਰ ਦਿੱਤੀ ਅਤੇ ਕੁੱਲ ਵੋਟਾਂ ਦੇ 20 ਪ੍ਰਤੀਸ਼ਤ ਦੇ ਲੱਗਭੱਗ ਨਾਲ ਉੱਭਰੀ। ਅਜਿਹੇ ਸਮੇਂ ਵਿਸ਼ਾਲ ਪ੍ਰਦਰਸ਼ਨਾਂ ਨੂੰ ਸਫ਼ਲ ਬਣਾਉਣਾ ਮੁਸ਼ਕਲ ਨਹੀਂ ਸੀ, ਕਿਉਂਕਿ ਕਾਰਕੁੰਨਾਂ ਅਤੇ ਖਾੜਕੂ ਤੱਤ, ਦੋਵਾਂ ਨੇ ਹੀ ਆਪਣਾ ਦਿਲੋਂ ਜ਼ੋਰ ਲਾ ਦਿੱਤਾ, ਜਦੋਂ ਕਿ ਆਮ ਵਰਕਰਾਂ ਦਾ ਇਕੱਠ ਜਿੱਤ, ਤਾਕਤ, ਮਾਨਤਾ ਅਤੇ ਉਮੀਦ ਦੀ ਭਾਵਨਾ ਨੂੰ ਮਨਾਉਣ ਲਈ ਉਨ੍ਹਾਂ ਨਾਲ ਸ਼ਾਮਲ ਹੋ ਗਿਆ।

ਪਰ ਫਿਰ ਵੀ ਜਿਸ ਹੱਦ ਤੱਕ ਮਜਦੂਰਾਂ ਨੇ ਇਨ੍ਹਾਂ ਮੀਟਿੰਗਾਂ ਵਿੱਚ ਹਿੱਸਾ ਲਿਆ, ਉਸਨੇ ਇਹ ਮੀਟਿੰਗਾਂ ਨੂੰ ਸੱਦਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ। ਖ਼ਾਸਕਰ ਲੰਡਨ ਦੇ ਹਾਈਡ ਪਾਰਕ ਨੂੰ ਭਰਨ ਵਾਲਾ 300,000 ਦਾ ਇਕੱਠ, ਜੋ ਇਸ ਤਰ੍ਹਾਂ, ਪਹਿਲੀ ਅਤੇ ਆਖਰੀ ਵਾਰ, ਦਿਨ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਸਾਬਿਤ ਹੋਇਆ। ਕਿਉਂਕਿ, ਭਾਵੇਂ ਸਾਰੀਆਂ ਹੀ ਸਮਾਜਵਾਦੀ ਪਾਰਟੀਆਂ ਅਤੇ ਜਥੇਬੰਦੀਆਂ ਨੇ ਕੁਦਰਤੀ ਤੌਰ ‘ਤੇ ਮੀਟਿੰਗਾਂ ਦਾ ਆਯੋਜਨ ਕੀਤਾ ਸੀ, ਸਿਰਫ ਕੁਝ ਨੇ ਹੀ ਇਸ ਮੌਕੇ ਦੀ ਪੂਰੀ ਸੰਭਾਵਨਾ ਨੂੰ ਪਛਾਣਿਆ ਸੀ ਅਤੇ ਆਪਣੀ ਸ਼ੁਰੂਆਤ ਤੋਂ ਹੀ ਇਸ ਵਿੱਚ ਸਾਰਾ ਜ਼ੋਰ ਲਾ ਦਿੱਤਾ ਸੀ। ਆਸਟ੍ਰੀਆ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਫੌਰੀ ਜਨਤਕ ਮੂਡ ਨੂੰ ਪਛਾਣਨ ਦੇ ਪੱਖ ਤੋਂ ਬੇਮਿਸਾਲ ਸੀ, ਨਤੀਜੇ ਵਜੋਂ, ਜਿਵੇਂ ਕਿ ਫਰੈਡਰਿਕ ਏਂਗਲਜ਼ ਨੇ ਕੁਝ ਹਫ਼ਤੇ ਬਾਅਦ ਦੇਖਿਆ, “ਮਹਾਂਦੀਪ ਉੱਤੇ ਇਹ ਆਸਟ੍ਰੀਆ ਸੀ, ਅਤੇ ਆਸਟ੍ਰੀਆ ਵਿੱਚ ਵਿਆਨਾ, ਜਿਸ ਨੇ ਇਸ ਤਿਉਹਾਰ ਨੂੰ ਸਭ ਤੋਂ ਵੱਧ ਸ਼ਾਨਦਾਰ ਅਤੇ ਢੁਕਵੇਂ ਢੰਗ ਨਾਲ ਮਨਾਇਆ।”

ਦਰਅਸਲ, ਕਈ ਦੇਸ਼ਾਂ ਵਿੱਚ, ਮਈ ਦਿਵਸ ਦੀ ਤਿਆਰੀ ਵਿੱਚ ਆਪਣੇ ਆਪ ਨੂੰ ਤਨਦੇਹੀ ਨਾਲ ਸੁੱਟਣ ਦੀ ਬਜਾਏ, ਸਥਾਨਕ ਪਾਰਟੀਆਂ ਅਤੇ ਲਹਿਰਾਂ, ਜਿਵੇਂ ਕਿ ਖੱਬੇ ਰਾਜਨੀਤੀ ਵਿੱਚ ਹਮੇਸ਼ਾ ਰਿਹਾ ਹੈ, ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਜਾਂ ਕਨੂੰਨੀ ਰੂਪਾਂ ਬਾਰੇ ਵਿਚਾਰਧਾਰਕ ਦਲੀਲਾਂ ਅਤੇ ਪਾੜਿਆਂ ਕਾਰਨ – ਅਸੀਂ ਹੇਠਾਂ ਇਸ ਬਾਰੇ ਦੋਬਾਰਾ ਗੱਲ ਕਰਾਂਗੇ – ਜਾਂ ਸਿਰਫ਼ ਸਾਵਧਾਨੀ ਕਰਕੇ ਅਸਮਰੱਥ ਸਨ। ਇਸ ਦਿਨ ਬਾਰੇ ਘਬਰਾਹਟ ਅਤੇ ਡਰ ਵਿਚੋਂ ਸਰਕਾਰਾਂ, ਮੱਧ-ਵਰਗੀ ਧਾਰਨਾਵਾਂ ਅਤੇ ਮਾਲਕਾਂ ਦੁਆਰਾ ਪੁਲਿਸ ਜਬਰ ਅਤੇ ਜ਼ੁਲਮ ਦੀਆਂ ਦੀ ਸੰਭਾਵਨਾਵਾਂ ਕਾਰਣ, ਜ਼ਿੰਮੇਵਾਰ ਸਮਾਜਵਾਦੀ ਆਗੂ ਅਕਸਰ ਜ਼ਿਆਦਾ ਤਿੱਖੇ ਰੂਪਾਂ ਵਿੱਚ ਟਕਰਾਅ ਤੋਂ ਬਚਣ ਨੂੰ ਤਰਜੀਹ ਦਿੰਦੇ ਹਨ। ਇਹ ਖਾਸ ਤੌਰ ‘ਤੇ ਜਰਮਨੀ ਦਾ ਮਾਮਲਾ ਸੀ, ਜਿੱਥੇ 11 ਸਾਲ ਤੱਕ ਗੈਰ-ਕਨੂੰਨੀ ਰਹਿਣ ਤੋਂ ਬਾਅਦ ਪਾਰਟੀ ਤੋਂ ਉਦੋਂ ਹੀ ਪਾਬੰਦੀ ਰੱਦ ਕੀਤੀ ਗਈ ਸੀ। ਪਾਰਟੀ ਦੇ ਨੇਤਾ ਅਗਸਤ ਬੇਬਲ ਨੇ ਏਂਗਲਜ਼ ਨੂੰ ਲਿਖਿਆ, “ਪਹਿਲੀ ਮਈ ਦੇ ਪ੍ਰਦਰਸ਼ਨ ਵਿੱਚ ਲੋਕਾਂ ਨੂੰ ਕਾਬੂ ਵਿੱਚ ਰੱਖਣ ਦਾ ਸਾਡੇ ਕੋਲ ਹਰ ਕਾਰਨ ਹੈ”। “ਸਾਨੂੰ ਟਕਰਾਅ ਤੋਂ ਬਚਣਾ ਚਾਹੀਦਾ ਹੈ।” ਅਤੇ ਏਂਗਲਜ਼ ਸਹਿਮਤ ਹੋਏ।

ਮੁੱਦੇ ਤੇ ਸਭ ਤੋਂ ਮਹੱਤਵਪੂਰਣ ਮਾਮਲਾ ਇਹ ਸੀ ਕਿ ਕੀ ਮਜ਼ਦੂਰਾਂ ਨੂੰ ਕੰਮ ਦੇ ਸਮੇਂ ਵਿੱਚ ਪ੍ਰਦਰਸ਼ਨ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ, ਯਾਨੀ ਹੜਤਾਲ ਕਰਨੀ ਹੈ, ਕਿਉਂਕਿ 1890 ਵਿੱਚ ਪਹਿਲੀ ਮਈ ਵੀਰਵਾਰ ਨੂੰ ਸੀ ਅਸਲ ਵਿੱਚ, ਸਾਵਧਾਨ ਪਾਰਟੀਆਂ ਅਤੇ ਮਜ਼ਬੂਤ ​​ਸਥਾਪਤ ਟਰੇਡ ਯੂਨੀਅਨਾਂ – ਜਦੋਂ ਤੱਕ ਉਹ ਖ਼ੁਦ ਨਾ ਚਾਹੁੰਦੇ ਹੋਣ, ਜਾਣ ਬੁੱਝ ਕੇ ਐਸੀ ਕਾਰਵਾਈ ਵਿੱਚ ਦਿਖਣਾ ਨਹੀਂ ਚਾਹੁੰਦੇ ਸਨ – ਜਿਵੇਂ ਕਿ ਅਮਰੀਕਨ ਫੈਡਰੇਸ਼ਨ ਆੱਫ ਲੇਬਰ ਦੀ ਯੋਜਨਾ ਸੀ। ਉਹ ਸਮਝ ਨਹੀਂ ਸਨ ਪਾ ਰਹੇ ਕਿ ਸਿਰਫ਼ ਇੱਕ ਪ੍ਰਤੀਕਾਤਮਕ ਪ੍ਰਦਰਸ਼ਨ ਲਈ ਆਪਣੇ ਆਪ ਨੂੰ ਅਤੇ ਆਪਣੇ ਮੈਂਬਰਾਂ ਦੇ ਗਲ੍ਹੇ ਉੱਪਰ ਕਿਉਂ ਤਲਵਾਰ ਲਟਕਾਈ ਜਾਵੇ। ਇਸ ਲਈ ਉਹਨਾਂ ਨੇ ਮਈ ਦੇ ਪਹਿਲੇ ਐਤਵਾਰ ਨੂੰ ਪ੍ਰਦਰਸ਼ਨ ਦੀ ਚੋਣ ਕੀਤੀ, ਨਾ ਕਿ ਮਹੀਨੇ ਦੇ ਪਹਿਲੇ ਦਿਨ। ਇਹ ਬ੍ਰਿਟਿਸ਼ ਚੋਣ ਸੀ ਅਤੇ ਰਹੀ, ਇਸੇ ਲਈ ਪਹਿਲਾ ਮਹਾਨ ਮਈ ਦਿਵਸ 4 ਮਈ ਨੂੰ ਹੋਇਆ ਸੀ।

ਹਾਲਾਂਕਿ, ਇਹ ਜਰਮਨ ਪਾਰਟੀ ਦੀ ਤਰਜੀਹ ਵੀ ਸੀ, ਹਾਲਾਂਕਿ ਉੱਥੇ, ਬ੍ਰਿਟੇਨ ਦੇ ਉਲਟ, ਅਮਲੀ ਤੌਰ ‘ਤੇ ਪਹਿਲੀ ਮਈ ਹੀ ਪ੍ਰਵਾਨ ਹੋਇਆ ਸੀ। ਦਰਅਸਲ, ਇਸ ਸਵਾਲ ਉੱਪਰ ਰਸਮੀ ਤੌਰ ‘ਤੇ 1891 ਦੀ ਬ੍ਰੱਸਲਜ਼ ਇੰਟਰਨੈਸ਼ਨਲ ਸੋਸ਼ਲਿਸਟ ਕਾਂਗਰਸ ਵਿਖੇ ਵਿਚਾਰ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਅਤੇ ਜਰਮਨਾਂ ਨੇ ਇਸ ਨੁਕਤੇ ਉੱਪਰ ਫਰਾਂਸੀਸੀਆਂ ਅਤੇ ਆਸਟ੍ਰੀਅਨਾਂ ਦਾ ਵਿਰੋਧ ਕੀਤਾ ਸੀ, ਅਤੇ ਇਸ ਨੂੰ ਪਛਾੜ ਦਿੱਤਾ ਗਿਆ ਸੀ। ਮਈ ਦਿਵਸ ਦੇ ਬਹੁਤ ਸਾਰੇ ਹੋਰ ਪਹਿਲੂਆਂ ਦੀ ਤਰ੍ਹਾਂ, ਮਿਤੀ ਦੀ ਚੋਣ ਦਾ ਮੁੱਦਾ ਵੀ ਅੰਤਰਰਾਸ਼ਟਰੀ ਪੱਧਰ ਤੇ ਅਚੇਤ ਰੂਪ ਵਿੱਚ ਚੁਣਿਆ ਗਿਆ ਅਸਲ ਮਤੇ ਵਿੱਚ ਕੰਮ ਨੂੰ ਰੋਕਣ ਬਾਰੇ ਵੀ ਕੋਈ ਗੱਲ ਨਹੀਂ ਹੈ ਸਮੱਸਿਆ ਸਿਰਫ ਇਸ ਲਈ ਖੜ੍ਹੀ ਹੋਈ ਕਿਉਂਕਿ ਪਹਿਲਾ ਮਈ ਦਿਵਸ ਸ਼ਨੀਵਾਰ ਜਾਂ ਐਤਵਾਰ ਨਹੀਂ ਸੀ ਅਤੇ ਸਾਰੇ ਹੀ ਫੌਰੀ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਸੀ ਅਤੇ ਇਹ ਮਸਲਾ ਸਭ ਦੇ ਸਾਹਮਣੇ ਸੀ

ਸਾਵਧਾਨੀ ਉਲਟਾ ਇਸ਼ਾਰਾ ਕਰ ਰਹੀ ਸੀ। ਪਰ ਅਸਲ ਵਿੱਚ ਮਈ ਦਿਵਸ ਨੂੰ ਜਿਸ ਚੀਜ਼ ਨੇ ਬਣਾਇਆ ਉਹ ਸੀ ਹੀ ਅਮਲੀ ਕਾਰਨਾਂ ਉੱਪਰ ਪ੍ਰਤੀਕ ਦੀ ਚੋਣ। ਇਹ ਕੰਮ ਨੂੰ ਪ੍ਰਤੀਕ ਰੂਪ ਵਿੱਚ ਰੋਕਣ ਦਾ ਕੰਮ ਹੀ ਸੀ ਜਿਸ ਨੇ ਮਈ ਦਿਵਸ ਨੂੰ ਸਿਰਫ ਇੱਕ ਹੋਰ ਪ੍ਰਦਰਸ਼ਨ ਜਾਂ ਹੋਰ ਯਾਦਗਾਰੀ ਮੌਕੇ ਤੋਂ ਅਲੱਗ ਬਣਾ ਦਿੱਤਾ। ਹਿਚਕਿਚਾਉਣ ਵਾਲੀਆਂ ਯੂਨੀਅਨਾਂ ਦੇ ਖ਼ਿਲਾਫ਼ ਜਾ ਕੇ ਵੀ ਜਿਹਨਾਂ ਦੇਸ਼ਾਂ ਜਾਂ ਸ਼ਹਿਰਾਂ ਵਿੱਚ ਜਿੱਥੇ ਵੀ ਪਾਰਟੀਆਂ, ਇਸ ਚਿੰਨ੍ਹ ਦੀ ਹੜਤਾਲ ‘ਤੇ ਜ਼ੋਰ ਦਿੰਦੀਆਂ ਸਨ, ਉੱਥੇ ਮਈ ਦਿਵਸ ਸੱਚਮੁੱਚ ਹੀ ਮਜ਼ਦੂਰ-ਜਮਾਤੀ ਜੀਵਨ ਅਤੇ ਮਜ਼ਦੂਰ ਪਛਾਣ ਦਾ ਕੇਂਦਰੀ ਹਿੱਸਾ ਬਣ ਗਿਆ। ਜਿਵੇਂ ਕਿ ਬਰਤਾਨੀਆ ਵਿੱਚ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਵੀ ਕਦੇ ਨਹੀਂ ਹੋਇਆ। ਕਿਸੇ ਕੰਮ ਦੇ ਦਿਨ ਕੰਮ ਤੋਂ ਪਰਹੇਜ਼ ਕਰਨਾ ਹੀ  ਮਜ਼ਦੂਰ-ਵਰਗ ਦੀ ਤਾਕਤ ਦਾ ਦਾਅਵਾ ਸੀ – ਦਰਅਸਲ, ਇਸ ਤਾਕਤ ਦਾ ਪੱਕਾ ਦਾਅਵਾ – ਅਤੇ ਆਜ਼ਾਦੀ ਦਾ ਤੱਤ, ਅਰਥਾਤ ਬੱਸ ਸਿਰ ਸੁੱਟ ਕੇ ਪਸੀਨਾ ਵਹਾਉਂਦੇ ਹੋਏ ਮਿਹਨਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਬਲਕਿ ਚੁਣਨਾ ਕਿ ਪਰਿਵਾਰ ਅਤੇ ਦੋਸਤਾਂ ਦੀ ਸੰਗਤ ਵਿੱਚ ਕੀ ਕੀਤਾ ਜਾਵੇ ਇਹ ਇਸ ਤਰ੍ਹਾਂ ਜਮਾਤੀ ਦਾਅਵੇਦਾਰੀ ਅਤੇ ਜਮਾਤੀ ਸੰਘਰਸ਼ ਦੋਵਾਂ ਦਾ ਸੰਕੇਤ ਸੀ ਅਤੇ ਇੱਕ ਛੁੱਟੀ: ਕਿਰਤ ਦੀ ਮੁਕਤੀ ਤੋਂ ਬਾਅਦ ਆਉਣ ਵਾਲੇ ਚੰਗੇ ਜੀਵਨ ਲਈ ਇੱਕ ਕਿਸਮ ਦਾ ਟ੍ਰੇਲਰ ਅਤੇ, ਬੇਸ਼ੱਕ, 1890 ਦੀਆਂ ਸਥਿਤੀਆਂ ਵਿੱਚ ਇਹ ਜਿੱਤ ਦਾ ਜਸ਼ਨ ਵੀ ਸੀ, ਸਟੇਡੀਅਮ ਵਿੱਚ ਇੱਕ ਜੇਤੂ ਦੇ ਸਨਮਾਨ ਦਾ ਦੌਰਾ। ਇਸ ਚਾਨਣ ਵਿੱਚ ਹੀ ਮਈ ਦਿਵਸ ਵਿੱਚ ਭਾਵਨਾਵਾਂ ਅਤੇ ਉਮੀਦਾਂ ਦਾ ਇੱਕ ਭਰਿਆ ਜਹਾਜ਼ ਨਜ਼ਰੀਂ ਪੈਂਦਾ ਹੈ।

ਰਸਮੀਕਰਨ

ਇਸਦਾ ਅਹਿਸਾਸ ਵਿਕਟਰ ਐਡਲਰ ਨੂੰ ਉਦੋਂ ਹੋਇਆ ਜਦੋਂ, ਜਰਮਨ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਸਲਾਹ ਦੇ ਵਿਰੁੱਧ, ਉਸਨੇ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੀਅਨ ਪਾਰਟੀ ਨੂੰ ਬਿਲਕੁਲ ਉਸ ਟਕਰਾਅ ਨੂੰ ਉਕਸਾਉਣਾ ਚਾਹੀਦਾ ਹੈ ਜਿਸ ਤੋਂ ਬੇਬਲ ਬਚਣਾ ਚਾਹੁੰਦਾ ਸੀ। ਬੇਬਲ ਵਾਂਗ ਉਸਨੇ ਪਹਿਚਾਣਿਆ ਕਿ ਖੁਸ਼ਹਾਲੀ ਦਾ ਮਿਜ਼ਾਜ, ਜਨਤਕ ਤਬਦੀਲੀ, ਲਗਭਗ ਹੀ ਮਸੀਹੇ ਦੀ ਉਮੀਦ ਵਾਂਗ ਸੀ, ਜੋ ਇਸ ਸਮੇਂ ਬਹੁਤ ਸਾਰੀਆਂ ਮਜ਼ਦੂਰ ਜਮਾਤਾਂ ਵਿੱਚ ਫੈਲਿਆ ਹੋਇਆ ਸੀ। ਬੇਬਲ ਦੱਸਦੇ ਹਨ, “ਚੋਣਾਂ ਨੇ ਸਿਆਸੀ ਤੌਰ ‘ਤੇ ਘੱਟ ਚੇਤੰਨ ਜਨਤਾ ਨੂੰ ਬਹੁਤ ਆਕਰਸ਼ਤ ਕੀਤਾ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਸਿਰਫ ਕੁੱਝ ਪਾਉਣ ਦੀ ਇੱਛਾ ਹੀ ਚਾਹੀਦੀ ਹੈ ਅਤੇ ਸਭ ਕੁੱਝ ਹਾਸਲ ਕੀਤਾ ਜਾ ਸਕਦਾ ਹੈ।”

ਬੇਬੇਲ ਦੇ ਉਲਟ, ਐਡਲਰ ਨੂੰ ਅਜੇ ਵੀ ਕਾਰਕੁੰਨਾਂ ਅਤੇ ਵੱਧ ਰਹੀ ਜਨਤਕ ਹਮਦਰਦੀ ਦੇ ਮੇਲ ਵਿੱਚੋਂ ਇੱਕ ਜਨਤਕ ਪਾਰਟੀ ਬਣਾਉਣ ਲਈ ਇਹਨਾਂ ਭਾਵਨਾਵਾਂ ਨੂੰ ਗੋਲਬੰਦ ਕਰਨ ਦੀ ਲੋੜ ਸੀ। ਇਸ ਤੋਂ ਇਲਾਵਾ, ਜਰਮਨਾਂ ਦੇ ਉਲਟ, ਆਸਟ੍ਰੀਆ ਦੇ ਕਾਮਿਆਂ ਕੋਲ ਅਜੇ ਵੋਟ ਨਹੀਂ ਸੀ। ਇਸ ਲਈ ਲਹਿਰ ਦੀ ਤਾਕਤ ਅਜੇ ਤੱਕ ਚੋਣ ਪ੍ਰਣਾਲੀ ਜ਼ਰੀਏ ਜ਼ਾਹਰ ਨਹੀਂ ਕੀਤੀ ਜਾ ਸਕਦੀ ਸੀ। ਇੱਕ ਬਾਰ ਫੇਰ ਤੋਂ, ਸਕੈਨਡੇਨੇਵੀਆਈ ਸਿੱਧੀ ਕਾਰਵਾਈ ਦੀ ਗੋਲਬੰਦ ਕਰਨ ਦੀ ਸਮਰੱਥਾ ਸਮਝ ਗਏ ਜਦੋਂ, ਪਹਿਲੇ ਮਈ ਦਿਵਸ ਤੋਂ ਬਾਅਦ, ਉਹਨਾਂ ਨੇ 1891 ਵਿੱਚ ਪ੍ਰਦਰਸ਼ਨਾਂ ਦੇ ਦੁਹਰਾਓ ਦੇ ਹੱਕ ਵਿੱਚ ਵੋਟ ਦਿੱਤੀ ਉਹਨਾਂ ਦਾ ਮੰਨਣਾ ਸੀ,ਖ਼ਾਸਕਰ ਜੇ ਇਸਨੂੰ ਕੰਮ ਬੰਦ ਕਰਨ ਦੇ ਨਾਲ ਜੋੜਿਆ ਜਾਵੇ, ਨਾ ਕਿ ਸਿਰਫ ਵਿਚਾਰਾਂ ਦੇ ਸਧਾਰਣ ਪ੍ਰਗਟਾਵੇ ਨਾਲ”। ਇੰਟਰਨੈਸ਼ਨਲ ਨੇ ਵੀ ਇਹੀ ਰਵੱਈਆ ਅਪਣਾਇਆ ਸੀ ਜਦੋਂ 1891 ਵਿੱਚ ਇਸਨੇ (ਜਿਵੇਂ ਅਸੀਂ ਵੇਖਿਆ ਹੈ ਕਿ ਬ੍ਰਿਟਿਸ਼ ਅਤੇ ਜਰਮਨ ਪ੍ਰਤੀਨਿਧੀਆਂ ਦੇ ਵਿਰੁੱਧ) ਪਹਿਲੀ ਮਈ ਨੂੰ ਪ੍ਰਦਰਸ਼ਨ ਕਰਨ ਅਤੇ “ਜਿੱਥੇ ਵੀ ਸੰਭਵ ਹੋਵੇ, ਕੰਮ ਰੋਕਣ ਲਈ” ਵੋਟ ਪਾਈ 

ਇਸ ਦਾ ਇਹ ਮਤਲਬ ਨਹੀਂ ਸੀ ਕਿ ਉਸ ਵੇਲੇ ਦੀਆਂ ਬੇਅੰਤ ਉਮੀਦਾਂ ਨਾਲ ਕੌਮਾਂਤਰੀ ਲਹਿਰ ਨੇ ਏਦਾਂ ਹੀ ਕੋਈ ਆਮ ਹੜਤਾਲ ਦਾ ਸੱਦਾ ਦੇ ਦਿੱਤਾ ਸੀ, ਜਥੇਬੰਦ ਮਜ਼ਦੂਰ ਅਭਿਆਸ ਵਿੱਚ ਆਪਣੀ ਤਾਕਤ ਅਤੇ ਕਮਜ਼ੋਰੀ ਦੋਵਾਂ ਤੋਂ ਜਾਣੂ ਸਨ। ਸੈਨੇਟ ਵੱਲੋਂ ਉਸ ਵੱਡੇ ਪੱਧਰ ‘ਤੇ ‘ਲਾਲ’ ਸ਼ਹਿਰ ਹੈਮਬਰਗ ਵਿੱਚ ਮਜ਼ਦੂਰਾਂ ਦੀਆਂ ਵਾਰਤਾਲਾਪਾਂ ਸੁਣਨ ਲਈ ਸਾਦੇ ਕੱਪੜਿਆਂ ਵਿੱਚ ਭੇਜੇ ਗਏ ਪੁਲਸ ਕਰਮੀਆਂ ਅਨੁਸਾਰ, ਪ੍ਰੋਲੇਤਾਰੀ ਹੈਮਬਰਗ ਦੇ ਪੱਬਾਂ ਅਤੇ ਬਾਰਾਂ ਵਿੱਚ ਵਿਆਪਕ ਤੌਰ ‘ਤੇ ਇਹ ਸਵਾਲ ਵਿਚਾਰੇ ਗਏ ਕਿ ਕੀ ਲੋਕਾਂ ਨੂੰ ਮਈ ਦਿਵਸ ਦੀ ਹੜਤਾਲ ਕਰਨੀ ਚਾਹੀਦੀ ਹੈ ਜਾਂ ਪ੍ਰਦਰਸ਼ਨਾਂ ਬਦਲੇ ਉਹਨਾਂ ਕੋਲੋਂ ਇੱਕ ਦਿਨ ਦੀ ਤਨਖ਼ਾਹ ਛੱਡ ਦੇਣ ਦੀ ਉਮੀਦ ਕੀਤੀ ਜਾਵੇ। ਇਹ ਸਮਝਿਆ ਗਿਆ ਸੀ ਕਿ ਚਾਹੁੰਦੇ ਹੋਏ ਵੀ ਬਹੁਤ ਸਾਰੇ ਮਜ਼ਦੂਰ ਬਾਹਰ ਨਹੀਂ ਆ ਸਕਣਗੇ। ਇਸ ਲਈ ਰੇਲਵੇ ਕਰਮਚਾਰੀਆਂ ਨੇ ਪਹਿਲੇ ਕੋਪੇਨਹੇਗਨ ਮਈ ਦਿਵਸ ਲਈ ਇੱਕ ਤਾਰ ਭੇਜੀ ਜਿਸਨੂੰ ਪੜ੍ਹ ਕੇ ਖੁਸ਼ੀ ਪ੍ਰਗਟਾਈ ਗਈ। ਉਨ੍ਹਾਂ ਲਿਖਿਆ ਸੀ, “ਸੱਤਾਧਾਰੀਆਂ ਦੇ ਦਬਾਅ ਕਾਰਨ ਅਸੀਂ ਇਕੱਤਰਤਾ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਅਸੀਂ ਅੱਠ ਘੰਟੇ ਦੇ ਕਾਰਜਕਾਰੀ ਦਿਨ ਦੀ ਮੰਗ ਨੂੰ ਆਪਣਾ ਪੂਰਾ ਸਮਰਥਨ ਦੇਣਾ ਕਦੇ ਨਹੀਂ ਛੱਡਾਂਗੇ।”

ਹਾਲਾਂਕਿ, ਜਿੱਥੇ ਮਾਲਕ ਜਾਣਦੇ ਸਨ ਕਿ ਮਜ਼ਦੂਰ ਮਜ਼ਬੂਤ ਅਤੇ ਦ੍ਰਿੜਤਾ ਨਾਲ ਵਚਨਬੱਧ ਹਨ, ਉਹ ਅਕਸਰ ਇੱਕ ਦਿਨ ਦੇ ਬੰਦ ਨੂੰ ਸੰਜਮ ਨਾਲ ਸਵਿਕਾਰ ਕਰ ਲੈਂਦੇਇਹ ਆਸਟ੍ਰੀਆ ਵਿੱਚ ਆਮ ਵਰਤਾਰਾ ਸੀ। ਇਸ ਤਰ੍ਹਾਂ, ਅੰਦਰੂਨੀ ਮੰਤਰਾਲੇ ਵੱਲੋਂ ਜਲੂਸਾਂ ‘ਤੇ ਪਾਬੰਦੀ ਅਤੇ ਛੁੱਟੀ ਦੀ ਆਗਿਆ ਨਾ ਦਿੱਤੇ ਜਾਣ ਦੇ ਸਪੱਸ਼ਟ ਨਿਰਦੇਸ਼ਾਂ ਦੇ ਬਾਵਜੂਦ; ਅਤੇ ਮਾਲਕਾਂ ਦੁਆਰਾ ਪਹਿਲੀ ਮਈ ਨੂੰ ਛੁੱਟੀ ਨਾ ਮੰਨਣ ਦੇ ਰਸਮੀ ਫੈਸਲੇ ਦੇ ਬਾਵਜੂਦ – ਅਤੇ ਕਈ ਵਾਰ ਛੁੱਟੀ ਲਈ ਪਹਿਲੀ ਮਈ ਤੋਂ ਪਿਛਲੇ ਦਿਨ ਨੂੰ ਬਦਲਣ ਦੇ ਬਾਵਜੂਦ – ਉੱਪਰੀ ਆਸਟ੍ਰੀਆ ਦੇ ਸਟੇਅਰ ਵਿੱਚ ਸਟੇਟ ਆਰਮਾਮੈਂਟਸ ਫੈਕਟਰੀ ਨੂੰ ਪਹਿਲੀ ਮਈ 1890, ਅਤੇ ਉਸ ਤੋਂ ਬਾਅਦ ਹਰ ਸਾਲ, ਬੰਦ ਕੀਤਾ ਜਾਂਦਾ ਰਿਹਾ। ਵੈਸੇ ਵੀ ਹਰ ਸਥਿਤੀ ਵਿੱਚ, ਕੰਮ-ਰੋਕੂ ਲਹਿਰ ਨੂੰ ਅਸਰਦਾਰ ਕਰਨ ਲਈ ਕਾਫੀ ਮੁਲਕਾਂ ਵਿੱਚ ਵੱਡੀ ਗਿਣਤੀ ਮਜ਼ਦੂਰ ਬਾਹਰ ਆਏ। ਆਖਰਕਾਰ, 1890 ਵਿੱਚ ਕੋਪੇਨਹੇਗਨ ਵਿੱਚਲੇ ਪ੍ਰਦਰਸ਼ਨਾਂ ਵਿੱਚ ਸ਼ਹਿਰ ਦੇ ਲਗਭਗ 40 ਪ੍ਰਤੀਸ਼ਤ ਮਜ਼ਦੂਰ ਹਾਜ਼ਰ ਸਨ।

ਪਹਿਲੇ ਮਈ ਦਿਵਸ ਦੀ ਇਸ ਕਮਾਲ ਦੀ ਅਤੇ ਅਕਲਪਿਤ ਸਫਲਤਾ ਦੇ ਮੱਦੇਨਜ਼ਰ ਇਸਨੂੰ ਮੁੜ ਦੁਹਰਾਉਣ ਦੀ ਮੰਗ ਕੀਤੀ ਜਾਣੀ ਸੁਭਾਵਕ ਸੀ। ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ, ਸੰਯੁਕਤ ਸਕੈਂਡੇਨੇਵੀਆਈ ਲਹਿਰਾਂ ਨੇ, ਸਪੇਨੀਆਂ ਦੀ ਤਰ੍ਹਾਂ ਹੀ, 1890 ਦੀਆਂ ਗਰਮੀਆਂ ਵਿੱਚ ਇਸਦੀ ਮੰਗ ਕੀਤੀ। ਸਾਲ ਦੇ ਅੰਤ ਤੱਕ ਅਨੇਕਾਂ ਯੂਰਪੀ ਪਾਰਟੀਆਂ ਨੇ ਵੀ ਇਹੀ ਕੀਤਾ। ਇਸ ਮੌਕੇ ਨੂੰ ਨਿਯਮਤ ਸਾਲਾਨਾ ਸਮਾਗਮ ਕੀਤੇ ਜਾਣ ਬਾਰੇ ਸਭ ਤੋਂ ਪਹਿਲਾਂ ਸੁਝਾਅ ਟੂਲੂਜ਼ ਦੇ ਖਾੜਕੂਆਂ ਨੇ ਦਿੱਤੇ ਹੋ ਸਕਦੇ ਹਨ ਜਾਂ ਨਹੀਂ ਵੀ, ਪਰ ਉਹਨਾਂ ਨੇ 1890 ਵਿੱਚ ਇਸ ਬਾਰੇ ਮਤਾ ਪਾਸ ਕੀਤਾ ਸੀ। ਪਰ ਇਸ ਵਿੱਚ ਕੋਈ ਹੈਰਾਨੀ ਨਹੀਂ ਸੀ ਕਿ 1891 ਵਿੱਚ ਇੰਟਰਨੈਸ਼ਨਲ ਦੀ ਬਰੱਸਲਜ਼ ਕਾਂਗਰਸ ਮਈ ਦਿਵਸਨੂੰ ਨਿਯਮਤ ਸਾਲਾਨਾ ਕਰਨ ਲਈ ਵਚਨਬੱਧ ਸੀ।

ਹਾਲਾਂਕਿ, ਜਿਵੇਂ ਅਸੀਂ ਵੇਖਿਆ ਹੈ ਇਸਨੇ ਦੋ ਹੋਰ ਕੰਮ ਵੀ ਕੀਤੇ। ਇਸਨੇ ਜ਼ੋਰ ਦਿੱਤਾ ਕਿ ਮਈ ਦਿਵਸ ਨੂੰ “ਅੱਠ-ਘੰਟੇ ਦਿਹਾੜੀ ਦੀ ਆਰਥਿਕ ਮੰਗ ਅਤੇ ਜਮਾਤੀ ਸੰਘਰਸ਼ ਦੇ ਦਾਅਵੇ” ਦੇ ਅਸਲ ਚਰਿੱਤਰ ‘ਤੇ ਜ਼ੋਰ ਦੇਣ ਲਈ, ਇਸਨੂੰ ਮਹੀਨੇ ਦੇ ਪਹਿਲੇ ਦਿਨ ਹੀ ਮਨਾਉਣਾ ਚਾਹੀਦਾ ਹੈ, ਭਾਵੇਂ ਉਹ ਜਿਹੜਾ ਮਰਜ਼ੀ ਦਿਨ ਹੋਵੇ।

ਇਸਨੇ ਅੱਠ-ਘੰਟਾ ਦਿਹਾੜੀ ਵਿੱਚ ਘੱਟੋ-ਘੱਟ ਦੋ ਹੋਰ ਮੰਗਾਂ ਸ਼ਾਮਲ ਕੀਤੀਆਂ: ਕਿਰਤ ਕਾਨੂੰਨ ਅਤੇ ਯੁੱਧ ਖਿਲਾਫ ਲੜਾਈ। ਮਈ ਦਿਵਸ ਦਾ ਅਧਿਕਾਰਤ ਹਿੱਸਾ ਹੋਣ ਦੇ ਬਾਵਜੂਦ ਵੀ ਸ਼ਾਂਤੀ ਦਾ ਨਾਅਰਾ ਮਈ ਦਿਵਸ ਦੀ ਪ੍ਰ੍ਸਿੱਧ ਪਰੰਪਰਾ ਵਿੱਚ ਮਕਬੂਲ ਨਹੀਂ ਹੋ ਸਕਿਆ। ਏਨਾਂ ਜ਼ਰੂਰ ਸੀ ਕਿ ਇਹ ਨਾਅਰਾ ਇਸ ਅਵਸਰ ਦੇ ਕੌਮਾਂਤਰੀ ਚਰਿੱਤਰ ਨੂੰ ਮਜ਼ਬੂਤ ਕਰਦਾ ਸੀ। ਹਾਲਾਂਕਿ, ਪ੍ਰਦਰਸ਼ਨ ਦੀ ਯੋਜਨਾਤਮਕ ਸਮੱਗਰੀ ਨੂੰ ਵਧਾਉਣ ਦੇ ਨਾਲ ਨਾਲ, ਮਤੇ ਵਿੱਚ ਇੱਕ ਹੋਰ ਘਾੜਤ ਸ਼ਾਮਲ ਕੀਤੀ ਗਈ। ਇਸਨੇ ਮਈ ਦਿਵਸ ਦੇ ‘ਜਸ਼ਨ ਮਨਾਉਣ’ ਦੀ ਗੱਲ ਕੀਤੀ। ਲਹਿਰ ਨੇ ਇਸਨੂੰ ਸਿਰਫ ਇੱਕ ਰਾਜਨੀਤਕ ਸਰਗਰਮੀ ਵਜੋਂ ਨਹੀਂ, ਬਲਕਿ ਇੱਕ ਤਿਉਹਾਰ ਵਜੋਂ ਮਾਨਤਾ ਦਿੱਤੀ।

ਇੱਕ ਵਾਰ ਫੇਰ, ਇਹ ਅਸਲ ਯੋਜਨਾ ਦਾ ਹਿੱਸਾ ਨਹੀਂ ਸੀ। ਇਸਦੇ ਉਲਟ, ਲਹਿਰ ਦੇ ਖਾੜਕੂ ਹਿੱਸਿਆਂ ਅਤੇ ਅਰਾਜਕਤਾਵਾਦੀਆਂ ਨੇ ਵਿਚਾਰਧਾਰਕ ਅਧਾਰ ਤੇ ਤਿਉਹਾਰ ਬਣਾਉਣ ਦੇ ਵਿਚਾਰ ਦਾ ਵਿਰੋਧ ਕੀਤਾ ਸੀਮਈ ਦਿਵਸ ਸੰਘਰਸ਼ ਦਾ ਦਿਵਸ ਸੀ। ਅਰਾਜਕਤਾਵਾਦੀ ਇਸਨੂੰ ਪੂੰਜੀਪਤੀਆਂ ਤੋਂ ਇੱਕ ਦਿਨ ਦੀ ਵਿਹਲ ਨੂੰ ਵਿਸ਼ਾਲ ਆਮ ਹੜਤਾਲ ਤੱਕ ਫੈਲਾਉਣ ਨੂੰ ਤਰਜੀਹ ਦਿੰਦੇ ਜੋ ਸਾਰੀ ਢਾਂਚੇ ਨੂੰ ਤਬਾਹ ਕਰ ਦੇਵੇਗਾ। ਜਿਵੇਂ ਕਿ ਅਕਸਰ ਹੁੰਦਾ ਹੈ, ਸਭ ਤੋਂ ਖਾੜਕੂ ਇਨਕਲਾਬੀਆਂ ਨੇ ਜਮਾਤੀ ਸੰਘਰਸ਼ ਦਾ ਸੰਜੀਦਾ ਨਜ਼ਰੀਆ ਲਿਆ, ਜਿਵੇਂ ਕਿ ਕਾਲੀ ਅਤੇ ਸਲੇਟੀ ਜਨਤਾ ਵਿੱਚ ਕਦੇ ਕਦਾਈਂ ਦਿਸਦਾ ਲਾਲ ਝੰਡਾ ਪੁਸ਼ਟੀ ਕਰਦਾ ਹੈ।

ਅਰਾਜਕਤਾਵਾਦੀ ਮਈ ਦਿਵਸ ਨੂੰ ਸ਼ਹੀਦਾਂ – ਸ਼ਿਕਾਗੋ ਦੇ 1886 ਦੇ ਸ਼ਹੀਦਾਂ- ਦੀ ਯਾਦ ਬਤੌਰ ਮਨਾਉਣ ਨੂੰ ਤਰਜੀਹ ਦਿੰਦੇ ਸਨ। ਉਹਨਾਂ ਲਈ ਇਹ “ਜਸ਼ਨ ਦੇ ਦਿਨ ਦੀ ਬਜਾਏ ਸੋਗ ਦੇ ਦਿਨ ਵਜੋਂ ਮਨਾਉਣਾ” ਚਾਹੀਦਾ ਸੀ। ਸਪੇਨ, ਦੱਖਣੀ ਅਮਰੀਕਾ ਅਤੇ ਇਟਲੀ, ਜਿੱਥੇ ਵੀ ਅਰਾਜਕਤਾਵਾਦੀ ਪ੍ਰਭਾਵਸ਼ਾਲੀ ਸਨ, ਉੱਥੇ ਮਈ ਦਿਵਸ ਦਾ ਸ਼ਹੀਦੀ ਪੱਖ ਅਸਲ ਵਿੱਚ ਇਸ ਅਵਸਰ ਦਾ ਹਿੱਸਾ ਬਣ ਗਿਆ। ਕੇਕ ਅਤੇ ਬੀਅਰ ਇਨਕਲਾਬੀ ਯੋਜਨਾ ਦਾ ਹਿੱਸਾ ਨਹੀਂ ਸਨ। ਜਿਵੇਂ ਕਿ ਬਾਰਸੀਲੋਨਾ ਵਿੱਚ ਅਰਾਜਕਤਾਵਾਦੀਆਂ ਦੇ ਮਈ ਦਿਵਸ ਦੇ ਇੱਕ ਤਾਜ਼ਾ ਅਧਿਐਨ ਨੇ ਸਾਹਮਣੇ ਲਿਆਂਦਾ ਹੈ, ਗਣਤੰਤਰ ਤੋਂ ਪਹਿਲਾਂ ਇਸਦੀ ਦਾਅਵਤ ਦੇਣ ਜਾਂ ਇਸਨੂੰ ‘ਫੇਸਟਾ ਡੇਲ ਟ੍ਰਾਬਾਲ’ ਭਾਵ ਮਜ਼ਦੂਰ ਤਿਉਹਾਰ ਕਹਿਣ ਤੋਂ ਇਨਕਾਰ ਕਰਨਾ ਇਸਦੀ ਮੁੱਖ ਵਿਸ਼ੇਸ਼ਤਾ ਸੀ। ਅਰਾਜਕਤਾਵਾਦੀਆਂ ਲਈ ਲਗਦਾ ਹੈ, ਕਿ ਸੰਕੇਤਕ ਕਰਵਾਈਆਂ ਖੂਹ ਵਿੱਚ ਪੈਣ: ਵਿਸ਼ਵ ਇਨਕਲਾਬ ਜਾਂ ਕੁੱਝ ਵੀ ਨਹੀਂ। ਕੁੱਝ ਅਰਾਜਕਤਾਵਾਦੀਆਂ ਨੇ ਇਸ ਅਧਾਰ ਤੇ ਮਈ ਦਿਵਸ ਦੀ ਹੜਤਾਲ ਨੂੰ ਉਤਸ਼ਾਹਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ, ਕਿ ਉਹ ਸਭ ਕੁੱਝ ਜੋ ਅਸਲ ਵਿੱਚ ਇਨਕਲਾਬ ਦੀ ਸ਼ੁਰੂਆਤ ਨਹੀਂ ਕਰਦਾ, ਉਹ ਇੱਕ ਹੋਰ ਸੁਧਾਰਵਾਦੀ ਭਟਕਾਅ ਤੋਂ ਬਿਨਾਂ ਕੱਖ ਨਹੀਂ ਹੈ। ਇਨਕਲਾਬੀ ਸਿੰਡੀਕਲਿਸਟ ਫਰਾਂਸੀਸੀ ਜੇਨਰੇਲ ਡੂ ਟਰੈਵੈਲ (ਸੀਜੀਟੀ) ਨੇ ਪਹਿਲੇ ਵਿਸ਼ਵ ਯੁੱਧ ਤੱਕ ਮਈ ਦਿਵਸ ਦੇ ‘ਉਤਸਵ’ ਨੂੰ ਮਾਨਤਾ ਨਹੀਂ ਦਿੱਤੀ ਸੀ।

ਦੂਸਰੇ ਇੰਟਰਨੈਸ਼ਨਲ ਦੇ ਨੇਤਾਵਾਂ ਨੇ ਮਈ ਦਿਵਸ ਨੂੰ ਇੱਕ ਤਿਉਹਾਰ ਵਿੱਚ ਤਬਦੀਲ ਕਰਨ ਲਈ ਉਕਸਾਇਆ, ਕਿਉਂਕਿ ਉਹ ਨਿਸ਼ਚਿਤ ਤੌਰ ‘ਤੇ ਅਰਾਜਕਤਾਵਾਦੀ ਟਕਰਾਅ ਦੀਆਂ ਚਾਲਾਂ ਤੋਂ ਪਰਹੇਜ਼ ਕਰਨਾ ਚਾਹੁੰਦੇ ਸਨ ਅਤੇ ਕੁਦਰਤੀ ਤੌਰ ‘ਤੇ ਪ੍ਰਦਰਸ਼ਨਾਂ ਲਈ ਵਿਸ਼ਾਲ ਤੋਂ ਵਿਸ਼ਾਲ ਅਧਾਰ ਨੂੰ ਗੋਲਬੰਦ ਕਰਨ ਦਾ ਵੀ ਸਮਰਥਨ ਕਰਦੇ ਸਨ। ਪਰ ਇੱਕ ਜਮਾਤੀ ਛੁੱਟੀ, ਸੰਘਰਸ਼ ਅਤੇ ਚੰਗਾ ਸਮਾਂ ਦੋਵਾਂ ਦਾ ਵਿਚਾਰ, ਅਸਲ ਵਿੱਚ ਉਹਨਾਂ ਦੇ ਦਿਮਾਗ ਵਿੱਚ ਨਹੀਂ ਸੀ। ਇਹ ਕਿੱਥੋਂ ਆਇਆ?

ਛੁੱਟੀ

ਤਰੀਕ ਦੀ ਚੋਣ ਨੇ ਨਿਸ਼ਚਿਤ ਤੌਰ ‘ਤੇ ਸ਼ੁਰੂਆਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਬਸੰਤ ਦੀਆਂ ਛੁੱਟੀਆਂ ਦੀਆਂ ਧਰਤੀ ਦੇ ਸ਼ਾਂਤ ਉੱਤਰੀ ਅੱਧ ਦੇ ਰੀਤੀ ਰਿਵਾਜ ਵਿੱਚ ਡੂੰਘੀਆਂ ਜੜ੍ਹਾਂ ਹਨ, ਅਤੇ ਦਰਅਸਲ ਮਈ ਦਾ ਮਹੀਨਾ ਖ਼ੁਦ ਕੁਦਰਤ ਦੀ ਬਹਾਲੀ ਦਾ ਪ੍ਰਤੀਕ ਹੈ। ਮਿਸਾਲ ਦੇ ਤੌਰ ‘ਤੇ ਸਵੀਡਨ ਵਿੱਚ, ਪਹਿਲੀ ਮਈ ਦੀ ਪਹਿਲਾਂ ਹੀ ਇੱਕ ਜਨਤਕ ਛੁੱਟੀ ਦੀ ਲੰਮੀ ਪਰੰਪਰਾ ਸੀ। ਇਤਫਾਕਨ, ਇਹ ਉਂਝ ਖਾੜਕੂ ਅਸਟ੍ਰੇਲੀਆ ਵਿੱਚ ਸਿਆਲ ਵਿੱਚ ਮਈ ਦਿਵਸ ਮਨਾਉਣ ਬਾਰੇ ਸਮੱਸਿਆ ਸੀ। ਸਾਡੇ ਕੋਲ ਮੌਜੂਦ, ਚੋਖੀ ਚਿੱਤਰ ਅਤੇ ਮੂਰਤੀ ਕਲਾ ਦੇ ਇਤਿਹਾਸ ਅਤੇ ਸਾਹਿਤਕ ਸਮੱਗਰੀ (ਜੋ ਪਿਛਲੇ ਸਾਲਾਂ ਵਿੱਚ ਉਪਲਬਧ ਕਰਵਾਈ ਗਈ ਹੈ) ਅੰਦਰ ਪਏ ਵਰਣਨ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਕੁਦਰਤ, ਪੌਦੇ ਅਤੇ ਸਾਰੇ ਫੁੱਲ ਆਪਣੇ ਆਪ ਅਤੇ ਸਰਵ-ਵਿਆਪਕ ਤੌਰ ‘ਤੇ ਇਸ ਅਵਸਰ ਦੇ ਪ੍ਰਤੀਕ ਵਜੋਂ ਮੰਨੇ ਜਾਂਦੇ ਸਨ। ਇੱਥੇ ਤੱਕ ਕਿ ਸਧਾਰਣ ਪੇਂਡੂ ਇਕੱਠਾਂ ਵਿੱਚ, ਜਿਵੇਂ 1890 ਵਿੱਚ ਸਟਾਇਰਨ ਪਿੰਡ ਦੀ ਇਕੱਤਰਤਾ, ਬੈਨਰਾਂ ਦੀ ਜਗ੍ਹਾ ਫੁੱਲਾਂ ਨਾਲ ਲੱਦੇ ਨਾਅਰਿਆਂ ਵਾਲੇ ਬੋਰਡ ਅਤੇ ਸੰਗੀਤਕਾਰ ਲੱਗੇ ਸਨ। ਆਸਟ੍ਰੀਆ ਵਿੱਚ ਬਾਅਦ ਦੇ ਸੂਬਾਈ ਮਈ ਦਿਵਸ ਦੀ ਇੱਕ ਮਨਮੋਹਕ ਤਸਵੀਰ ਵਿੱਚ ਫੁੱਲਾਂ ਨਾਲ ਸਜਾਏ ਪਹੀਏ ਅਤੇ ਹੈਂਡਲਾਂ ਵਾਲੇ ਸਾਈਕਲਾਂ ਉੱਪਰ ਕਵਾਇਦ ਕਰਦੇ ਸੋਸ਼ਲ ਡੇਮੋਕ੍ਰੇਟ ਸਾਈਕਲਸਵਾਰ-ਮਜ਼ਦੂਰ, ਔਰਤ ਅਤੇ ਮਰਦ ਅਤੇ ਦੋ ਸਾਈਕਲਾਂ ਵਿੱਚਕਾਰ ਬਣਾਈ ਸੀਟ ‘ਤੇ ਫੁੱਲਾਂ ਨਾਲ ਸਜਾਏ ਇੱਕ ਛੋਟੇ ਜਿਹੇ ਬੱਚੇ ਨੂੰ ਦਿਖਾਉਂਦੀ ਹੈ।

1889 ਦੀ ਇੰਟਰਨੈਸ਼ਨਲ ਕਾਂਗਰਸ ਵਿੱਚ ਆਸਟ੍ਰੀਆ ਦੇ ਸੱਤ ਪ੍ਰਤਿਨਿਧੀਆਂ ਦੀ ਕਰੜੀਆਂ ਤਸਵੀਰਾਂ ਦੇ ਆਸ ਪਾਸ ਵੀ ਅਚੇਤ ਰੂਪ ਵਿੱਚ ਪਹਿਲੇ ਵਿਆਨਾ ਮਈ ਦਿਵਸ ਲਈ ਵੰਡੇ ਗਏ ਫੁੱਲ ਦਿਖਾਈ ਦਿੰਦੇ ਹਨ। ਖਾੜਕੂ ਮਿੱਥਾਂ ਵਿੱਚ ਵੀ ਫੁੱਲ ਘੁਸਪੈਠ ਕਰਦੇ ਹਨ। ਫਰਾਂਸ ਵਿੱਚ 1891 ਦੇ ਫੂਸਿਲੇਡ ਡੀ ਫੌਰਮੀਜ਼, ਜਿਸਦੇ 10 ਜਣੇ ਮਰ ਚੁੱਕੇ ਸਨ, ਨੂੰ ਅਠਾਰਾਂ ਸਾਲ ਦੀ ਮਾਰੀਆ ਬਲੌਂਡੇ ਵੱਲੋਂ ਨਵੀਂ ਪਰੰਪਰਾ ਵਜੋਂ ਦਰਸਾਇਆ ਗਿਆ, ਜੋ ਆਪਣੇ ਮੰਗੇਤਰ ਦੁਆਰਾ ਦਿੱਤੀ ਕੰਡਿਆਲੇ ਫੁੱਲਾਂ ਦੀ ਟਾਹਣੀ ਨੂੰ ਘੁਮਾਉਂਦੀ ਹੋਈ 200 ਨੌਜਵਾਨਾਂ ਸਾਹਮਣੇ ਉਦੋਂ ਤੱਕ ਨੱਚਦੀ ਰਹੀ ਜਦੋਂ ਤੱਕ ਸਿਪਾਹੀਆਂ ਨੇ ਉਸਨੂੰ ਗੋਲੀ ਨਹੀਂ ਮਾਰ ਦਿੱਤੀ।

ਮਈ ਦੀਆਂ ਦੋ ਰਵਾਇਤਾਂ ਇਸ ਤਸਵੀਰ ਵਿੱਚ ਸਹਿਜੇ ਹੀ ਇੱਕ ਦੂਜੀ ਵਿੱਚ ਸਮਾ ਗਈਆਂ। ਕਿਹੜੇ ਫੁੱਲ? ਸ਼ੁਰੂਆਤ ਵਿੱਚ, ਜਿਵੇਂ ਕੰਡਿਆਲੀ ਟਾਹਣੀ ਰਾਜਨੀਤੀ ਦੀ ਬਜਾਏ ਬਸੰਤ ਦੇ ਰੰਗਾਂ ਨੂੰ ਸੁਝਾਉਂਦੀ ਹੈ, ਭਾਵੇਂ ਕਿ ਲਹਿਰ ਜਲਦੀ ਹੀ ਆਪਣੇ ਖੁਦ ਦੇ ਰੰਗਾਂ ਦੇ ਫੁੱਲਾਂ: ਗੁਲਾਬ, ਖਸਖਸ ਅਤੇ ਲਾਲ ਗੁਲਨਾਰੀ- ਤੇ ਸਥਾਪਤ ਹੋਣ ਲਈ ਆਉਂਦੀ ਹੈ। ਹਾਲਾਂਕਿ, ਕੌਮੀ ਸ਼ੈਲੀਆਂ ਵੱਖੋ ਵੱਖਰੀਆਂ ਹਨ। ਫਿਰ ਵੀ, ਫੁੱਲ ਅਤੇ ਤੇਜ਼ ਪ੍ਰਗਤੀ ਦੇ ਹੋਰ ਪ੍ਰਤੀਕ, ਜਿਵੇਂ ਕਿ ਜਵਾਨੀ, ਨਵੀਨੀਕਰਨ ਅਤੇ ਉਮੀਦ, ਅਰਥਾਤ ਜਵਾਨ ਔਰਤਾਂ, ਕੇਂਦਰੀ ਹਨ। ਇਹ ਕੋਈ ਇਤਫਾਕ ਨਹੀਂ ਹੈ ਕਿ ਇਸ ਅਵਸਰ ਲਈ ਵੱਖੋ ਵੱਖਰੀਆਂ ਭਾਸ਼ਾਵਾਂ ਵਿੱਚ ਬਾਰ ਬਾਰ ਪੇਸ਼ ਕੀਤੀਆਂ ਵਿਆਪਕ ਕ੍ਰਿਤੀਆਂ, ਵਾਲਟਰ ਕਰੇਨ ਤੋਂ ਆਈਆਂ ਹਨ- ਖ਼ਾਸਕਰ ਫੁੱਲਾਂ ਦੀਆਂ ਮਾਲਾਵਾਂ ਵਿੱਚ ਘਿਰੀ ਫ੍ਰੀਜੀਅਨ ਬੋਨੇਟ ਵਿੱਚ ਮਸ਼ਹੂਰ ਮੁਟਿਆਰ। ਬ੍ਰਿਟਿਸ਼ ਸਮਾਜਵਾਦੀ ਲਹਿਰ ਬਹੁਤ ਛੋਟੀ ਅਤੇ ਗੈਰ-ਮਹੱਤਵਪੂਰਨ ਸੀ। ਪਹਿਲੇ ਕੁੱਝ ਸਾਲਾਂ ਬਾਅਦ, ਇਸਦੇ ਮਈ ਦਿਵਸ ਹਾਸ਼ੀਏ ‘ਤੇ ਧੱਕੇ ਗਏ। ਹਾਲਾਂਕਿ, ਕਲਾ-ਤੇ-ਸ਼ਿਲਪਕਾਰੀ ਲਹਿਰਾਂ ਦੇ ਸਭ ਤੋਂ ਪ੍ਰਭਾਵਸ਼ਾਲੀ ‘ਨਵੀਨ ਕਲਾ’ ਜਾਂ ਸਮੇਂ ਦੀ ਕਲਾ ਦੇ ਨੂਰ ਦੇ ਪ੍ਰੇਰਕਾਂ ਵਿਲੀਅਮ ਮੌਰੀਸ, ਕਰੇਨ ਰਾਹੀਂ ਇਸਨੇ ਸਮੇਂ ਦੀਆਂ ਭਾਵਨਾਵਾਂ ਦਾ ਸਹੀ ਸਮੀਕਰਨ ਪਾਇਆ। ਬ੍ਰਿਟਿਸ਼ ਰੂਪਕ ਪ੍ਰਭਾਵ ‘ਮਈ ਦਿਵਸ’ ਦੇ ਕੌਮਾਂਤਰੀਵਾਦ ਦਾ ਜ਼ਰਾ ਵੀ ਸਬੂਤ ਵੀ ਨਹੀਂ ਹੈ।

ਦਰਅਸਲ, ਇੱਕ ਜਨਤਕ ਤਿਉਹਾਰ ਜਾਂ ਕਿਰਤ ਦੀ ਛੁੱਟੀ ਦਾ ਵਿਚਾਰ ਇੱਕ ਵਾਰ ਫਿਰ ਆਪ ਮੁਹਾਰੇ ਅਤੇ ਇੱਕਦਮ ਉੱਠਿਆ – ਬੇਸ਼ੱਕ ਜਰਮਨ ਵਿੱਚ ਫਿਏਰਨ ਸ਼ਬਦ ਦੇ ਅਰਥ ‘ਕੰਮ ਨਹੀਂ ਕਰਨਾ’ ਅਤੇ ‘ਰਸਮੀ ਤੌਰ ‘ਤੇ ਜਸ਼ਨ ਮਨਾਉਣਾ’ ਦੋਵੇਂ ਹੋਣ ਨੇ ਜ਼ਰੂਰ ਮਦਦ ਕੀਤੀ ਹੋਵੇਗੀ। (ਸਦੀ ਦੇ ਪਹਿਲੇ ਹਿੱਸੇ ਵਿੱਚ ਇੰਗਲੈਂਡ ਵਿੱਚ ‘ਹੜਤਾਲ ਕਰਨ’ ਦੇ ਪ੍ਰਤੀਕ ਵਜੋਂ ‘ਖੇਡਣ’ ਸ਼ਬਦ ਦੀ ਆਮ ਵਰਤੋਂ ਸਦੀ ਦੇ ਅੰਤ ਤੱਕ ਆਮ ਨਹੀਂ ਸੀ ਰਹੀ।) ਕਿਸੇ ਵੀ ਸਥਿਤੀ ਵਿੱਚ ਇਹ ਤਰਕ ਸਿੱਧ ਸਾਬਤ ਹੁੰਦਾ ਸੀ ਜਦੋਂ ਲੋਕ ਪਹਿਲਾਂ ਸਮਾਜਕਤਾ ਲਈ ਅਤੇ ਮਗਰੋਂ ਮਨੋਰੰਜਨ ਲਈ ਸਵੇਰ ਦੀਆਂ ਸਿਆਸੀ ਮੀਟਿੰਗਾ ਅਤੇ ਮਾਰਚਾਂ ਲਈ ਕੰਮ ਤੋਂ ਦੂਰ ਰਹਿੰਦੇ ਸਨ। ਲਹਿਰ ਲਈ ਇੱਕਤੱਤਰਤਾਵਾਂ ਕਰਨ ਲਈ ਸਰਾਵਾਂ ਅਤੇ ਰੈਸਟੋਰੈਂਟਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਪੱਬ ਅਤੇ ਕੈਬਰੇ ਮਾਲਕ ਇੱਕ ਤੋਂ ਵੱਧ ਦੇਸ਼ਾਂ ਵਿੱਚ ਸਮਾਜਵਾਦੀ ਕਾਰਕੁੰਨਾਂ ਦਾ ਅਹਿਮ ਹਿੱਸਾ ਰਹੇ ਹਨ।

ਇਸ ਦੇ ਇੱਕ ਵੱਡੇ ਨਤੀਜੇ ਦਾ ਤੁਰੰਤ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਰਾਜਨੀਤੀ ਦੇ ਉਲਟ, ਜੋ ਉਹਨਾਂ ਦਿਨਾਂ ਵਿੱਚ “ਮਰਦਾਂ ਦਾ ਕਾਰੋਬਾਰ” ਹੁੰਦਾ ਸੀ, ਛੁੱਟੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੁੰਦੇ ਸਨ। ਦੋਵੇਂ ਦ੍ਰਿਸ਼ਟੀਗਤ ਅਤੇ ਸਾਹਿਤਕ ਸਰੋਤ ਮਈ ਦਿਵਸ ਵਿੱਚ ਸ਼ੁਰੂ ਤੋਂ ਹੀ ਔਰਤਾਂ ਦੀ ਹਾਜ਼ਰੀ ਅਤੇ ਸ਼ਮੂਲੀਅਤ ਜ਼ਾਹਰ ਕਰਦੇ ਹਨ। ਜਿਹੜੀ ਚੀਜ਼ ਨੇ ਇਸਨੂੰ ਇੱਕ ਅਸਲ ਜਮਾਤੀ ਪਰਗਟਾਵਾ ਬਣਾਇਆ, ਅਤੇ ਇਤਫਾਕਨ ਜਿਵੇਂ ਸਪੇਨ ਵਿੱਚ ਰਾਜਨੀਤਕ ਤੌਰ ‘ਤੇ ਸਮਾਜਵਾਦੀਆਂ ਨਾਲ ਨਾ ਹੋਣ ਵਾਲੇ ਮਜ਼ਦੂਰਾਂ ਨੂੰ ਆਕਰਸ਼ਤ ਕੀਤਾ, ਉਵੇਂ ਹੀ ਇਹ ਸਿਰਫ ਮਰਦਾਂ ਤੱਕ ਸੀਮਤ ਨਹੀਂ ਸੀ ਬਲਕਿ ਪਰਿਵਾਰਾਂ ਨਾਲ ਸਬੰਧਤ ਸੀ। ਅਤੇ ਬਦਲੇ ਵਿੱਚ, ਮਈ ਦਿਵਸ ਨੇ, ਜੋ ਔਰਤਾਂ ਸਿੱਧੇ ਤੌਰ ‘ਤੇ ਕਿਰਤ ਮੰਡੀ ਵਿੱਚ ਮਜ਼ਦੂਰ ਨਹੀਂ ਸਨ, (ਜਿਵੇਂ ਕਈ ਦੇਸ਼ਾਂ ਦੀਆਂ ਵਿਆਹੁਤਾ ਮਜ਼ਦੂਰ-ਔਰਤਾਂ ਦਾ ਵੱਡਾ ਹਿੱਸਾ) ਜਨਤਕ ਤੌਰ ‘ਤੇ ਲਹਿਰ ਅਤੇ ਜਮਾਤ ਨਾਲ ਖੜੇ ਕੀਤਾ।ਜੇ ਦਿਹਾੜੀ-ਮਜ਼ਦੂਰ ਦਾ ਕੰਮਕਾਜੀ ਜੀਵਨ ਮੁੱਖ ਤੌਰ ਤੇ ਮਰਦਾਂ ਨਾਲ ਸਬੰਧਤ ਹੁੰਦਾ ਸੀ, ਤਾਂ ਇੱਕ ਦਿਨ ਦਾ ਕੰਮ ਕਰਨ ਤੋਂ ਇਨਕਾਰ ਮਜ਼ਦੂਰ ਜਮਾਤ ਵਿੱਚ ਉਮਰ ਅਤੇ ਲਿੰਗ ਦਾ ਜੋੜ ਤਿਆਰ ਕਰਦਾ ਸੀ।

ਮਜ਼ਦੂਰਾਂ ਦਾ ਈਸਟਰ

ਯੂਰਪ ਦੇ ਸਾਰੇ ਸਮਾਗਮਾਂ ਵਿੱਚ ਇਸ ਸਮੇਂ ਤੋਂ ਪਹਿਲਾਂ ਸਾਰੀਆਂ ਨਿਯਮਿਤ ਛੁੱਟੀਆਂ ਧਾਰਮਿਕ ਛੁੱਟੀਆਂ ਹੁੰਦੀਆਂ ਸਨ, ਸਿਰਫ ਬ੍ਰਿਟੇਨ ਨੂੰ ਛੱਡ ਕੇ ਜਿੱਥੇ ਯੂਰਪੀ ਸਮਾਜ ਨੇ ਆਮ ਵਾਂਗ ਮਈ ਦਿਵਸ ਨੂੰ ਇੱਕ ਬੈਂਕ ਛੁੱਟੀ ਨਾਲ ਜੋੜ ਦਿੱਤਾ ਸੀ। ਮਈ ਦਿਵਸ ਨੇ ਈਸਾਈ ਛੁੱਟੀਆਂ ਦੇ ਨਾਲ ਸਰਵ-ਵਿਆਪਕਤਾ, ਜਾਂ ਕਿਰਤ ਦੇ ਸ਼ਬਦਾਂ ਵਿੱਚ, ਕੌਮਾਂਤਰੀਵਾਦ ਦੀ ਉਮੰਗ ਜ਼ਾਹਰ ਕੀਤੀ। ਇਸ ਸਰਵ-ਵਿਆਪਕਤਾ ਨੇ ਭਾਗੀਦਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਅਤੇ ਇਸ ਦਿਨ ਦੀ ਸ਼ਾਨ ਨੂੰ ਚਾਰ ਚੰਨ ਲਾਏ। ਅਕਸਰ ਸਥਾਨਕ ਤੌਰ ‘ਤੇ ਤਿਆਰ ਕੀਤੇ ਜਾਂਦੇ ਮਈ ਦਿਵਸ ਦੇ ਕਈ ਪੋਸਟਰ, ਜੋ ਇਸ ਸਮੇਂ ਦੇ ਰੂਪਕ ਅਤੇ ਸੱਭਿਆਚਾਰਕ ਇਤਿਹਾਸ ਲਈ ਬਹੁਤ ਮਹੱਤਵਪੂਰਨ ਸਰੋਤ ਹਨ – 308 ਵੱਖ ਵੱਖ ਨਿਸ਼ਾਨ ਚਿੰਨ੍ਹ ਇਕੱਲੇ ਪੂਰਵ ਫਾਸੀਵਾਦੀ ਇਟਲੀ ਲਈ ਸੁਰੱਖਿਅਤ ਰੱਖੇ ਗਏ ਹਨ – ਨਿਰੰਤਰ ਇਸ ‘ਤੇ ਧਿਆਨ ਦਿੰਦੇ ਹਨ। 1891 ਵਿੱਚ ਬੋਲੋਨਾ ਦੇ ਮਈ ਦਿਵਸ ਦੇ ਪਹਿਲੇ ਰਸਾਲੇ ਵਿੱਚ ਇਸ ਦਿਹਾੜੇ ਦੀ ਸਰਵ-ਵਿਆਪਕਤਾ ‘ਤੇ ਵਿਸ਼ੇਸ਼ ਰੂਪ ਵਿੱਚ ਘੱਟੋ-ਘੱਟ ਚਾਰ ਚੀਜ਼ਾਂ ਸਨ। ਅਤੇ, ਬੇਸ਼ੱਕ ਹੀ ਈਸਟਰ ਜਾਂ ਵ੍ਹਿਟਸੁਨ ਨਾਲ ਸਮਾਨਤਾ ਓਨੀ ਸਪੱਸ਼ਟ ਜਾਪਦੀ ਸੀ ਜਿੰਨੀ ਕਿ ਲੋਕ ਰਿਵਾਜਾਂ ਦੀ ਬਸੰਤ ਦੇ ਜਸ਼ਨਾਂ ਨਾਲ।

ਇਟਲੀ ਦੇ ਸਮਾਜਵਾਦੀ ਬਹੁਤੀ ਕੈਥੋਲਿਕ ਅਤੇ ਅਨਪੜ੍ਹ ਆਬਾਦੀ ਉੱਪਰ ਨਵੇਂ ਫੇਸਟਾ ਡੇਲ ਲਾਵੋਰੋ ਦੀ ਸੁਭਾਵਕ ਅਪੀਲ ਬਾਰੇ ਜਾਣੂ ਸਨ। ਇਸਲਈ 1892 ਵਿੱਚ ਉਹਨਾਂ ਨੇ “ਮਜ਼ਦੂਰਾਂ ਦਾ ਈਸਟਰ” ਸ਼ਬਦ ਦਾ ਇਸਤੇਮਾਲ ਕੀਤਾ, ਅਤੇ ਇਸ ਤਰ੍ਹਾਂ ਦੀਆਂ ਸਮਾਨਤਾਵਾਂ 1890ਵਿਆਂ ਦੇ ਦੂਜੇ ਅੱਧ ਵਿੱਚ ਕੌਮਾਂਤਰੀ ਤੌਰ ਤੇ ਚਾਲੂ ਹੋ ਗਈਆਂ। ਹਰ ਕੋਈ ਇਸਦਾ ਕਾਰਨ ਅਸਾਨੀ ਨਾਲ ਦੇਖ ਸਕਦਾ ਹੈ। ਨਵੀਂ ਸਮਾਜਵਾਦੀ ਲਹਿਰ ਦੀ ਧਾਰਮਿਕ ਲਹਿਰ ਨਾਲ, ਇੱਥੋਂ ਤੱਕ ਕਿ ਮਈ ਦਿਵਸ ਦੇ ਪਹਿਲੇ ਮੁੱਢਲੇ ਸਾਲਾਂ ਵਿੱਚ ਮਸੀਹਾ ਦੀਆਂ ਉਮੀਦਾਂ ਵਾਲੀ ਧਾਰਮਿਕ ਪੁਨਰ-ਸੁਰਜੀਤੀ ਲਹਿਰ ਨਾਲ ਸਮਾਨਤਾ ਪ੍ਰਤੱਖ ਸੀ।

ਸੋ, ਕੁੱਝ ਤਰੀਕਿਆਂ ਵਿੱਚ ਮੁੱਢਲੇ ਨੇਤਾਵਾਂ, ਕਾਰਕੁੰਨਾਂ ਅਤੇ ਪ੍ਰਚਾਰਕਾਂ ਦੀ ਪਾਦਰੀਗੀਰੀ, ਜਾਂ ਘੱਟੋ-ਘੱਟ ਉਪਦੇਸ਼ਕਾਂ ਨਾਲ ਸਮਾਨਤਾ ਸੀ। ਸਾਡੇ ਕੋਲ ਚਾਰਲਰੋਈ, ਬੈਲਜੀਅਮ ਤੋਂ 1898 ਦਾ ਇੱਕ ਅਸਧਾਰਨ ਪਰਚਾ ਹੈ, ਜੋ ਮਈ ਦਿਵਸ ਦੇ ਉਪਦੇਸ਼ ਨੂੰ ਦੁਬਾਰਾ ਪੇਸ਼ ਕਰਦਾ ਹੈ: ਇਹ ਬਿਲਕੁਲ ਉਪਦੇਸ਼ ਹੀ ਸੀ। ਇਸਨੂੰ ਪਾਰਟੀ ਓਵੀਅਰ ਬੈਲਜ ਦੇ ਦਸ ਡਿਪਟੀਆਂ ਅਤੇ ਸੈਨੇਟਰਾਂ ਵੱਲੋਂ ਜਾਂ ਉਹਨਾਂ ਦੇ ਨਾਂ ਹੇਠ ਜਾਰੀ ਕੀਤਾ ਗਿਆ ਸੀ, ਜੋ ਬੇਸ਼ੱਕ ਹੀ ਨਾਸਤਿਕਾਂ ਦੁਆਰਾ ਬੰਦੇ ਨੂੰ “ਸੱਭੇ ਧਰਤਾਂ ਦੇ ਮਜ਼ਦੂਰੋ, ਇਕਜੁੱਟ ਹੋ ਜਾਵੋ” (ਕਾਰਲ ਮਾਰਕਸ) ਅਤੇ “ਇੱਕ ਦੂਜੇ ਨਾਲ ਪਿਆਰ ਕਰੋ” (ਯੀਸੂ) ਦੇ ਸਾਂਝੇ ਆਦਰਸ਼ ਵਾਕਾਂ ਹੇਠ ਕੱਢਿਆ ਗਿਆ ਸੀ। ਕੁੱਝ ਨਮੂਨੇ ਇਸ ਦੇ ਮਿਜ਼ਾਜ ਨੂੰ ਸੁਝਾਅ ਦੇਣਗੇ:

ਇਹ ਬਸੰਤ ਅਤੇ ਜਸ਼ਨ ਦਾ ਸਮਾਂ ਹੈ ਜਦੋਂ ਕੁਦਰਤ ਦਾ ਸਦੀਵੀ ਵਿਕਾਸ ਇਸ ਦੀ ਮਹਿਮਾ ਵਿੱਚੋਂ ਚਮਕਦਾ ਹੈ। ਕੁਦਰਤ ਦੀ ਤਰ੍ਹਾਂ, ਆਪਣੇ ਆਪ ਨੂੰ ਉਮੀਦ ਨਾਲ ਭਰੋ ਅਤੇ ਨਵੀਂ ਜ਼ਿੰਦਗੀ ਦੀ ਤਿਆਰੀ ਕਰੋ।”

ਨੈਤਿਕ ਹਦਾਇਤਾਂ (“ਆਤਮ-ਸਨਮਾਨ ਦਿਖਾਓ: ਤਰਲ ਜੋ ਤੁਹਾਨੂੰ ਸ਼ਰਾਬੀ ਕਰਦੇ ਹਨ ਅਤੇ ਜਨੂੰਨ ਜੋ ਤੁਹਾਨੂੰ ਨਿਘਾਰ ਦਿੰਦੇ ਹਨ, ਉਹਨਾਂ ਤੋਂ ਸਾਵਧਾਨ ਰਹੋ”) ਅਤੇ ਸਮਾਜਵਾਦੀ ਉਤਸ਼ਾਹ ਦੇ ਕੁੱਝ ਅੰਸ਼ਾਂ ਤੋਂ ਬਾਅਦ, ਇਹ ਹਜ਼ਾਰਾਂ ਸਾਲਾਂ ਦੀ ਉਮੀਦ ਦੇ ਨਾਲ ਨੇਪਰੇ ਚੜ੍ਹਦਾ ਹੈ:

ਜਲਦੀ ਹੀ ਸੀਮਾਵਾਂ ਖ਼ਤਮ ਹੋ ਜਾਣਗੀਆਂ! ਜਲਦੀ ਹੀ ਜੰਗਾਂ ਅਤੇ ਫੌਜਾਂ ਦਾ ਅੰਤ ਹੋ ਜਾਵੇਗਾ! ਹਰ ਵਾਰ ਜਦੋਂ ਤੁਸੀਂ ਏਕਤਾ ਅਤੇ ਪਿਆਰ ਦੇ ਸਮਾਜਵਾਦੀ ਗੁਣਾਂ ਦਾ ਅਭਿਆਸ ਕਰਦੇ ਹੋ, ਤਾਂ ਤੁਸੀਂ ਇਸ ਭਵਿੱਖ ਨੂੰ ਨੇੜੇ ਲੈ ਆਓਗੇ। ਅਤੇ ਉਦੋਂ, ਸ਼ਾਂਤੀ ਅਤੇ ਆਨੰਦ ਨਾਲ, ਇੱਕ ਅਜਿਹਾ ਸੰਸਾਰ ਹੋਂਦ ਵਿੱਚ ਆ ਜਾਵੇਗਾ ਜਿਸ ਵਿੱਚ ਸਮਾਜਵਾਦ ਦੀ ਜਿੱਤ ਹੋਵੇਗੀ, ਜਦੋਂ ਹਰ ਇੱਕ ਦਾ ਸਰਵਪੱਖੀ ਵਿਕਾਸ ਕਰਨ ਦਾ ਸਾਰਿਆਂ ਦਾ ਸਮਾਜਿਕ ਫਰਜ਼ ਚੰਗੀ ਤਰ੍ਹਾਂ ਨਾਲ ਸਮਝ ਲਿਆ ਜਾਵੇਗਾ।”

ਫਿਰ ਵੀ ਨਵੀਂ ਕਿਰਤ ਲਹਿਰ ਦਾ ਨੁਕਤਾ ਇਹ ਨਹੀਂ ਸੀ ਕਿ ਇਹ ਇੱਕ ਵਿਸ਼ਵਾਸ ਸੀ, ਅਤੇ ਜਿਸ ਵਿੱਚੋਂ ਅਕਸਰ ਧਾਰਮਿਕ ਉਪਦੇਸ਼ ਦੀ ਧੁਨ ਅਤੇ ਸ਼ੈਲੀ ਨੂੰ ਗੂੰਜਦੀ ਸੀ, ਬਲਕਿ ਇਹ ਧਾਰਮਿਕ ਮਾਡਲ ਤੋਂ ਬਹੁਤ ਘੱਟ ਪ੍ਰਭਾਵਿਤ ਸੀ, ਉਹਨਾਂ ਦੇਸ਼ਾਂ ਵਿੱਚ ਵੀ ਜਿੱਥੇ ਲੋਕ ਅਤਿਅੰਤ ਧਾਰਮਿਕ ਸਨ ਅਤੇ ਗਿਰਜਾਘਰਾਂ ਵਿੱਚ ਗ੍ਰਸੇ ਪਏ ਸਨ। ਇਸ ਤੋਂ ਇਲਾਵਾ, ਪੁਰਾਣੇ ਅਤੇ ਨਵੇਂ ਧਰਮ ਵਿੱਚ ਕੋਈ ਸਮਾਨਤਾ ਨਹੀਂ ਸੀ ਸਿਵਾਏ ਇਸਦੇ ਕਿ ਕਈ ਵਾਰ (ਹਰ ਵਾਰ ਨਹੀਂ) ਜਦੋਂ ਪ੍ਰੋਟੈਸਟੈਂਟ ਮੱਤ ਨੇ ਚਰਚਾਂ ਦੀ ਬਜਾਏ ਇੰਗਲੈਂਡ ਵਿੱਚ ਗੈਰ-ਸਰਕਾਰੀ ਅਤੇ ਪ੍ਰਤੱਖ ਤੌਰ ‘ਤੇ ਵਿਰੋਧੀ ਧਿਰਾਂ ਦਾ ਰੂਪ ਧਾਰ ਲਿਆ। ਸਮਾਜਵਾਦੀ ਕਿਰਤ ਖਾੜਕੂ ਰੂਪ ਵਿੱਚ ਧਰਮ ਨਿਰਪੱਖ, ਧਰਮ-ਵਿਰੋਧੀ ਲਹਿਰ ਸੀ ਜਿਸਨੇ ਧਰਮੀ ਜਾਂ ਸਾਬਕਾ ਧਰਮੀ ਲੋਕਾਈ ਨੂੰ ਵਿਸ਼ਾਲ ਪੱਧਰ ਤੇ ਤਬਦੀਲ ਕੀਤਾ।

ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਅਜਿਹਾ ਕਿਉਂ ਸੀ। ਸਮਾਜਵਾਦ ਅਤੇ ਕਿਰਤ ਲਹਿਰਾਂ ਨੇ ਖੁਦ ਬਾਰੇ ਚੇਤਨ ਇੱਕ ਅਨੋਖੀ ਜਮਾਤ ਵਜੋਂ ਮਰਦਾਂ ਅਤੇ ਔਰਤਾਂ ਨੂੰ ਆਕਰਸ਼ਤ ਕੀਤਾ ਜਿਹਨਾਂ ਲਈ ਐਸੇ ਸਮਾਜ ਵਿੱਚ ਕੋਈ ਉਚਿਤ ਸਥਾਨ ਨਹੀਂ ਸੀ ਜਿੱਥੇ ਗਿਰਜਾਘਰ, ਖ਼ਾਸਕਰ ਕੈਥੋਲਿਕ ਗਿਰਜਾਘਰ ਸਥਾਪਤ ਕਰਨਾ ਇੱਕ ਰਵਾਇਤੀ ਪ੍ਰਗਟਾਵਾ ਸੀ। ਇੱਥੇ ਅਸਲ ਵਿੱਚ ‘ਬਾਹਰੀ ਲੋਕਾਂ’ ਦੀਆਂ ਬਸਤੀਆਂ ਸਨ, ਕਿੱਤੇ ਵਜੋਂ ਜਿਵੇਂ ਮਾਈਨਿੰਗ ਜਾਂ ਮੂਲ-ਉਦਯੋਗਿਕ ਜਾਂ ਕਾਰਖਾਨਿਆਂ ਵਾਲੇ ਪਿੰਡਾਂ ਵਿੱਚ, ਬੁਨਿਆਦੀ ਤੌਰ ‘ਤੇ ਜਿਵੇਂ ਅਲਬਾਨੀਆ ਵਾਸੀਆਂ ਦੇ ਸਿਸਿਲੀ ਦੇ ਪਾਇਨਾ ਡੀ ਗਰੇਸੀ (ਹੁਣ ਪਾਇਨਾ ਡੇਗਲੀ ਅਲਬਾਨੇਸੀ) ਵਾਂਗ ਜੋ ਤੱਤ ਰੂਪ ਵਿੱਚ ‘ਲਾਲ’ ਪਿੰਡ ਬਣ ਗਿਆ ਸੀ, ਜਾਂ ਕਿਸੇ ਹੋਰ ਮਾਪਦੰਡ ਨਾਲ ਜੁੜੇ ਹੋਏ ਜੋ ਉਹਨਾਂ ਨੂੰ ਸਮੂਹਕ ਤੌਰ ‘ਤੇ ਵਿਸ਼ਾਲ ਸਮਾਜ ਤੋਂ ਵੱਖ ਕਰ ਦਿੰਦਾ ਸੀ। ਉੱਥੇ ‘ਲਹਿਰ’ ਸ਼ਾਇਦ ਭਾਈਚਾਰੇ ਵਜੋਂ ਕੰਮ ਕਰੇਗੀ, ਅਤੇ ਇਸ ਤਰ੍ਹਾਂ ਕਰਦਿਆਂ ਕਈ ਪੁਰਾਣੇ ਪਿੰਡਾਂ ਵਿੱਚ ਧਰਮ ਦੁਆਰਾ ਹੁਣ ਤੱਕ ਏਕਾਧਿਕਾਰਤ ਰੀਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗੀ।

ਹਾਲਾਂਕਿ, ਇਹ ਅਸਧਾਰਨ ਸੀ। ਦਰਅਸਲ ਮਈ ਦਿਵਸ ਦੀ ਵਿਸ਼ਾਲ ਸਫਲਤਾ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਇਸਨੂੰ ਮਜ਼ਦੂਰ ਜਮਾਤ ਨਾਲ ਜੁੜੀ ਇੱਕੋ-ਇੱਕ ਛੁੱਟੀ ਵਜੋਂ ਦੇਖਿਆ ਜਾਂਦਾ ਸੀ। ਇਹ ਕਿਸੇ ਹੋਰ ਨਾਲ ਸਾਂਝਾ ਨਹੀਂ ਸੀ ਅਤੇ ਇਸ ਤੋਂ ਵੀ ਵੱਧ, ਇਹ ਮਜ਼ਦੂਰਾਂ ਦੀ ਆਪਣੀ ਕਾਰਵਾਈ ਨਾਲ ਹਾਸਲ ਕੀਤੀ ਗਈ ਸੀ। ਇਸ ਤੋਂ ਵੀ ਵੱਧ: ਇਹ ਉਹ ਦਿਨ ਸੀ ਜਦੋਂ ਆਮ ਤੌਰ ਤੇ ਅਦਿੱਖ ਲੋਕ ਜਨਤਕ ਥਾਵਾਂ ਤੇ ਜਾਂਦੇ ਸਨ ਅਤੇ, ਚਾਹੇ ਇੱਕ ਦਿਨ ਲਈ ਹੀ, ਸ਼ਾਸਕਾਂ ਅਤੇ ਸਮਾਜ ਦੀ ਅਧਿਕਾਰਤ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਸਨ। ਇਸ ਸਬੰਧ ਵਿੱਚ ਬ੍ਰਿਟਿਸ਼ ਮਾਈਨਰਾਂ ਦੇ ਉਤਸਵਾਂ (ਜਿਹਨਾਂ ਵਿੱਚ ਡੁਰਹਮ ਮਾਈਨਰਾਂ ਦਾ ਉਤਸਵ ਸਭ ਤੋਂ ਲੰਮਾ ਬਚਿਆ ਹੋਇਆ ਹੈ) ਨੂੰ ਮਈ ਦਿਵਸ ਦਾ ਅੰਦਾਜ਼ਾ ਪਹਿਲੇ ਹੀ ਸੀ ਭਾਵੇਂ ਕਿ ਇਹ ਇੱਕ ਉਦਯੋਗ ਦੇ ਅਧਾਰ ‘ਤੇ ਸੀ, ਨਾ ਕਿ ਸਮੁੱਚੀ ਮਜ਼ਦੂਰ ਜਮਾਤ ਦੇ ਅਧਾਰ ‘ਤੇ। ਇਸ ਤਰ੍ਹਾਂ ਮਈ ਦਿਵਸ ਅਤੇ ਰਵਾਇਤੀ ਧਰਮ ਵਿਚਾਲੇ ਇੱਕੋ ਇੱਕ ਸਬੰਧ ਬਰਾਬਰ ਅਧਿਕਾਰਾਂ ਦਾ ਦਾਅਵਾ ਕਰਨਾ ਹੈ। ਪੋ ਘਾਟੀ ਵਿੱਚ ਵੋਗੇਰਾ ਦੇ 1891 ਮਈ ਦਿਵਸ ਦੇ ਪੋਸਟਰ ਵਿੱਚ ਐਲਾਨ ਕੀਤਾ ਗਿਆ “ਪਾਦਰੀਆਂ ਦੇ ਆਪਣੇ ਤਿਉਹਾਰ ਹਨ”, “ਉਦਾਰਵਾਦੀਆਂ (Moderates) ਦੇ ਵੀ ਆਪਣੇ ਤਿਉਹਾਰ ਹਨ, ਡੈਮੋਕਰੇਟਾਂ ਦੇ ਵੀ। ਪਹਿਲੀ ਮਈ ਪੂਰੀ ਦੁਨੀਆ ਦੇ ਮਜ਼ਦੂਰਾਂ ਦਾ ਤਿਉਹਾਰ ਹੈ।”

ਨਵਾਂ ਸੰਸਾਰ

ਪਰ ਇੱਕ ਹੋਰ ਚੀਜ਼ ਸੀ ਜਿਸ ਨੇ ਇਸ ਲਹਿਰ ਦੀ ਧਰਮ ਨਾਲੋਂ ਦੂਰੀ ਬਣਾਈ। ਇਸਦਾ ਮੁੱਖ ਸ਼ਬਦ ਸੀ ‘ਨਵਾਂ’, ਜਿਵੇਂ ਕਿ ਕਾਊਟਸਕੀ ਦੇ ਸਿਧਾਂਤਕ ਮਾਰਕਸਵਾਦੀ ਪਰਚੇ ਦਾ ਸਿਰਲੇਖ ਸੀ “ਡਾਏ ਨਿਊਏ ਜ਼ੇਇਤ” (ਨਵੇਂ ਸਮੇਂ)। ਜਿਵੇਂ ਆਸਟ੍ਰੀਆਈ ਮਜ਼ਦੂਰ ਗੀਤ ਜੋ ਅੱਜ ਵੀ ਮਈ ਦਿਵਸ ਨਾਲ ਸਬੰਧਤ ਹੈ ਜਿਸ ਦੀ ਸਥਾਈ ਹੈ “ਮਿੱਤ ਉੰਸ ਜ਼ੇਇਤ ਡਾਏ ਨਿਊਈ ਜ਼ੇਇਤ” (“ਨਵੇਂ ਸਮੇਂ ਸਾਡੇ ਨਾਲ ਅਗਾਂਹ ਵੱਧ ਰਹੇ ਹਨ”)। ਜਿਵੇਂ ਕਿ ਸਕੈਂਡੇਨੇਵੀਆਈ ਅਤੇ ਆਸਟ੍ਰੀਆਈ ਅਨੁਭਵ ਸਾਨੂੰ ਦੱਸਦਾ ਹੈ ਕਿ ਪੇਂਡੂ ਇਲਾਕਿਆਂ ਅਤੇ ਕਸਬਿਆਂ ਵਿੱਚ ਅਸਲ ਵਿੱਚ  ਸਮਾਜਵਾਦ ਬਹੁਤੀ ਵਾਰ ਰੇਲਾਂ ਦੇ ਨਾਲ ਹੀ ਪਹੁੰਚਿਆ। ਜੋ ਲੋਕ ਉਸ ਨੂੰ ਬਣਾਉਣ ਆਉਂਦੇ ਅਤੇ ਉਸ ਵਿੱਚ ਕੰਮ ਕਰਦੇ। ਉਹ ਨਵੇਂ ਵਿਚਾਰ ਅਤੇ ਨਵੇਂ ਸਮੇਂ ਆਪਣੇ ਨਾਲ ਲੈ ਕੇ ਆਉਂਦੇ। ਬਹੁਤੀਆਂ ਜਨਤਕ ਛੁੱਟੀਆਂ ਦੇ ਉਲਟ ਉਸ ਸਮੇਂ ਤੱਕ ਦੀ ਮਜ਼ਦੂਰ ਲਹਿਰ ਵੱਲੋਂ ਵੱਖ-ਵੱਖ ਮੌਕਿਆਂ ਤੇ ਕੀਤੇ ਜਾਂਦੇ ਰਸਮਾਂ ਰਿਵਾਜਾਂ ਸਮੇਤ ਮਈ ਦਿਵਸ ਨੂੰ ਕਿਸੇ ਘਟਨਾ ਦੀ ਯਾਦਗਾਰ ਵਜੋਂ ਨਹੀਂ ਮਨਾਇਆ ਜਾਂਦਾ ਸੀ। ਘੱਟੋ-ਘੱਟ ਅਰਾਜਕਤਾਵਾਦੀ ਪ੍ਰਭਾਵ ਦੇ ਦਾਇਰੇ ਤੋਂ ਬਾਹਰ ਦੇ ਸਮਾਗਮ ਸਥਿਤੀ ਐਸੀ ਹੀ ਸੀ ਜਿਨ੍ਹਾਂ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਇਸ ਨੂੰ 1886 ਦੇ ਸ਼ਿਕਾਗੋ ਦੇ ਅਰਾਜਕਤਾਵਾਦੀਆਂ ਨਾਲ ਜੋੜ ਕੇ ਵੇਖਣਾ ਪਸੰਦ ਕਰਦੇ ਸਨ। ਭਵਿੱਖ ਤੋਂ ਇਲਾਵਾ ਇਹ ਕਿਸੇ ਵੀ ਹੋਰ ਚੀਜ਼ ਬਾਰੇ ਨਹੀਂ ਸੀ, ਭੂਤਕਾਲ ਜੋ ਪ੍ਰੋਲੇਤਾਰੀ ਨੂੰ ਮਾੜੀਆਂ ਯਾਦਾਂ ਦੇ ਬਿਨਾਂ ਕੁਝ ਨਹੀਂ ਦਿੰਦਾ ਸੀ। ਇਹ ਮਹਿਜ਼ ਇੱਕ ਘਟਨਾ ਨਹੀਂ ਸੀ ਕਿ ਇੰਟਰਨੈਸ਼ਨਲ ਵਿੱਚ ਵੀ ਇਹ ਬੰਦ ਆਉਂਦਾ ਹੈ “ਡੂ ਪਾਸੇ ਫ਼ਾਈਸੋਨਸ ਤਬਲੇ ਰਾਸੇ” (“ਬੀਤੇ ਦੀ ਅਸੀਂ ਇੱਕ ਕੋਰੀ ਸਲੇਟ ਬਣਾਉਂਦੇ ਹਾਂ”)। ਰਵਾਇਤੀ ਧਰਮ ਵਾਂਗ ਮੌਤ ਤੋਂ ਬਾਅਦ ਸੁੱਖ ਸਹੂਲਤਾਂ ਦੇਣ ਦੀ ਬਜਾਏ ‘ਇਹ ਲਹਿਰ’ ਇਸੇ ਧਰਤੀ ਉੱਪਰ ਨਵਾਂ ਯੇਰੂਸਲਮ ਬਣਾਉਣ ਦੀ ਪੇਸ਼ਕਸ਼ ਕਰਦੀ ਸੀ।

ਮਈ ਦਿਵਸ ਦੀ ਆਈਕੋਨੋਗ੍ਰਾਫੀ ਜਿਸਨੇ ਬਹੁਤ ਜਲਦੀ ਆਪਣੇ ਰੂਪਕ ਅਤੇ ਨਿਸ਼ਾਨ-ਚਿੰਨ੍ਹ ਬਣਾਏ, ਪੂਰਨ ਤੌਰ ਤੇ ਭਵਿੱਖ ਉੱਤੇ ਆਧਾਰਿਤ ਹੈਭਵਿੱਖ ਕੀ ਲੈ ਕੇ ਆਵੇਗਾ ਇਹ ਅਜੇ ਤੱਕ ਸਾਫ ਨਹੀਂ ਸੀਸਿਰਫ਼ ਏਨਾ ਸੀ ਕਿ ਇਹ ਚੰਗਾ ਹੋਵੇਗਾ ਅਤੇ ਕੋਈ ਇਸ ਨੂੰ ਆਉਣ ਤੋਂ ਰੋਕ ਨਹੀਂ ਸਕੇਗਾ ਖੁਸ਼ਕਿਸਮਤੀ ਨਾਲ, ਮਈ ਦਿਵਸ ਦੀ ਸਫਲਤਾ ਲਈ ਘੱਟੋ ਘੱਟ ਭਵਿੱਖ ਵੱਲ ਅਗਾਂਹ ਵਧਣ ਦੇ ਇੱਕ ਰਸਤੇ ਨੇ ਇਸ ਦਿਹਾੜੇ ਨੂੰ ਇੱਕ ਪ੍ਰਦਰਸ਼ਨ ਜਾਂ ਤਿਉਹਾਰ ਤੋਂ ਵੱਧ ਬਣਾ ਦਿੱਤਾ। 1890 ਤੱਕ ਵੀ ਵੋਟ ਤੰਤਰੀ ਜਮਹੂਰੀਅਤ ਯੂਰਪ ਵਿੱਚ ਬਹੁਤੀ ਆਮ ਗੱਲ ਨਹੀਂ ਸੀ ਹੋਈ। ਸਭ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਵੀ ਅੱਠ ਘੰਟੇ ਦੇ ਕੰਮ ਦਿਨ ਅਤੇ ਮਈ ਦਿਵਸ ਦੇ ਹੋਰ ਨਾਅਰਿਆਂ ਵਿੱਚ ਝੱਟਪੱਟ ਹੀ ਸ਼ਾਮਲ ਕਰ ਦਿੱਤੀ ਗਈ ਸੀ। ਇਹ ਬੜੀ ਉਤਸੁਕਤਾ ਦੀ ਗੱਲ ਹੈ ਕਿ ਵੋਟ ਪਾਉਣ ਦੇ ਅਧਿਕਾਰ ਦੀ ਮੰਗ ਭਾਵੇਂ ਆਸਟ੍ਰੀਆ, ਬੈਲਜੀਅਮ, ਸਕੈਂਡੇਨੇਵੀਆ, ਇਟਲੀ ਅਤੇ ਅਤੇ ਹੋਰਨੀਂ ਥਾਵੀਂ ਜਦੋਂ ਤੱਕ ਇਹ ਪੂਰੀ ਨਾ ਕੀਤੀ ਗਈ ਮਈ ਦਿਵਸ ਦਾ ਇੱਕ ਅਨਿੱਖੜਵਾਂ ਅੰਗ ਰਹੀ ਪਰ ਫਿਰ ਵੀ ਇਹ ਕਦੀ ਇਸ ਦੇ ਰਾਜਨੀਤਿਕ ਤੱਤ ਦਾ ਅੰਤਰਰਾਸ਼ਟਰੀ ਪੱਧਰ ਤੇ ਹਿੱਸਾ ਨਹੀਂ ਰਹੀ। ਜਿਵੇਂ ਕਿ ਅੱਠ ਘੰਟੇ ਦਾ ਕੰਮ ਦਿਨ ਅਤੇ ਮਗਰੋਂ ਸ਼ਾਂਤੀ ਵੀ ਇੱਕ ਮੰਗ ਰਹੀ। ਪਰ ਫੇਰ ਵੀ ਜਿੱਥੇ ਵੀ ਲਾਗੂ ਹੋ ਸਕਿਆ, ਇਹ ਇਸ ਦਿਹਾੜੇ ਦਾ ਜ਼ਰੂਰੀ ਹਿੱਸਾ ਰਹੀ ਅਤੇ ਇਸ ਨੇ ਇਸ ਦੇ ਮਹੱਤਵ ਵਿੱਚ ਕਾਫ਼ੀ ਵਾਧਾ ਕੀਤਾ।

ਦਰਅਸਲ ਸਭ ਨੂੰ ਵੋਟ ਪਾਉਣ ਦੇ ਅਧਿਕਾਰ ਲਈ ਆਮ ਹੜਤਾਲਾਂ ਕਰਨੀਆਂ ਜਾਂ ਕਰਨ ਬਾਰੇ ਧਮਕਾਉਣਾ; ਜੋ ਕਿ ਬੈਲਜੀਅਮ, ਸਵੀਡਨ ਅਤੇ ਆਸਟਰੀਆ ਵਿੱਚ ਕੁਝ ਸਫਲਤਾ ਨਾਲ ਵਿਕਸਿਤ ਹੋਇਆ ਅਤੇ ਜਿਸ ਨੇ ਪਾਰਟੀ ਅਤੇ ਯੂਨੀਅਨਾਂ ਨੂੰ ਇਕੱਠੇ ਰੱਖਣ ਵਿੱਚ ਮਦਦ ਕੀਤੀ; ਮਈ ਦਿਵਸ ਵਾਲੇ ਦਿਨ ਸੰਕੇਤਕ ਕੰਮ ਬੰਦੀ ਵਿੱਚੋਂ ਵਿਕਸਤ ਹੋਈਆਂ ਸਨ। ਅਜਿਹੀ ਪਹਿਲੀ ਹੜਤਾਲ ਬੈਲਜੀਅਮ ਦੇ ਖਦਾਨ ਮਜ਼ਦੂਰਾਂ ਵੱਲੋਂ 1 ਮਈ 1891 ਨੂੰ ਸ਼ੁਰੂ ਕੀਤੀ ਗਈ ਸੀ। ਦੂਜੇ ਪਾਸੇ ਟਰੇਡ ਯੂਨੀਅਨਾਂ ਸਵੀਡਿਸ਼ ਮਈ ਦਿਵਸ ਦੇ ਨਾਅਰੇ “ਘੱਟ ਘੰਟੇ ਅਤੇ ਵੱਧ ਉਜਰਤਾਂ” ਨਾਲ ਇਸ ਮਹਾਨ ਦਿਨ ਦੇ ਕਿਸੇ ਵੀ ਹੋਰ ਪੱਖ ਨਾਲੋਂ ਵੱਧ ਸਰੋਕਾਰ ਰੱਖਦੀਆਂ ਸਨ। ਉਹ ਵੀ ਸਮੇਂ ਸਨ ਜਦ ਇਟਲੀ ਵਿੱਚ ਉਨ੍ਹਾਂ ਨੇ ਇਸ ਗੱਲ ਵੱਲ ਵੱਧ ਧਿਆਨ ਦਿੱਤਾ ਅਤੇ ਇੱਥੇ ਤੱਕ ਜਮਹੂਰੀਅਤ ਵੀ ਨੂੰ ਹੋਰਨਾਂ ਉੱਤੇ ਛੱਡ ਦਿੱਤਾ। ਲਹਿਰ ਦੀਆਂ ਮਹਾਨ ਪੁਲਾਂਘਾਂ ਜਮਹੂਰੀਅਤ ਲਈ ਅਸਰਦਾਰ ਪੈਰਵਾਈ ਦੇ ਸਮੇਤ ਆਪਣੇ ਤੰਗ ਆਰਥਿਕ ਹਿੱਤਾਂ ਉੱਪਰ ਆਧਾਰਤ ਨਹੀਂ ਸਨ।

ਜਮਹੂਰੀਅਤ ਬੇਸ਼ੱਕ ਸਮਾਜਵਾਦੀ ਮਜ਼ਦੂਰ ਲਹਿਰਾਂ ਦਾ ਕੇਂਦਰੀ ਬਿੰਦੂ ਸੀ। ਇਹ ਸਿਰਫ ਇਸ ਦੇ ਵਿਕਾਸ ਲਈ ਹੀ ਜ਼ਰੂਰੀ ਨਹੀਂ ਸੀ ਬਲਕਿ ਇਸ ਦਾ ਇੱਕ ਅਨਿੱਖੜਵਾਂ ਅੰਗ ਵੀ ਸੀ। ਜਰਮਨ ਵਿੱਚ ਪਹਿਲੇ ਮਈ ਦਿਵਸ ਦੀ ਯਾਦ ਵਿੱਚ ਇੱਕ ਤਖ਼ਤੀ ਬਣਾਈ ਗਈ ਜਿਸ ਦੇ ਇੱਕ ਪਾਸੇ ਕਾਰਲ ਮਾਰਕਸ ਸੀ ਅਤੇ ਦੂਜੇ ਪਾਸੇ ‘ਸਟੈਚੂ ਆੱਫ ਲਿਬਰਟੀ’। 1891 ਵਿੱਚ ਆਸਟਰੀਆ ਵਿੱਚ ਬਣਾਏ ਗਏ ਮਈ ਦਿਵਸ ਦੇ ਇੱਕ ਪ੍ਰਿੰਟ ਵਿੱਚ ਮਾਰਕਸ ਨੂੰ ਹੱਥ ਵਿੱਚ ਸਰਮਾਇਆ ਫੜੀਂ, ਕਿਸੇ ਸਾਗਰ ਤੋਂ ਪਾਰ ਇੱਕ ਰੋਮਾਂਟਿਕ ਟਾਪੂ ਵੱਲ ਇਸ਼ਾਰਾ ਕਰਦਿਆਂ ਵਿਖਾਇਆ ਗਿਆ। ਇਸ ਤਸਵੀਰ ਤੋਂ ਕਿਸੇ ਮੈਡੀਟਰੇਨੀ ਪਾਤਰ ਦੀਆਂ ਤਸਵੀਰਾਂ ਵਜੋਂ ਸਮਕਾਲੀ ਲੋਕ ਜਾਣੂ ਸਨ। ਜਿਸ ਦੇ ਮਗਰੋਂ ਮਈ ਦਿਵਸ ਦਾ ਸੂਰਜ ਉੱਗ ਰਿਹਾ ਹੈ ਜੋ ਕਿ ਭਵਿੱਖ ਦਾ ਸਭ ਤੋਂ ਸਥਿਰ ਅਤੇ ਤਾਕਤਵਰ ਚਿੰਨ੍ਹ ਹੈ। ਇਸ ਦੀਆਂ ਕਿਰਨਾਂ ਉੱਤੇ ਫਰਾਂਸੀਸੀ ਕ੍ਰਾਂਤੀ ਦੇ ਨਾਅਰੇ ਉੱਕਰੇ ਹਨ: ਆਜ਼ਾਦੀ, ਬਰਾਬਰਤਾ ਅਤੇ ਭਾਈਚਾਰਾ; ਜੋ ਮਈ ਦਿਵਸ ਦੇ ਕਈ ਪੁਰਾਣੇ ਬੈਜਾਂ ਅਤੇ ਮਮੈਂਟੋਆਂ ਤੇ ਵੀ ਮਿਲਦਾ ਹੈ। ਮਾਰਕਸ ਕਿਰਤੀਆਂ ਵਿੱਚ ਘਿਰਿਆ ਹੈ ਅਤੇ ਇਨ੍ਹਾਂ ਨੂੰ ਬੇੜੀਆਂ ਰਾਹੀਂ ਟਾਪੂ ਤੱਕ ਪੁਚਾਉਣ ਲਈ ਤਿਆਰ ਹੈ। ਇਹ ਜੋ ਵੀ ਹੋਵੇ; ਬੇੜੀਆਂ ਦੇ ਬਾਦਬਾਨਾਂ ਤੇ ਉੱਕਰਿਆ ਹੈ “ਸਭਨਾਂ ਲਈ ਅਤੇ ਸਿੱਧਾ ਵੋਟ ਪਾਉਣ ਦਾ ਅਧਿਕਾਰ, ਅੱਠ ਘੰਟੇ ਦਾ ਕੰਮ ਦਿਨ ਅਤੇ ਕਿਰਤੀਆਂ ਲਈ ਸੁਰੱਖਿਆ”। ਇਹ ਮਈ ਦਿਵਸ ਦੀ ਅਸਲ ਪਰੰਪਰਾ ਸੀ।

ਉਹ ਪਰੰਪਰਾ ਇੱਕ ਅਸਾਧਾਰਨ ਤੇਜ਼ੀ ਨਾਲ ਸ਼ੁਰੂ ਹੋਈ। ਸਿਰਫ ਦੋ ਜਾਂ ਤਿੰਨ ਸਾਲਾਂ ਦੇ ਅੰਦਰ ਹੀ ਸਮਾਜਵਾਦੀ ਆਗੂਆਂ ਵੱਲੋਂ ਦਿੱਤੇ ਨਾਅਰਿਆਂ ਦੇ ਖਾੜਕੂ ਅਤੇ ਆਮ ਕਰਕੁੰਨਾਂ ਵੱਲੋਂ ਉਨ੍ਹਾਂ ਨਾਲ ਦਿਲਚਸਪ ਸਹਿ ਹੋਂਦ ਵਿੱਚੋਂ ਆਪ ਮੁਹਾਰੀ ਵਿਆਖਿਆ ਨਿਕਲੀ। ਜਨਤਕ ਮਜ਼ਦੂਰ ਲਹਿਰਾਂ ਅਤੇ ਪਾਰਟੀਆਂ ਦੇ ਵਧਣ ਫੁੱਲਣ ਦੇ ਸ਼ਾਨਦਾਰ ਮੁੱਢਲੇ ਵਰ੍ਹਿਆਂ ਵਿੱਚ ਇਸ ਨੇ ਆਪਣਾ ਰੂਪ ਧਾਰਿਆ। ਜਦੋਂ ਹਰ ਦਿਨ ਇਨ੍ਹਾਂ ਦਾ ਵਿਕਾਸ ਹੁੰਦਾ ਨਜ਼ਰ ਆਉਂਦਾ। ਜਦ ਅਜਿਹੀ ਲਹਿਰਾਂ ਦੀ ਹੋਂਦ ਹੀ ਮਜ਼ਦੂਰ ਜਮਾਤ ਦੀ ਪੁਸ਼ਟੀ ਕਰਦੀ ਅਤੇ ਜੋ ਭਵਿੱਖ ਦੀ ਜਿੱਤ ਦਾ ਵਿਸ਼ਵਾਸ ਦਿਵਾਉਂਦੀ। ਇਸ ਤੋਂ ਵੀ ਵੱਧ ਇਹ ਅਟੱਲ ਜਿੱਤ ਦੀ ਇੱਕ ਨਿਸ਼ਾਨੀ ਵਜੋਂ ਦਿਸਦਾ ਕਿਉਂਕਿ ਨਵੇਂ ਸੰਸਾਰ ਦੇ ਬੂਹੇ ਮਜ਼ਦੂਰ ਜਮਾਤ ਅੱਗੇ ਖੁੱਲ ਰਹੇ ਸਨ।

ਭਾਵੇਂ ਕਿ ਉਹ ਸਦੀ ਨਾ ਸਕੀ ਅਤੇ ਮਜ਼ਦੂਰ ਲਹਿਰ ਦੀਆਂ ਹੋਰ ਚੀਜ਼ਾਂ ਦੇ ਨਾਲ ਨਾਲ ਮਜ਼ਦੂਰ ਦਿਵਸ ਵੀ ਨਿਯਮਤ ਅਤੇ ਸੰਸਥਾਗਤ ਹੋ ਗਿਆਬਾਅਦ ਦੇ ਵਰ੍ਹਿਆਂ ਦੇ ਮਹਾਨ ਸੰਘਰਸ਼ਾਂ ਅਤੇ ਜਿੱਤਾਂ ਤੋਂ ਮਗਰੋਂ ਉਸ ਦੀ ਅਟੱਲ ਜਿੱਤ ਅਤੇ ਆਸਾਂ ਦੇ ਫੁੱਲ ਫੇਰ ਤੋਂ ਕੁਝ ਪੁੰਗਰਨ ਲੱਗੇਇਹ ਅਸੀਂ ਵੇਖ ਸਕਦੇ ਹਾਂ ਰੂਸੀ ਕ੍ਰਾਂਤੀ ਦੇ ਪਹਿਲੇ ਵਰ੍ਹਿਆਂ ਦੇ ਦੀਵਾਨੇ ਭਵਿੱਖਵਾਦੀ ਮਈ ਦਿਵਸਾਂ ਵਿੱਚ ਅਤੇ 1919-20 ਦੇ ਯੂਰਪ ਵਿੱਚ, ਜਦੋਂ ਲਗਭਗ ਹਰ ਥਾਂ ਅੱਠ ਘੰਟੇ ਕੰਮ ਦਿਨ ਦੀ ਮਈ ਦਿਵਸ ਦੀ ਅਸਲ ਮੰਗ ਕਈ ਮੁਲਕਾਂ ਵਿੱਚ ਹਾਸਲ ਹੋਈ। ਫਰਾਂਸ ਦੇ 1935-36 ਦੇ ਮੁੱਢਲੇ ਪਾਪੂਲਰ ਫਰੰਟ ਦੇ ਮਈ ਦਿਵਸਾਂ ਵਿੱਚ ਵੀ ਅਸੀਂ ਇਹ ਵੇਖ ਸਕਦੇ ਹਾਂ ਅਤੇ ਫਾਸ਼ੀਵਾਦ ਦੀ ਹਾਰ ਮਗਰੋਂ ਗੁਲਾਮੀ ਤੋਂ ਮੁਕਤ ਹੋਏ ਮਹਾਂਦੀਪ ਦੇ ਹੋਰ ਮੁਲਕਾਂ ਵਿੱਚ ਵੀ। ਪਰੰਤੂ ਜਨਤਕ ਸਮਾਜਵਾਦੀ ਮਜ਼ਦੂਰ ਲਹਿਰਾਂ ਵਾਲੇ ਬਹੁਤੇ ਦੇਸ਼ਾਂ ਵਿੱਚ ਮਈ ਦਿਵਸ 1914 ਤੋਂ ਕੁਝ ਸਮਾਂ ਪਹਿਲਾਂ ਹੀ ਨਿਰੰਤਰ ਹੋ ਗਏ ਸਨ।

ਦਿਲਚਸਪ ਗੱਲ ਇਹ ਵੀ ਹੈ ਕਿ ਨਿਰੰਤਰਤਾ ਦੇ ਇਸ ਦੌਰ ਦੇ ਵਿੱਚ ਹੀ ਇਸ ਨੇ ਆਪਣਾ ਇਹ ਰਸਮਾਂ-ਰਿਵਾਜਾਂ ਵਾਲਾ ਰੂਪ ਧਾਰਨ ਕੀਤਾ। ਜਿਵੇਂ ਕਿ ਇੱਕ ਇਤਾਲਵੀ ਇਤਿਹਾਸਕਾਰ ਕਹਿੰਦਾ ਹੈ ਕਿਜਦ ਇਹ ਇੱਕ ਮਹਾਨ ਬਦਲ ਦਾ ਲਾਂਘਾ ਨਾ ਰਿਹਾ ਤਾਂ ਇਹ ਇੱਕ ਸਮੂਹਿਕ ਰਸਮ ਵਾਂਗ ਬਣ ਕੇ ਰਹਿ ਗਿਆ ਜਿਸ ਦੀਆਂ ਆਪਣੀਆਂ ਪ੍ਰਾਰਥਨਾਵਾਂ ਅਤੇ ਧਾਰਮਿਕ ਅਕੀਦੇ ਸਨ ਇਨ੍ਹਾਂ ਅਕੀਦਿਆਂ ਦੀ ਪਛਾਣ ਖੁੱਲ੍ਹੀਆਂ ਪੁਸ਼ਾਕਾਂ ਅਤੇ ਹਵਾ ਵਿੱਚ ਲਹਿਰਾਉਂਦੇ ਵਾਲਾਂ ਵਾਲੀਆਂ ਨੌਜਵਾਨ ਔਰਤਾਂ, ਜੋ ਵਿਸ਼ਾਲ ਅਨਿਸ਼ਚਿਤ ਇਕੱਠਾਂ ਨੂੰ ਚੜ੍ਹਦੇ ਸੂਰਜ ਦਾ ਰਾਹ ਵਿਖਾ ਰਹੀਆਂ ਹੁੰਦੀਆਂ ਜਾਂ ਮਰਦਾਂ ਅਤੇ ਔਰਤਾਂ ਦੇ ਵਿਸ਼ਾਲ ਜਲੂਸਾਂ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਕੀ ਉਹ ਆਜ਼ਾਦੀ ਸੀ ਜਾਂ ਬਸੰਤ ਜਾਂ ਜੋਬਨ ਜਾਂ ਉਮੀਦ ਜਾਂ ਸੁਹਾਵਣੀ ਸਵੇਰ ਜਾਂ ਇਨ੍ਹਾਂ ਸਾਰਿਆਂ ਦੇ ਨਿੱਕੇ ਨਿੱਕੇ ਟੁਕੜੇ? ਕੌਣ ਦੱਸ ਸਕਦਾ ਹੈ? ਆਈਕੋਨੋਗ੍ਰਾਫੀ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਇਸ ਦੇ ਕੋਈ ਵਿਸ਼ਵ ਵਿਆਪਕ ਚਰਿੱਤਰ ਨਹੀਂ ਸਨ ਸਿਵਾਏ ਨੌਜਵਾਨੀ ਦੇ, ਫਰੀਜ਼ੀਅਨ ਟੋਪੀ ਵੀ, ਜੋ ਕਿ ਬਹੁਤ ਆਮ ਹੈ ਜਾਂ ਆਜ਼ਾਦੀ ਦੇ ਰਵਾਇਤੀ ਚਿੰਨ੍ਹ ਜੋ ਹਮੇਸ਼ਾ ਨਹੀਂ ਮਿਲਦੇ।

ਅਸੀਂ ਇਸ ਦਿਵਸ ਦੇ ਰਸਮੀਕਰਨ ਨੂੰ ਫੁੱਲਾਂ ਦੀ ਵਰਤੋਂ ਤੋਂ ਵੀ ਲੱਭ ਸਕਦੇ ਹਾਂ। ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ਫੁੱਲ ਸ਼ੁਰੂਆਤੀ ਦੌਰ ਤੋਂ ਹੀ ਮੌਜੂਦ ਹਨ। ਵੀਹਵੀਂ ਸਦੀ ਦੇ ਅੰਤ ਤੱਕ ਇਹ ਵੀ ਕਿਸੇ ਅਧਿਕਾਰਕ ਨਿਯਮ ਵਾਂਗ ਹੋ ਗਏ। ਇਸ ਤਰ੍ਹਾਂ ਲਾਲ ਗੁਲਨਾਰ ਦੇ ਫੁੱਲਾਂ ਨੇ ਹੈਬਸਬਰਗ ਇਲਾਕਿਆਂ ਅਤੇ ਇਟਲੀ ਵਿੱਚ ਕਰੀਬ ਸਨ 1900 ਤੋਂ ਅਧਿਕਾਰਕ ਰੁਤਬਾ ਪਾ ਲਿਆ। ਇਸ ਦੇ ਪ੍ਰਤੀਕਵਾਦ ਨੂੰ ਖਾਸ ਤੌਰ ਤੇ ਉਭਾਰਨ ਦੇ ਲਈ ਇਸੇ ਦੇ ਨਾਮ ਤੇ ਵਸੇ ਫਲੋਰੈਂਸ ਤੋਂ ਛਪਦੇ ਵੱਡ ਅਕਾਰੀ ਅਖ਼ਬਾਰ ਵਿੱਚ ਇਸ ਨੂੰ ਜੀਵੰਤ ਅਤੇ ਪ੍ਰਭਾਵਸ਼ਾਲੀ ਢੰਗ ਵਿੱਚ ਛਾਪਿਆ ਗਿਆ। (II ਗਾਰੋਫਾਨੂੰ ਰੋਸੋ ਜੋ ਪਹਿਲੀ ਵਿਸ਼ਵ ਜੰਗ ਤੱਕ ਹਰ ਮਈ ਦਿਵਸ ਤੇ ਛਪਦਾ ਰਿਹਾ।) 1911-12 ਵਿੱਚ ਲਾਲ ਗੁਲਾਬ ਪ੍ਰਮਾਣਿਤ ਹੋ ਗਿਆ। 1900 ਵਿਆਂ ਦੇ ਮੁੱਢਲੇ ਦਿਨਾਂ ਵਿੱਚ ਸਦੀਵੀ ਇਨਕਲਾਬੀਆਂ ਦੇ ਦੁੱਖ ਨੂੰ ਵਧਾਉਣ ਲਈ ਪੂਰਨ ਤੌਰ ਤੇ ਗੈਰਰਾਜਨੀਤਕਲਿੱਲੀ ਆਫ ਵੈਲੀਮਜ਼ਦੂਰਾਂ ਦੇ ਮਈ ਦਿਵਸ ਵਿੱਚ ਘੁਸਪੈਠ ਕਰ ਗਿਆ ਅਤੇ ਅੰਤ ਉਹ ਇਸ ਦਾ ਨਿਸ਼ਚਿਤ ਚਿੰਨ੍ਹ ਹੋ ਨਿੱਬੜਿਆ

ਭਾਵੇਂ ਇਹ ਕਾਨੂੰਨੀ ਰਹਿੰਦਿਆਂ – ਵਿਸ਼ਾਲ ਲੋਕਾਈ ਨੂੰ ਸੜਕਾਂ ਤੇ ਲਿਆਉਣ ਵਾਲਾ- ਅਤੇ ਅਣ ਅਧਿਕਾਰਤ ਦੋਵੇਂ ਰਿਹਾ ਪਰ ਮਈ ਦਿਵਸ ਦਾ ਮਹਾਨ ਯੁੱਗ ਕਦੇ ਨਾ ਖਤਮ ਹੋਇਆ। ਇੱਕ ਵਾਰ ਜਦ ਇਹ ਛੁੱਟੀ ਦੇ ਰੂਪ ਵਿੱਚ ਬਦਲ ਗਿਆ ਜਾਂ ਇਸ ਤੋਂ ਵੀ ਮਾੜਾ, ਉੱਪਰੋਂ ਥੋਪਿਆ ਗਿਆ ਤਾਂ ਇਸ ਦਾ ਚਰਿੱਤਰ ਵੀ ਲਾਜ਼ਮੀ ਤੌਰ ਤੇ ਬਦਲ ਗਿਆ। ਪਰ ਕਿਉਂਕਿ ਜਨਤਕ ਇਕੱਠ ਕਰਨਾ ਇਸ ਦਾ ਤੱਤ ਸੀ, ਉਹ ਇਸ ਦੀ ਅਵੈਧਤਾ ਨੂੰ ਰੋਕ ਨਾ ਸਕੇ ਭਾਵੇਂ ਕਿ “ਪਿਆਨਾ ਡੇਲ ਅਲਬੇਨਾਸੀ” ਦੇ ਸਮਾਜਵਾਦੀ (ਬਾਅਦ ਵਿੱਚ ਕਮਿਊਨਿਸਟ) ਇਸ ਵਿੱਚ ਮਾਣ ਮਹਿਸੂਸ ਕਰਦੇ ਕਿ ਫਾਸੀਵਾਦ ਦੇ ਕਾਲੇ ਦੌਰ ਦੇ ਵਿੱਚ ਵੀ ਉਹ ਕੁਝ ਸਾਥੀਆਂ ਨੂੰ ਪਹਿਲੀ ਮਈ ਨੂੰ ਉਸ ਪਰਬਤ ਤੇ ਭੇਜਣਾ ਨਹੀਂ ਭੁੱਲਦੇ ਸਨ ਜਿੱਥੇ ਸਮਾਜਵਾਦ ਦੇ ਸਥਾਨਕ ਮਸੀਹਾ ਡਾਕਟਰ ਬਰਾਤੋ ਨੇ 1893 ਵਿੱਚ ਭਾਸ਼ਣ ਦਿੱਤਾ ਸੀ ਅਤੇ ਜਿਸ ਨੂੰ ਅੱਜ ਵੀ ਡਾਕਟਰ ਬਰਾਤੋਂ ਚੱਟਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਫਾਸ਼ੀਵਾਦ ਦੇ ਢਹਿ ਢੇਰੀ ਹੋਣ ਮਗਰੋਂ 1947 ਵਿੱਚ ਡਾਕੂ ਗੁਈਲਿਆਨੋ ਨੇ ਇੱਕ ਮੁੜ ਸੁਰਜੀਤ ਭਾਈਚਾਰਕ ਅਤੇ ਪਰਿਵਾਰਕ ਪ੍ਰਦਰਸ਼ਨ ਦਾ ਕਤਲ-ਏ-ਆਮ ਕੀਤਾ ਸੀ। 1914 ਤੋਂ ਅਤੇ ਖਾਸ ਤੌਰ ਤੇ 1945 ਤੋਂ ਮਗਰੋਂ ਮਈ ਦਿਵਸ ਜਾਂ ਤਾਂ ਗੈਰ ਕਾਨੂੰਨੀ ਬਣ ਗਿਆ ਜਾਂ ਅਧਿਕਾਰਤ। ਮੁਕਾਬਲਤਨ ਤੌਰ ਤੇ ਸਿਰਫ ਤੀਜੀ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਗੈਰ ਕਾਨੂੰਨੀ ਸਮਾਜਵਾਦੀ ਮਜ਼ਦੂਰ ਲਹਿਰਾਂ ਵਿਕਸਿਤ ਹੋਈਆਂ, ਉੱਥੇ ਹੀ ਅਜਿਹੇ ਹਾਲਾਤ ਪੈਦਾ ਹੋਏ ਜਿਨ੍ਹਾਂ ਨੇ ਮਈ ਦਿਵਸ ਨੂੰ ਪ੍ਰਫੁੱਲਤ ਹੋਣ ਦਿੱਤਾ ਅਤੇ ਇਹ ਹੀ ਉਸ ਦੀ ਪੁਰਾਤਨ ਪਰੰਪਰਾ ਦੀ ਨਿਰੰਤਰਤਾ ਵਿੱਚ ਹਨ।

ਮਈ ਦਿਵਸ ਨੇ ਹਰ ਥਾਂ ਆਪਣੇ ਪੁਰਾਣੇ ਚਰਿੱਤਰ ਨਹੀਂ ਗਵਾਏ ਹਨ। ਉੱਥੇ ਵੀ ਜਿੱਥੇ ਇਹ ਪੁਰਾਣੇ ਰਾਜ਼ਾਂ ਜੋ ਕਿਸੇ ਸਮੇਂ ਨਵੇਂ ਸਨ ਦੇ ਟੁੱਟਣ ਨਾਲ ਸੰਬੰਧਿਤ ਹੈ ਜਿਵੇਂ ਕਿ ਸੋਵੀਅਤ ਸੰਘ ਅਤੇ ਪੂਰਬੀ ਯੂਰਪ। ਇਹ ਕੋਈ ਬਹੁਤਾ ਵੱਡਾ ਦਾਅਵਾ ਨਹੀਂ ਹੋਵੇਗਾ ਜੇ ਅਸੀਂ ਇਹ ਕਹੀਏ ਕਿ ਬਹੁਤੇ ਲੋਕਾਂ ਵਿੱਚ ਭਾਵੇਂ ਉਹ ਮਜ਼ਦੂਰ ਲਹਿਰਾਂ ਦਾ ਹਿੱਸਾ ਹੀ ਕਿਉਂ ਨਾ ਹੋਣ ਮਈ ਦਿਵਸ ਦਾ ਸ਼ਬਦ ਭਵਿੱਖ ਦਿਖਾਉਣ ਦੀ ਬਜਾਏ ਅਤੀਤ ਦੀ ਯਾਦ ਦਿਵਾਉਂਦਾ ਹੈ। ਜਿਸ ਸਮਾਜ ਵਿੱਚ ਮਈ ਦਿਵਸ ਦਾ ਜਨਮ ਹੋਇਆ ਉਹ ਬਦਲ ਚੁੱਕਾ ਹੈ। ਉਹ ਛੋਟੇ ਪ੍ਰੋਲੇਤਾਰੀ ਪੇਂਡੂ ਕਮਿਊਨ, ਜਿਨ੍ਹਾਂ ਨੂੰ ਪੁਰਾਣੇ ਇਤਾਲਵੀ ਚੇਤੇ ਕਰਦੇ ਹਨ ਅੱਜ ਕਿੰਨੇ ਕੁ ਜ਼ਰੂਰੀ ਹਨ? “ਅਸੀਂ ਪਿੰਡ ਦੇ ਦੁਆਲੇ ਮਾਰਚ ਕੱਢਦੇ ਅਤੇ ਫਿਰ ਉੱਥੇ ਸਾਂਝਾ ਭੋਜਨ ਹੁੰਦਾ ਉੱਥੇ ਸਾਰੇ ਪਾਰਟੀ ਮੈਂਬਰ ਹੁੰਦੇ ਅਤੇ ਕੋਈ ਵੀ ਹੋਰ ਜੋ ਉਥੇ ਆਉਣਾ ਚਾਹੁੰਦਾ।”

ਇਹ ਸਨਅਤੀਕ੍ਰਿਤ ਦੁਨੀਆਂ ਵਿੱਚ ਉਨ੍ਹਾਂ ਨੂੰ ਕੀ ਹੋਇਆ ਹੈ ਜੋ 1980 ਵਿਆਂ ਵਿੱਚ ਆਪਣੇ ਆਪ ਨੂੰ ਇੰਟਰਨੈਸ਼ਨਲ ਦੀਆਂ ਇਨ੍ਹਾਂ ਸਤਰਾਂ ਵਿੱਚ ਪਛਾਣਦੇ ਸਨ “ਉੱਠੋ ਵੇ ਕਿਰਤੀਓ ਡੂੰਘੀਆਂ ਨੀਂਦਾਂ ‘ਚੋਂ”। ਜਿਵੇਂ ਇੱਕ ਬਜ਼ੁਰਗ ਇਤਾਲਵੀ ਔਰਤ ਨੇ 1980 ਵਿੱਚ 1920 ਦੇ ਮਈ ਦਿਵਸ ਨੂੰ ਯਾਦ ਕਰਦਿਆਂ ਕਿਹਾ ਸੀ ‘ਮੈਂ ਇੱਕ ਬਾਰਾਂ ਸਾਲਾ ਹੌਜ਼ਰੀ ਮਜ਼ਦੂਰ ਵਜੋਂ ਝੰਡਾ ਚੁੱਕਿਆ ਸੀ, ਜਦ ਮੈਂ ਨਵੀਂ ਨਵੀਂ ਮਿਲ ਜਾਣ ਲੱਗੀ ਸਾਂ।’ “ਅੱਜ ਕੱਲ੍ਹ ਕੰਮ ਤੇ ਜਾਣ ਵਾਲੇ ਸਭ ਲੋਕ ਵੱਡੇ ਸਾਹਬ ਬਣ ਗਏ ਹਨ, ਉਹ ਜੋ ਵੀ ਮੰਗਦੇ ਹਨ ਉਨ੍ਹਾਂ ਨੂੰ ਉਹ ਮਿਲ ਜਾਂਦਾ ਹੈ।”  ਭਵਿੱਖ ਵਿੱਚ ਵਿਸ਼ਵਾਸ ਰੱਖਣ ਵਾਲੇ, ਦਲੀਲ ਅਤੇ ਵਿਕਾਸ ਦੀ ਗਤੀ ਦੀ ਗੱਲ ਕਰਨ ਵਾਲੇ ਉਨ੍ਹਾਂ ਮਈ ਦਿਵਸ ਉੱਤੇ ਛਪਣ ਵਾਲੇ ਪਰਚਿਆਂ ਦੇ ਹੌਂਸਲੇ ਨੂੰ ਕੀ ਹੋਇਆ? “ਸਿੱਖਿਅਤ ਹੋਵੋ! ਸਕੂਲ ਅਤੇ ਕੋਰਸ, ਕਿਤਾਬਾਂ ਤੇ ਅਖ਼ਬਾਰ ਸਾਡੀ ਆਜ਼ਾਦੀ ਦੇ ਸੰਦ ਹਨ! ਵਿਗਿਆਨ ਅਤੇ ਕਲਾ ਦੇ ਚਸ਼ਮੇ ਚੋਂ ਚੂਲਾ ਲਵੋ: ਤੁਸੀਂ ਇਨਸਾਫ਼ ਲਿਆਉਣ ਲਈ ਤਕੜੇ ਹੋਵੋਗੇ।” ਇਸ ਹਰੀ ਅਤੇ ਸੁਹਾਵਣੀ ਧਰਤੀ ਤੇ ਯੇਰੂਸਲਮ ਬਣਾਉਣ ਦੇ ਸਾਂਝੇ ਸੁਪਨੇ ਨੂੰ ਕੀ ਹੋਇਆ?

ਅਤੇ ਫਿਰ ਵੀ, ਜੇ ਮਈ ਦਿਵਸ ਇੱਕ ਛੁੱਟੀ ਨਾਲੋਂ ਵੱਧ ਕੇ ਹੋਰ ਕੁੱਝ ਨਹੀਂ ਹੈ, ਤਾਂ ਇੱਕ ਦਿਨ – ਮੈਂ ਇੱਕ ਫਰਾਂਸੀਸੀ ਇਸ਼ਤਿਹਾਰ ਦਾ ਹਵਾਲਾ ਦੇ ਰਿਹਾ ਹਾਂ – ਜਦੋਂ ਕਿਸੇ ਨੂੰ ਖ਼ਾਸ ਧੀਰਜ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਸਨੂੰ ਕੰਮ ਨਹੀਂ ਕਰਨਾ ਪੈਂਦਾ, ਤਾਂ ਇਹ ਵਿਸ਼ੇਸ਼ ਕਿਸਮ ਦੀ ਹੀ ਛੁੱਟੀ ਹੁੰਦੀ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਹੁਣ ਕੈਲੰਡਰਾਂ ਤੋਂ ਬਾਹਰ ਦੀ ਛੁੱਟੀ ਨਹੀਂ ਰਹੀ, ਕਿਉਂਕਿ ਇਸਨੂੰ ਯੂਰਪ ਦੇ ਸਾਰੇ ਕੈਲੰਡਰਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਦਰਅਸਲ ਇਹ ਦਿਨ, 25 ਦਸੰਬਰ ਅਤੇ 1 ਜਨਵਰੀ ਨੂੰ ਛੱਡ ਕੇ, ਹੋਰਨਾਂ ਧਾਰਮਿਕ ਦਿਹਾੜਿਆਂ ਨੂੰ ਪਛਾੜ ਕੇ ਕਿਤੇ ਜ਼ਿਆਦਾ ਸਰਵ-ਵਿਆਪਕ ਰੂਪ ਵਿੱਚ ਕੰਮ ਤੋਂ ਛੁੱਟੀ ਦੇ ਦਿਨ ਵਜੋਂ ਪ੍ਰਵਾਨ ਹੈ। ਪਰ ਇਹ ਹੇਠੋਂ ਆਇਆ ਹੈ। ਇਸਨੂੰ ਅਗਿਆਤ ਮਜ਼ਦੂਰਾਂ ਨੇ ਰੂਪ ਦਿੱਤਾ ਹੈ ਜਿਹਨਾਂ ਨੇ ਇਸ ਰਾਹੀਂ ਕਿੱਤੇ, ਭਾਸ਼ਾ, ਇੱਥੋਂ ਤੱਕ ਕਿ ਕੌਮੀਅਤ ਦੇ ਬਤੌਰ, ਸਾਲ ਵਿੱਚ ਇੱਕ ਦਿਨ ਜਾਣਬੁੱਝ ਕੇ ਕੰਮ ਨਾ ਕਰਦਿਆਂ: ਕਿਰਤ ਕਰਨ ਦੇ ਨੈਤਿਕ, ਰਾਜਨੀਤਕ ਅਤੇ ਆਰਥਿਕ ਦਬਾਅ ਦੀ ਉਲੰਘਣਾ ਕਰਕੇ, ਆਪਣੇ ਆਪ ਦੀ ਇੱਕ ਜਮਾਤ ਵਜੋਂ ਪਹਿਚਾਣ ਕੀਤੀ। ਜਿਵੇਂ ਵਿਕਟਰ ਐਡਲਰ ਨੇ 1893 ਵਿੱਚ ਕਿਹਾ: “ਇਹ ਮਈ ਦਿਵਸ ਦੀ ਕੰਮ ਤੋਂ ਛੁੱਟੀ ਦੀ ਭਾਵਨਾ ਹੀ ਹੈ, ਜਿਸ ਤੋਂ ਸਾਡੇ ਵਿਰੋਧੀ ਡਰਦੇ ਹਨ। ਇਹ ਉਹ ਹੈ ਜਿਸਨੂੰ ਉਹ ਇਨਕਲਾਬੀ ਮਹਿਸੂਸ ਕਰਦੇ ਹਨ।”

ਇਤਿਹਾਸਕਾਰ ਕਈ ਕਾਰਨਾਂ ਕਰਕੇ ਇਸ ਮੌਕੇ ਵਿੱਚ ਦਿਲਚਸਪੀ ਰੱਖਦਾ ਹੈ। ਇਹ ਇੱਕ ਤਰੀਕੇ ਨਾਲ ਮਹੱਤਵਪੂਰਨ ਹੈ ਕਿਉਂਕਿ ਇਸਨੇ ਕਿਰਤੀ ਲਹਿਰਾਂ ਵਿੱਚ ਮਾਰਕਸ ਦੇ ਪ੍ਰਭਾਵਸ਼ਾਲੀ ਹੋਣ ਦੇ ਕਾਰਨ ਸਮਝਾਉਣ ਵਿੱਚ ਸਹਾਇਤਾ ਕੀਤੀ ਕਿ ਲਹਿਰਾਂ ਵਿੱਚਲੇ ਮਰਦ ਅਤੇ ਔਰਤਾਂ, ਜਿਹਨਾਂ ਨੇ ਪਹਿਲਾਂ ਕਦੇ ਮਾਰਕਸ ਬਾਰੇ ਸੁਣਿਆ ਨਹੀਂ ਸੀ ਪਰ ਆਪਣੇ ਆਪ ਨੂੰ ਜਮਾਤੀ ਤੌਰ ‘ਤੇ ਚੇਤਨ ਕਰਨ ਅਤੇ ਜਥੇਬੰਦ ਹੋਣ ਦੇ ਮਾਰਕਸ ਦੇ ਸੱਦੇ ਨੂੰ ਮਾਨਤਾ ਦਿੱਤੀ। ਇੱਕ ਹੋਰ ਤਰੀਕੇ ਨਾਲ ਇਹ ਮਹੱਤਵਪੂਰਨ ਹੈ ਕਿਉਂਕਿ ਇਹ ਜ਼ਮੀਨੀ ਵਿਚਾਰ ਅਤੇ ਭਾਵਨਾ ਦੀ ਇਤਿਹਾਸਕ ਸ਼ਕਤੀ ਨੂੰ ਜ਼ਾਹਰ ਕਰਦਾ ਹੈ, ਅਤੇ ਇਸ ਉੱਪਰ ਚਾਨਣਾ ਪਾਉਂਦਾ ਹੈ ਕਿ ਕਿਸ ਤਰੀਕੇ ਨਾਲ ਵਿਅਕਤੀਗਤ ਤੌਰ ‘ਤੇ ਅਸਮਰੱਥ, ਸ਼ਕਤੀਹੀਣ ਅਤੇ ਅਣਗੌਲੇ ਜਾਂਦੇ ਮਰਦ ਅਤੇ ਔਰਤਾਂ ਫਿਰ ਵੀ ਇਤਿਹਾਸ ‘ਤੇ ਆਪਣੀ ਛਾਪ ਛੱਡ ਸਕਦੇ ਹਨ।

ਪਰ ਇਹ ਸਾਡੇ ਸਭ ਦੇ ਉੱਪਰ, ਇਤਿਹਾਸਕਾਰ ਹੋਈਏ ਜਾਂ ਨਾ, ਇਹ ਬਹੁਤ ਗਹਿਰੇ ਪ੍ਰਭਾਵ ਵਾਲਾ ਸਮਾਂ ਹੈ ਕਿਉਂਕਿ ਇਹ ਦਰਸਾਉਂਦਾ ਹੈ, ਜਿਸਨੂੰ ਜਰਮਨ ਦਾਰਸ਼ਨਿਕ ਅਰਨਸਟ ਬਲੌਚ “ਉਮੀਦ ਦਾ ਸੰਕਲਪ: ਇੱਕ ਬਿਹਤਰ ਸੰਸਾਰ ਵਿੱਚ ਬਿਹਤਰ ਭਵਿੱਖ ਦੀ ਉਮੀਦ” (ਜਿਸਨੂੰ ਉਸਨੇ ਦੋ ਵੱਡੇ ਖੰਡਾਂ ਵਿੱਚ ਪੇਸ਼ ਕੀਤਾ ਸੀ) ਆਖਦੇ ਹਨ। ਜੇਕਰ 1990 ਵਿੱਚ ਕੋਈ ਹੋਰ ਇਸਨੂੰ ਯਾਦ ਨਹੀਂ ਕਰਦਾ ਤਾਂ ਇਤਿਹਾਸਕਾਰਾਂ ਲਈ ਤਾਂ ਇਹ ਲਾਜ਼ਮੀ ਸੀ।

2012 ਵਿੱਚ ਆਪਣੀ ਮੌਤ ਤੋਂ ਕੁੱਝ ਸਮਾਂ ਪਹਿਲਾਂ ਏਰਿਕ ਹੌਬਸਬਾਮ ਲੈਕਚਰ ਦਿੰਦੇ ਹੋਏ

ਤਰਜ਼ਮਾ : ਅਦਾਰਾ ਪੰਜ ਤੀਰ ਵੱਲੋਂ

Leave a Reply

Your email address will not be published. Required fields are marked *

Social profiles