“ਲੋਕ ਮੇਰਾ ਕੰਮ ਦੇਖਣਾ ਪਸੰਦ ਕਰਦੇ ਹਨ, ਮੇਰਾ ਚਿਹਰਾ ਨਹੀਂ” : ਅਜੋਕੇ ਸਿਨੇਮਾ ਵਿੱਚ ਆਮ ਆਦਮੀ ਦਾ ਬਿੰਬ ਇਰਫਾਨ ਖ਼ਾਨ ਨਹੀਂ ਰਿਹਾ

Read Time:10 Minute, 53 Second

ਬੀਹੜ ਮੇਂ ਬਾਗ਼ੀ ਹੋਤੇ ਹੈ,

ਡਕੈਤ ਮਿਲਤੇ ਹੈ ਪਾਰਲੀਮੈਂਟ ਮੇਂ ।। “

ਆਪਣੇ ਇਹਨਾਂ ਸ਼ਬਦਾਂ ਨਾਲ ਇਰਫਾਨ ਖ਼ਾਨ ਨੇ ਬਾਗ਼ੀ ਸ਼ਬਦ ਦੇ ਸਹੀ ਮਾਇਨੇ ਸਥਾਪਿਤ ਕਰ ਦਿੱਤੇ ਸਨ। ਥੋੜੇ ਬਜਟ ‘ਚ ਬਣੀ ਪਾਨ ਸਿੰਘ ਤੋਮਰ ਨੇ ਦਰਸ਼ਕਾਂ ਦੇ ਦਿਲਾਂ ਤੇ ਰਾਜ਼ ਕੀਤਾ ਅਤੇ ਇਰਫਾਨ ਨੂੰ ਵੱਡੇ ਅਦਾਕਾਰਾਂ ਦੀ ਸੂਚੀ ਵਿੱਚ ਖੜ੍ਹਾ ਕਰ ਦਿੱਤਾ। ਇਰਫਾਨ ਆਪਣੀ ਅਦਾਕਾਰੀ ਦੇ ਦਮ ਤੇ ਦਰਸ਼ਕਾਂ, ਆਲੋਚਕਾਂ ਆਦਿ ਸਭਨਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਹਰਮਨ ਪਿਆਰੇ ਅਦਾਕਾਰ ਸਨ। ਉਨ੍ਹਾਂ ਨੇ 50 ਦੇ ਕਰੀਬ  ਹਿੰਦੀ, ਬਰਤਾਨਵੀ ਅਤੇ ਅਮਰੀਕੀ ਫ਼ਿਲਮਾਂ ਵਿੱਚ ਕੰਮ ਕੀਤਾ। ਮੁੱਖ ਧਾਰਾ ਦੇ ਸਿਨੇਮਾ ਵਿੱਚ ਇੱਕ ਸਥਾਪਤ ਅਦਾਕਾਰ ਵਜੋਂ ਨਾਮ ਕਮਾਉਣ ਮਗਰੋਂ ਵੀ ਉਹ ਸਮਾਜਿਕ, ਯਥਾਰਥਵਾਦੀ ਅਤੇ ਘੱਟ ਬਜਟ ਦੀਆਂ ਫਿਲਮਾਂ ਵਿੱਚ ਕੰਮ ਕਰਦੇ ਰਹੇ।

‘ਹੈਦਰ’ ਵਿੱਚ ਰੂਹਦਾਰ ਦੇ ਰੂਪ ਵਿੱਚ

ਅਦਾਕਾਰੀ ਦੀ ਸ਼ੁਰੂਆਤ ਉਨ੍ਹਾਂ ਨੇ ਰੰਗਮੰਚ ਤੋਂ ਕੀਤੀ ਜਿੱਥੋਂ ਉਨ੍ਹਾਂ ਨੂੰ ਇਸ ਸਬੰਧੀ ਕਈ ਗੁਰ ਸਿੱਖਣ ਨੂੰ ਮਿਲੇ ਅਤੇ ਜਿਸਦਾ ਅਸਰ ਤਾ-ਉਮਰ ਉਨ੍ਹਾਂ ਦੀਆਂ ਫਿਲਮਾਂ ਵਿੱਚ ਦਿਸਦਾ ਹੈ। 1967 ਵਿੱਚ ਜੈਪੁਰ ਦੇ ਨੇੜੇ ਟੋਂਕ ਦੇ ਇੱਕ ਪਿੰਡ ਵਿੱਚ ਜਨਮੇ ਇਰਫਾਨ ਇੱਕ ਬਹੁਪੱਖੀ ਕਲਾਕਾਰ ਸਨ। ਇਰਫਾਨ ਦੇ ਮਾਮਾ ਜੀ ਡਾ. ਸਾਜਿਦ ਨਿਸਾਰ ਜੋਧਪੁਰ ਦੇ  ਉੱਘੇ ਰੰਗਕਰਮੀ ਹਨ। ਉਨ੍ਹਾਂ ਨੂੰ ਅਦਾਕਾਰੀ ਦੀ ਗੁੜ੍ਹਤੀ ਇਨ੍ਹਾਂ ਤੋਂ ਹੀ ਮਿਲੀ। ਸਾਜਿਦ ਦੱਸਦੇ ਹਨ ਕਿ ਦਸ ਸਾਲ ਦੀ ਉਮਰ ਵਿੱਚ ਹੀ ਜਦ ਇੱਕ ਵਾਰ ਇਰਫਾਨ ਨੇ ਇਨ੍ਹਾਂ ਦਾ ਨਾਟਕ ਵੇਖਿਆ ਤਾਂ ਉਹ ਹੈਰਾਨ ਹੋ ਗਏ। ਨਾਟਕ ਖ਼ਤਮ ਹੁੰਦੇ ਸਾਰ ਹੀ ਉਨ੍ਹਾਂ ਨੇ ਮਾਮੇ ਤੋਂ ਪੁੱਛਿਆ ਤੁਸੀਂ ਇਹ ਸਭ ਕਿਵੇਂ ਕਰ ਲੈਂਦੇ ਹੋ? ਮੰਚ ਤੇ ਲੋਕਾਂ ਦੇ ਸਾਹਮਣੇ ਘਬਰਾਹਟ ਨਹੀਂ ਹੁੰਦੀ? ਜਦ ਘਬਰਾਹਟ ਹੁੰਦੀ ਹੈ ਤਾਂ ਉਸ ਤੇ ਕਾਬੂ ਕਿਵੇਂ ਪਾਉਂਦੇ ਹੋ? ਸਾਜਿਦ ਹੁਰਾਂ ਨੇ ਇਰਫਾਨ ਦੀ ਮੁਲਾਕਾਤ ਜੈਪੁਰ ਦੇ ਮਸ਼ਹੂਰ ਰੰਗਕਰਮੀ ਲਾਇਕ ਅਹਿਮਦ ਨਾਲ ਕਰਵਾਈ ਜਿਨ੍ਹਾਂ ਤੋਂ ਉਹ ਮੁੱਢਲੇ ਦਿਨਾਂ ਵਿੱਚ ਕਾਫੀ ਕੁੱਝ ਸਿੱਖਦੇ ਰਹੇ। ਉਹ ਜੈਪੁਰ ਦੇ ਵਿਸ਼ਵ ਪ੍ਰਸਿੱਧ ਰੰਗਮੰਚ ਰਵਿੰਦਰ ਸਦਨ  ਵਿੱਚ ਕੰਮ ਕਰਦੇ ਰਹੇ।

ਪਾਨ ਸਿੰਘ ਤੋਮਰ ਦਾ ਕਿਰਦਾਰ ਨਿਭਾਉਂਦਿਆ

ਉਹ ਕ੍ਰਿਕਟ ਦੇ ਇੱਕ ਨਿਪੁੰਨ ਖਿਡਾਰੀ ਸਨ ਅਤੇ ਕ੍ਰਿਕਟ ਦੇ ਵੱਕਾਰੀ ਟੂਰਨਾਮੈਂਟ ਸੀ ਕੇ ਨਾਇਡੂ ਟੂਰਨਾਮੈਂਟ ਵਿੱਚ ਵੀ ਚੁਣੇ ਗਏ ਸਨ। ਜੈਪੁਰ ਵਿੱਚ ਐਮ. ਏ ਤੱਕ ਦੀ ਪੜ੍ਹਾਈ ਕਰਨ ਮਗਰੋਂ ਉਹ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ ਵਿੱਚ 1984 ਵਿੱਚ ਆਏ। ਇੱਥੇ ਉਨ੍ਹਾਂ ਨੂੰ ਆਪਣੇ ਫਨ ਨੂੰ ਤਰਾਸ਼ਣ ਦਾ ਮੌਕਾ ਮਿਲਿਆ। ਨੈਸ਼ਨਲ ਸਕੂਲ ਆਫ ਡਰਾਮਾ ਵਿੱਚੋਂ ਵੱਡੇ ਪਰਦੇ ਤੇ ਸਥਾਪਤ ਹੋਣ ਵਾਲੇ ਕਲਾਕਾਰਾਂ ਦੇ ਆਖ਼ਰੀ ਪੂਰ ਵਿੱਚੋਂ ਇੱਕ ਸਨ।

ਫ਼ਿਲਮ ਨਗਰੀ ਮੁੰਬਈ ਆਉਣ ਮਗਰੋਂ ਉਹ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕਰਦੇ ਰਹੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਦੂਰਦਰਸ਼ਨ ਦੇ  “ਸ਼੍ਰੀਕਾਂਤ” ਨਾਟਕ ਵਿੱਚ ਕੰਮ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਫਾਰੂਕ ਸ਼ੇਖ ਵਰਗੇ ਹੰਢੇ ਹੋਏ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। “ਭਾਰਤ ਏਕ ਖੋਜ”, “ਕਹਿਕਸ਼ਾਂ”,  “ਚਾਣੱਕਿਆ”, “ਚੰਦਰਕਾਂਤਾ” ਆਦਿ ਵਰਗੇ ਨਾਟਕਾਂ ਵਿੱਚ ਉਹ ਕੰਮ ਕਰਦੇ ਰਹੇ। ਅਲੀ ਸਰਦਾਰ ਜਾਫ਼ਰੀ ਵੱਲੋਂ ਉਰਦੂ ਕਵੀਆਂ ਦੀ ਜ਼ਿੰਦਗੀ ਉੱਪਰ ਆਧਾਰਿਤ ਬਣਾਏ ਨਾਟਕ ਕਹਿਕਸ਼ਾਂ ਵਿੱਚ ਮਸ਼ਹੂਰ ਇਨਕਲਾਬੀ ਕਵੀ ਮਖ਼ਦੂਮ ਮੋਹੀਉੱਦੀਨ ਦਾ ਕਿਰਦਾਰ ਨਿਭਾਉਣ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋਈ। ਰੂਸੀ ਲੇਖਕ ਮਿਖਾਇਲ ਸ਼ਾਤਰੋਵ ਦੇ ਨਾਟਕ ਤੇ ਆਧਾਰਾਤ ਦੂਰਦਰਸ਼ਨ ਵੱਲੋਂ ਬਣਾਏ ਨਾਟਕ “ਲਾਲ ਘਾਸ ਪਰ ਨੀਲੇ ਘੋੜੇ” ਵਿੱਚ ਉਨ੍ਹਾਂ ਨੇ ਲੈਨਿਨ ਦਾ ਕਿਰਦਾਰ ਨਿਭਾਇਆ।

‘ਲੰਚਬਾਕਸ’ ਦਾ ਇੱਕ ਦ੍ਰਿਸ਼

ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਉਨ੍ਹਾਂ ਨੇ ਆਸਕਰ ਸਨਮਾਨ ਲਈ ਚੁਣੇ ਜਾਣ ਵਾਲੀ ਮੀਰਾ ਨਾਇਰ ਦੀ ਫ਼ਿਲਮ “ਸਲਾਮ ਬੰਬੇ” ਤੋਂ ਕੀਤੀ। ਇਸ ਉਪਰੰਤ ਭਾਵੇਂ ਉਹ ਕੁਝ ਸਮੇਂ ਲਈ ਮੁੱਖ ਧਾਰਾ ਦੀਆਂ ਫਿਲਮਾਂ ਵਿੱਚ ਨਾ ਦਿਸੇ ਪਰ ਉਨ੍ਹਾਂ ਨੇ ਘੱਟ ਬਜਟ ਦੀਆਂ ਫਿਲਮਾਂ ਵਿੱਚ ਕੰਮ ਕਰਕੇ ਆਲੋਚਕਾਂ, ਦਰਸ਼ਕਾਂ ਅਤੇ ਹੋਰਨਾਂ ਤੋਂ ਖੂਬ ਵਾਹ ਵਾਹੀ ਖੱਟੀ। ਮਸ਼ਹੂਰ ਬੰਗਾਲੀ ਨਿਰਦੇਸ਼ਕ ਤਪਨ ਸਿਨਹਾ ਦੀ ਫ਼ਿਲਮ “ਏਕ ਡਾਕਟਰ ਕੀ ਮੌਤ” ਵਿੱਚ ਨਿਭਾਏ ਗਏ ਪੱਤਰਕਾਰ ਦੇ ਕਿਰਦਾਰ ਲਈ, ਜੋ ਪਹਿਲਾਂ ਅਣਗੌਲੀ ਰਹੀ, ਬਾਅਦ ਵਿੱਚ ਉਨ੍ਹਾਂ ਦੀ ਖੂਬ ਤਾਰੀਫ ਹੋਈ। ਸਆਦਤ ਹਸਨ ਮੰਟੋ ਦੀ ਕਹਾਣੀ ਤੇ ਅਧਾਰਿਤ ਬਣੀ ਫਿਲਮ “ਕਾਲੀ ਸਲਵਾਰ” ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ। ਉਨ੍ਹਾਂ ਨੇ 2013 ਵਿੱਚ ਬਣੀ ਪੰਜਾਬੀ ਫਿਲਮ “ਕਿੱਸਾ” ਵਿੱਚ ਕੰਮ ਕੀਤਾ ਜਿਸ ਦੇ ਨਿਰਦੇਸ਼ਕ ਅਨੂਪ ਸਿੰਘ ਨੇ ਇਰਫਾਨ ਦੀ ਤੁਲਨਾ ਬਲਰਾਜ ਸਾਹਨੀ ਨਾਲ ਕੀਤੀ। ਸ਼ੇਕਸਪੀਅਰ ਦੇ ਨਾਟਕ ਮੈਕਬੇਥ ਤੇ ਆਧਾਰਤ ਬਣੀ ਫਿਲਮ “ਮਕਬੂਲ” ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ।

ਕਿਸੇ ਆਲੋਚਕ ਨੇ ਕਦੀ ਕਿਹਾ ਕਿ “ਇਰਫਾਨ ਦੀਆਂ ਅੱਖਾਂ ਉਸ ਦੇ ਸ਼ਬਦਾਂ ਨਾਲੋਂ ਉੱਚੀ ਬੋਲਦੀਆਂ ਹਨ”। ਅੱਠ ਆਸਕਰ ਐਵਾਰਡ ਜਿੱਤਣ ਵਾਲੀ ਫਿਲਮ ਸਲੱਮਡਾਗ ਮਿਲੀਅਨੇਅਰ ਵਿਚ ਕੰਮ ਕਰਨ ਲਈ ਨਿਰਦੇਸ਼ਕ ਡੈਨੀ ਬੋਇਲ ਨੇ ਉਨ੍ਹਾਂ ਦੀ ਤਾਰੀਫ ਕੀਤੀ। ਅੰਤਰਰਾਸ਼ਟਰੀ ਦੌੜਾਕ ਤੋਂ ਡਾਕੂ ਬਣੇ ਪਾਨ ਸਿੰਘ ਤੋਮਰ ਦੀ ਜ਼ਿੰਦਗੀ ਤੇ ਬਣੀ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਉਨ੍ਹਾਂ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਨਿਵਾਜਿਆ ਗਿਆ।

“ਦ ਅਮੇਜ਼ਿੰਗ ਸਪਾਈਡਰਮੈਨ” ਅਤੇ “ਲਾਈਫ ਆਫ ਪਾਈ” ਵਰਗੀਆਂ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਉਨ੍ਹਾਂ ਨੇ ਕੰਮ ਕੀਤਾ। ਵਿਸ਼ਵ ਪ੍ਰਸਿੱਧ ਕਾਨਜ਼ ਫ਼ਿਲਮ ਫੈਸਟੀਵਲ ਵਿੱਚ ਇਨਾਮ ਜਿੱਤਣ ਵਾਲੀ ਉਨ੍ਹਾਂ ਦੀ ਫ਼ਿਲਮ “ਦ ਲੰਚ ਬਾਕਸ” ਹਰ ਪੀੜ੍ਹੀ ਦੇ ਦਰਸ਼ਕਾਂ ਵਿੱਚ ਹਰਮਨ ਪਿਆਰੀ ਹੋਈ। ਕਸ਼ਮੀਰ ਤੇ ਬਣੀ ਹਿੰਦੀ ਫਿਲਮ ਹੈਦਰ ਵਿਚ ਉਨ੍ਹਾਂ ਨੇ ਮਹੱਤਵਪੂਰਨ ਕਿਰਦਾਰ ਨਿਭਾਇਆ।

ਜਦ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਕਿ ਕ੍ਰਿਸਟੋਫਰ ਨੋਲਨ ਦੀ ਫਿਲਮ “ਇੰਟਰਸਟੈਲਰ” ਵਿੱਚ ਕੰਮ ਕਰਨ ਤੋਂ ਇਨਕਾਰ ਕਿਉਂ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ “ਇਹ ਕਹਿਣਾ ਵਾਜਿਬ ਨਹੀਂ ਹੋਏਗਾ ਕਿ ਮੈਂ ਇਨ੍ਹਾਂ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਹਰ ਅਦਾਕਾਰ ਕੋਲ ਕੁੱਝ ਵਿਕਲਪ ਹੁੰਦੇ ਹਨ ਅਤੇ ਇੱਕ ਸ਼ਡਿਊਲ ਜਿਸਨੂੰ ਦੇਖਦਿਆਂ ਹੀ ਕੁੱਝ ਕਰਨਾ ਹੁੰਦਾ ਹੈ। ਜਦ ਮੈਂ ਇੱਥੇ ਕਿਸੇ ਨਾਲ ਇਕਰਾਰ ਕੀਤਾ ਹੁੰਦਾ ਹੈ ਤਾਂ ਉਸ ਵਕਤ ਹਾਲੀਵੁੱਡ ਵਿੱਚ ਕਿਸੇ ਕੰਮ ਲਈ ਹਾਂ ਕਰਨੀ ਮੁਸ਼ਕਿਲ ਹੁੰਦੀ ਹੈ।”

ਉਹ ਵੱਖ-ਵੱਖ ਪਾਤਰਾਂ ਨੂੰ ਬਹੁਤ ਡੂੰਘਾਈ ਨਾਲ ਸਮਝਦੇ ਸਨ ਅਤੇ ਫਿਰ ਉਸ ਉੱਪਰ ਕੰਮ ਕਰਦੇ। ਇੱਕ ਵਾਰ ਉਨ੍ਹਾਂ ਕਿਹਾ “ਇਹ ਨੈਸ਼ਨਲ ਸਕੂਲ ਆੱਫ ਡਰਾਮਾ ਵਿੱਚੋਂ ਮਿਲੀ ਸਿਖਲਾਈ ਅਤੇ ਮੇਰੀ ਜ਼ਿੰਦਗੀ ਭਰ ਦੇ ਅਨੁਭਵਾਂ ਦਾ ਸੁਮੇਲ ਹੈ। ਤੁਸੀਂ ਕਿਵੇਂ ਵੱਖ-ਵੱਖ ਚੀਜ਼ਾਂ ਨੂੰ ਵੇਖਦੇ ਹੋ, ਕਿਸ ਵਿੱਚੋਂ ਗੁਜ਼ਰਦੇ ਹੋ, ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਕਿਸ ਤਰ੍ਹਾਂ ਜਵਾਬ ਦਿੰਦੇ ਹੋ ਜੋ ਤੁਹਾਨੂੰ ਇੱਕ ਪਾਤਰ ਨੂੰ ਸਮਝਣ ਵਿੱਚ ਮਦਦ ਕਰਦੇ ਹਨ। ਸ਼ਾਹਰੁਖ ਖਾਨ ਵੱਲੋਂ ਨਿਭਾਏ ਗਏ ਕਿਸੇ ਕਿਰਦਾਰ ਅਤੇ ਮੇਰੇ ਵੱਲੋਂ ਨਿਭਾਏ ਕਿਸੇ ਕਿਰਦਾਰ ਵਿੱਚ ਬਹੁਤ ਫਰਕ ਹੋਵੇਗਾ ਕਿਉਂਕਿ ਅਸੀਂ ਕਿਸੇ ਕਿਰਦਾਰ ਨੂੰ ਬਿਲਕੁਲ ਵੱਖਰੇ ਨਜ਼ਰੀਏ ਤੋਂ ਵੇਖਦੇ ਹਾਂ।”

‘ਅੰਗ੍ਰੇਜ਼ੀ ਮੀਡੀਅਮ’ ਦਾ ਚੰਪਕ

“ਪੀਕੂ”, “ਹਿੰਦੀ ਮੀਡੀਅਮ”, “ਤਲਵਾਰ”,”ਮਦਾਰੀ”ਆਦਿ ਫਿਲਮਾਂ ਨੂੰ ਲੋਕ ਕਦੇ ਨਹੀਂ ਭੁਲਣਗੇ। ਸਾਲ 2018 ਵਿੱਚ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਜਿਸਦਾ ਇਲਾਜ ਉਹ ਲੰਡਨ ਵਿੱਚ ਕਰਵਾਉਂਦੇ ਰਹੇ। ਪਿਛਲੇ ਮਹੀਨੇ ਆਈ ਫਿਲਮ “ਅੰਗ੍ਰੇਜ਼ੀ ਮੀਡੀਅਮ” ਉਨ੍ਹਾਂ ਦੀ ਆਖਰੀ ਫਿਲਮ ਸੀ। ਉਹ 28 ਤਰੀਕ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਅੰਤੜੀਆਂ ਵਿੱਚ ਇਨਫੈਕਸ਼ਨ ਹੋਣ ਕਾਰਨ ਦਾਖਲ ਹੋਏ, ਜਿਸ ਉਪਰੰਤ 29 ਅਪਰੈਲ ਨੂੰ ਉਹ ਇਸ ਦੁਨੀਆਂ ਚੋਂ ਗੁਜ਼ਰ ਗਏ। ਉਨ੍ਹਾਂ ਮਗਰੋਂ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਸੁਤਾਪਾ ਸਿਕਦਾਰ ਜੋ ਲੇਖਕ ਨੇ ਅਤੇ ਦੋ ਬੇਟੇ ਬਾਬਿਲ ਅਤੇ ਆਯਾਨ ਹਨ। ਪਿਛਲੇ ਹਫਤੇ ਹੀ 95 ਸਾਲਾ ਉਨ੍ਹਾਂ ਦੇ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ ਸੀ ਅਤੇ ਲਾੱਕ ਡਾਊਨ ਕਾਰਨ ਉਹ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਾ ਹੋ ਸਕੇ।

ਭਾਰਤੀ ਸਿਨੇਮਾ ਦੇ ਸ਼ੁਰੂਆਤੀ ਦੌਰ ਤੋਂ ਹੀ 80ਵਿਆਂ ਤੱਕ ਮਜ਼ਦੂਰ, ਕਿਸਾਨ ਅਤੇ ਆਮ ਆਦਮੀ ਦੇ ਬਾਰੇ ਫਿਲਮਾਂ ਬਣਦੀਆਂ ਰਹੀਆਂ ਹਨ। “ਧਰਤੀ ਕੇ ਲਾਲ”, “ਦੋ ਬੀਘਾ ਜ਼ਮੀਨ”, ਦਲੀਪ ਕੁਮਾਰ ਦੀ “ਮਜ਼ਦੂਰ” ਅਤੇ ਅਮਿਤਾਭ ਬਚਨ ਦੀ “ਕੁਲੀ” ਵਰਗੀਆਂ ਫਿਲਮਾਂ ਵਿੱਚ ਆਮ ਅਤੇ ਗਰੀਬ ਲੋਕਾਂ ਨੂੰ ਫਿਲਮ ਦੇ ਕੇਂਦਰੀ ਪਾਤਰ ਵਜੋਂ ਦਿਖਦੇ ਰਹੇ। ਪਰ 21ਵੀਂ ਸਦੀ ਤੱਕ ਆਉਂਦਿਆਂ ਫਿਲਮਾਂ ਦਾ ਹੀਰੋ ਦਿੱਲੀ, ਬੰਬਈ ਦੇ ਰਈਸ ਪਰਿਵਾਰਾਂ ਜਾਂ ਰਾਜਸਥਾਨ ਰਾਜਪੂਤ ਘਰਾਣਿਆਂ ਦੇ ਪਾਤਰ ਬਣਨ ਲੱਗੇ। ਇਨ੍ਹਾਂ ਫਿਲਮਾਂ ਵਿੱਚ ਸਿਰਫ ਸੁਪਰ ਸਟਾਰਾਂ ਤੇ ਕੇਂਦਰਿਤ ਹੀ ਸਭ ਕੁੱਝ ਹੁੰਦਾ।

ਅਜਿਹੇ ਦੌਰ ਵਿੱਚ ਜਦ ਆਮ ਆਦਮੀ ਕਿਸੇ ਕੇਂਦਰੀ ਪਾਤਰ ਤਾਂ ਦੂਰ ਪੂਰੀ ਫਿਲਮ ਵਿੱਚ ਕਿਸੇ ਛੋਟੇ ਕਿਰਦਾਰ ਵਿੱਚ ਘੱਟ ਹੀ ਨਜ਼ਰ ਆਉਂਦਾ ਸੀ, ਇਰਫਾਨ ਨੇ “ਪਾਨ ਸਿੰਘ ਤੋਮਰ” ਅਤੇ “ਦ ਲੰਚ ਬਾੱਕਸ” ਵਰਗੀਆਂ  ਫਿਲਮਾਂ ਬਣਾ ਕੇ ਆਮ ਆਦਮੀ ਨੂੰ ਕੇਂਦਰੀ ਪਾਤਰ ਵਜੋਂ ਪੇਸ਼ ਕਰ ਮੁੜ ਸੁਰਜੀਤ ਕੀਤਾ।

ਇਰਫਾਨ ਆਪਣੀ ਦਿੱਖ, ਹਾਵ-ਭਾਵ, ਉਨ੍ਹਾਂ ਵਰਗੀ ਹੀ ਭਾਸ਼ਾ ਕਾਰਨ ਲੋਕਾਂ ਦੇ ਦਿਲਾਂ ਅੰਦਰ ਸਦਾ-ਸਦਾ ਲਈ ਘਰ ਕਰ ਗਿਆ। ਉਨ੍ਹਾਂ ਦਾ ਅਜਿਹੇ ਸਮੇਂ ਤੁਰ ਜਾਣਾ ਅਸਹਿ ਅਤੇ ਅਕਹਿ ਹੈ। ਉਨ੍ਹਾਂ ਵਰਗੇ ਕਲਾਕਾਰਾਂ ਦੀ ਹਮੇਸ਼ਾ ਲੋੜ ਰਹੇਗੀ ਜਿਨ੍ਹਾਂ ਆਪਣੀ ਅਦਾਕਾਰੀ ਤੇ ਸਿਰਫ ਅਦਾਕਾਰੀ ਦੇ ਬਜਾਏ ਕਿਸੇ ਪਰਿਵਾਰਿਕ ਪਹੁੰਚ ਜਾਂ ਕਿਸੇ ਹੋਰ ਯਤਨਾਂ ਰਾਹੀਂ ਨਾਮਣਾ ਖੱਟਿਆ ਹੋਵੇ।

  • ਸ਼ੁਭਕਰਮਦੀਪ ਸਿੰਘ (82838-28222)

Leave a Reply

Your email address will not be published. Required fields are marked *

Social profiles