ਕੋਵਿਡ-19 ਮਹਾਂਮਾਰੀ ਨੇ ਭਾਰਤੀ ਸਮਾਜ ਵਿਚਲੀਆਂ ਤਰੇੜਾਂ ਤੋਂ ਪਰਦਾ ਚੁੱਕ ਦਿੱਤਾ ਹੈ – ਸ਼ਾਹਿਦ ਜਮੀਲ

Read Time:15 Minute, 18 Second

ਨੋਟ : ਲੇਖ ਵਿਚਲੀਆਂ ਕੁੱਝ ਸਿਆਸੀ ਪੋਜੀਸ਼ਨਾਂ ਨਾਲ ਅਦਾਰਾ ਪੰਜ ਤੀਰ ਸਹਿਮਤੀ ਨਹੀਂ ਰੱਖਦਾ ਹੈ।

(ਲੇਖਕ ਅੰਤਰਰਾਸ਼ਟਰੀ ਜੈਨੇਟਿਕ ਇੰਜੀਨੀਅਰਿੰਗ ਅਤੇ ਬਾਇਓਤਕਨਾਲੋਜੀ ਕੇਂਦਰ ਵਿੱਚ ਵਾਈਰੋਲੋਜੀ ਦਾ ਸਾਬਕਾ ਗਰੁੱਪ ਲੀਡਰ ਰਿਹਾ ਹੈ। ਇਸ ਸਮੇਂ ਉਹ ਵੈਲਕੱਮ ਟ੍ਰਸਟ/ਡੀ.ਬੀ.ਟੀ ਇੰਡੀਆ ਅਲਾਇੰਸ ਦਾ ਸੀਈਓ ਹੈ ਜੋ ਕਿ ਇੱਕ ਬਾਇਓ-ਮੈਡੀਕਲ ਖੇਤਰ ਵਿੱਚ ਰਿਸਰਚ ਦਾ ਚੈਰੀਟੇਬਲ ਅਦਾਰਾ ਹੈ।)

ਕਜੋੜੀ ਆਪਣੇ 400 ਕਿ. ਮੀ. ਲੰਬੇ ਪੈਂਡੇ ਉੱਪਰ

ਕਜੋੜੀ ਦੀ ਇਹ ਤਸਵੀਰ ਜ਼ਬਰਦਸਤ ਬਿੰਬ ਹੈ। ਇੱਕਲੀ ਕਾਇਆ, ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸ ਵੇਅ ‘ਤੇ ਪੱਸਰਿਆ ਵਿਸ਼ਾਲ ਖਾਲੀਪਨ, ਅਸਮਾਨ-ਛੂਹਦੀਆਂ ਇਮਾਰਤਾਂ ਦੇ ਧੱਬਿਆਂ ਨਾਲ ਭਰਿਆ ਦੁਮੇਲ। 24 ਮਾਰਚ ਨੂੰ ਦੇਸ਼ ਭਰ ‘ਚ ਐਲਾਨੇ ਲੌਕ-ਡਾਊਨ ਦਾ ਅਸਰ ਇਹ ਹੋਇਆ ਕਿ ਨੱਬਿਆਂ ਵਰ੍ਹਿਆਂ ਦੀ ਇਹ ਔਰਤ ਦਿੱਲੀ ਤੋਂ ਰਾਜਸਥਾਨ ਆਪਣੇ ਪਿੰਡ ਪਹੁੰਚਣ ਦੀ ਆਸ ਨਾਲ 400 ਕਿ.ਮੀ ਦਾ ਪੈਂਡਾ ਤੁਰ ਕੇ ਪੂਰਾ ਕਰਨ ਦਾ ਯਤਨ ਕਰਦੀ ਹੈ। ਇਹ ਤਸਵੀਰ ਮੈਨੂੰ ਹਰਖ ਚਾੜਦੀ ਹੈ ਤੇ ਫੇਰ ਉਦਾਸੀ ਨਾਲ ਭਰ ਦਿੰਦੀ ਹੈ। ਵਿਗਿਆਨੀ ਵੱਜੋਂ – ਬਾਇਓ-ਕੈਮਿਸਟ ਵਜੋਂ – ਦਰਅਸਲ ਵਾਇਰਸ-ਵਿਗਿਆਨੀ ਵਜੋਂ, ਕੋਰੋਨਾ-ਵਾਇਰਸ ਦੇ ਇਸ ਹਮਲੇ ਸੰਬੰਧੀ ਮੇਰੇ ਵਿਚਾਰਾਂ ਦੀ ਬਹੁਤ ਮੰਗ ਹੈ। ਪਬਲਿਕ-ਹੈਲਥ ਦੇ ਅਸੂਲਾਂ ਅਨੁਸਾਰ, ਮੈਂ ਪ੍ਰਚਾਰ ਰਿਹਾ ਸੀ ਕਿ ਬਚਾਅ ਦੇ ਦੋ ਰਾਹ ਹਨ: ਸਮਾਜਿਕ ਦੂਰੀ ਤੇ ਲੌਕ-ਡਾਊਨ…. ਪਰ ਕੀ ਵਿਗਿਆਨ ਨੇ ਮੈਨੂੰ ਚੁੰਦਿਆ ਨਹੀਂ ਦਿੱਤਾ ਅਤੇ ਮੈਂ ਪਬਲਿਕ-ਹੈਲਥ ਵਿਚਲੀ “ਪਬਲਿਕ” ਵੱਲ ਧਿਆਨ ਹੀ ਨਹੀਂ ਦੇ ਰਿਹਾ? ਮਾਮਲਾ ਵਾਕਈ ਏਦਾਂ ਈ ਸੀ… ਅਤੇ ਖੁਦ ‘ਤੇ ਖਿਝ ਵੀ ਚੜੀ।

ਸਾਊਥ-ਦਿੱਲੀ ਅਪਾਰਟਮੈਂਟ ‘ਚ ਸੋਫੇ ‘ਤੇ ਬੈਠਾ ਮੈਂ ਗੁਰਬਤ ਨਾਲ ਲੜਦੇ ਲੋਕਾਂ ਨੂੰ ਉਪਦੇਸ਼ ਦੇਣ ਦੀ ਜ਼ੁਅਰਤ ਕਿਵੇਂ ਕਰ ਸਕਦਾ ਹਾਂ? ਸਹੀ ਸਿੱਧ ਕਰਨ ਦੀ ਗੱਲ ਤਾਂ ਛੱਡੋ ਮੈਂ ਦਿੱਲੀ ਦੀ ਕਿਸੇ ਬਸਤੀ ‘ਚ ਜਾਂ ਮੁੰਬਈ ਦੀ ਚਾਅਲ ‘ਚ ਰਹਿ ਰਹੇ ਕਿਸੇ ਮਨੁੱਖ ਨੂੰ “ਸਮਾਜਿਕ ਦੂਰੀ” ਵਰਗੀ ਚੀਜ਼ ਸਮਝਾ ਵੀ ਕਿਵੇਂ ਸਕਦਾ ਹਾਂ? ਇੱਕ ਕਮਰੇ ‘ਚ ਪੰਜ-ਸੱਤ ਜਣੇ? ਮੇਰਾ ਗੁੱਸਾ ਨਿਰਾਸ਼ਾ ‘ਚ ਤਬਦੀਲ ਹੋ ਗਿਆ। ਅਗਲੇ ਪੰਦਰਾਂ-ਸੋਲ੍ਹਾਂ ਦਿਨ ਬਾਅਦ ਜਦੋਂ ਅਸੀਂ ਇੱਕ ਲੌਕ-ਡਾਊਨ ਪੂਰਾ ਕਰਕੇ ਅਗਲੇ ‘ਚ ਦਾਖਲ ਹੋਏ ਤਾਂ ਕਿੰਨੇ ਹੀ ਜਜ਼ਬਾਤਾਂ ਦੇ ਆਪਸੀ-ਦਵੰਦਾਂ ਦੇ ਵੱਸ ਪੈ ਗਏ। ਅਸੀਂ ਵਿਗਿਆਨੀਆਂ ਨੇ ਇਸ ਤਰਜ਼ਬੇ ਤੋਂ ਕੀ ਸਿੱਖਿਆ? ਵਿਗਿਆਨ ਉਸ ਦੁਨੀਆ ਨੂੰ ਕਿਵੇਂ ਦੇਖੇ, ਉਹ ਦੁਨੀਆਂ ਜਿਸ ਨਾਲ ਰਿਸਰਚ ਲੈਬ ਦੇ ਬਾਹਰ ਨਿਕਲਦਿਆਂ ਹੀ ਇਸਦਾ ਟਾਕਰਾ ਹੁੰਦਾ ਹੈ। ਇਥੇ ਮੈਂ ਆਪਣੇ ਕੁਝ ਵਿਚਾਰ ਰੱਖ ਰਿਹਾ ਹਾਂ ਅਤੇ ਕੁਝ ਭਾਵਨਾਵਾਂ ਵੀ – ਉਮੀਦ ਹੈ ਕਿ ਅਸੀਂ ਆਪਣੇ ਸ਼ੰਕਿਆਂ ਨੂੰ ਵਿਗਿਆਨ ਦੀ ਸਾਂਝੀ ਪੁੱਛ-ਪੜਤਾਲ ਦੇ ਖਰੜੇ ‘ਚ ਬਦਲ ਸਕੀਏ।

ਸਭ ਤੋਂ ਪਹਿਲਾਂ, ਕੀ ਮਨੁੱਖਾਂ ਦੀ ਪੱਤ ਲਹਿੰਦੀ ਵੇਖ ਵਿਗਿਆਨੀ ਅਣਭਿੱਜ ਰਹਿ ਸਕਦਾ ਹੈ? ਅਸੀਂ ਦੈਹ-ਹਜ਼ਾਰਾਂ ਮਜ਼ਦੂਰਾਂ ਨੂੰ ਪਿੰਡ ਪਹੁੰਚਣ ਲਈ ਧੱਕਾ-ਮੁੱਕੀ ਕਰਦੇ, ਭੀੜਾਂ ਨਾਲ ਲੱਦੀਆਂ ਬੱਸਾਂ ਚ ਚੜਦਿਆਂ ਦੇਖਿਆ ਹੈ। ਜਿਨ੍ਹਾਂ ਨੂੰ ਕੋਈ ਸਾਧਨ ਨਹੀਂ ਮਿਲਿਆ ਉਹ ਘਰ ਪਹੁੰਚਣ ਲਈ ਹਾਈਵੇ ਜਾਂ ਰੇਲ ਪਟੜੀਆਂ ‘ਤੇ ਚੱਲ ਪਏ ਜਿਥੇ ਸ਼ਾਇਦ ਉਹ ਭੁੱਖੇ ਮਾਰ ਜਾਣ ਪਰ ਸ਼ਾਇਦ ਇੱਜ਼ਤ ਨਾਲ। ਇੱਕ ਗਰੀਬ ਬੰਦਾ ਕਹਿੰਦਾ “ਜੇ ਅਸੀਂ ਇਸ ਹਾਲਤ ‘ਚ ਇਥੇ ਮਰ ਗਏ ਤਾਂ ਕਿਸੇ ਨੇ ਸਾਨੂੰ ਹੱਥ ਵੀ ਨਹੀਂ ਲਾਉਣਾ, ਸਾਡੇ ਪਿੰਡ ਵਾਲੇ ਘੱਟੋ-ਘੱਟ ਸਸਕਾਰ ਤਾਂ ਕਰ ਦੇਣਗੇ”। ਅਤੇ ਸਾਡੀ  ਅਫਸਰਸ਼ਾਹੀ ਨੇ ਉਹਨਾਂ ਦੇ ਦਰਦ ਨੂੰ ਬੜੇ ਹਮਦਰਦੀ ਭਰੇ ਲਹਿਜ਼ੇ ਚ ਹੁੰਗਾਰਾ ਦਿੱਤਾ – ਕੁੱਟ ਕੇ, ਕੈਮੀਕਲ ਸਪ੍ਰੇਅ ਕਰਕੇ, ਭੀੜੀਆਂ ਥਾਂਵਾਂ ‘ਚ ਕੈਦ ਕਰਕੇ। ਮਾਰਚ ਦੇ ਅਖੀਰੀ ਦਿਨਾਂ ਦੀ ਖੁਸ਼ਗਵਾਰ ਪੌਣ ‘ਚ ਮਾਣ-ਇੱਜ਼ਤ ਅਤੇ ਸਮਾਜਿਕ ਦੂਰੀ ਦੇ ਵਿਚਾਰ ਕੀਤੇ ਉੱਡ-ਪੁੱਡ ਗਏ।

ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਦੇ ਕੈਂਸਰ ਫਿਜੀਸ਼ੀਅਨ ਰਾਜੀਵ ਸਰੀਨ ਨੇ ਕਿਸੇ ਸੋਸ਼ਲ ਮੀਡਿਆ ਪੋਸਟ ‘ਚ ਲਿਖਿਆ “ਇਹ ਦ੍ਰਿਸ਼ ਤੇ ਇਹ ਵਿਚਾਰ ਭਾਰਤ ਦੀ ਰੂਹ ‘ਤੇ ਡੂੰਘਾ ਜ਼ਖਮ ਦੇ ਜਾਣਗੇ। ਮੈਨੂੰ ਲਗਦਾ ਕਿ 1947 ਦੀ ਵੰਡ ਤੋਂ ਬਾਅਦ ਭਾਰਤ ਨੇ ਇਸ ਤੋਂ ਭੈੜਾ ਸਮਾਂ ਨਹੀਂ ਦੇਖਿਆ। ਇਹ ਸਾਡੇ ਖੁਦਗਰਜ਼ ਸਮਾਜ (ਸਰਕਾਰ ਵੀ ਜਿਸਦਾ ਇੱਕ ਹਿੱਸਾ ਹੈ) ਦੀ ਬੜੀ ਦੁਖਦ ਝਲਕ ਹੈ।” ਸਰੀਨ ਨੇ “ਗਰੀਬਾਂ ਵਿੱਚ ਭਰੋਸੇ ਦੀ ਥੁੜ”- ਨਹੀਂ ਸਗੋਂ ਗਰੀਬਾਂ ਦੇ ਇਸ ਯਕੀਨ ਬਾਰੇ ਲਿਖਿਆ ਕਿ “ਔਖੀ ਘੜੀ ਵਿੱਚ ਓਹਨਾਂ ਨਾਲ ਕੋਈ ਨਹੀਂ”। ਅਤੇ ਫੇਰ ਕਿਸਮਤਵਾਦ ਦੇ ਚਿੰਨ੍ਹ ਉੱਭਰ ਆਏ “ਬਿਨ੍ਹਾਂ ਅਪਵਾਦ, ਬਿਨ੍ਹਾਂ ਕਿਸੇ ਕੁੜੱਤਣ ਤੋਂ ਉਹ ਆਪਣੀ ਲਾਚਾਰੀ ਦੱਸਦੇ ਨੇ, ਉਨ੍ਹਾਂ ਨੂੰ ਪਤੈ ਕਿ ਕਸੂਰ ਉਨ੍ਹਾਂ ਦਾ ਹੀ ਹੈ: ਗਰੀਬ ਹੋਣਾ”।

ਇਹ ਮਹਾਂਮਾਰੀ ਨੇ ਸਾਨੂੰ ਕੁਝ ਸਬਕ ਸਿਖਾਏ ਹਨ। ਵਿਗਿਆਨ ‘ਚ ਮੇਰੀ ਟ੍ਰੇਨਿੰਗ ਇੱਕ-ਤਰਫੀ ਰਹੀ ਹੈ, ਭਾਰਤ ਦੀਆਂ ਦੋ ਬੇਹਤਰੀਨ ਸੰਸਥਾਨਾਂ (ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਆਈ.ਆਈ.ਟੀ  ਕਾਨਪੁਰ) ‘ਚ ਪੜਨ ਦੇ ਬਾਵਜੂਦ। ਉਨ੍ਹਾਂ ਸਮਿਆਂ ‘ਚ AMU ਵਿੱਚ ਮੇਰੇ ਵਰਗੇ ਕੈਮਿਸਟਰੀ ਦੇ ਅੰਡਰ-ਗ੍ਰੈਜੂਏਟ ਨੂੰ ਕੋਈ ਖੱਬੇ-ਪੱਖੀ ਆ ਕੇ ਜਾਰਜ ਔਰਵਲ ਦੀ ਐਨੀਮਲ-ਫਾਰਮ ਪੜਾ ਸਕਦਾ ਸੀ, ਕੋਈ ਨਾਰੀਵਾਦੀ ਆ ਕੇ ਹੈਂਰਿਕ ਇਬਸੇਨ ਦੀ ਗੁੱਡੀ ਦਾ ਘਰ ਤੇ ਅਰਬੀ ਦਾ ਲੈਕਚਰਰ ਫਰੈਂਚ ਭਾਸ਼ਾ। ਉਸ ਸਮੇਂ ਆਈ.ਆਈ.ਟੀ ਕਾਨਪੁਰ ‘ਚ ਅਜੇ ਫ਼ੈਜ਼ ਦੀ ਗ਼ਜ਼ਲ ਹਮ ਦੇਖੇਂਗੇ ਬਿਨ੍ਹਾਂ ਕਿਸੇ ਪੁੱਛ-ਗਿੱਛ ਦੇ ਡਰ ਤੋਂ ਗਾਈ ਜਾ ਸਕਦੀ ਸੀ। ਅਰਬੀ, ਬਾਇਓ-ਕੈਮਿਸਟਰੀ, ਸੋਸ਼ੋਲਜੀ ਦੇ ਵਿਦਵਾਨਾਂ ਦੇ ਪਰਿਵਾਰ ‘ਚ ਜੰਮਣ-ਪਲਣ ਕਰਕੇ ਘਰ ਵਿੱਚ ਹਮੇਸ਼ਾ ਈ ਕੁਝ ਨਾ ਕੁਝ ਦਿਲਚਸਪ ਪੜਨ ਨੂੰ ਮਿਲ ਜਾਂਦਾ ਸੀ।  ਅਮਰੀਕਾ ‘ਚ Ph.D ਕਰਦਿਆਂ ਸਾਡਾ ਗਰੁੱਪ ਹਫਤੇ ਦੇ ਅਖੀਰ ਨੂੰ ਭਾਰਤ-ਸੰਬੰਧੀ ਮਸਲਿਆਂ ਨੂੰ ਪੜਨ ਤੇ ਵਿਚਾਰਨ ਲਈ ਮਿਲਦਾ ਸੀ। ਸਾਡੇ ਉਸ ਗਰੁੱਪ ਦਾ ਹਰੇਕ ਬੰਦਾ ਕੰਮ ਕਰਨ ਭਾਰਤ ਵਾਪਸ ਆਇਆ – ਐਂਥਰੋਪੋਲੋਜਿਸਟ, ਇੰਜਨੀਅਰ, ਪੱਤਰਕਾਰ, ਨਿਊਟਰੀਸ਼ਨ-ਵਿਗਿਆਨੀ ਅਤੇ ਮੈਂ ਵਾਇਰਸ-ਵਿਗਿਆਨੀ। ਇਸ ਪਿਛੋਕੜ ਕਰਕੇ, ਮੈਂ ਆਪਣੇ ਧੁੰਦਲੇ ਨਜ਼ਰੀਏ ਤੋਂ ਜ਼ਿਆਦਾ ਖਫਾ ਸੀ।

ਜ਼ਿਆਦਾਤਰ ਵਿਗਿਆਨੀ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਲੈਬ ‘ਚ ਗੁਜ਼ਾਰਦੇ ਹਨ ਤੇ ਉਨ੍ਹਾਂ ਕੋਲ ਸਮਾਜਿਕ ਤੇ ਮਨੁੱਖੀ ਪਹਿਲੂਆਂ ਲਈ ਸਮਾਂ ਈ ਨਹੀਂ ਬਚਦਾ। ਫਜਿਸ਼ੀਅਨ ਵੀ ਕਈ ਘੰਟੇ ਹਸਪਤਾਲ ‘ਚ ਰਹਿੰਦੇ ਹਨ ਪਰ ਉਹ ਮਰੀਜ਼ਾਂ ਨੂੰ ਮਿਲਦੇ ਹਨ ਤੇ ਕੁਝ ਚੰਗੇ ਫਜਿਸ਼ਿਅਨ ਉਨ੍ਹਾਂ ਦੇ ਹਮਦਰਦ ਵੀ ਬਣ ਜਾਂਦੇ ਹਨ। ਫਿਰ ਵੀ, ਸ਼ੁਰੂਆਤੀ ਪੜ੍ਹਾਈ ‘ਚ  ਸਮਾਜਿਕ-ਵਿਗਿਆਨ ਦੀ ਘਾਟ ਇੱਕ ਖਲਾਅ ਬਣਾ ਦਿੰਦੀ ਹੈ – ਵਿਗਿਆਨ, ਇੰਜਨੀਅਰਿੰਗ ਤੇ ਮੈਡੀਕਲ  ਵਿਦਿਆਰਥੀਆਂ ਦੀ ਪੜਾਈ ‘ਚ ਅਜਿਹਾ ਕੁਝ ਨਹੀਂ ਹੁੰਦਾ ਜੋ ਉਹਨਾਂ ਨੂੰ “ਲੋਕ” ਅਤੇ “ਸਮਾਜ” ਵਰਗੇ ਗਤੀਸ਼ੀਲ ਤੇ ਪਰਿਵਰਤਨਸ਼ੀਲ ਕਾਰਜਖੇਤਰਾਂ ਚ ਕੰਮ ਕਰਨ ‘ਚ ਸਹਾਈ ਹੁੰਦਾ ਹੋਵੇ (ਇਸੇ ਤਰਾਂ ਸਮਾਜ-ਵਿਗਿਆਨ ਦੇ ਵਿਦਿਆਰਥੀਆਂ ਲਈ ਇਹ ਵਿੱਥ ਪੁੱਠੀ ਹੈ, ਉਹ ਅਕਸਰ ਤਕਨੀਕ ਨੂੰ ਡਰ, ਸ਼ਰਧਾ ਜਾਂ ਸ਼ੱਕ ਦੀਆ ਨਜ਼ਰਾਂ ਨਾਲ ਦੇਖਦੇ ਹਨ ਅਤੇ ਤਕਨੀਕ, ਮਰਜ਼ ਤੇ ਸਿਹਤ ਸੰਬੰਧੀ ਫੈਲਦੀਆਂ ਗੱਪਾਂ ਜਾਂ ‘ਫੇਕ ਨਿਊਜ਼’ ਦਾ ਅਸਰ ਛੇਤੀ ਲੈ ਲੈਂਦੇ ਹਨ, ਜੋ ਕਿ ਮਹਾਂਮਾਰੀ ਵੇਲੇ ਮਹਾਂਮਾਰੀ ਵਾਂਗੂ ਹੀ ਫੈਲ ਰਹੇ ਹਨ)।

ਜਦੋਂ ਇਸ ਸੰਸਾਰ-ਨਜ਼ਰੀਏ ਨੂੰ ਪ੍ਰਸ਼ਾਸ਼ਨ ‘ਚ ਲਾਗੂ ਕਰਨ ਦਾ ਯਤਨ ਹੁੰਦਾ ਹੈ ਤਾਂ ਇਹ ਮੁਸੀਬਤ ਬਣ ਜਾਂਦੀ ਹੈ। ਟੈਕਨੋਕ੍ਰੇਟ ਸ਼ਾਸ਼ਨ ਇੰਝ ਕਰਦੇ ਹਨ ਜਿਵੇਂ ਉਹ ਮਨੁੱਖਾਂ ਨਾਲ ਨਹੀਂ ਸਗੋਂ ‘ਚੀਜ਼ਾਂ’ ਨਾਲ ਪੇਸ਼ ਆ ਰਹੇ ਹੋਣ – ਗਤੀਹੀਣ ਚੀਜ਼ਾਂ ਜਿੰਨਾ ਨੂੰ ਮਸ਼ੀਨਾਂ ਵਾਂਗ ਠੀਕ ਕੀਤਾ ਜਾ ਸਕਦਾ ਹੈ। ਸਮਾਜ-ਵਿਗਿਆਨ ਦੀ ਸੋਝੀ ਦੀ ਗੰਭੀਰ ਘਾਟ ਉਨ੍ਹਾਂ ਦੇ ਕੰਮ-ਕਾਜ ਵਿੱਚੋਂ ਆਮ ਹੀ ਦਿਖ ਜਾਂਦੀ ਹੈ। ਇਸ ਤੋਂ ਉਲਟ ਸਮਾਜ ਸ਼ਾਸਤਰੀ ਨੀਤੀਆਂ ਬਣਾਉਣ ਵੇਲੇ ਪ੍ਰਮਾਣਕ ਤੱਥਾਂ ਅਤੇ ਸਬੂਤਾਂ ‘ਤੇ ਬਹੁਤਾ ਧਿਆਨ ਨਹੀਂ ਧਰਦੇ, ਉਨ੍ਹਾਂ ਦੇ ਫੈਸਲੇ ਰਾਜਨੀਤੀ ਅਤੇ ਆਮ-ਸੂਝ ‘ਤੇ ਹੀ ਅਧਾਰਿਤ ਹੁੰਦੇ ਹਨ। ਠੀਕ-ਠਾਕ ਸੰਤੁਲਨ ਬਣਾਉਣ ਲਈ ਵੰਨ-ਸੁਵੰਨਤਾ ਵਾਲ਼ੀਆਂ ਟੀਮਾਂ ਅਤੇ ਹਰਫਨਮੌਲਾ ਟ੍ਰੇਨਿੰਗ ਦੀ ਲੋੜ ਹੁੰਦੀ ਹੈ।

ਸ਼ਿਵ ਨਾਦਰ ਯੂਨੀਵਰਸਿਟੀ ਦਾ ਪ੍ਰੋਫੈਸਰ ਤੇ ਮੇਰਾ ਪੁਰਾਣਾ ਦੋਸਤ ਐਨ. ਸੁਕੁਮਾਰ ਕਹਿੰਦਾ ਹੈ, “ਜਿੰਨ੍ਹਾਂ ਚਿਰ ਵਿਗਿਆਨ ਨੂੰ ਵਿਗਿਆਨਕ-ਵਿਧੀ ਨਾਲੋਂ ਤੋੜ ਕੇ ਸਿਰਫ ਕੁਝ ਤੱਥਾਂ ਅਤੇ ਨੇਮਾਂ ਦੇ ਸੰਗ੍ਰਿਹ ਵਜੋਂ ਹੀ ਪੜਾਇਆ ਜਾਵੇਗਾ ਉਦੋਂ ਤੱਕ ਵਿਗਿਆਨ ਅਤੇ ਜਾਅਲੀ-ਵਿਗਿਆਨ ਵਿਚਲਾ ਭਰਮ ਲਾਜ਼ਮੀ ਹੀ ਰਹੇਗਾ”। ਇਹ ਅੱਟਲਤਾ ਇਸ ਗੱਲ ਲਈ ਰਾਹ ਪੱਧਰਾ ਕਰਦੀ ਹੈ ਕਿ ਪ੍ਰਸ਼ਾਸ਼ਨਿਕ ਫੈਸਲਿਆਂ ‘ਚ ਪ੍ਰਮਾਣਾਂ ਦਾ ਰੋਲ ਜਾਂ ਤਾਂ ਹੋਵੇ ਈ ਨਾ ਅਤੇ ਜੇ ਹੋਵੇ ਤਾਂ ਨਾ-ਮਾਤਰ। ਹਾਲੀਆ ਮਹਾਂਮਾਰੀ ਵਰਗੇ ਸੰਕਟ ‘ਚ ਇਸਦੇ ਨਤੀਜੇ ਤਬਾਹਕੁੰਨ ਸਾਬਤ ਹੋ ਸਕਦੇ ਹਨ।

ਬਾਇਓ-ਮੈਡੀਕਲ ਰਿਸਰਚਰ ਵਜੋਂ, ਮੈਂ ਰੋਗਾਣੂਆਂ ਦੀ ਨਿਰਪੱਖਤਾ ਬਾਰੇ ਜਾਣੂ ਹਾਂ। ਰੋਗਾਣੂ ਵਾਰ ਕਰਨ ਵੇਲੇ ਰਾਜਾ-ਰੰਕ, ਅਮੀਰ-ਗਰੀਬ, ਧਾਰਮਿਕ ਜਾਂ ਕੌਮੀ ਵਖਰੇਵਿਆਂ ਨੂੰ ਨਹੀਂ ਦੇਖਦੇ। ਸਮਾਜਿਕ ਦਰਜਾਬੰਦੀ, ਧਾਰਮਿਕ ਵਿਸ਼ਵਾਸ਼, ਚਮੜੀ ਦਾ ਰੰਗ ਜਾਂ ਹੋਰ ਫਿਰਕਾਬੰਦੀਆਂ ਦੀ ਵਾਇਰਸ ਮੂਹਰੇ ਕੀ ਬਿਸਾਤ। ਕੋਵਿਡ-19 ਨੇ ਕੌਮਨਿਸਟ ਚਾਈਨਾ, ਇਸਾਈ ਇਟਲੀ, ਇਸਲਾਮਿਕ ਇਰਾਨ ਤੇ ਸੈਕੂਲਰ ਪੱਛਮ ਸਭ ਨੂੰ ਇੱਕੋ ਜਿਹੀ ਨਿਰਦਾਇਤਾ ਨਾਲ ਝੰਬ ਸੁੱਟਿਆ। ਇਸਨੇ ਪੂਜਾ-ਸਥਾਨ ਵੀ ਓਵੇਂ ਈ ਬੰਦ ਕਰਵਾਏ ਜਿਵੇਂ ਠੇਕੇ, ਬਾਰ, ਨਾਈਟ-ਕਲੱਬ ਤੇ ਕਸੀਨੋ। ਜਦੋਂ ਨਰਕ, ਸੁਰਗ ਕਿਸੇ ਮਾਮਲੇ ‘ਤੇ ਸਹਿਮਤ ਹੋਣ, ਉਸਨੂੰ ਗੰਭੀਰਤਾ ਨਾਲ ਲੈਣਾ ਹੀ ਚਾਹੀਦਾ।

ਮੈਂ ਫੇਰ ਗਲਤ ਸੀ। ਮਹਾਂਮਾਰੀ ਨੇ ਭਾਰਤੀ ਸਮਾਜ ਵਿਚਲੀਆਂ ਤਰੇੜਾਂ ਤੋਂ ਪਰਦਾ ਚੁੱਕ ਦਿੱਤਾ ਹੈ। ਜਦੋਂ ਕਿਸੇ ਮੁਸੀਬਤ ਦਾ ਹੱਲ ਨਾ ਆਵੇ ਤਾਂ ਓਹਦਾ ਠੀਕਰਾ ਦੂਜਿਆਂ ਸਿਰ ਭੰਨਣਾ ਸੌਖਾ ਹੁੰਦਾ ਹੈ। ਨਫ਼ਰਤ ਉਗਲਦਾ ਭਾਰਤੀ ਮੀਡੀਆ ਮਹਾਂਮਾਰੀ ਨੂੰ ਨਜ਼ਰ ਸਾਹਮਣੇ ਦੇਖਕੇ ਵੀ ਆਪਣਾ ਫਿਰਕੂ ਏਜੰਡਾ ਛੱਡ ਨਹੀਂ ਰਿਹਾ – ‘ਫੇਕ-ਨਿਊਜ਼’ ਵਾਇਰਸ ਤੋਂ ਵੀ ਤੇਜ਼ ਫੈਲ ਰਹੀ ਹੈ! ਚੰਗੇ ਪੜੇ-ਲਿਖਿਆਂ ਦਾ ਵੀ ਕੋਈ ਬਹੁਤਾ ਫਰਕ ਨਹੀਂ। ਅੱਜ ਇਹ ‘ਕੋਵਿ-ਤੁਅੱਸਬੀ’ ਕੋਵਿਡ-19 ਦਾ ਇਸਤੇਮਾਲ ਆਪਣੇ ਤੁਅੱਸਬ ਲੁਕੋਣ ਲਈ ਕਰ ਰਹੇ ਹਨ, ਕੱਲ੍ਹ ਨੂੰ ਕਿਸੇ ਹੋਰ ਸੰਕਟ ਨੂੰ ਆਪਣੇ ਹਿੱਤ ਲਈ ਵਰਤਣਗੇ।

ਵਾਇਰਸ ਨਿਰਪੱਖ ਹੋ ਸਕਦਾ ਪਰ ਮਹਾਂਮਾਰੀ ਨਹੀਂ। ਲੌਕ ਡਾਉਨ ਜਿੱਥੇ ਕਿਤੇ ਵੀ ਲਾਗੂ ਹੋਇਆ, ਅਮੀਰਾਂ ਦੀ ਰਾਖੀ ਲਈ ਹੋਇਆ ਗਰੀਬ ਨੂੰ ਤਾਂ ਉਸਨੇ ਮਨੁੱਖੀ ਅਤੇ ਆਰਥਿਕ ਕਸ਼ਟ ਝੱਲਣ ਲਈ ਛੱਡ ਦਿੱਤਾ। ਤਨਖਾਹ ਕਟੌਤੀ, ਬੇਰੋਜ਼ਗਾਰੀ ਅਤੇ ਭਲਾਈ ਸਕੀਮਾਂ ਤੋਂ ਵਿਰਵੇ ਹੋਣਾ – ਗਰੀਬਾਂ ਨੂੰ ਕੀ ਕੁਝ ਨਹੀਂ ਜਰਨਾ ਪਿਆ। ਭਾਰਤ ਦੀ 90 ਫੀਸਦੀ ਕਿਰਤਸ਼ਕਤੀ ਬੇਕਾਇਦਾ ਖੇਤਰ (informal sector) ‘ਚ ਕੰਮ ਕਰਦੀ ਹੋਣ ਕਰਕੇ ਇਹ ਹੋਰ ਵੀ ਦੁਖਦਾਈ ਹੈ। ਅੰਤਰ-ਰਾਸ਼ਟਰੀ ਲੇਬਰ ਸੰਗਠਨ ਦੀ ਰਿਪੋਟ ਨੇ ਇਹ ਅਨੁਮਾਨ ਲਾਇਆ ਹੈ ਕਿ ਕੋਵਿਡ-19 ਭਾਰਤ ਦੇ ਲਗਭਗ 40 ਕਰੋੜ ਕਿਰਤੀਆਂ ਨੂੰ ਦਰਿਦਰਤਾ ‘ਚ ਧੱਕ ਦੇਵੇਗੀ। ਇੰਟਰਨੈਟ ਹਾਲੇ ਵੀ ਬੱਸ ਅਮੀਰਾਂ ਦੀ ਪਹੁੰਚ ‘ਚ ਹੋਣ ਕਾਰਨ ਗਰੀਬਾਂ ਦੇ ਬੱਚੇ ਪੜਾਈ ਤੋਂ ਵੀ ਵਾਂਝੇ ਰਹਿ ਰਹੇ ਹਨ। ਸਹਿਮ-ਭਰੀ ਘਰੇਲੂ ਹਿੰਸਾ ਵੱਧਣ ਨਾਲ ਔਰਤਾਂ ਨੂੰ ਮਰਦਾਂ ਤੋਂ ਕਿਤੇ ਵੱਧ ਦਰਦ ਝੱਲਣਾ ਪੈ ਰਿਹਾ ਹੈ। ਪਰ ਦੇਖੋ! ਵਾਇਰਸ ਔਰਤਾਂ ਨਾਲੋਂ ਮਰਦਾਂ ਲਈ ਜ਼ਿਆਦਾ ਜਾਨਲੇਵਾ ਸਾਬਤ ਹੋ ਰਿਹਾ ਹੈ।

ਸਾਰੇ ਜੀਵ ਬਰਾਬਰ (ਨਹੀਂ) ਹਨ। ਕੁਝ ਕੋਲ ‘ਬਰਾਬਰਤਾ’ ਦੂਜਿਆਂ ਨਾਲੋਂ ਵੱਧ ਹੁੰਦੀ ਹੈ।

ਮੈਂ ਇੰਟਰਨੈਟ ਉੱਪਰ ਇੱਕ ਵੀਡੀਓ ਦੇਖੀ, ਜਿਸ ‘ਚ ਰੇਹੜੀ ਵਾਲਾ ਆਪਣੀ ਰੇਹੜੀ ਤੋਂ ਪਰਵਾਸੀ ਮਜ਼ਦੂਰਾਂ ਨੂੰ ਕੇਲੇ ਖਾਣ ਤੋਂ ਰੋਕ ਨਹੀਂ ਰਿਹਾ ਸੀ। ਮਰਦ, ਔਰਤ, ਬੱਚੇ ਸਭ ਨੇ ਓਨਾਂ ਈ ਚੱਕਿਆ ਜਿੰਨਾ ਲੋੜੀਂਦਾ ਸੀ – ਇੱਕ ਜਾਂ ਦੋ ਕੇਲੇ ਬੱਸ। ਗਰੀਬ ਬੰਦੇ ਦੀ ਅਣਖ ਹਾਲੇ ਵੀ ਬਰਕਰਾਰ ਹੈ। ਇਹ ਤਾਂ ਅਸੀ ਹਾਂ, ਭਾਰਤ ਦਾ ਮੱਧ-ਵਰਗ, ਜਿੰਨ੍ਹਾਂ ਨੇ ਖਪਤਵਾਦੀ ਰਹਿਣ-ਸਹਿਣ ਕਰਕੇ ਅਣਖ ਨੂੰ ਕਿਤੇ ਖੋਹ ਦਿੱਤਾ ਹੈ। ਜਦ ਵੀ ਮੈਂ ਆਪਣੀ ਅਲਮਾਰੀ ਖੋਲ੍ਹਦਾ ਹਾਂ ਤਾਂ ਡਰ ਜਾਂਦਾ ਹਾਂ ਇਹ ਦੇਖਕੇ ਕਿ ਮੇਰੀਆਂ ਸਭ ਸ਼ਰਟਾਂ, ਪੈਂਟਾਂ, ਬੂਟ ਇੱਕ ਪਿੱਦੇ ਜਿਹੇ ਵਾਇਰਸ ਨੇ ਰੱਦੀ ਬਣਾ ਛੱਡੇ, ਜਿਹੜਾ ਮੇਰੇ ਤੋਂ 2 ਕਰੋੜ ਗੁਣਾ ਛੋਟਾ ਹੈ ਤੇ ਜਿਸਦਾ ਜੀਨੋਮ (genome) ਮੇਰੇ ਨਾਲੋਂ 100,000 ਗੁਣਾ ਛੋਟਾ।

ਇੱਕ ਇਨਸਾਨ ਦੀ ਮੌਤ ਤ੍ਰਾਸਦੀ ਹੁੰਦੀ ਹੈ ਤੇ ਲੱਖਾਂ ਮੌਤਾਂ ਬੱਸ ਇੱਕ ਅੰਕੜਾ। ਇਹ ਟੂਕ ਸਟਾਲਿਨ ਨਾਲ ਜੋੜੀ ਜਾਂਦੀ ਹੈ।  ਮਦਰ ਟੇਰੇਸਾ ਵੀ ਇੱਕ ਥਾਂ ਕਹਿੰਦੀ ਹੈ “ਜੇ ਮੈਂ ਗਿਣਤੀਆਂ-ਮਿਣਤੀਆਂ ‘ਚ ਪੈ ਜਾਵਾਂ ਤਾਂ ਮੈਂ ਕੁਝ ਨਹੀਂ ਕਰ ਸਕਦੀ”।  ਸਟਾਲਿਨ ਤੇ ਮਦਰ ਟੇਰੇਸਾ ਵੀ ਕਿਸੇ ਗੱਲ ‘ਤੇ ਸਹਿਮਤ ਹੋ ਸਕਦੇ ਹਨ ਇਹ ਦੇਖਕੇ ਹੈਰਾਨੀ ਹੁੰਦੀ ਹੈ। ਸਰਬਵਿਆਪੀ ਦੁੱਖ ਤੋਂ ਪਿੱਠ ਭੁਆਉਣਾ ਸਾਡੀ ਖਸਲਤ ਦਾ ਹਿੱਸਾ ਹੈ – ਦਸਤਾਵੇਜ਼ਾਂ ‘ਚ ਇਸਨੂੰ ‘ਸੰਵੇਦਨਾ ਦਾ ਪਤਨ’ ਕਹਿੰਦੇ ਹਨ। ਜਦੋਂ ਪੀੜਿਤਾਂ ਦੀ ਸੰਖਿਆ ਵੱਧਦੀ ਹੈ ਤਾਂ ਤਰਸ ਦੀ ਮਿਕਦਾਰ ਘਟ ਜਾਂਦੀ ਹੈ ਤੇ ਨਾਲ ਹੀ ਮਦਦ ਕਰਨ ਦੀ ਇੱਛਾ ਵੀ। ਲੋਕ ਅੰਤਰਆਤਮਾ ਦੀ ਆਵਾਜ਼ ਨੂੰ ਹੌਲੀ ਕਰ ਦਿੰਦੇ ਹਨ। ਇਹ ਸਾਡੇ ਦਿਮਾਗ਼ਾਂ ‘ਚ ਡੂੰਘਾ ਉੱਕਰਿਆ ਜਿਉਂਦੇ  ਰਹਿਣ ਦਾ ਕੋਈ ਲੱਛਣ ਪਰਤੀਤ ਹੁੰਦਾ ਹੈ ਜੋ ਸਾਨੂੰ ਵਿਹਵਲ ਹੋਣ ਤੋਂ ਬਚਾਉਂਦਾ ਹੈ।

ਪਰ ‘ਯਕੀਨ’ ਤੇ ‘ਰਹਿਮਦਿਲੀ’ ਲਾਜ਼ਮੀ ਗੁਣ ਹਨ – ਕੋਵਿਡ ਮੈਨਜਮੈਂਟ ਦੇ ਕੇਰਲ ਮਾਡਲ ਨੇ ਇਸਦੀ ਮਿਸਾਲ ਪੈਦਾ ਕੀਤੀ ਹੈ। ਮਹਾਂਮਾਰੀਆਂ ਆਪਣੇ ਸੁਭਾਅ ਅਤੇ ਸਿੱਟਿਆਂ ਵਜੋਂ ਜੈਵਿਕ ਅਤੇ ਸਮਾਜਿਕ ਦੋਵੇਂ ਈ ਹੁੰਦੀਆਂ ਹਨ। ਜੇ ਇੱਕ ‘ਤੇ ਧਿਆਨ ਦਿੰਦਿਆਂ ਦੂਜੇ ਨੂੰ ਅਣਡਿੱਠਾ ਕਰ ਦੇਵਾਂਗੇ ਤਾਂ ਅਸੀਂ ਖੁਦ ਲਈ ਹੀ ਖਤਰਾ ਖੜਾ ਕਰਾਂਗੇ।

ਮੈ ਉਮੀਦ ਕਰਦਾ ਹਾਂ ਕਿ ਕਜੋੜੀ ਸਹੀ-ਸਲਾਮਤ ਹੋਵੇ। ਮੈਂ ਇਹ ਵੀ ਆਸ ਕਰਦਾ ਕਿ ਸਾਡੀ ‘ਸੰਵੇਦਨਾ ਦਾ ਪਤਨ’ ਕਦੇ ਨਾ ਹੋਵੇ, ਨਾ ਮੇਰਾ ਨਾ ਮੇਰੇ ਦੇਸ਼ ਦਾ।

ਤਰਜ਼ਮਾ : ਅਮਨਿੰਦਰ

Leave a Reply

Your email address will not be published. Required fields are marked *

Social profiles