ਸਾਂਝੇ ਪਲਾਂ ਦੀ ਯਾਦ – ਸੰਤ ਰਾਮ ਉਦਾਸੀ ਦੇ ਜਨਮ ਦਿਨ ‘ਤੇ ਵਿਸ਼ੇਸ਼ : ਬਾਰੂ ਸਤਵਰਗ

Read Time:25 Minute, 53 Second

ਹੁਣ ਮਹੀਨਾ ਤੇ ਤਰੀਕ ਯਾਦ ਨਹੀਂ ਆ ਰਹੇ। ਇਹ ਯਾਦ ਹੈ ਕਿ ਸਾਲ 1971 ਚੱਲ ਰਿਹਾ ਸੀ।  ਰਾਮਪੁਰਾ ਮੰਡੀ ਦੀ ਪਬਲਿਕ ਲਾਇਬਰੇਰੀ ਨੇੜਲੀ ਖੁੱਲੀ-ਡੁੱਲੀ ਥਾਂ (ਹੁਣ ਜਿਸਦਾ ਨਾਮ ਸ਼ਹੀਦ ਭਗਤ ਸਿੰਘ ਚੌਂਕ ਹੈ) ਬਿਜਲੀ ਦੇ ਬੱਲਬਾਂ ਨੇ ਰੁਸ਼ਨਾਈ ਹੋਈ ਸੀ। ਉਸ ਥਾਂ ਦੇ ਪੂਰਬ ਵਾਲੇ ਪਾਸੇ ਵੱਲ ਨੂੰ ਤਖ਼ਤ ਪੋਸਾਂ ਦੀ ਸਟੇਜ ਬਣੀ ਹੋਈ ਸੀ। ਸਟੇਜ ਉਤਲੇ ਮਾਇਕ ਮੂਹਰੇ, ਸਾਂਵਲੇ ਰੰਗ, ਦਰਮਿਆਨੇ ਕੱਦ, ਭਰਵੇਂ ਸਰੀਰ, ਪਤਲੀਆਂ ਮੁੱਛਾਂ, ਠੋਡੀ ਉਤਲੀ ਵਿਰਲੀ ਦਾੜ੍ਹੀ, ਕਾਲੇ ਸ਼ੀਸ਼ਿਆਂ ਵਾਲੀ ਐਨਕ, ਸੁਰਮੇ ਰੰਗੀ ਪੱਗ ਵਾਲਾ ਸੰਤ ਰਾਮ ਉਦਾਸੀ ਆਪਣਾ ਖੱਬਾ ਹੱਥ ਕੰਨ ‘ਤੇ ਧਰੀ ਅਤੇ ਸੱਜਾ ਹੱਥ ਸਿਰ ਤੋਂ ਥੋੜ੍ਹਾ ਜਿਹਾ ਉੱਪਰ ਕਰੀਂ ਅਤੇ ਹਵਾ ‘ਚ ਲਹਿਰਾਈਂ ਗਾ ਰਿਹਾ ਸੀ:

ਹਾੜੀਆਂ ਦੇ ਹਾਣੀਓ ਵੇ, ਸਾਉਣੀਆਂ ਦੇ ਸਾਥੀਓ ਵੇ, ਕਰ ਲਵੋ ਦਾਤੀਆਂ ਤਿਆਰ।
ਚੁੱਕੋ ਵੇ ਹਥੌੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ, ਅੱਜ ਸਾਨੂੰ ਲੋੜੀਂਦੇ ਅੰਗਾਰ …. ।’

ਸਟੇਜ ਸਾਹਮਣੇ ਬੈਠੇ ਸੈਂਕੜੇ ਮਰਦ ਔਰਤਾਂ ਆਪਣਾ ਆਪਣਾ ਸਾਹ ਰੋਕੀਂ ਉਸਦੇ ਬੋਲਾਂ ਨੂੰ ਸੁਣਨ ‘ਚ ਲੀਨ ਹੋਏ ਨਜ਼ਰ ਆ ਰਹੇ ਸਨ।ਕਿਸੇ ਪਾਸਿਉਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਉਦਾਸੀ ਆਪਣੇ ਅੱਗ ‘ਚ ਤਪੇ ਲੋਹੇ ਵਾਂਗ ਭਾਅ ਮਾਰਦੇ ਚਿਹਰੇ ਦੇ ਹਾਵਾਂ-ਭਾਵਾਂ ਕਰਕੇ ਇਉਂ ਦਿਖਾਈ ਦੇ ਰਿਹਾ ਸੀ, ਜਿਵੇਂ ਉਹ ਸੱਚੀਉਂ ਆਪਣੇ ਸਾਹਮਣੇ ਬੈਠੇ ਸਰੋਤਿਆਂ ਨੂੰ ਜੰਗ-ਏ-ਮੈਦਾਨ ‘ਚ ਲੈ ਕੇ ਜਾਣ ਲਈ ਦਾਤੀਆਂ ਅਤੇ ਹਥੌੜੇ ਚੁੱਕਣ ਦਾ ਹੋਕਾ ਦੇ ਰਿਹਾ ਹੋਵੇ। ਉਸ ਦਾ ਇੱਕ-ਇੱਕ ਬੋਲ ਧੁਰ ਦਿਲੋਂ ਨਿਕਲਿਆ ਮਹਿਸੂਸ ਹੋ ਰਿਹਾ ਸੀ। ਸਾਰੇ ਸਰੋਤਿਆਂ ਦੀਆਂ ਨਜ਼ਰਾਂ ਉਸ ‘ਤੇ ਟਿਕੀਆਂ ਹੋਈਆਂ ਸਨ।  ਉਦਾਸੀ ਦੇ ਗੀਤ ਦੀ ਸਮਾਪਤੀ ਹੋਣ ਦੇ ਨਾਲ ਹੀ ਸਰੋਤਿਆਂ ਵਿਚੋਂ ਜੋਸ਼ੀਲੀਆਂ ਆਵਾਜ਼ਾਂ ‘ਚ ਨਾਅਰੇ ਗੂੰਜਣੇ ਸ਼ੁਰੂ ਹੋ ਗਏ ਸਨ:
‘ਲੋਕ ਕਵੀ ਸੰਤ ਰਾਮ ਉਦਾਸੀ ‘ਤੇ ਜਬਰ ਢਾਹੁਣ ਵਾਲੀ ਬੁੱਚੜ ਸਰਕਾਰ ! …….’, ‘ਮੁਰਦਾਬਾਦ !….’, 
‘ਭਾਰਤ ਦਾ ਨਵ-ਲੋਕ ਜਮਹੂਰੀ ਇਨਕਲਾਬ !….’, ‘ਜ਼ਿੰਦਾਬਾਦ !….’ । 

ਅਜਿਹੇ ਨਾਅਰੇ ਡੇਢ ਦੋ ਮਿੰਟ ਗੂੰਜਦੇ ਰਹੇ ਸਨ। ਮੇਰੇ ਕੋਲ ਹੀ ਮੇਰਾ ਦਸਵੀਂ ਜਮਾਤ ਤੱਕ ਜਮਾਤੀ ਰਿਹਾ ਰਾਮ ਸਿੰਘ ਬੈਠਾ ਸੀ। ਮੈਂ ਖ਼ੁਸ਼ੀ ਨਾਲ ਨੱਕੋ-ਨੱਕ ਭਰੇ ਨੇ ਰਾਮ ਸਿੰਘ ਨੂੰ ਕਿਹਾ, ‘ਯਾਰ! ਹੈ ਉਦਾਸੀ ਉਹੋ-ਜਿਹਾ, ਜਿਹੋ-ਜਿਹਾ ਸੁਣੀਦਾ ਸੀ’ ਮੇਰੀ ਇਸ ਗੱਲ ਦੇ ਜਵਾਬ ‘ਚ ਭਾਵੁਕ ਹੋਏ ਰਾਮ ਸਿੰਘ ਨੇ ਕਿਹਾ, ‘ਏਹਦਾ ਪ੍ਰੋਗਰਾਮ ਆਪਾਂ ਵੀ ਆਪਣੇ ਪਿੰਡ ਕਰਵਾਈਏ’।
‘ਠੀਕ ਐ, ਜ਼ਰੂਰ ਕਰਾਵਾਂਗੇ’।

ਉਦਾਸੀ ਦੇ ਰਾਮਪੁਰਾ ਫੂਲ ਵਾਲੇ ਪ੍ਰੋਗਰਾਮ ਤੋਂ ਕੁੱਝ ਦਿਨ ਬਾਅਦ ਅਸੀਂ ਆਪਣੇ ਪਿੰਡ ਦੀ ਮਜ਼ਦੂਰ ਸਭਾ ਦੀ ਮੀਟਿੰਗ ਬੁਲਾਈ।  ਮੀਟਿੰਗ ‘ਚ ਰਾਮ ਸਿੰਘ ਨੇ ਪਿੰਡ ‘ਚ ਸੰਤ ਰਾਮ ਉਦਾਸੀ ਦਾ ਪ੍ਰੋਗਰਾਮ ਕਰਵਾਉਣ ਦਾ ਏਜੰਡਾ ਰੱਖਿਆ। ਇਸ ਏਜੰਡੇ ‘ਤੇ ਹੋਈ ਗੱਲਬਾਤ ਦੌਰਾਨ ਮੇਰੇ ਅਤੇ ਰਾਮ ਸਿੰਘ ਵੱਲੋਂ ਸੰਤ ਰਾਮ ਉਦਾਸੀ ਦੀ ਕੁਰਬਾਨੀ ਅਤੇ ਗੀਤਾਂ ਬਾਰੇ ਕੀਤੀਆਂ ਗੱਲਾਂ ਸੁਣ ਕੇ, ਮੀਟਿੰਗ ‘ਚ ਹਾਜ਼ਰ ਸਾਰੇ ਮਜ਼ਦੂਰ ਉਦਾਸੀ ਦਾ ਪ੍ਰੋਗਰਾਮ ਕਰਵਾਉਣ ਲਈ ਉਤਾਵਲੇ ਹੋਏ। ਫਿਰ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੋਇਆ ਕਿ ਉਦਾਸੀ ਕੋਲੋਂ ਪ੍ਰੋਗਰਾਮ ਲਈ ਸਮਾਂ ਕਿਸ ਰਾਹੀਂ ਲਿਆ ਜਾਵੇ? ਕਿਉਂਕਿ ਉਦੋਂ ਮੇਰੀ ਉਦਾਸੀ ਨਾਲ ਨਿੱਜੀ ਜਾਣ-ਪਛਾਣ ਨਹੀਂ ਸੀ। ਮੈਂ ਤਾਂ ਉਦਾਸੀ ਬਾਰੇ ਸਿਰਫ਼ ਉਹਨਾਂ ਸਮਿਆਂ ਦੇ ਰੂਪੋਸ਼ ਕਾਮਰੇਡਾਂ, ਗੁਰਦਿਆਲ ਸ਼ੇਰਪੁਰ ਅਤੇ ਸਮਰਜੀਤ ਖੀਵੇ ਹੋਰਾਂ ਕੋਲੋਂ ਹੀ ਸੁਣਿਆ ਸੀ। ਉਹ ਦੋਵੇਂ ਰੂਪੋਸ਼ ਕਾਮਰੇਡ ਇੱਕ ਰਾਤ ਮੇਰੇ ਝੁਨੀਰ ਬਲਾਕ ਦੇ ਛਾਪਿਆਂਵਾਲੀ ਪਿੰਡ ‘ਚ ਆਏ। ਮੈਂ ਉਨ੍ਹਾਂ ਸਮਿਆਂ ਵਿੱਚ ਛਾਪਿਆਂਵਾਲੀ ਦੇ ਸਕੂਲ ਵਿੱਚ ਮਾਸਟਰ ਲੱਗਿਆ ਹੋਇਆ ਸੀ ਅਤੇ ਮੇਰੀ ਰਿਹਾਇਸ਼ ਵੀ ਉੱਥੋਂ ਦੇ ਇੱਕ ਕੱਚੇ ਜਿਹੇ ਕੋਠੜੇ ਵਿੱਚ ਸੀ। ਮੈਂ ਉਹਨਾਂ ਨਾਲ ਆਪਣੇ ਪਿੰਡ ਉਦਾਸੀ ਦਾ ਪ੍ਰੋਗਰਾਮ ਕਰਵਾਉਣ ‘ਚ ਆ ਰਹੀ ਸਮੱਸਿਆ ਸਾਂਝੀ ਕੀਤੀ। ਗੁਰਦਿਆਲ ਸ਼ੇਰਪੁਰ ਪੂਰੇ ਸਵੈ-ਵਿਸ਼ਵਾਸ ਨਾਲ ਬੋਲਿਆ:
‘ਵਾਹ ਬਈ ਵਾਹ! ਇਹ ਵੀ ਕੋਈ ਵੱਡੀ ਗੱਲ ਐ, ਤੁਸੀਂ ਪੰਦਰਾਂ ਪੈਸਿਆਂ ਦੇ ਪੋਸਟ ਕਾਰਡ ਰਾਹੀਂ ਉਦਾਸੀ ਨੂੰ ਆਉਣ ਦਾ ਸੱਦਾ ਦਿਓ। ਉਹ ਲਾਜ਼ਮੀ ਆਵੇਗਾ।’
‘ਇਉਂ ਆਜੂ?’ ਮੈਂ ਹੈਰਾਨੀ ਨਾਲ ਪੁੱਛਿਆ ਸੀ। ਮੇਰੀ ਹੈਰਾਨੀ ਦੂਰ ਕਰਨ ਲਈ ਗੁਰਦਿਆਲ ਸ਼ੇਰਪੁਰ ਫਿਰ ਬੋਲਿਆ ਸੀ:
‘ਭਾਈ ਸਾਹਿਬ! ਉਦਾਸੀ ਬੁਰਜ਼ੂਆ ਕਲਾਕਾਰ ਥੋੜ੍ਹੇ, ਜਿਹੜਾ ਨਾ ਆਊ, ਉਹ ਕਿਰਤੀ ਲੋਕਾਂ ਦਾ ਕਵੀ ਐ।’ 
‘ਮਜ਼ਦੂਰਾਂ ਦੇ ਪ੍ਰੋਗਰਾਮ ਨੂੰ ਤਾਂ ਉਦਾਸੀ ਉੱਕਾ ਮਿਸ ਨਹੀਂ ਕਰਦਾ।’ ਸਮਰਜੀਤ ਖੀਵੇ ਨੂੰ ਉਦਾਸੀ ਦੇ ਆਉਣ ਦਾ ਪੱਕਾ ਭਰੋਸਾ ਸੀ। ਉਹਨਾਂ ਦੋਵਾਂ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਹੌਸਲਾ ਦਿੱਤਾ। ਮੈਂ ਛਾਪਿਆਂਵਾਲੀ ਤੋਂ ਆਪਣੇ ਪਿੰਡ ਮਹਿਰਾਜ ਆਇਆ। ਰਾਮ ਸਿੰਘ ਨਾਲ ਉਦਾਸੀ ਨੂੰ ਪੋਸਟ ਕਾਰਡ ਲਿਖਣ ਦੀ ਗੱਲ ਸਾਂਝੀ ਕੀਤੀ। ਫਿਰ ਸਾਡੇ ਸਾਹਮਣੇ ਇਹ ਸਮੱਸਿਆ ਆਈ ਕਿ ਪੋਸਟ ਕਾਰਡ ਲਿਖਿਆ ਜਾਵੇ ਤਾਂ ਕਿਵੇਂ ਲਿਖਿਆ ਜਾਵੇ? ਕਿਉਂਕਿ ਅਸੀਂ ਆਪਣੇ ਮੁਕਾਬਲੇ ਵਿੱਚ ਉਦਾਸੀ ਨੂੰ ਬਹੁਤ ਵੱਡਾ ਬੰਦਾ ਸਮਝਦੇ ਸੀ। ਪੰਦਰਾਂ-ਵੀਹ ਮਿੰਟਾਂ ਦੀ ਸੋਚ-ਵਿਚਾਰ ਤੋਂ ਬਾਅਦ ਰਾਮ ਸਿੰਘ ਨੇ ਉਦਾਸੀ ਨੂੰ ਕਿਸੇ ਵੱਡੇ ਅਫ਼ਸਰ ਨੂੰ ਬੇਨਤੀ-ਪੱਤਰ ਲਿਖਣ ਵਾਲੇ ਲਹਿਜ਼ੇ ‘ਚ ਜਵਾਬੀ ਪੋਸਟ ਕਾਰਡ ਲਿਖਿਆ। ਲਿਖੇ ਪੋਸਟ ਕਾਰਡ ਦੇ ਨਾਲ ਵਾਲੇ ਖ਼ਾਲੀ ਪੋਸਟ ਕਾਰਡ ‘ਤੇ ਮੇਰਾ ਪਿੰਡ ਵਾਲਾ ਪਤਾ ਲਿਖਿਆ। ਫਿਰ ਤਕਰੀਬਨ ਅੱਠ-ਦਸ ਦਿਨਾਂ ਬਾਅਦ ਜਵਾਬੀ ਕਾਰਡ ਵਾਪਸ ਆਇਆ। ਉਸ ਕਾਰਡ ਦੇ ਸ਼ੁਰੂ ‘ਚ ਹੀ ਅਪਣੱਤ ਭਰੇ ਜਜ਼ਬੇ ਨਾਲ ਇਹ ਦੋ ਲਾਈਨਾਂ ਲਿਖੀਆਂ ਹੋਈਆਂ ਸਨ:
‘ਸੱਦੀ ਹੋਈ ਮਿੱਤਰਾਂ ਦੀ, 
ਪੈਰ ਜੁੱਤੀ ਨਾ ਪਾਵਾਂ’

ਇਹ ਦੋਵੇਂ ਲਾਈਨਾਂ ਅਤੇ ਜਵਾਬੀ ਕਾਰਡ ਦੇ ਬਾਕੀ ਸ਼ਬਦ ਪੜ੍ਹ ਕੇ ਮੈਂ ਅਤੇ ਰਾਮ ਸਿੰਘ ਫੁੱਲੇ ਨਾ ਸਮਾਏ। ਸਾਨੂੰ ਦੋਵਾਂ ਨੂੰ ਇਉਂ ਮਹਿਸੂਸ ਹੋਣ ਲੱਗਿਆ, ਜਿਵੇਂ ਉਦਾਸੀ ਸਾਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ ਅਤੇ ਸਾਨੂੰ ਆਪਣੇ ਬਹੁਤ ਨੇੜਲੇ ਮਿੱਤਰ ਸਮਝਦਾ ਹੋਵੇ ਅਤੇ ਉਹ ਸਾਡੇ ਪ੍ਰੋਗਰਾਮ ‘ਚ ਆਉਣ ਲਈ ਉਤਾਵਲਾ ਹੋਵੇ। ਜਵਾਬੀ ਕਾਰਡ ਆਉਣ ਤੋਂ ਦੂਜੇ ਦਿਨ ਹੀ ਮੈਂ ਅਤੇ ਰਾਮ ਸਿੰਘ ਨੇ ਆਪਣੇ ਪਿੰਡ ਦੀ ਮਜ਼ਦੂਰ ਸਭਾ ਦੇ ਵਰਕਰਾਂ ਨੂੰ ਨਾਲ ਲੈ ਕੇ ਚਾਅ ਅਤੇ ਉਤਸ਼ਾਹ ਭਰੇ ਜਜ਼ਬੇ ਨਾਲ ਪ੍ਰੋਗਰਾਮ ਦੀ ਤਿਆਰੀ ਕਰਨੀ ਸ਼ੁਰੂ ਕੀਤੀ। ਕਿਉਂਕਿ ਇੱਕ ਤਾਂ ਅਸੀਂ ਆਪਣੇ ਵੱਲੋਂ ਆਪਣੇ ਪਿੰਡ ਵਿੱਚ ਪਹਿਲਾ ਪ੍ਰੋਗਰਾਮ ਕਰਵਾ ਰਹੇ ਸੀ ਅਤੇ ਦੂਸਰਾ ਉਦਾਸੀ ਦੇ ਆਉਣ ਦੀ ਅਥਾਹ ਖ਼ੁਸ਼ੀ ਨਾਲ ਨੱਕੋ-ਨੱਕ ਭਰੇ ਹੋਏ ਸੀ।

ਪ੍ਰੋਗਰਾਮ ਵਾਲੇ ਦਿਨ ਸਟੇਜ ਮਜ਼ਦੂਰਾਂ (ਮਜ੍ਹਬੀ ਸਿੱਖਾਂ, ਰਮਦਾਸੀਆ ਸਿੱਖਾਂ) ਦੀਆਂ ਜੌੜੀਆਂ ਖੂਹੀਆਂ ਵਾਲੇ ਵਿਹੜੇ ਨੇੜਲੀ ਖੁੱਲ੍ਹੀ ਥਾਂ ਵਿੱਚ ਬਣਾਈ ਗਈ ਸੀ। ਉਦਾਸੀ ਮਜ਼ਦੂਰ ਵਿਹੜੇ ਨੇੜੇ ਬਣੀ ਸਟੇਜ ਵੇਖ ਕੇ ਗੁਲਾਬ ਦੇ ਫੁੱਲ ਵਾਂਗ ਖਿੜਿਆ ਸੀ। ਉਸਦੇ ਹਿਰਦੇ ‘ਚ ਕੰਮੀਆਂ ਦੇ ਵਿਹੜਿਆਂ ਨੂੰ ਜਾਗਰਿਤ ਕਰਕੇ ਇਨਕਲਾਬ ਦੇ ਰਾਹ ਤੋਰਨ ਦਾ ਜੋਸ਼-ਖਰੋਸ ਠਾਠਾ ਮਾਰ ਰਿਹਾ ਸੀ। ਪ੍ਰੋਗਰਾਮ ਦੇ ਸ਼ੁਰੂ ‘ਚ ਹੀ ਸਟੇਜ ਸਕੱਤਰ ਰਾਮ ਸਿੰਘ ਲਿੱਸੇ ਮੂੰਹਾਂ ਅਤੇ ਮੈਲੇ-ਕਚੈਲੇ ਲੀੜਿਆਂ ਵਾਲੇ ਮਜ਼ਦੂਰਾਂ ਤੇ ਮਜ਼ਦੂਰ ਔਰਤਾਂ ਨੂੰ ਸੰਤ ਰਾਮ ਉਦਾਸੀ ਬਾਰੇ ਜਾਣਕਾਰੀ ਦੇਣ ਲੱਗਿਆ, ‘ਮਜ਼ਦੂਰ ਭਰਾਵੋ ਅਤੇ ਭੈਣੋ! ਅੱਜ ਦਾ ਦਿਨ ਬੜਾ ਹੀ ਚੰਗਾ ਦਿਨ ਐ। ਕਿਉਂਕਿ ਆਪਣੇ ਦੁੱਖਾਂ ਅਤੇ ਹੱਕਾਂ ਦੇ ਗੀਤ ਗਾਉਣ ਵਾਲਾ ਪੰਜਾਬ ਦੇ ਮਹਾਨ ਕਵੀ ਸੰਤ ਰਾਮ ਉਦਾਸੀ ਜੀ ਆਪਣੇ ਵਿਚਕਾਰ ਪਹੁੰਚੇ ਹੋਏ ਹਨ। ਇਸ ਯੋਧੇ ਕਵੀ ਨੂੰ ਆਪਣੇ ਲੋਕਾਂ ਦੇ ਗੀਤ ਲਿਖਣ ਅਤੇ ਗਾਉਣ ਬਦਲੇ ਅੰਮ੍ਰਿਤਸਰ ਦੇ ਪੁੱਛਗਿੱਛ ਕੇਂਦਰ ‘ਚ ਮੌਜੂਦਾ ਸਰਕਾਰ ਵੱਲੋਂ ਪੁੱਠਾ ਲਟਕਾਇਆ ਗਿਆ ਸੀ ਅਤੇ ਇਸ ਦੇ ਸਿਰ ਹੇਠ ਸਟੋਵ ਬਾਲਿਆ ਗਿਆ ਸੀ। ਹੋਰ ਕਿੰਨੇ ਹੀ ਕਿਸਮ ਦੇ ਅਣਮਨੁੱਖੀ ਤਸੀਹੇ ਦਿੱਤੇ ਗਏ ਸਨ। ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਗਿਆ ਸੀ, ਪਰ ਫਿਰ ਵੀ ਇਸ ਸੂਰਬੀਰ ਕਵੀ ਨੇ ਕਿਰਤੀ ਲੋਕਾਂ ਦੇ ਗੀਤ ਗਾਉਣੇ ਬੰਦ ਨਹੀਂ ਕੀਤੇ…….’।

ਦੋ ਢਾਈ ਮਿੰਟ ਹੋਰ ਰਾਮ ਸਿੰਘ ਸੰਤ ਰਾਮ ਉਦਾਸੀ ਬਾਰੇ ਜਾਣਕਾਰੀ ਦਿੰਦਾ ਰਿਹਾ। ਫਿਰ ਉਸ ਨੇ ਗੀਤ ਗਾਉਣ ਲਈ ਉਦਾਸੀ ਦਾ ਨਾਮ ਬੋਲਿਆ। ਉਦਾਸੀ ਮਾਇਕ ਮੂਹਰੇ ਆਇਆ ਉਸ ਨੇ ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ….’, ਗੀਤ ਗਾਇਆ। ਫਿਰ ਉਸ ਨੇ ਸਮੇਂ-ਸਮੇਂ ਸਿਰ ਆਪਣੇ ਕਈ ਹੋਰ ਗੀਤ ਵੀ ਗਾਏ। ਉਸਦੇ ਗੀਤਾਂ ਅੰਦਰਲੀ ਸਚਾਈ ਨੇ ਕਿਰਤੀ ਮਰਦ-ਔਰਤਾਂ ਦੀ ਚੇਤਨਾ ‘ਤੇ ਆਪਣੀ ਅਮਿੱਟ ਛਾਪ ਛੱਡੀ। ਪ੍ਰੋਗਰਾਮ ਦੀ ਸਮਾਪਤੀ ਤੋਂ ਤਕਰੀਬਨ ਪੰਦਰਾਂ-ਵੀਹ ਮਿੰਟ ਬਾਅਦ ਤੱਕ ਵੀ ਉਦਾਸੀ ਮਜ਼ਦੂਰਾਂ ਨਾਲ ਆਪਣਿਆਂ ਵਾਂਗ ਗੱਲਾਂ ਕਰਦਾ ਰਿਹਾ ਸੀ। ਫਿਰ ਮੈਂ ਅਤੇ ਉਦਾਸੀ ਸਾਡੇ ਘਰ ਆਏ ਸੀ। ਉਹ ਕੰਧੋਲੀ ਤੇ ਬਲ ਰਹੇ ਮਿੱਟੀ ਦੇ ਤੇਲ ਵਾਲੇ ਦੀਵੇ ਦੀ ਮਿੰਨੀ-ਮਿੰਨੀ ਲੋਅ ‘ਚ ਡਹੇ ਮੰਜੇ ਤੇ ਬੈਠ ਕੇ ਸਾਡੇ ਪਰਿਵਾਰ ਦੇ ਮੈਂਬਰਾਂ ਨਾਲ ਇਉਂ ਗੱਲਾਂ ਕਰਨ ਲੱਗ ਗਿਆ ਸੀ, ਜਿਵੇਂ ਉਹ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ। ਮੇਰੀ ਮਾਂ ਸਾਡੇ ਦੋਵਾਂ ਲਈ ਰੋਟੀ ਪਰੋਸ ਕੇ ਲਿਆਈ। ਛੰਨੇ ਵਿਚਲੀ ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਉਤਦੀ ਤੈਰਦੇ ਦੇਸੀ ਘਿਉ ਵੱਲ ਖ਼ੁਸ਼ ਹੋ ਕੇ ਤੱਕਦਾ ਅਤੇ ਹੱਸਦਾ ਉਦਾਸੀ ਬੋਲਿਆ ਸੀ, ‘ਬੇਬੇ! ਸਵੇਰੇ ਦਹੀਂ ਵੀ ਖਵਾਉਣੀ ਹੋਊ’, ‘ਦਹੀਂ ਭਾਈ, ਥੋਡੇ ਵਰਗੇ ਪੁੱਤਾਂ ਨਾਲੋਂ ਕੀ ਚੰਗੀ ਐ।’ ਮਾਂ ਉਦਾਸੀ ਦੇ ਗੀਤਾਂ ਅਤੇ ਅਪਣੱਤ ਭਰੇ ਰਵੱਈਏ ਤੋਂ ਤੱਕੜੀ ਪ੍ਰਭਾਵਿਤ ਹੋਈ ਵੀ ਸੀ। ਭਾਦੋਂ ਦੇ ਹੁੰਮਸ ਅਤੇ ਮਿੱਟੀ ਦੇ ਤੇਲ ਦੇ ਦੀਵੇ ਦੀ ਬੱਤੀ ਵੱਲੋਂ ਛੱਡੇ ਜਾ ਰਹੇ ਧੂੰਏਂ ਤੋਂ ਬੇਖ਼ਬਰ ਹੋਏ ਉਦਾਸੀ ਨੇ ਓਵੇਂ ਰੋਟੀ ਖਾਂਦੀ ਸੀ, ਜਿਵੇਂ ਉਹ ਪਹਿਲਾਂ ਤੋਂ ਹੀ ਅਜਿਹੇ ਮਾਹੌਲ ‘ਚ ਰੋਟੀ ਖਾਣ ਦਾ ਆਦੀ ਬਣਿਆ ਹੋਇਆ ਸੀ। ਰੋਟੀ ਖਾਣ ਤੋਂ ਬਾਅਦ ਮੈਂ ਅਤੇ ਉਦਾਸੀ ਸਾਡੇ ਦਰਵਾਜ਼ੇ ਨੂੰ ਲੱਗੀ ਲੱਕੜ ਦੀ ਪੌੜੀ ਰਾਹੀ ਦਰਵਾਜ਼ੇ ਦੀ ਛੱਤ ‘ਤੇ ਗਏ। ਛੱਤ ਤੇ ਪਹਿਲਾਂ ਤੋਂ ਹੀ ਉੱਥੇ ਡਹੇ ਹੋਏ ਮੰਜਿਆਂ ‘ਤੇ ਬੈਠੇ। ਸਹਿਜ ਸੁਭਾਅ ਹੀ ਅਸੀਂ ਪ੍ਰੋਗਰਾਮ ਦਾ ਰਿਵਿਊ ਕਰਨ ਲੱਗੇ। ਰਿਵਿਊ ਕਰਨ ਦੌਰਾਨ ਸਾਡਾ ਦੋਵਾਂ ਦਾ ਜੋ ਸਾਂਝਾ ਮੱਤ ਬਣਿਆ ਉਹ ਕੁੱਝ ਇਸ ਤਰ੍ਹਾਂ ਦਾ ਸੀ। 
ਪੇਂਡੂ ਕਿਰਤੀਆਂ ਦੇ ਹਿਤਾਂ ਅਤੇ ਉਹਨਾਂ ਦੀ ਜਮਾਤੀ ਸਾਂਝ ਨੂੰ ਉਭਾਰਨ ਦੀ ਨੁਕਤਾ ਨਜ਼ਰ ਤੋਂ, ਪੇਂਡੂ ਲੋਕ ਮੁਹਾਵਰੇ ਅਤੇ ਸਰਲ ਤੋਂ ਸਰਲ ਬੋਲੀ ‘ਚ ਲਿਖੀਆਂ ਕਵੀਸ਼ਰੀਆਂ, ਬੋਲੀਆਂ, ਵਾਰਾਂ, ਕਲੀਆਂ ਅਤੇ ਗੀਤ ਆਦਿ ਪੇਂਡੂ ਲੋਕਾਂ ਨੂੰ ਜਾਗਰਿਤ ਕਰਨ ‘ਚ ਵਧੇਰੇ ਸਾਜ਼ਗਾਰ ਸਿੱਧ ਹੋ ਸਕਦੇ ਹਨ। ਪਰ ਅੱਜ-ਕੱਲ੍ਹ ਅਜਿਹਾ ਸਾਹਿਤ ਨਾ-ਮਾਤਰ ਹੀ ਹੋਂਦ ‘ਚ ਆ ਰਿਹਾ ਹੈ। ਫਿਰ ਸਾਡੇ ਦਰਮਿਆਨ ਅਜਿਹੇ ਸਾਹਿਤ ਦੀ ਘਾਟ ਨੂੰ ਦੂਰ ਕਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਕੁੱਝ ਸਮਾਂ ਗੱਲਬਾਤ ਚੱਲਦਾ ਰਹੀ ਸੀ।

ਮਹਿਰਾਜ ਪ੍ਰੋਗਰਾਮ ਤੋਂ ਤਕਰੀਬਨ ਚਾਰ ਪੰਜ ਦਿਨ ਬਾਅਦ ‘ਚ ਮੈਂ, ਸਮਰਜੀਤ ਖੀਵਾ ਅਤੇ ਗੁਰਦਿਆਲ ਸ਼ੇਰਪੁਰ ਆਪਸ ਵਿੱਚ ਮਿਲੇ। ਮੈਂ ਉਹਨਾਂ ਨਾਲ ਆਪਣਾ ਅਤੇ ਉਦਾਸੀ ਵਾਲਾ ਮੱਤ ਸਾਂਝਾ ਕੀਤਾ। ਉਹਨਾਂ ਨੂੰ ਵੀ ਉਹ ਮੱਤ ਠੀਕ ਲੱਗਿਆ। ਅਸੀਂ ਉਸ ਮੱਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਿੰਡਾਂ ਦੇ ਅਨਪ੍ਹੜ ਅਤੇ ਥੋੜ੍ਹੇ ਪੜ੍ਹਿਆਂ ਖ਼ਾਤਰ ‘ਕਿਰਤੀ ਕਿੱਸਾ’ ਨਾਂਅ ਦਾ ਦੋਮਾਸਕ ਪਰਚਾ ਕੱਢਣ ਦੀ ਵਿਉਂਤ ਬਣਾਈ। ਵਿਉਂਤ ਮੁਤਾਬਿਕ ਫਿਰ ਸਾਡੇ ਵੱਲੋਂ ਬਠਿੰਡਾ ਜਿਲ੍ਹੇ ਅਤੇ ਆਪਣੀ ਸਿਆਸੀ ਧਿਰ ਨਾਲ ਸਬੰਧਿਤ ਅਤੇ ਅਣਰਜਿਸਟਰਡ ਕੇਂਦਰੀ ਲੇਖਕ ਸਭਾ ਅੰਦਰਲੇ ਸਾਹਿਤਕ ਰੁਚੀਆਂ ਵਾਲੇ ਸਾਥੀਆਂ ਦੀ ਮੀਟਿੰਗ ਬੁਲਾਈ ਗਈ। ਕਰਮਜੀਤ ਜੋਗਾ, ਸੁਰਜੀਤ ਅਰਮਾਨੀ, ਸਵ: ਮੁਖ਼ਤਿਆਰ ਸਿੰਘ, ਸਾਇੰਸ ਮਾਸਟਰ ਭਾਈ ਰੂਪਾ, ਬੋਘੜ ਤੇ ਕੁੱਝ ਹੋਰ ਮੀਟਿੰਗ ‘ਚ ਸ਼ਾਮਿਲ ਹੋਏ। ਮੀਟਿੰਗ ਨੇ ‘ਕਿਰਤੀ ਕਿੱਸਾ’ ਕੱਢਣ ਦੇ ਏਜੰਡੇ ਨੂੰ ਖੁਸ਼ੀ-ਖੁਸ਼ੀ ਪਾਸ ਕੀਤਾ। ਕਿਰਤੀ ਕਿੱਸੇ ਨੂੰ ਸਮਰਜੀਤ ਖੀਵਾ (ਵੱਖ-ਵੱਖ ਨਾਵਾਂ ਹੇਠ), ਸੁਰਜੀਤ ਅਰਮਾਨੀ, ਬੋਘੜ, ਮੇਜਰ ਗਿੱਲ, ਕਰਮਜੀਤ ਜੋਗਾ, ਮੁਖ਼ਤਿਆਰ ਸਿੰਘ ਭਾਈ ਰੂਪਾ, ਸੰਤ ਰਾਮ ਉਦਾਸੀ ਅਤੇ ਮੈਂ ਛਾਪਣ ਲੱਗੇ। ਲੋਕ ਮੁਹਾਵਰੇ ਅਤੇ ਸਰਲ ਤੋਂ ਸਰਲ ਬੋਲੀ ਵਿਚਲੀਆਂ ਕਵੀਸ਼ਰੀਆਂ, ਕਲੀਆਂ, ਬੋਲੀਆਂ, ਵਾਰਾਂ ਅਤੇ ਗੀਤ ਛਾਪੇ ਜਾਣ ਕਾਰਨ ਕਿਰਤੀ ਕਿੱਸਾ ਪੇਂਡੂ ਕਿਰਤੀਆਂ ਦਾ ਹਰਮਨ ਪਿਆਰਾ ਕਿੱਸਾ ਬਣਿਆ। ਸੰਤ ਰਾਮ ਉਦਾਸੀ ਅਤੇ ਕਈ ਹੋਰ ਲੋਕ ਕਵੀਆਂ ਦੇ ਗੀਤ, ਕਵੀਸ਼ਰੀਆਂ ਅਤੇ ਵਾਰਾਂ, ਬੋਲੀਆਂ ਆਦਿ ਹਾਲ਼ੀਆਂ-ਪਾਲ਼ੀਆਂ ਅਤੇ ਆਜੜੀਆਂ ਦੇ ਬੁੱਲ੍ਹਾਂ ਤੱਕ ਪਹੁੰਚਾਉਣ ‘ਚ ਸਟੇਜੀ ਪ੍ਰੋਗਰਾਮਾਂ ਦੇ ਨਾਲ-ਨਾਲ ਕਿਰਤੀ ਕਿੱਸੇ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾਂਦੀ ਰਹੀ। ਫਿਰ ਜੂਨ 1974 ‘ਚ ਲੱਗੀ ਐਮਰਜੈਂਸੀ ਦੀ ਮਾਰ ਹੇਠ ਆਏ ਕਈ ਹੋਰ ਇਨਕਲਾਬੀ ਪਰਚਿਆਂ ਵਾਂਗ ‘ਕਿਰਤੀ ਕਿੱਸਾ’ ਵੀ ਐਮਰਜੈਂਸੀ ਦੀ ਮਾਰ ਹੇਠ ਆਇਆ। ਕਿਉਂਕਿ ਸੰਤ ਰਾਮ ਉਦਾਸੀ, ਸੁਰਜੀਤ ਅਰਮਾਨੀ, ਬੋਘੜ ਅਤੇ ਮੈਨੂੰ ਡੀ.ਆਈ.ਆਰ. (ਡਿਫੈਂਸ ਇੰਡੀਆ ਰੂਲ ਐਕਟ) ਅਧੀਨ ਗ੍ਰਿਫ਼ਤਾਰ ਕਰਕੇ ਜੇਲ੍ਹੀ ਬੰਦ ਕੀਤਾ ਗਿਆ ਸੀ। ਕਰਮਜੀਤ ਜੋਗੇ ਨੂੰ ਰੂਪੋਸ਼ ਹੋਣਾ ਪੈ ਗਿਆ ਸੀ। ਮੁਖ਼ਤਿਆਰ ਭਾਈ ਰੂਪਾ ਪਹਿਲਾਂ ਹੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੰਘਰਸ਼ ਦੌਰਾਨ ਸ਼ਹੀਦੀ ਜਾਮ ਪੀ ਗਿਆ ਸੀ। 
ਮੈਂ ਅਤੇ ਸੰਤ ਰਾਮ ਉਦਾਸੀ ਐਮਰਜੈਂਸੀ ਟੁੱਟਣ ਅਤੇ ਜੇਲ੍ਹੋਂ ਰਿਹਾਅ ਹੋ ਕੇ ਆਉਣ ਬਾਅਦ, ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਨੇੜਲੇ ਗੁਰੂਸਰ ਪਿੰਡ ‘ਚ ਮਿਲੇ। ਉਸ ਪਿੰਡ ਅਤੇ ਨਕਸਲਬਾੜੀ ਲਹਿਰ ਦੇ ਸ਼ਹੀਦ ਭੋਲਾ ਸਿੰਘ ਗੁਰੂਸਰ ਦਾ ਸ਼ਹੀਦੀ ਸਮਾਗਮ ਸੀ। ਸਾਨੂੰ ਸਮਾਗਮ ਦੀ ਸਮਾਪਤੀ ਤੋਂ ਪਿੱਛੋਂ ਕੁੱਝ ਸਮਾਂ ਦੋਵਾਂ ਨੂੰ ਇਕੱਲਿਆਂ ਬੈਠਣ ਦਾ ਮੌਕਾ ਮਿਲਿਆ। ਉਸ ਸਮੇਂ ਸਾਡੇ ਦਰਮਿਆਨ ਫ਼ਿਕਰਮਈ ਮਾਹੌਲ ‘ਚ ਭੋਲਾ ਸਿੰਘ ਗੁਰੂਸਰ ਦੇ ਬਿਰਧ ਮਾਪਿਆਂ ਦੀ ਮਾੜੀ ਆਰਥਿਕ ਹਾਲਤ ਬਾਰੇ ਹੀ ਗੱਲ ਚੱਲਦੀ ਰਹੀ ਸੀ। ਉਹਨਾਂ ਦੀ ਅਜਿਹੀ ਆਰਥਕ ਹਾਲਤ ਦੇ ਦੁੱਖ ਨਾਲ ਧੁਰ ਦਿਲ ਤਕ ਪਸੀਜੇ ਉਦਾਸੀ ਵੱਲੋਂ ਅਫਸੋਸੇ ਜਿਹੇ ਅੰਦਾਜ਼ ‘ਚ ਮੈਨੂੰ ਆਪਣੀ ‘ਮਰਦਾਨੇ ਨੂੰ ਮਰਦਾਨਣ ਦਾ ਖ਼ਤ’ ਨਾਂ ਦੀ ਕਵਿਤਾ ਵੀ ਸੁਣਾਈ ਗਈ ਸੀ।

ਗੁਰੂਸਰ ਸਮਾਗਮ ਪਿੱਛੋਂ, ਮੇਰਾ ਬਹੁਤ ਸਮਾਂ ਮਾਸਿਕ ਪਰਚੇ ਪ੍ਰਚੰਡ(ਕਿਰਤੀ ਕਿੱਸਾ ਅਤੇ ਕਿਰਤੀ ਯੁੱਗ ਨਾਂ ਦੇ ਪਰਚਿਆਂ ਦੀ ਥਾਂ ਨਿਕਲਣ ਲੱਗੇ) ਦੇ ਕੰਮਾਂ-ਧੰਦਿਆਂ ‘ਚ ਲੰਘਣ ਲੱਗਿਆ ਸੀ। ਫਿਰ ‘ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ’ ਨਾਂਅ ਦੀ ਜਥੇਬੰਦੀ ਹੋਂਦ ‘ਚ ਲਿਆਉਣ ਲਈ ਅਲੱਗ-ਅਲੱਗ ਜਿਲ੍ਹਿਆਂ ਦੇ ਇਨਕਲਾਬੀ ਸਭਿਆਚਾਰਕ ਕਾਮਿਆਂ ਨੂੰ ਮਿਲਣ ਦੀ ਮੁਹਿੰਮ ਚੱਲੀ। ਮੈਂ ਅਤੇ ਸਵ: ਜਸਰਾਜਜੀਤ ਔਲਖ, ਉਦਾਸੀ ਨੂੰ ਮਿਲਣ ਉਦਾਸੀ ਦੇ ਪਿੰਡ ਰਾਏਸਰ ਗਏ। ਉਹ ਸਾਨੂੰ ਮਿਲ ਨਾ ਸਕਿਆ। ਸ਼ਾਇਦ ਕਿਸੇ ਵਿਦੇਸ਼ੀ ਦੌਰੇ ‘ਤੇ ਗਿਆ ਹੋਇਆ ਸੀ, ਜਿਸ ਕਾਰਨ ਸੰਤ ਰਾਮ ਉਦਾਸੀ ਤਾਂ 22 ਅਪ੍ਰੈਲ 1981 ਨੂੰ ਝੁਨੀਰ ਵਿਖੇ ਹੋਈ ਕ੍ਰਾਂਤੀਕਾਰੀ ਸਾਹਿਤ ਸਭਾ ਦੀ ਸਥਾਪਨਾ ਕਨਵੈਨਸ਼ਨ ਵਿੱਚ ਸ਼ਾਮਲ ਨਹੀਂ ਹੋ ਸਕਿਆ ਸੀ ਪਰ ਉਸ ਦਾ ਵੱਡਾ ਭਰਾ ਗੁਰਦਾਸ ਘਾਰੂ ਉਸ ਕਨਵੈਨਸ਼ਨ ਵਿੱਚ ਪਹੁੰਚਿਆ ਸੀ। ਸਾਲ 1984 ‘ਚ ਭਾਰਤ ਦੇ ਇਨਕਲਾਬੀ ਸਭਿਆਚਾਰਕ ਕਾਮਿਆਂ ਦੀ ਦਿੱਲੀ ਵਿਖੇ ਕਾਨਫ਼ਰੰਸ ਹੋਈ। ਉਸ ਕਾਨਫ਼ਰੰਸ ‘ਚ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਵੀ ਸ਼ਾਮਲ ਹੋਈ ਸੀ। ਸੰਤ ਰਾਮ ਉਦਾਸੀ ਉਸ ਕਾਨਫ਼ਰੰਸ ਵਿੱਚ ਵੀ ਨਹੀਂ ਪਹੁੰਚ ਸਕਿਆ ਸੀ। ਜਦਕਿ ਦਿੱਲੀ ਕਾਨਫ਼ਰੰਸ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਵੀ ਸੱਦਾ-ਪੱਤਰ ਭੇਜਿਆ ਗਿਆ ਸੀ। ਸੰਤ ਰਾਮ ਉਦਾਸੀ ਦੀ ਗੈਰ-ਮੌਜੂਦਗੀ ਤਕਰੀਬਨ ਸਾਰਿਆਂ ਨੂੰ ਰੜਕ ਰਹੀ ਸੀ। ਹੰਸ ਰਾਜ ਰਹਿਬਰ, ਕੇ.ਵੀ.ਆਰ. ਵਰਵਰਾ ਰਾਓ ਅਤੇ ਗਦਰ ਹੋਰਾਂ ਵੱਲੋਂ ਤਾਂ ਮੇਰੇ ਅਤੇ ਗੁਰਸ਼ਰਨ ਸਿੰਘ ਜੀ ਕੋਲੋਂ ਸੰਤ ਰਾਮ ਉਦਾਸੀ ਦੇ ਨਾ ਪਹੁੰਚਣ ਬਾਰੇ ਪੁੱਛਿਆ ਵੀ ਗਿਆ ਸੀ। ਗੁਰਸ਼ਰਨ ਸਿੰਘ ਜੀ ਵੱਲੋਂ ਪਤਾ ਨਹੀਂ ਕੋਈ ਜਵਾਬ ਦਿੱਤਾ ਗਿਆ ਸੀ ਜਾਂ ਨਹੀਂ ਦਿੱਤਾ ਸੀ, ਪਰ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ ਸੀ, ਕਿਉਂਕਿ ਮੈਨੂੰ ਖ਼ੁਦ ਨੂੰ ਵੀ ਉਦਾਸੀ ਦੇ ਦਿੱਲੀ ਕਾਨਫ਼ਰੰਸ ‘ਚ ਨਾ ਪਹੁੰਚਣ ਦੇ ਕਾਰਨ ਦਾ ਪਤਾ ਨਹੀਂ ਸੀ।

ਦਰਅਸਲ ਉਹਨਾਂ-ਦਿਨੀਂ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਸਥਾਪਤੀ ਪੱਖੀ ਚਾਪਲੂਸਾਂ ਨੇ ਆਪਣੇ ਘੇਰੇ ‘ਚ ਲਿਆ ਹੋਇਆ ਸੀ ਕਿਉਂਕਿ ਇਨਟੈਰੋਗੇਸ਼ਨਾਂ ਦੇ ਤਸੀਹੇ ਅਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤਾਂ ਉਦਾਸੀ ਅੰਦਰਲੇ ਕ੍ਰਾਂਤੀਕਾਰੀ ਕਵੀ ਨੂੰ ਹਰਾ ਨਹੀਂ ਸਕੀਆਂ ਸਨ। ਜਦੋਂ ਕਿ ਸਥਾਪਤੀ ਇਹ ਕੁਕਰਮ ਹਰ ਹੀਲੇ ਕਰਨਾ ਚਾਹੁੰਦੀ ਸੀ। ਇਸੇ ਲਈ ਸਥਾਪਤੀ ਵੱਲੋਂ ਉਦਾਸੀ ਦੁਆਲੇ ਆਪਣੇ ਚਾਪਲੂਸਾਂ ਦਾ ਘੇਰਾ ਪਵਾਇਆ ਗਿਆ ਸੀ। ਉਦਾਸੀ ਨੂੰ ਵੀ ਇਸ ਸਾਰੇ ਕੁੱਝ ਦਾ ਇਲਮ ਸੀ। ਪਰ ਉਸ ਨੂੰ ਕਿਰਤੀ ਲੋਕਾਂ ਨਾਲ ਆਪਣੀ ਪ੍ਰਤੀਬੱਧਤਾ ਉਤੇ ਅਥਾਹ ਵਿਸ਼ਵਾਸ ਸੀ। ਇਸੇ ਵਿਸ਼ਵਾਸ ਕਰਕੇ ਉਹ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਗਿਆ। 1984 ਦੇ ਵਿਸਾਖੀ ਵਾਲੇ ਦਿਨ ਸਿੱਕਿਆਂ ਨਾਲ ਤੁਲਿਆ। ਬਿਨਾਂ ਸ਼ੱਕ ਉਸ ਨੇ ਇਹਨਾਂ ਦੋਵੇਂ ਸਰਕਾਰੀ ਥਾਵਾਂ ‘ਤੇ ਆਪਣੇ ਕ੍ਰਾਂਤੀਕਾਰੀ ਗੀਤ ਹੀ ਪੇਸ਼ ਕੀਤੇ ਸਨ, ਪਰ ਫਿਰ ਵੀ, (ਸ਼ਾਹਾਂ ਦੀ ਨੂੰਹ ਦੀਆਂ ਵੰਗਾਂ ਦੀ ਛਣਕਾਰ ਨਾਲ ਇਨਕਲਾਬੀ ਦੇ ਸੱਥਰ ‘ਤੇ ਬੈਠੀ ਇਨਕਲਾਬੀ ਦੀ ਭੈਣ ਅਤੇ ਪਤਨੀ ਦੇ ਮਨ ਨੂੰ ਪਹੁੰਚੇ ਦੁੱਖ ਦੀ ਪੀੜ ਨੂੰ ਮਹਿਸੂਸ ਕਰਨ ਵਾਲੇ) ਉਦਾਸੀ ਅੰਦਰਲੇ ਕ੍ਰਾਂਤੀਕਾਰੀ ਕਵੀ ਦੀ ਚੈਨ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕੀ ਸੀ। ਇਸ ਲਈ ਤਾਂ ਲਾਲ ਕਿਲ੍ਹੇ ਤੇ ਗਾਉਣ ਅਤੇ ਸਿੱਕਿਆਂ ਨਾਲ ਤੁਲਣ ਤੋਂ ਬਾਅਦ ਉਦਾਸੀ ਗਵਾਚਿਆ-ਗਵਾਚਿਆ ਰਹਿਣ ਲੱਗ ਪਿਆ ਸੀ।

ਸਤੰਬਰ, 1986 ਨੂੰ ਕ੍ਰਾਂਤੀਕਾਰੀ ਸਹਿਤ ਸਭਾ ਪੰਜਾਬ ਵੱਲੋਂ, ਮੈਂ, ਰਾਜਿੰਦਰ ਰਾਹੀ, ਜਗਰਾਜ ਧੌਲਾ, ਸੁਰਜੀਤ ਅਰਮਾਨੀ, ਕਰਮਜੀਤ ਜੋਗਾ ਅਤੇ ਗੁਰਦਾਸ ਘਾਰੂ ਸੰਤ ਰਾਮ ਉਦਾਸੀ ਨਾਲ ਮੁਲਾਕਾਤ ਕਰਨ ਲਈ ਉਸ ਦੇ ਘਰ ਪਹੁੰਚੇ। ਉਦਾਸੀ ਮਿਥੇ ਪ੍ਰੋਗਰਾਮ ਅਨੁਸਾਰ ਘਰ ਹੀ ਸੀ। ਸਾਡੇ ਵੱਲੋਂ ਉਸ ਨਾਲ ਇੱਕ ਮੁਲਾਕਾਤ ਕੀਤੀ ਗਈ ਅਤੇ ਇਸ ਦੀ ਟੇਪ ਰਿਕਾਡਿੰਗ ਵੀ ਕੀਤੀ ਗਈ। ਕੁੱਝ ਹਫ਼ਤਿਆਂ ਮਗਰੋਂ ਜਦ ਮੁਲਾਕਾਤ ਨੂੰ ਲਿਖਤੀ ਰੂਪ ਦੇਣ ਦੇ ਮਨੋਰਥ ਨਾਲ ਟੇਪ ਵਾਰ-ਵਾਰ ਚਲਾਈ ਅਤੇ ਬੰਦ ਕੀਤੀ ਜਾ ਰਹੀ ਸੀ ਤਾਂ ਕੈਸਟ ਦੀ ਰੀਲ ਟੇਪ ਵਿੱਚ ਫਸ ਗਈ। ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਨ ਦੌਰਾਨ ਉਹ ਕਈ ਥਾਵਾਂ ਤੋਂ ਟੁੱਟ ਕੇ ਬੇਕਾਰ ਹੋ ਗਈ। ਅਫ਼ਸੋਸ! ਉਸ ਮੁਲਾਕਾਤ ਤੋਂ ਤਕਰੀਬਨ ਦੋ ਮਹੀਨੇ ਬਾਅਦ ਉਦਾਸੀ ਮਹਾਰਾਸ਼ਟਰ ਤੋਂ ਵਾਪਸ ਪਰਤ ਰਿਹਾ ਮਨਵਾਹੜ ਸਟੇਸ਼ਨ ਨੇੜੇ ਰੇਲ ਗੱਡੀ ‘ਚ ਹੀ ਆਪਣੇ ਕਿਰਤੀ ਲੋਕਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਉਦਾਸੀ ਦੇ ਜਿਉਂਦਿਆਂ ਹੀ ਲਾਲ ਕਿਲ੍ਹੇ ਤੇ ਗਾਉਣ ਅਤੇ ਸਿੱਕਿਆਂ ਨਾਲ ਤੁਲਣ ਜਿਹੇ ਮੰਦਭਾਗੇ ਵਰਤਾਰਿਆਂ ਨੂੰ ਲੈ ਕੇ ਜਿੱਥੇ ਕੁੱਝ ਵਿਅਕਤੀ ਉਦਾਸੀ ਨੂੰ ‘ਸਰਕਾਰੀ ਬੰਦਾ’ ਗਰਦਾਨਣ ਲੱਗ ਪਏ ਸਨ। ਉੱਥੇ ਉਦਾਸੀ ਦੇ ਸਦੀਵੀ ਵਿਛੋੜੇ ਬਾਅਦ ਕੁੱਝ ਵਿਅਕਤੀਆਂ ਨੇ ਉਦਾਸੀ ਨੂੰ ਖਾਲਿਸਤਾਨੀ ਸਿੱਧ ਕਰਨ ਲਈ ਕਮਰਕੱਸੇ ਕੱਸ ਲਏ ਸਨ। ਦੁੱਖ ਦੀ ਗੱਲ ਇਹ ਹੈ ਕਿ ਕਮਿਊਨਿਸਟ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਖਾਲਿਸਤਾਨੀ ਸਿੱਧ ਕਰਨ ਵਾਲੇ ਸੱਜਣ, ਕ੍ਰਾਂਤੀਕਾਰੀ ਸਾਹਿਤ ਸਭਾ, ਪੰਜਾਬ ਵੱਲੋਂ ਸਤੰਬਰ 1986 ਵਿੱਚ ਕੀਤੀ ਗਈ ਮੁਲਾਕਾਤ ਦੇ ਆਪਣੀ ਮਰਜ਼ੀ ਮੁਤਾਬਿਕ ਅਰਥ ਕੱਢ ਕੇ ਉਸ ਦੇ ਹਵਾਲੇ ਦੇਣ ਲੱਗੇ ਹਨ। ਜਦੋਂਕਿ ਉਸ ਮੁਲਾਕਾਤ ਦੌਰਾਨ ਸੰਤ ਰਾਮ ਉਦਾਸੀ ਨੇ ਅਜਿਹਾ ਕੋਈ ਵੀ ਵਿਚਾਰ ਪਰਗਟ ਨਹੀਂ ਕੀਤਾ ਸੀ, ਜਿਸ ਵਿਚਾਰ ਦੇ ਆਧਾਰ ਤੇ ਉਸ ਨੂੰ ਖਾਲਿਸਤਾਨੀ ਬਣੇ ਹੋਣ ਦਾ ਫ਼ਤਵਾ ਦਿੱਤਾ ਜਾ ਸਕਦਾ ਹੋਵੇ। ਉਸ ਮੁਲਾਕਾਤ ਦੌਰਾਨ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਕਮਿਊਨਿਸਟਾਂ ਪ੍ਰਤੀ ਆਪਣੇ ਕੁੱਝ ਗਿਲੇ-ਸ਼ਿਕਵੇ ਤਾਂ ਜ਼ਰੂਰ ਪ੍ਰਗਟ ਕੀਤੇ ਗਏ ਸਨ। ਉਹ ਗਿਲੇ-ਸ਼ਿਕਵੇ ਕੁੱਝ ਇਸ ਤਰ੍ਹਾਂ ਦੇ ਸਨ।

ਜਿੱਥੇ ਲੋਕ ਹਨ, ਉੱਥੇ ਸਾਡੀ ਹਾਜ਼ਰੀ ਜ਼ਰੂਰੀ ਹੈ। ਮੈਂ ਨਹੀਂ ਸਮਝਦਾ ਕਿ ਕੋਈ ਸਰਕਾਰੀ ਅਦਾਰੇ ਵਿੱਚ ਜਾ ਕੇ ਸਰਕਾਰੀ ਬੰਦਾ ਬਣ ਜਾਂਦਾ ਹੈ। ਮੈਂ ਲਾਲ ਕਿਲ੍ਹੇ ਤੇ ਗਿਆ ਉੱਥੇ ਵੀ ਆਪਣੇ ਇਨਕਲਾਬੀ ਵਿਚਾਰਾਂ ‘ਤੇ ਪਹਿਰਾ ਦਿੰਦਿਆਂ ਇਨਕਲਾਬੀ ਗੀਤ ਗਾਏ ਸਨ। ਪਰ ਕਈ ਇਨਕਲਾਬੀ ਗਰੁੱਪ ਲਾਲ ਕਿਲ੍ਹੇ ‘ਤੇ ਜਾਣ ਨੂੰ ਲੈ ਕੇ ਹੀ ਮੈਨੂੰ ਸਰਕਾਰੀ ਬੰਦਾ ਐਲਾਨਣ ਲੱਗ ਪਏ ਹਨ।
……..ਅਸੀਂ ਅੱਜ ਤੱਕ ਵੀ ਭਾਰਤੀ ਸਮਾਜ ਅੰਦਰਲੀ ਜਾਤ ਪ੍ਰਥਾ ਵਿਰੁੱਧ ਲੜਨ ਵੱਲ ਬਣਦਾ ਧਿਆਨ ਨਹੀਂ ਦੇ ਸਕੇ ……ਜ਼ੁਲਮ ਜ਼ਬਰ ਵਿਰੋਧੀ ਸਿੱਖ ਇਤਿਹਾਸ ਦੇ ਸ਼ਾਨਦਾਰ ਵਿਰਸੇ ਨੂੰ ਜਮਾਤੀ ਜੱਦੋ-ਜਹਿਦ ਦੇ ਪੱਖ ‘ਚ ਭੁਗਤਾਉਣੋਂ ਖੁੰਝਦੇ ਆ ਰਹੇ ਹਾਂ….. ਮਾਰਕਸਵਾਦੀ  ਨਜ਼ਰੀਏ ਮੁਤਾਬਿਕ ਪੰਜਾਬ ਦਾ ਮਸਲਾ, ਜੋ ਕੇਂਦਰ ਕੋਲੋਂ ਵੱਧ ਅਧਿਕਾਰ ਲੈਣ ਦਾ ਮਸਲਾ ਬਣਦਾ ਹੈ ਅਤੇ ਜੋ ਅਕਾਲੀਆਂ ਵੱਲੋਂ ਉਠਾਇਆ ਗਿਆ ਹੈ, ਇਸ ਮਸਲੇ ਨੂੰ ਅਸੀਂ ਨਹੀਂ ਉਠਾ ਸਕੇ। ਜਦੋਂਕਿ ਇਹ ਮਸਲਾ ਸਾਨੂੰ ਉਠਾਉਣਾ ਚਾਹੀਦਾ ਸੀ ….. ਸਰਕਾਰ ਅਤੇ ਖਾਲਿਸਤਾਨੀਆਂ ਨੂੰ ਇੱਕੋ ਰੱਸੇ ਬੰਨ੍ਹਣਾ ਉੱਕਾ ਠੀਕ ਨਹੀਂ। ਕਿਉਂਕਿ ਖਾਲਿਸਤਾਨੀ ਲਹਿਰ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਆ ਰਹੇ ਵਿਤਕਰੇ ਦੀ ਉਪਜ ਹੈ।

ਸੰਤ ਰਾਮ ਉਦਾਸੀ ਵੱਲੋਂ ਪ੍ਰਗਟਾਏ ਗਏ ਗਿਲਿਆਂ ਸ਼ਿਕਵਿਆਂ ਰਾਹੀਂ ਜੋ ਵਿਚਾਰਧਾਰਕ ਰਾਜਨੀਤਿਕ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਹਨ, ਇਹ ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਮਤਭੇਦ ਹੀ ਤਾਂ ਬਣਦੇ ਹਨ। ਇਹਨਾਂ ਮਤਭੇਦਾਂ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਉਦਾਸੀ ਦਾ ਮਾਰਕਸਵਾਦੀ ਲੈਨਿਨਵਾਦੀ ਫਲਸਫੇ ਤੋਂ ਵਿਸ਼ਵਾਸ ਹੀ ਉੱਠ ਗਿਆ ਸੀ। ਉਹ ਕਿਸੇ ਹੋਰ ਫਲਸਫੇ ਤੇ ਵਿਸ਼ਵਾਸ ਕਰਨ ਲੱਗ ਪਿਆ ਸੀ ਜਾਂ ਕਿਰਤੀ ਲੋਕਾਂ ਪੱਖੀ ਇਨਕਲਾਬੀ ਗੀਤ ਲਿਖਣ ਗਾਉਣ ਦੀ ਥਾਂ ਲੁਟੇਰੀਆਂ ਹਾਕਮ ਜਮਾਤਾਂ ਪੱਖੀ ਗੀਤ ਲਿਖਣ ਗਾਉਣ ਲੱਗ ਗਿਆ ਸੀ। ਜਦੋਂ ਇਹਨਾਂ ਦੋਵੇਂ ਪੱਖਾਂ ਦਾ ਸੰਤ ਰਾਮ ਉਦਾਸੀ ਸ਼ਿਕਾਰ ਹੀ ਨਹੀਂ ਹੋਇਆ ਸੀ ਤਾਂ ਫਿਰ ਉਸ ਨੂੰ ਸਰਕਾਰੀ ਬੰਦਾ ਜਾਂ ਖਾਲਿਸਤਾਨੀ ਹੋਣ ਦਾ ਫ਼ਤਵਾ ਦੇਣਾ ਉੱਕਾ ਹੀ ਬਾਹਰਮੁਖੀ ਹਕੀਕਤ ਨਾਲ ਮੇਲ ਨਹੀਂ ਖਾਂਦਾ। ਇਹ ਗੱਲ ਵੱਖਰੀ ਹੈ ਕਿ ਕੋਈ ਉਸ ਦੇ ਗਿਲਿਆਂ-ਸ਼ਿਕਵਿਆਂ ਰਾਹੀਂ ਪ੍ਰਗਟਾਏ ਗਏ ਵਿਚਾਰਧਾਰਕ ਰਾਜਨੀਤਿਕ ਮਤਭੇਦਾਂ ਨੂੰ ਠੀਕ ਸਮਝਦਾ ਹੈ ਜਾਂ ਗ਼ਲਤ ਸਮਝਦਾ ਹੈ। ਪਰ ਉਸ ਦੇ ਇਹ ਮਤਭੇਦ ਕਮਿਊਨਿਸਟ ਇਨਕਲਾਬੀ ਕੈਂਪ ਅੰਦਰਲੇ ਮਤਭੇਦ ਹੀ ਬਣਦੇ ਹਨ। ਸੱਚ ਇਹ ਹੈ ਕਿ ਉਦਾਸੀ ਆਪਣੇ ਮਰਦੇ ਦਮ ਤੱਕ ਮਾਰਕਸਵਾਦੀ ਲੈਨਿਨਵਾਦੀ ਅਤੇ ਮਾਓਵਾਦੀ ਫਲਸਫੇ ਦਾ ਧਾਰਨੀ ਰਿਹਾ ਸੀ ਅਤੇ ਉਸ ਨੇ ਆਪਣੇ ਅਖੀਰਲੇ ਦਿਨਾਂ ਵਿੱਚ ਵੀ ਇਹੋ ਲਿਖਿਆ ਅਤੇ ਗਾਇਆ ਸੀ।

‘ਤਿੱਖੇ ਕਰੋ ਜਮਾਤੀ ਸ਼ਸਤਰ ਹੋਣ ਦਿਓ ਨਾ ਮੱਠੇ,
ਫੰਡਰ ਗਾਂ ਤੋਂ ਭਾਲੋ ਨੇਕੜੂ ਛੱਡ ਕੇ ਵੱਛੇ,
ਗਾਲ ਗ਼ੁਲਾਮੀ ਦੀ ਪੈ ਜਾਣੀ ਵਿੱਚ ਘੱਟੇ…..’

– ਬਾਰੂ ਸਤਵਰਗ (7696526937)

Leave a Reply

Your email address will not be published. Required fields are marked *

Social profiles