ਅਹਿੰਸਾ ਦੀਆਂ ਵਧੀਕੀਆਂ ਜਾਂ ਦੇਸ਼ ਉੱਤੇ ਜ਼ਬਰ? – ਡਾ. ਭੀਮਰਾਓ ਅੰਬੇਦਕਰ

Read Time:61 Minute, 12 Second
  • ਅਦਾਰਾ ਪੰਜ ਤੀਰ ਵੱਲੋਂ ਕੁਝ ਸ਼ਬਦ: ਡਾ. ਅੰਬੇਦਕਰ ਵਲੋਂ ਇਹ ਲੇਖ 10 ਅਗਸਤ, 1940 ਨੂੰ ਮਰਾਠੀ ਹਫਤਾਵਾਰੀ ਅਖ਼ਬਾਰ ‘ਜਨਤਾ’ ਲਈ ਲਿਖਿਆ ਸੀ। ਗਾਂਧੀ ਦੇ ਅਹਿੰਸਾ ਦੇ ਸਿਧਾਂਤ ਦੀਆਂ ਊਣਤਾਈਆਂ ਅਤੇ ਆਪਾ ਵਿਰੋਧੀ ਸਮਝ ਨੂੰ ਸਪਸ਼ਟ ਕਰਦੇ ਹੋਏ ਮੁਲਕ ਦੀ ਅਜ਼ਾਦੀ ਲਈ ਲੜਾਈ ਦੇ ਤੌਰ ਤਰੀਕਿਆਂ ਬਾਰੇ ਹਿੰਸਾ ਦੀ ਜਗ੍ਹਾ ਚਿੰਨਤ ਕਰਦੇ ਹਨ। ਅੱਜ ਦੇ ਸਮੇਂ ਜਦੋਂ ਫਾਸੀਵਾਦੀ ਤੰਤਰ ਹਰ ਤਰ੍ਹਾਂ ਦੇ ਸੰਘਰਸ਼ਾਂ ਨੂੰ ਕੁਚਲਣ ਤੇ ਉਤਾਰੂ ਹੈ ਉਸ ਸਮੇਂ ਵਿਚ ਹਿੰਸਾ ਅਤੇ ਅਹਿੰਸਾ ਨੂੰ ਮਾਧਿਅਮ ਬਤੌਰ ਵਰਤਣ ਦੀ ਬਹਿਸ ਸਮਝਣ ਵਿੱਚ ਸਹਾਈ ਹੋਵੇਗਾ।

ਆਪਣੇ ਪਿਛਲੇ ਅੰਕ ਵਿੱਚ, ਅਸੀਂ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਵੱਲੋਂ ਯੁੱਧ (ਉਸ ਵੇਲੇ ਚੱਲ ਰਹੇ ਦੂਜੇ ਵਿਸ਼ਵ ਯੁੱਧ) ਦੇ ਮਤੇ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ ਸੀ। ਇਸ ਅੰਕ ਵਿੱਚ ਅਸੀਂ ਅਹਿੰਸਾ ਦੇ ਸਵਾਲ ਨੂੰ ਨਜਿੱਠਣ ਵਾਲੇ ਕਾਂਗਰਸ ਦੇ ਮਤੇ ਬਾਰੇ ਜੋ ਲਿਖਿਆ ਸੀ, ਉਸਨੂੰ ਵਿਸਥਾਰ ਨਾਲ ਦੱਸਾਂਗੇ। ਪਿਛਲੇ ਸਾਲ  21 ਜੂਨ (1939) ਨੂੰ, ਕਾਂਗਰਸ ਨੇ ਅਹਿੰਸਾ ਬਾਰੇ ਆਪਣਾ ਪੱਖ ਐਲਾਨਿਆ ਸੀ। ਇਸ ਲਈ, ਕੁਦਰਤੀ ਤੌਰ ‘ਤੇ, ਬਹੁਤ ਸਾਰੇ ਲੋਕਾਂ ਦੁਆਰਾ ਇਹ ਮਹਿਸੂਸ ਕੀਤਾ ਗਿਆ ਕਿ ਅਹਿੰਸਾ ਦੇ ਸਵਾਲ ਉੱਪਰ ਇਸ ਤਰ੍ਹਾਂ ਦੇ ਮਤੇ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਸੀ। ਫਿਰ ਵੀ ਇਹ ਜਾਰੀ ਕੀਤਾ ਗਿਆ ਅਤੇ ਜਿਹਨਾਂ ਖ਼ਾਸ ਸਥਿਤੀਆਂ ਵਿੱਚ ਕਾਂਗਰਸ ਨੇ ਇਹ ਪੱਖ ਲਿਆ ਸੀ, ਉਹ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪੁਣੇ ਮੀਟਿੰਗ ਵਿੱਚ ਮੌਲਾਨਾ ਆਜ਼ਾਦ ਦੇ ਭਾਸ਼ਣ ਰਾਹੀਂ ਜ਼ਾਹਰ ਹੋਇਆ। ਮੌਲਾਨਾ ਦੇ ਦੱਸਣ ਅਨੁਸਾਰ, ਗਾਂਧੀ ਨੇ ਸਤੰਬਰ 1938 ਵਿੱਚ ਕਾਂਗਰਸ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਸੁਝਾਅ ਦਿੱਤਾ ਸੀ। ਹਾਲਾਂਕਿ ਇਸ ਤੋਂ ਜਲਦੀ ਬਾਅਦ ਹੀ ਮਿਊਨਿਕ ਸਮਝੌਤਾ ਹੋਣ ਕਾਰਨ ਇਹ ਮੁੱਦਾ ਟਲ ਗਿਆ ਸੀ। ਫਿਰ ਨਵੰਬਰ ਮਹੀਨੇ ਵਿੱਚ, ਜਦੋਂ ਯੁੱਧ ਛਿੜਿਆ ਹੋਇਆ ਸੀ, ਗਾਂਧੀ ਨੇ ਇੱਕ ਵਾਰ ਫਿਰ ਇਹ ਮੁੱਦਾ ਉਠਾਇਆ, ਸਿਰਫ ਮੌਲਾਨਾ ਆਜ਼ਾਦ ਦੁਆਰਾ ਖਾਰਜ ਅਤੇ ਨਾਕਾਮ ਕੀਤੇ ਜਾਣ ਲਈ। ਇਸ ਮੁੱਦੇ ‘ਤੇ ਫੈਸਲਾ ਲਏ ਜਾਣ ਲਈ ਬਜ਼ਿੱਦ, ਗਾਂਧੀ ਨੇ ਪਿਛਲੇ ਸਾਲ ਜੂਨ ਵਿੱਚ ਇਸਨੂੰ ਫਿਰ ਪੇਸ਼ ਕੀਤਾ। ਇਹਨਾਂ ਹਾਲਤਾਂ ਵਿੱਚ ਕਾਂਗਰਸ ਨੂੰ ਇਸ ਮੁੱਦੇ ‘ਤੇ ਸਟੈਂਡ ਲੈਣ ਲਈ ਮਜਬੂਰ ਹੋਣਾ ਪਿਆ।

ਸੰਨ 1920 ਵਿੱਚ ਪਹਿਲੀ ਵਾਰ ਅਹਿੰਸਾ ਦੇ ਸੰਕਲਪ ਨੇ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਆਪਣੇ ਲਈ ਜਗ੍ਹਾ ਬਣਾਈ। ਉਸ ਸਮੇਂ ਤੋਂ ਹੀ ਕਾਂਗਰਸ ਦੇ ਮੰਚਾਂ ਉੱਪਰ ਇਸ ਦੀ ਵਾਰ ਵਾਰ ਸ਼ਲਾਘਾ ਹੁੰਦੀ ਰਹੀ ਹੈ। ਹਾਲਾਂਕਿ, ਗਾਂਧੀ ਅਤੇ ਕਾਂਗਰਸੀਆਂ ਵਿਚਕਾਰ ਇਸ ਉੱਪਰ ਵੱਡੇ ਪੱਧਰ ‘ਤੇ ਕੋਈ ਸਹਿਮਤੀ ਨਹੀਂ ਸੀ। ਗਾਂਧੀ ਇਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਅਹਿੰਸਾ ਨੂੰ ਸਾਰੇ ਅਭਿਆਸ ਦਾ ਆਧਾਰ ਬਣਾਉਣ ਦੀ ਗੱਲ ਕਰਦਾ ਹੈ, ਜਦਕਿ ਦੂਜੇ ਲੋਕ ਇਸਨੂੰ ਸਿਰਫ ਇੱਕ ਨੀਤੀ ਤੱਕ ਸੀਮਤ ਮਸਲਾ ਹੀ ਸਮਝਦੇ ਹਨ। ਫਿਰ ਵੀ, 20 ਸਾਲ ਦੇ ਲੰਮੇ ਸਮੇਂ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਕਿਸੇ ਸਿਰੇ ਲਾਉਣ ਦੀ ਖੇਚਲ ਨਹੀਂ ਕੀਤੀ। ਹੁਣ ਇਸ ਖਾਸ ਮੋੜ ‘ਤੇ ਅਜਿਹਾ ਕਰਕੇ ਉਹਨਾਂ ਨੇ ਇੱਕ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਕਾਂਗਰਸੀ, ਜੋ ਲੜਾਈ ਦੀ ਸ਼ੁਰੂਆਤ ਸਮੇਂ ਅੰਗ੍ਰੇਜ਼ਾਂ ਨਾਲ ਮੱਥਾ ਲਾਉਣ ਲਈ ਬਜ਼ਿੱਦ ਸਨ, ਹੁਣ ਆਪਸੀ ਦੁਸ਼ਮਣ ਬਣਨ ਦੀ ਕਗਾਰ ‘ਤੇ ਇੱਕ-ਦੂਜੇ ਨਾਲ ਮੱਥਾ ਮਾਰਦੇ ਜਾਪਦੇ ਹਨ। ਗਾਂਧੀ ਅਤੇ ਕਾਂਗਰਸ ਪਹਿਲਾਂ ਜਿਸ ਏਕਤਾ ਨਾਲ ਅੰਗ੍ਰੇਜ਼ਾਂ ਦਾ ਮੁਕਾਬਲਾ ਕਰਦੇ ਨਜ਼ਰ ਆ ਰਹੇ ਸਨ, ਉਹ ਇੱਕ ਦ੍ਰਿਸ਼ ਨਾਲ ਹੀ ਖਤਮ ਹੋ ਜਾਂਦੀ ਹੈ ਜਦੋਂ ਗਾਂਧੀ ਅਤੇ ਕਾਂਗਰਸ ਦੋਵੇਂ ਛੋਟੇ-ਛੋਟੇ ਮਸਲਿਆਂ ‘ਤੇ ਆਪਸ ਵਿੱਚ ਹੀ ਉਲਝਣ ਲਗਦੇ ਹਨ। ਇੱਕ ਪੱਖ ਤੋਂ ਵੇਖਦਿਆਂ ਉਹਨਾਂ ਦੀ ਬਹਿਸ ਦਾ ਵਿਅਰਥ ਅਨੁਚਿਤ-ਸਮਝੌਤੇ ਵੱਲ ਸਮਾਪਤ ਹੋਣਾ ਅਫਸੋਸਜਨਕ ਜਾਪਦਾ ਹੈ, ਪਰ ਦੂਜੇ ਪੱਖ ਤੋਂ ਵੇਖਦਿਆਂ ਜਾਪਦਾ ਹੈ ਕਿ ਚੀਜ਼ਾਂ ਦਾ ਅਜਿਹੇ ਪੱਤਣ ‘ਤੇ ਆ ਜਾਣਾ ਹੀ ਬਿਹਤਰ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਗਾਂਧੀ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਹਿੰਸਾ ਬਨਾਮ ਅਹਿੰਸਾ ਬਾਰੇ ਉਹਨਾਂ ਦੇ ਵਿਚਾਰ ਸਿਰਫ਼ ਸਿਧਾਂਤਾਂ ਦਾ ਸਵਾਲ ਸਨ। ਅੱਜ ਇਹ ਸਾਡੇ ਆਜ਼ਾਦੀ ਹਾਸਲ ਕਰਨ ਅਤੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਸਾਧਨਾਂ ਦਾ ਸਵਾਲ ਬਣ ਗਿਆ ਹੈ। ਇਸ ਰੋਸ਼ਨੀ ਵਿੱਚ ਦੇਖਦਿਆਂ ਇਹ ਫੈਸਲਾ ਲੈਣਾ ਬਹੁਤ ਮਹੱਤਵਪੂਰਨ ਹੋਵੇਗਾ ਕਿ ਸਾਡੇ ਲੋਕਾਂ ਨੂੰ ਅਹਿੰਸਾ ਦੇ ਸਵਾਲ ‘ਤੇ ਕੀ ਵਿਚਾਰ ਰੱਖਣਾ ਚਾਹੀਦਾ ਹੈ। ਇਸ ਹਿਸਾਬ ਨਾਲ ਇਹ ਚੰਗਾ ਹੋਇਆ ਕਿ ਗਾਂਧੀ ਨੇ ਇੱਕ ਵਾਰ ਫਿਰ ਇਹ ਮੁੱਦਾ ਉਠਾਇਆ ਅਤੇ ਅਜਿਹੀ ਸਥਿਤੀ ਪੈਦਾ ਕੀਤੀ ਜਿੱਥੇ ਹਰ ਕੋਈ ਇਸ ਵਿਸ਼ੇ ‘ਤੇ ਆਪਣੇ ਵਿਚਾਰਾਂ ਦੇ ਨਾਲ ਖੁੱਲ੍ਹ ਕੇ ਸਾਹਮਣੇ ਆਉਣ ਲਈ ਪਾਬੰਦ ਹੈ।

ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗਾਂਧੀ ਦਾ ਅਹਿੰਸਾ ਤੋਂ ਕੀ ਭਾਵ ਸੀ। ਗਾਂਧੀ ਦਾ 6 ਜੁਲਾਈ ਨੂੰ ਲਿਖਿਆ ਖੁੱਲ੍ਹਾ ਖ਼ਤ ਕਿ ਇੰਗਲੈਂਡ ਦੇ ਲੋਕਾਂ ਨੂੰ ਇੰਗਲੈਂਡ ਉੱਪਰ ਜਰਮਨ ਹਮਲੇ ਦੀ ਸੂਰਤ ਵਿੱਚ ਕੀ ਰਾਹ ਅਪਣਾਉਣਾ ਚਾਹੀਦਾ ਹੈ, ਇਸ ਬਾਰੇ ਸਹੀ ਸਮਝ ਪ੍ਰਦਾਨ ਕਰਦਾ ਹੈ। ਉਸ ਖ਼ਤ ਵਿੱਚ, ਉਸਨੇ ਇੰਗਲੈਂਡ ਦੇ ਲੋਕਾਂ ਨੂੰ ਹੇਠ ਲਿਖੀ ਸਲਾਹ ਦਿੱਤੀ ਸੀ: “ਇੰਗਲੈਂਡ ਦੇ ਲੋਕਾਂ ਨੂੰ ਹਥਿਆਰਾਂ ਦੀ ਵਰਤੋਂ ਕੀਤੇ ਬਿਨਾਂ ਜਰਮਨੀ ਦਾ ਵਿਰੋਧ ਕਰਨ ਦਾ ਫੈਸਲਾ ਕਰਨਾ ਚਾਹੀਦਾ ਹੈ। ਹਿਟਲਰ ਜਾਂ ਮੂਸੋਲਿਨੀ ਨੂੰ ਇੰਗਲੈਂਡ ਦੀ ਧਰਤੀ ‘ਤੇ ਹਮਲਾ ਕਰਨ ਤੋਂ ਵੀ ਪਹਿਲਾਂ, ਇਹ ਜਾਣ ਲੈਣਾ ਚਾਹੀਦਾ ਹੈ ਕਿ ਉਹ ਇੱਥੇ ਆ ਸਕਦੇ ਹਨ ਅਤੇ ਜੋ ਵੀ ਲੈ ਕੇ ਜਾਣਾ ਚਾਹੁਣ, ਲੈ ਕੇ ਜਾ ਸਕਦੇ ਹਨ। ਅਤੇ ਜੇਕਰ ਹਿਟਲਰ ਸਚਮੁੱਚ ਹੀ ਹਮਲਾ ਕਰਦਾ ਹੈ ਤਾਂ ਉਸਨੂੰ ਸਭ ਕੁੱਝ ਲੈ ਕੇ ਜਾਣ ਦੇਣ, ਜੋ ਉਹ ਚਾਹੁੰਦਾ ਹੈ। ਹਿਟਲਰ ਅਤੇ ਉਸਦੇ ਸਿਪਾਹੀ ਕੀ ਲੈ ਕੇ ਜਾਣਾ ਚਾਹੁਣਗੇ? ਤੁਹਾਡੇ ਘਰਾਂ ਵਿਚੋਂ ਤਾਂਬਾ? ਅਜਿਹੀ ਹਾਲਤ ਵਿੱਚ ਤੁਹਾਨੂੰ ਆਪਣੇ ਘਰ ਉਹਨਾਂ ਲਈ ਖਾਲੀ ਕਰ ਦੇਣੇ ਚਾਹੀਦੇ ਹਨ, ਅਤੇ ਜੇਕਰ ਤੁਹਾਡੇ ਰਹਿਣ ਲਈ ਕੋਈ ਜਗ੍ਹਾ ਨਾ ਬਚੇ ਅਤੇ ਹਿਟਲਰ ਤੁਹਾਨੂੰ ਦੇਸ਼ ਛੱਡ ਕੇ ਜਾਣ ਨਾ ਦੇਵੇ, ਤਾਂ ਤੁਹਾਨੂੰ ਉਸਦੇ ਹੱਥੋਂ ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਕਿਸੇ ਵੀ ਸਥਿਤੀ ਵਿੱਚ ਸਵੈ-ਰੱਖਿਆ ਦੀ ਖਾਤਰ ਹਥਿਆਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।” ਇਹ ਜੱਗ ਜ਼ਾਹਰ ਹੈ ਕਿ ਗਾਂਧੀ ਦੀ ਸਵੈ-ਰੱਖਿਆ ਦੀ ਯੋਜਨਾ ਨੂੰ ਇੰਗਲੈਂਡ ਦੇ ਲੋਕਾਂ ਨੇ ਨਿਮਰਤਾ ਸਹਿਤ ਰੱਦ ਦਿੱਤਾ ਸੀ। ਹਾਲਾਂਕਿ, ਇਹ ਯੋਜਨਾ ਗਾਂਧੀ ਦੀ ਅਹਿੰਸਾ ਬਾਰੇ ਸਮਝ ਦਾ ਠੀਕ ਠਾਕ ਅੰਦਾਜ਼ਾ ਦੇ ਦਿੰਦੀ ਹੈ।

ਗਾਂਧੀ ਇਕੱਲੇ ਅੰਗ੍ਰੇਜ਼ਾਂ ਨੂੰ ਹੀ ਅਹਿੰਸਾ ਦਾ ਪਾਠ ਨਹੀਂ ਪੜ੍ਹਾ ਰਿਹਾ ਸੀ। ਉਸਨੇ ਅੱਗੇ ਕਿਹਾ ਕਿ ਜੇ ਸਾਡੇ ਦੇਸ਼ ‘ਤੇ ਵੀ ਵਿਦੇਸ਼ੀ ਤਾਕਤ ਦਾ ਕਬਜ਼ਾ ਹੁੰਦਾ ਹੈ, ਤਾਂ ਨਾ ਸਿਰਫ ਅਜਿਹੇ ਮੁਕੱਦਰ ਨੂੰ ਸਵੀਕਾਰ ਕਰਨ ਤੋਂ ਇਲਾਵਾ ਹੋਰ ਸਾਰੇ ਵਿਕਲਪਾਂ ਨੂੰ ਨਕਾਰ ਦੇਣਾ ਚਾਹੀਦਾ ਹੈ, ਬਲਕਿ ਸਾਡੇ ਦੇਸ਼ ਨੂੰ ਇਸ ਬਾਰੇ ਇੱਕ ਐਲਾਨ ਕਰਦਿਆਂ, ਪੂਰੀ ਦੁਨੀਆ ਦੇ ਪਾਲਣ ਕਰਨ ਲਈ ਉਦਾਹਰਣ ਸਥਾਪਤ ਕਰਨ ਦਾ ਸਿਹਰਾ ਵੀ ਆਪਣੇ ਸਿਰ ਬੰਨਣਾ ਚਾਹੀਦਾ ਹੈ। ਅਹਿੰਸਾ ਦੇ ਆਧਾਰ ‘ਤੇ ਅਜਿਹੇ ਨਿਹੱਥੇ ਟਾਕਰੇ ਨੂੰ ਆਪਣੇ ਦੇਸ਼ ਦੀ ਰੱਖਿਆ ਲਈ ਗੈਰ-ਵਿਹਾਰਕ ਤਜਵੀਜ਼ ਮੰਨਦੇ ਹੋਏ ਕਾਂਗਰਸ ਨੇ ਗਾਂਧੀ ਦੀ ਇਸ ਯੋਜਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮੁੱਦੇ ‘ਤੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਾਂਗਰਸ ਨੇ ਦੁਸ਼ਮਣ ਖਿਲਾਫ਼ ਇੱਕ ਖਾਸ ਸਥਿਤੀ ਵਿੱਚ ਹਿੰਸਾ ਅਤੇ ਕਿਸੇ ਹੋਰ ਸਥਿਤੀ ਵਿੱਚ ਅਹਿੰਸਾ ਦੀ ਚੋਣ ਕਰਨ ਵਿਚਕਾਰ ਇੱਕ ਫ਼ਰਕ ਕਰਨ ਦੀ ਅਭਾਗੀ ਕੋਸ਼ਿਸ਼ ਕੀਤੀ। ਘਰੇਲੂ ਅਤੇ ਵਿਦੇਸ਼ੀ ਮਾਮਲਿਆਂ ਦੇ ਹਿੰਸਕ ਵਿਕਲਪਾਂ ਨੂੰ ਛੱਡ ਕੇ ਅੰਗ੍ਰੇਜ਼ਾਂ ਦੇ ਮਾਮਲੇ ਵਿੱਚ ਅਹਿੰਸਾ ਨੂੰ ਤਰਜੀਹ ਦੇਣ ਦਾ ਇਹ ਪੈਂਤੜਾ ਸਾਡੇ ਅੱਗੇ ਕਾਂਗਰਸ ਦੀਆਂ ਧੋਖੇਬਾਜ਼ ਨੀਤੀਆਂ ਦੇ ਮਹੱਤਵਪੂਰਨ ਖੁਲਾਸੇ ਵਜੋਂ ਹੋਵੇਗਾ। ਹਾਲਾਂਕਿ ਜੇਕਰ ਅਸੀਂ ਅਜਿਹੇ ਵਿਚਾਰਕ ਵਖਰੇਵਿਆਂ ਨੂੰ ਇੱਕ ਪਾਸੇ ਛੱਡ ਦਈਏ ਅਤੇ ਮੁੱਖ ਮੁੱਦੇ ‘ਤੇ ਕੇਂਦਰਿਤ ਕਰਦੇ ਹਾਂ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਾਂਧੀ ਅਤੇ ਕਾਂਗਰਸ ਵਿਚਾਲੇ ਇੱਕ ਵੱਡਾ ਮਤਭੇਦ ਸਾਹਮਣੇ ਆਇਆ ਹੈ ਕਿ ਭਾਰਤ ਨੂੰ ਵਿਦੇਸ਼ੀ ਕਬਜ਼ੇ ਵਿੱਚੋਂ ਕਿਵੇਂ ਆਜ਼ਾਦ ਕਰਵਾਉਣਾ ਹੈ।

ਹਿੰਸਾ ਬਨਾਮ ਅਹਿੰਸਾ ਦੀ ਇਸ ਬਹਿਸ ਵਿੱਚ ਗਾਂਧੀ ਦਾ ਸਾਥ ਦੇਣ ਵਾਲੇ ਲੋਕ ਉਸਦੀ ਇਮਾਨਦਾਰੀ ਨੂੰ ਆਪਣੇ ਸਮਰਥਨ ਦਾ ਤਰਕ ਦੱਸ ਸਕਦੇ ਹਨ। ਹਾਲਾਂਕਿ, ਇਹ ਆਪਣੇ ਆਪ ਵਿੱਚ ਗਾਂਧੀ ਦੇ ਵਿਚਾਰ ਨੂੰ ਸਵਿਕਾਰਯੋਗ ਨਹੀਂ ਬਣਾਏਗਾ। ਸਾਡੇ ਵਿਚਾਰ ਅਨੁਸਾਰ, ਅਜਿਹੇ ਸਵਾਲਾਂ ਵਿੱਚ ਕਿਸੇ ਸਿੱਟੇ ‘ਤੇ ਪਹੁੰਚਣ ਲਈ ਇਮਾਨਦਾਰੀ ਪੈਮਾਨਾ ਨਹੀਂ ਹੋਣੀ ਚਾਹੀਦੀ। ਇਸ ਵਿੱਚ ਵਿਚਾਰਣਯੋਗ ਗੱਲ ਇਹ ਹੋਣੀ ਚਾਹੀਦੀ ਹੈ ਕਿ ਅਹਿੰਸਾ ਦਾ ਸੰਕਲਪ ਮਨੁੱਖੀ ਜੀਵਨ ਲਈ ਕਿੰਨਾ ਲਾਹੇਵੰਦ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਕਿਸੇ ਦੇ ਇਮਾਨਦਾਰ ਹੋਣ ਜਾਂ ਨਾ ਹੋਣ ਜਿਹੇ ਨਿੱਜੀ ਗੁਣਾਂ ਨੂੰ ਧਿਆਨ ਵਿੱਚ ਰੱਖਣਾ ਕੋਈ ਉਦੇਸ਼ ਨਹੀਂ ਰੱਖਦਾ। ਇੱਥੇ ਇੱਕ ਨੁਕਤੇ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਇੱਕ ਵਿਅਕਤੀ ਇਮਾਨਦਾਰ ਹੋ ਸਕਣ ਦੇ ਨਾਲ ਨਾਲ ਭੋਲਾ ਵੀ ਹੋ ਸਕਦਾ ਹੈ, ਜਾਂ ਪਾਗਲ ਵੀ। ਇਹ ਮਾਮਲਾ ਗਾਂਧੀ ਦੀ ਇਮਾਨਦਾਰੀ ‘ਤੇ ਨਹੀਂ ਟਿਕਣਾ ਚਾਹੀਦਾ, ਬਲਕਿ ਇਸ ਗੱਲ ‘ਤੇ ਕੀ ਉਸਦੀ ਅਹਿੰਸਾ ਜਾਂ ਅਸਮਰਥਿਤ (ਪੈਸਿਵ) ਵਿਰੋਧਤਾ ਸਚਮੁੱਚ ਇੱਕ ਸਵਿਕਾਰਨਯੋਗ ਤਜਵੀਜ਼ ਹੋ ਸਕਦੀ ਹੈ। ਇਸ ਮੁੱਦੇ ਨੂੰ ਉਠਾਉਣ ਤੋਂ ਪਹਿਲਾਂ ਦੋ ਆਮ ਤੌਰ ‘ਤੇ ਪਾਏ ਗਏ ਨੁਕਤੇ ਵਿਚਾਰੇ ਜਾਣੇ ਚਾਹੀਦੇ ਹਨ। ਪਹਿਲਾ ਇਹ ਕਿ ਅਹਿੰਸਾ ਜਾਂ ਨਿਹੱਥਾ ਵਿਰੋਧ ਕਿਸੇ ਬੇਰੁਖੀ ਜਾਂ ਗੈਰ-ਗੰਭੀਰਤਾ ਵਿੱਚੋਂ ਪ੍ਰਸਤਾਵਿਤ ਨਹੀਂ ਹਨ। ਆਮ ਤੌਰ ‘ਤੇ ਅਸੀਂ ਜੰਗ ਦੇ ਸਵਾਲ ‘ਤੇ ਦੋ ਵੱਖੋ ਵੱਖਰੀਆਂ ਪਹੁੰਚਾਂ ਉੱਪਰ ਅਉਂਦੇ ਹਾਂ। ਸਾਡੇ ਕੋਲ ਲੋਕਾਂ ਦਾ ਅਜਿਹਾ ਸਮੂਹ ਵੀ ਹੈ ਜੋ ਬੇਰੁਖੀ ਵੱਲ ਝੁਕਦਾ ਹੈ। ਉਹਨਾਂ ਲਈ, ਰਾਜਨੀਤੀ ਹਮੇਸ਼ਾ ਮਾੜੀ ਹੁੰਦੀ ਹੈ। ਸਾਰੀਆਂ ਕੌਮਾਂ ਸਵੈ-ਕੇਂਦਰਿਤ ਹੋਣ ਕਰਕੇ ਇਹਨਾਂ ਵਿੱਚੋਂ ਕੋਈ ਵੀ ਭੈੜੀ, ਸਵੈ-ਪ੍ਰੇਰਿਤ ਰਾਜਨੀਤੀ ਤੋਂ ਮੁਕਤ ਨਹੀਂ ਹੋ ਸਕਦੀ; ਇਸ ਲਈ ਯੁੱਧ ਜਾਂ ਸ਼ਾਂਤੀ ਬਾਰੇ ਜ਼ੋਰ-ਸ਼ੋਰ ਨਾਲ ਤਾਂਘ ਰੱਖਣ ਦਾ ਕੋਈ ਮਤਲਬ ਹੀ ਨਹੀਂ ਹੈ। ਉਹ ਇੰਝ ਹੀ ਮਹਿਸੂਸ ਕਰਦੇ ਹਨ। ਇਸ ਲਈ ਉਹਨਾਂ ਦਾ ਮੰਨਣਾ ਹੈ ਕਿ ਇੱਕ ਬੁੱਧੀਮਾਨ ਵਿਅਕਤੀ ਵੱਲੋਂ ਯੁੱਧ ਨੂੰ ਕੁਦਰਤੀ ਆਫ਼ਤ ਦੇ ਸਮਾਨ ਹੀ ਇੱਕ ਹੋਰ ਤਬਾਹੀ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ, ਜਿਸਦੇ ਬਾਰੇ ਕੁੱਝ ਵੀ ਨਹੀਂ ਕੀਤਾ ਜਾ ਸਕਦਾ।

ਦੂਜਾ ਪੱਖ ਇਹ ਹੈ ਕਿ ਯੁੱਧ ਅਟੱਲ ਹਨ। ਸਿਰਫ ਅਟੱਲ ਹੀ ਨਹੀਂ, ਬਲਕਿ ਫਾਇਦੇਮੰਦ ਵੀ। ਜੋ ਲੋਕ ਅਜਿਹਾ ਸੋਚਦੇ ਹਨ, ਉਹ ਦੇਸ਼ ਨੂੰ ਇੱਕ ਸਤਿਕਾਰ ਕਰਨ ਯੋਗ ਦੈਵੀ-ਹਸਤੀ ਮੰਨਦੇ ਹਨ। ਜੇਕਰ ਦੇਸ਼ ਦੇ ਵੱਕਾਰ, ਵਿਸ਼ਾਲਤਾ ਅਤੇ ਵਿਸਥਾਰ ਨੂੰ ਬਣਾਈ ਰੱਖਣ ਲਈ ਯੁੱਧ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ, ਤਾਂ ਫਿਰ, ਇਸ ਤੋਂ ਬਚਣ ਦੀ ਬਜਾਇ ਸਾਨੂੰ ਸਾਰਿਆਂ ਨੂੰ ਇਸ ਨੂੰ ਇੱਕ ਮਹਾਨ ਸੱਦਾ ਸਮਝਣਾ ਚਾਹੀਦਾ ਹੈ, ਅਤੇ ਦੇਸ਼ ਦੇ ਗੌਰਵ ਲਈ ਯੁੱਧ ਵਿੱਚ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਯੁੱਧ ਦੇਸ਼ ਦੀ ਤਮਾਮ ਦੌਲਤ ਨੂੰ ਤਬਾਹ ਕਰ ਸਕਦਾ ਹੈ, ਅਤੇ ਇਸਦੇ ਨਾਲ ਹੀ ਦੇਸ਼ ਦੀ ਸਾਰੀ ਗੌਰਵਮਈ ਹੈਸੀਅਤ ਵੀ ਜਾ ਸਕਦੀ ਹੈ। ਉਹਨਾਂ ਲਈ, “ਯੁੱਧ ਵਿੱਚ ਸਭ ਕੁੱਝ ਜਾਇਜ਼ ਹੈ”। ਉਹ, ਜਿਹਨਾਂ ਨੇ ਯੁੱਧਾਂ ਦੌਰਾਨ ਵਹਿਸ਼ੀ ਜ਼ਬਰ ਦੀ ਵਰਤੋਂ ਦੇ ਭਿਆਨਕ ਸਿੱਟਿਆਂ ਬਾਰੇ ਦੇਖਿਆ, ਸੁਣਿਆ ਜਾਂ ਅਨੁਭਵ ਕੀਤਾ ਹੈ, ਉਹਨਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ‘ਯੁੱਧ’ ਮਨੁੱਖ ਜਾਤੀ ਲਈ ਕਿੰਨੀ ਭਿਆਨਕ ਤਬਾਹੀ ਹੈ। ਜੇਕਰ ਅਸੀਂ ਹਿਟਲਰ ਜਿਹੇ ਨਿਰਦਈ ਰਾਖਸ਼ ਅਤੇ ਆਪਣੇ ਦੇਸ਼ ਵਿੱਚ ਆਰਿਅਨ ਸੱਭਿਆਚਾਰ ਵਿੱਚ ਮਾਣ ਮਹਿਸੂਸ ਕਰਨ ਵਾਲਿਆਂ ਦੀ ਮਾਨਸਿਕਤਾ ਨੂੰ ਛੱਡ ਦੇਈਏ, ਤਾਂ ਸ਼ਾਇਦ ਸਾਨੂੰ ਪੂਰੀ ਦੁਨੀਆ ਵਿੱਚ ਕੋਈ ਇੱਕ ਵੀ ਸਮਝਦਾਰ ਵਿਅਕਤੀ ਨਹੀਂ ਮਿਲੇਗਾ ਜੋ ਵਹਿਸ਼ੀ ਜ਼ਬਰ ਜਾਂ ਯੁੱਧ ਵਿੱਚ ਕੁੱਝ ਸਕਾਰਾਤਮਕ ਦੇਖ ਸਕੇ। ਇਸ ਦੇ ਨਾਲ ਹੀ, ਅਜਿਹੀ ਬੇਰੁਖੀ ਜੋ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਯੁੱਧ ਨਿਸ਼ਚਿਤ ਹਨ, ਉਹਨਾਂ ਦਾ ਵਿਰੋਧ ਕਰਨਾ ਵਿਅਰਥ ਹੋਵੇਗਾ, ਅਤੇ ਇਹ ਮੰਨਣਾ ਵੀ ਅਸਾਧਾਰਣ ਨਹੀਂ ਹੈ ਕਿ “ਜੋ ਹੋਣਾ ਹੈ, ਉਹ ਹੋ ਕੇ ਰਹੇਗਾ”।

ਫਿਰ ਵੀ ਅਸੀਂ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਵੇਖਦੇ ਹਾਂ ਜੋ ਇਹਨਾਂ ਵਿਚਾਰਾਂ ਵਿੱਚ ਡੁੱਬੇ ਹੋਏ ਹਨ ਕਿ ਯੁੱਧ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ।

ਅਹਿੰਸਾ ਜਾਂ ਨਿਹੱਥੇ ਟਾਕਰੇ ਦੀ ਯੋਜਨਾ ਨਿਸ਼ਚਿਤ ਰੂਪ ਵਿੱਚ ਕਿਸੇ ਬੇਰੁਖੀ ਜਾਂ ਗੈਰ ਗੰਭੀਰਤਾ ਨਾਲ ਪੈਦਾ ਨਹੀਂ ਹੁੰਦੀ। ਨਾ ਹੀ ਇਹ ਇੰਨਾ ਸਿੱਧਾ ਮਾਮਲਾ ਹੈ ਕਿ ਇੱਕ ਬਿੱਛੂ, ਜਿਸ ਨੇ ਕਿਸੇ ਦੀਆਂ ਅਰਦਾਸਾਂ ਦੌਰਾਨ ਮੁਕੱਦਸ ਅਸਥਾਨ ਵੱਲ ਆਪਣਾ ਰਾਹ ਬਦਲ ਲਿਆ ਹੋਵੇ, ਨੂੰ ਮਾਰਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਇਹ ਇਸ ਤਰ੍ਹਾਂ ਵੀ ਨਹੀਂ ਹੈ ਕਿ ਅਹਿੰਸਾ ਜਾਂ ਨਿਹੱਥੇ ਟਾਕਰਾ ਕਰਨ ਦੇ ਸਮਰਥਕ ਭੋਲੇ ਭਾਲੇ ਜਾਂ ਪਾਗਲ ਹੋ ਸਕਦੇ ਹਨ। ਇਸ ਵਿਸ਼ੇ ‘ਤੇ ਚੱਲ ਰਹੇ ਵਿਖਿਆਨ ਤੋਂ ਇਹ ਜਾਪਦਾ ਹੈ ਕਿ ਕੁੱਝ ਲੋਕ ਇਸ ਪ੍ਰਭਾਵ ਹੇਠ ਹੋ ਸਕਦੇ ਹਨ ਕਿ ਨਿਹੱਥੇ ਟਾਕਰੇ ਦੀ ਯੋਜਨਾ ਇਕੱਲੇ ਗਾਂਧੀ ਦੀ ਹੀ ਹੈ। ਇਹ ਵੀ ਸੱਚ ਨਹੀਂ ਹੈ।

ਇਸ ਧਰਤੀ ‘ਤੇ ਬਹੁਤ ਸਾਰੇ ਲੋਕ ਅਜਿਹੇ ਹੋਏ ਹਨ ਜੋ ਵਹਿਸ਼ੀ ਜ਼ਬਰ ਦਾ ਵਿਰੋਧ ਕਰਦੇ ਹੋਏ, ਨਿਹੱਥੇ ਟਾਕਰੇ ਦੇ ਫਾਇਦਿਆਂ ‘ਤੇ ਇਮਾਨਦਾਰੀ ਨਾਲ ਵਿਸ਼ਵਾਸ ਕਰਦੇ ਸਨ। ਸਿਰਫ ਉਦਾਹਰਣ ਦੇ ਤੌਰ ‘ਤੇ ਮਸ਼ਹੂਰ ਪ੍ਰੋਫੈਸਰ ਬਰਟਰੈਂਡ ਰਸਲ, ਉਹਨਾਂ ਵਿੱਚੋਂ ਇੱਕ ਹਨ।

ਇੱਕ ਉੱਘੇ ਚਿੰਤਕ, ਪ੍ਰੋਫੈਸਰ ਬਰਟਰੈਂਡ ਰਸਲ ਨੇ ਅਗਸਤ 1915 ਵਿੱਚ ‘ਐਟਲਾਂਟਿਕ ਮੰਥਲੀ’ ਨਾਮੀ ਇੱਕ ਅਮਰੀਕੀ ਮਾਸਿਕ ਦੇ ਅੰਕ ਵਿੱਚ ਗਾਂਧੀ ਵਾਲਾ ਉਹੀ ਪ੍ਰਸਤਾਵ ਪੇਸ਼ ਕੀਤਾ ਸੀ। ਉਸਨੇ ਇਸ ਪ੍ਰਸਤਾਵ ਵਿੱਚ ਕਿਹਾ ਸੀ ਕਿ ਜੇ ਇੰਗਲੈਂਡ ਦੇ ਲੋਕ ਨਿਹੱਥੇ ਟਾਕਰਾ ਕਰਨ ਦਾ ਐਲਾਨ ਕਰਦੇ ਹਨ ਤਾਂ ਜਰਮਨਾਂ ਕੋਲ ਹਮਲਾ ਕਰਨ ਦੀ ਕੋਈ ਨੈਤਿਕ ਹਿੰਮਤ ਨਹੀਂ ਰਹੇਗੀ। ਬਿਨਾਂ ਕਿਸੇ ਫੌਜ ਜਾਂ ਸ਼ਸਤਰ ਦੇ, ਨਿਹੱਥੇ ਇੰਗਲੈਂਡ ਵਾਸੀ ਜਰਮਨਾਂ ਕੋਲ ਹਮਲਾ ਕਰਨ ਲਈ ਕੋਈ ਦਲੀਲ ਜਾਂ ਤਰਕ ਨਹੀਂ ਛੱਡਣਗੇ, ਅਤੇ ਫਿਰ ਵੀ ਜੇਕਰ ਜਰਮਨਾਂ ਨੇ ਹਮਲਾ ਕੀਤਾ, ਤਾਂ ਹਥਿਆਰਬੰਦ ਟਾਕਰੇ ਦਾ ਸਾਹਮਣਾ ਕਰਨ ਦੇ ਡਰ ਤੋਂ ਮੁਕਤ, ਉਹ ਬਹੁਤ ਹੀ ਘੱਟ ਅਤੇ ਕਮਜ਼ੋਰ ਫੌਜ ਰਾਹੀਂ ਕਰਨਗੇ। ਜੇ ਉਹ ਇੰਗਲੈਂਡ ਦੀ ਧਰਤੀ ਉੱਪਰ ਰਾਜ ਕਰਨ ਦਾ ਫੈਸਲਾ ਕਰਦੇ ਹਨ, ਅਤੇ ਇੰਗਲੈਂਡ ਵਾਸੀ ਅਸਹਿਯੋਗ ਸਥਾਪਤ ਕਰਦੇ ਹਨ, ਤਾਂ ਸਭ ਨਾਲੋਂ ਪਹਿਲਾਂ, ਉਹਨਾਂ ਲਈ ਸ਼ਾਸਨ ਦਾ ਰਾਜ ਪ੍ਰਬੰਧ ਚਲਾਉਣਾ ਹੀ ਅਸੰਭਵ ਹੋ ਜਾਵੇਗਾ; ਹਰ ਛੋਟੀ ਜਿਹੀ ਅਸਾਮੀ ਭਰਨ ਲਈ ਉਹਨਾਂ ਨੂੰ ਜਰਮਨੀ ਤੋਂ ਆਦਮੀ ਲਿਆਉਣੇ ਪੈਣਗੇ। ਸਭ ਤੋਂ ਪਹਿਲਾਂ ਤਾਂ ਉਹ ਸ਼ਰਮ ਦੇ ਮਾਰੇ ਹੀ ਆਪਣੀਆਂ ਵਧੀਕੀਆਂ ਨੂੰ ਰੋਕ ਦੇਣਗੇ, ਫਿਰ ਵੀ ਜੇਕਰ ਉਹਨਾਂ ਨੇ ਨਿਹੱਥੇ ਲੋਕਾਂ ‘ਤੇ ਹਮਲਾ ਕਰਨ ਦੀ ਚੋਣ ਕੀਤੀ, ਤਾਂ ਜਨਤਾ ਦੁਆਰਾ ਅਸਹਿਯੋਗ ਉਹਨਾਂ ਲਈ ਰਾਜ ਕਰਨਾ ਅਸੰਭਵ ਬਣਾ ਦੇਵੇਗਾ ਅਤੇ ਉਹਨਾਂ ਨੂੰ ਆਪਣੇ ਫੈਸਲੇ ਮੁੜ ਵਿਚਾਰਦਿਆਂ ਪਿੱਛੇ ਮੁੜਣ ਲਈ ਮਜਬੂਰ ਕਰ ਦੇਵੇਗਾ। ਇਸ ਤਰ੍ਹਾਂ ਨਿਹੱਥੇ ਟਾਕਰੇ ਦਾ ਸਹਾਰਾ ਲੈ ਕੇ ਦੇਸ਼ ਨੂੰ ਵਿਦੇਸ਼ੀ ਕਬਜ਼ੇ ਤੋਂ ਸਫਲਤਾਪੂਰਵਕ ਬਚਾਉਣਾ ਸੰਭਵ ਹੋਵੇਗਾ।

ਗਾਂਧੀ ਦੀ ਯੋਜਨਾ ਪ੍ਰੋਫੈਸਰ ਬਰਟਰੈਂਡ ਰਸਲ ਦੀ ਯੋਜਨਾ ਨਾਲੋਂ ਵੱਖਰੀ ਨਹੀਂ ਹੈ। ਇਹਨਾਂ ਵਿੱਚ ਇੱਕੋ ਇੱਕ ਫਰਕ ਇਹ ਸੀ ਕਿ ਰਸਲ ਨੇ ਆਪਣੀ ਯੋਜਨਾ ਨੂੰ ਅਸਲ ਵਿੱਚ ਲਾਗੂ ਕਰਨ ਤੋਂ ਪਹਿਲਾਂ ਇੱਕ ਪੀੜ੍ਹੀ ਤੱਕ ਦੇ ਸਮੇਂ ਦੀ ਮੰਗ ਕੀਤੀ ਸੀ। ਉਹ ਇਸ ਸ਼ਰਤ ਨੂੰ ਸ਼ਾਮਲ ਕਰਨ ਲਈ ਕਾਫੀ ਵਿਹਾਰਕ ਸੀ ਕਿ ਉਸਦਾ ਪ੍ਰਸਤਾਵ ਉਦੋਂ ਹੀ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ ਜਦੋਂ ਇੱਕ ਪੂਰੀ ਪੀੜ੍ਹੀ ਹੀ ਨਿਹੱਥੇ ਟਾਕਰੇ ਦੇ ਸਿਧਾਂਤਾਂ ਨਾਲ ਲੈਸ ਹੋਵੇਗੀ। ਇੱਕ ਪੀੜ੍ਹੀ ਦੇ ਸਮੇਂ ਲਈ ਇੰਤਜ਼ਾਰ ਕਰਨ ਦੀ ਬਜਾਇ ਗਾਂਧੀ ਇੱਕ ਪਲ ਲਈ ਵੀ ਟਲਣ ਲਈ ਤਿਆਰ ਨਹੀਂ ਹਨ। ਗਾਂਧੀ ਦਾ ਇਹ ਮੰਨਣਾ ਪ੍ਰਤੀਤ ਹੁੰਦਾ ਹੈ ਕਿ ਉਸਦੀ ਨਿਹੱਥੇ ਟਾਕਰੇ ਦੀ ਯੋਜਨਾ ਇਸੇ ਪਲ ਹੀ ਸਫਲਤਾਪੂਰਵਕ ਨੇਪਰੇ ਚਾੜ੍ਹੀ ਜਾ ਸਕਦੀ ਹੈ। ਦੋਵਾਂ ਵਿਚਾਲੇ ਇਸ ਫਰਕ ਦੇ ਕਾਰਨ, ਗਾਂਧੀ ਇਸ ਮੁੱਦੇ ‘ਤੇ ਜ਼ਾਲਮ ਅਤੇ ਅਤਿਵਾਦੀ ਰੁਖ ਅਖਤਿਆਰ ਕੀਤੇ ਜਾਣ ਦਾ ਜ਼ਿੰਮੇਵਾਰ ਹੈ। ਇਸ ਦੌਰਾਨ ਹੀ, ਇਹ ਸਾਨੂੰ ਹੈਰਾਨ ਵੀ ਕਰ ਦੇਵੇਗਾ ਕਿ ਦੁਨੀਆ ਦੇ ਸਾਰੇ ਦੇਸ਼ਾਂ ਵਿੱਚੋਂ ਸਾਨੂੰ ਭਾਰਤੀਆਂ ਨੂੰ ਹੀ ਦੁਨੀਆ ਨੂੰ ਇੱਕ ਸਬਕ ਮੁਹੱਈਆ ਕਰਵਾਉਣ ਲਈ ਕੁਰਬਾਨੀਆਂ ਝੱਲਣੀਆਂ ਚਾਹੀਦੀਆਂ ਹਨ। ਇਸ ਦੇ ਬਾਵਜੂਦ, ਇਸ ਯੋਜਨਾ ਨੂੰ ਇਸਦੀਆਂ ਕਮਜ਼ੋਰੀਆਂ ਕਾਰਨ ਰੱਦ ਦੇਣਾ ਇੰਨਾ ਆਸਾਨ ਨਹੀਂ ਜਾਪਦਾ, ਕਿਉਂਕਿ ਇਸਦਾ ਸਮਰਥਨ ਪ੍ਰੋ. ਰਸਲ ਵਰਗੇ ਵਿਹਾਰਕ ਵਿਅਕਤੀ ਦੁਆਰਾ ਕੀਤਾ ਗਿਆ ਹੈ।

ਗਾਂਧੀ ਦੀ ਨਿਹੱਥੇ ਟਾਕਰੇ ਵਾਲੀ ਯੋਜਨਾ ਦੇ ਲਾਭ ਦਾ ਮਨੁੱਖ ਜਾਤੀ ਲਈ ਮੁਲਾਂਕਣ ਕਰਨਾ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ, ਜੇ ਅਸੀਂ ਤੁਲਨਾਤਮਕ ਨਜ਼ਰ ਰੱਖਦੇ ਹਾਂ, ਵਹਿਸ਼ੀ ਜ਼ਬਰ ਕਾਰਨ ਹੁੰਦੇ ਨੁਕਸਾਨਾਂ ਦੇ ਵਿਰੋਧ ਵਿੱਚ ਨਿਹੱਥੇ ਟਾਕਰੇ ਦੇ ਫਾਇਦਿਆਂ ਨੂੰ ਸਮਝਦੇ ਹੋਏ, ਇੱਕ ਅਨੁਕੂਲ ਸਥਿਤੀ ‘ਤੇ ਪਹੁੰਚਣਾ ਮੁਸ਼ਕਿਲ ਨਹੀਂ ਹੋਵੇਗਾ।

ਨਿਹੱਥੇ ਟਾਕਰੇ ਦੇ ਫਾਇਦਿਆਂ ਬਾਰੇ ਪੁੱਛੇ ਜਾਣ ‘ਤੇ, ਇਸਦੇ ਸਮਰਥਕ ਜ਼ੋਰ ਦਿੰਦੇ ਹਨ ਕਿ ਨਿਹੱਥੇ ਟਾਕਰਾ ਕਰਨਾ ਗੈਰ-ਕਾਤਲਾਨਾ ਵਿਰੋਧੀ ਮਾਨਸਿਕਤਾ ਨੂੰ ਉਤਸ਼ਾਹਿਤ ਕਰੇਗਾ, ਅਤੇ ਕੋਈ ਵਿਅਕਤੀ ਜਿਸਦਾ ਜ਼ਮੀਰ ਇੱਕ ਗੈਰ-ਕਾਤਲਾਨਾ ਵਿਰੋਧੀ ਨਜ਼ਰੀਏ ਨਾਲ ਲੈਸ ਕੀਤਾ ਜਾ ਸਕਦਾ ਹੈ, ਉਹ ਸਿਰਫ਼ ਵਹਿਸ਼ੀ ਜ਼ਬਰ ਦੀ ਵਰਤੋਂ ਕਰਨ ਤੋਂ ਹੀ ਗੁਰੇਜ਼ ਨਹੀਂ ਕਰੇਗਾ ਸਗੋਂ ਇਸ ਤਰ੍ਹਾਂ ਕਿਸੇ ਵੀ ਤਾਕਤ ਦੀ ਵਰਤੋਂ ਹੀ ਨਕਾਰ ਦਿੱਤੀ ਜਾਵੇਗੀ।

ਇਹ ਗਾਂਧੀ ਦੀ ਸੋਚ ਹੈ, ਅਤੇ ਇਹ ਹੀ ਬਿਲਕੁਲ ਉਹ ਵਿਚਾਰਧਾਰਾ ਹੈ ਜਿਸਦੀ ਇੱਥੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇਕਰ ਹਰ ਕੋਈ ਆਪਣੇ ਮਨ ਨੂੰ ਸ਼ੁੱਧ ਕਰੇ ਅਤੇ ਅਹਿੰਸਾ ਦੇ ਸਿਧਾਂਤਾਂ ‘ਤੇ ਅਮਲ ਕਰੇ, ਤਾਂ ਇਸ ਨਾਲ ਸਭ ਕੁੱਝ ਸੁਲਝ ਜਾਵੇਗਾ। ਇਸ ਸੋਚ ਵਿੱਚ ਮੁੱਖ ਤੌਰ ‘ਤੇ ਦੋ ਖਾਮੀਆਂ ਨਜ਼ਰ ਆਉਂਦੀਆਂ ਹਨ। ਪਹਿਲੀ ਇਹ ਹੈ ਕਿ ਯੁੱਧ ਦੀ ਸਥਿਤੀ ਵਿੱਚ ਸਾਡੇ ਸਾਹਮਣੇ ਸਭ ਤੋਂ ਮੁੱਖ ਸਵਾਲ ਇਹ ਖੜ੍ਹਾ ਕੀਤਾ ਜਾਵੇਗਾ ਕਿ ਯੁੱਧ ਵਿੱਚ ਹਿੱਸਾ ਲੈਣਾ ਹੈ ਜਾਂ ਨਹੀਂ। ਇਸ ਦੀ ਬਜਾਇ, ਅਸਲ ਸਵਾਲ ਇਹ ਹੈ ਕਿ ਸਾਡੇ ਲੋਕਾਂ ਨੂੰ ਯੁੱਧ ਤੋਂ ਬਚਾਉਣਾ ਕਿਵੇਂ ਹੈ। ਜੇ ਅਸੀਂ ਦੂਜਿਆਂ ਦੇ ਹਿੱਤਾਂ ਲਈ ਆਪਣੇ ਖੁਦ ਦੇ ਹਿੱਤਾਂ ਨੂੰ ਤਿਆਗਣ ਦੀ ਬੀਨ ਵਜਾਉਂਦੇ ਹਾਂ, ਤਾਂ ਇਹ ਬੇਸ਼ੱਕ ਹੀ ਮਨ ਦੀ ਇੱਕ ਗੈਰ-ਵਿਰੋਧੀ ਭਾਵਨਾ ਪੈਦਾ ਕਰੇਗੀ ਪਰ ਇਹ ਯਕੀਨੀ ਨਹੀਂ ਬਣਾਉਂਦੀ ਕਿ ਇਹ ਸਚਮੁੱਚ ਦੂਜਿਆਂ ਦੇ ਹਿੱਤਾਂ ਦੀ ਪੂਰਤੀ ਕਰੇਗੀ। ਜਦੋਂ ਇਹ ਯੁੱਧ ਸ਼ੁਰੂ ਹੁੰਦੇ ਹਨ, ਤਾਂ ਆਮ ਲੋਕਾਂ ਦੀਆਂ ਜਾਨਾਂ ‘ਤੇ ਹਮਲਾ ਹੁੰਦਾ ਹੈ। ਜਾਨਾਂ ਦਾ ਖ਼ਤਰਾ ਬਣਦਾ ਹੈ। ਤਬਾਹੀ ਦਾ ਖ਼ਤਰਾ ਵੱਡੇ ਪੱਧਰ ‘ਤੇ ਹੁੰਦਾ ਹੈ। ਇਸ ਸਾਰੇ ਨੂੰ ਸਿਰਫ ਇਹ ਕਹਿ ਕੇ ਨਹੀਂ ਟਾਲਿਆ ਜਾ ਸਕਦਾ ਕਿ ਅਸੀਂ ਤਬਾਹੀ ਨਹੀਂ ਚਾਹੁੰਦੇ, ਅਤੇ ਇਸ ਬਾਰੇ ਕੁੱਝ ਵੀ ਨਹੀਂ ਕਰਦੇ। ਇਸ ਤੋਂ ਇਲਾਵਾ, ਪੂਰੀ ਦੁਨੀਆ ਵਿੱਚ ਨਿਆਂ ਦੇ ਸਿਧਾਂਤ ਨੂੰ ਸਥਾਪਤ ਕਰਨ ਨਾਲ ਕੁੱਝ ਨਹੀਂ ਹੁੰਦਾ। ਉਦੋਂ ਤੱਕ ਕੋਈ ਹੱਲ ਨਹੀਂ ਹੋਵੇਗਾ ਜਦੋਂ ਤੱਕ ਉਹਨਾਂ ਸਿਧਾਂਤਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ, ਜਦੋਂ ਤੱਕ ਕੋਈ ਅਸਲ ਵਿੱਚ ਯੁੱਧ ਦੇ ਅਖਾੜੇ ਵਿੱਚ ਦਾਖਲ ਨਹੀਂ ਹੋ ਜਾਂਦਾ ਅਤੇ ਨਿਆਂ ਉੱਪਰ ਹੁੰਦੇ ਹਮਲਿਆਂ ਦੀ ਇੱਕ ਤੋਂ ਬਾਅਦ ਇੱਕ ਘਟਨਾ ਦਾ ਵਿਰੋਧ ਨਹੀਂ ਕਰਦਾ। ਕਿਸੇ ਵਿਅਕਤੀ ਦਾ ਇਨਸਾਫ ਦੇ ਹਾਮੀ ਹੋਣਾ ਆਪਣੇ ਆਪ ਤੋਂ ਬਿਨਾਂ ਕਿਸੇ ਦੂਜੇ ਵਿਅਕਤੀ ਲਈ ਫਾਇਦੇਮੰਦ ਨਹੀਂ ਹੋਵੇਗਾ, ਕਿਉਂਕਿ ਜਦੋਂ ਕੋਈ ਨਿਆਂ ਅਨੁਸਾਰ ਕੰਮ ਕਰਨਾ ਆਰੰਭ ਕਰਦਾ ਹੈ ਤਾਂ ਇਹ ਪਤਾ ਚੱਲੇਗਾ ਕਿ ਅਭਿਆਸ ਉਦੋਂ ਤੱਕ ਲੋੜੀਂਦੇ ਨਤੀਜੇ ਨਹੀਂ ਦਿੰਦਾ ਜਦੋਂ ਤੱਕ ਉਸ ਨੂੰ ਕਿਸੇ ਤਾਕਤਵਰ ਤੱਤ ਦਾ ਸਮਰਥਨ ਨਹੀਂ ਹੁੰਦਾ।

ਉਪਰੋਕਤ ਤੋਂ, ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਸਿਰਫ ਗੈਰ-ਵਿਰੋਧੀ ਰਵੱਈਏ ਨੂੰ ਲਾਗੂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਸੇ ਨੂੰ ਸਚਮੁੱਚ ਹੀ (ਨਿਆਂ ਪ੍ਰਤੀ) ਆਪਣੀ ਭਾਵਨਾ ਅਨੁਸਾਰ ਕੰਮ ਕਰਨ ਦੀ ਜ਼ਰੂਰਤ ਹੈ, ਪਰ ਫਿਰ ਜਦੋਂ ਇਹ ਕਾਰਜ ਕਰਨ ਦੀ ਗੱਲ ਆਉਂਦੀ ਹੈ ਤਾਂ ਤਾਕਤ ਦੀ ਵਰਤੋਂ ਲਾਜ਼ਮੀ ਹੋ ਜਾਂਦੀ ਹੈ।

ਜਦੋਂ ਨਿਹੱਥੇ ਟਾਕਰੇ ਦੇ ਸਮਰਥਕ ਸਾਨੂੰ ਇਹ ਵਿਸ਼ਵਾਸ ਦਿਵਾ ਦਿੰਦੇ ਹਨ ਕਿ ਉਹਨਾਂ ਨੇ ਤਾਕਤ ਦੀ ਵਰਤੋਂ ਬਿਲਕੁਲ ਨਹੀਂ ਕੀਤੀ, ਇਹ ਅਸਲ ਵਿੱਚ ਇੱਕ ਭੁਲੇਖਾ ਹੋਵੇਗਾ। ਹਾਲਾਂਕਿ, ਜਦੋਂ ਉਹ ਇਹ ਸਮਝਾਉਣ ਲੱਗਦੇ ਹਨ ਕਿ ਉਹਨਾਂ ਦੀ ਸਿਰਫ ਨੈਤਿਕ ਤਾਕਤ ਸੀ, ਕੋਈ ਵਹਿਸ਼ੀ ਸ਼ਕਤੀ ਨਹੀਂ, ਤਾਂ ਉਹ ਸੱਚ ਹੋਵੇਗਾ। ਇਸ ਨਾਲ ਇਹ ਸਵਾਲ ਪੈਦਾ ਹੁੰਦਾ ਹੈ ਕਿ ਨੈਤਿਕ ਤਾਕਤ ਨਾਲੋਂ ਵਹਿਸ਼ੀ ਜ਼ਬਰ ਕਿੰਨ੍ਹਾ ਕੁ ਵੱਖਰਾ ਹੈ, ਅਤੇ ਕੀ ਇਹ ਹਮੇਸ਼ਾ ਕਿਹਾ ਜਾ ਸਕਦਾ ਹੈ ਕਿ ਨੈਤਿਕ ਤਾਕਤ ਵਹਿਸ਼ੀ ਜ਼ਬਰ ਨਾਲੋਂ ਘੱਟ ਬੇਰਹਿਮ ਹੋਵੇਗੀ?

ਇਹ ਸਪੱਸ਼ਟ ਹੈ ਕਿ ਵਹਿਸ਼ੀ ਜ਼ਬਰ ਇੱਕ ਭਿਆਨਕ ਤਬਾਹੀ ਵੱਲ ਲੈ ਕੇ ਜਾ ਸਕਦਾ ਹੈ। ਦਰਅਸਲ ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਵਹਿਸ਼ੀ ਜ਼ਬਰ ਨਾਲ ਨਫਰਤ ਹੈ। ਹਾਲਾਂਕਿ, ਇਹ ਇੰਨਾ ਸਪੱਸ਼ਟ ਨਹੀਂ ਹੈ ਕਿ ਨੈਤਿਕ ਤਾਕਤ ਵੀ ਇੰਨੀ ਹੀ ਵਿਨਾਸ਼ਕਾਰੀ ਅਤੇ ਇੰਨੀ ਹੀ ਬੇਰਹਿਮ ਹੋ ਸਕਦੀ ਹੈ। ਫਿਰ ਵੀ ਇਹ ਸੱਚ ਹੈ। ਇਸ ਨੂੰ ਕੁੱਝ ਉਦਾਹਰਣਾਂ ਨਾਲ ਸਾਬਤ ਕੀਤਾ ਜਾ ਸਕਦਾ ਹੈ। ਇੱਕ ਔਰਤ ਦਾ ਮਾਮਲਾ ਲਓ ਜੋ ਇੱਕ ਬੱਚੇ ਨੂੰ ਜਨਮ ਦੇ ਰਹੀ ਹੈ ਜੋ ਉਸਨੂੰ ਇੰਨਾ ਸੁੰਦਰ ਨਹੀਂ ਜਾਪਦਾ ਜਿੰਨਾ ਉਹ ਚਾਹੁੰਦੀ ਸੀ। ਇੱਕ ਖਾਸ ਔਰਤ ਇਸ ਸਥਿਤੀ ਵਿੱਚ ਇੰਨੀ ਨਿਰਾਸ਼ ਹੋ ਸਕਦੀ ਹੈ ਕਿ ਉਹ ਬੱਚੇ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਸਕਦੀ ਹੈ। ਬੱਚੇ ਦਾ ਗਲਾ ਘੁੱਟ ਕੇ ਮਾਰਨ ਦਾ ਜ਼ੁਲਮ ਕਰਨ ਦੀ ਬਜਾਇ ਉਹ ਸਿਰਫ ਛਾਤੀ ਦਾ ਦੁੱਧ ਪਿਲਾਉਣਾ ਬੰਦ ਕਰ ਸਕਦੀ ਹੈ। ਉਸ ਨੂੰ ਛਾਤੀ ਦਾ ਦੁੱਧ ਨਾ ਚੁੰਘਣ ਦੇਣਾ ਗਲਾ ਘੁੱਟਣ ਜਿੰਨਾ ਬੇਰਹਿਮ ਨਹੀਂ ਜਾਪਦਾ। ਪ੍ਰਭਾਵ ਦੇ ਦ੍ਰਿਸ਼ਟੀਕੋਣ ਤੋਂ ਵੇਖਦਿਆਂ, ਹਾਲਾਂਕਿ, ਗਲਾ ਘੁੱਟਣ ਅਤੇ ਛਾਤੀ ਦਾ ਦੁੱਧ ਨਾ ਚੁੰਘਣ ਦੇਣ ਦੇ ਵਿਚਕਾਰ ਫਰਕ ਦੱਸਣਾ ਮੁਸ਼ਕਲ ਹੋਵੇਗਾ। ਆਓ ਇੱਕ ਹੋਰ ਉਦਾਹਰਣ ਉੱਤੇ ਗੌਰ ਕਰੀਏ। ਮੰਨ ਲਓ ਕਿ ਕਿਸੇ ਪਿੰਡ ਵਿੱਚ ਇੱਕ ਆਦਮੀ ਹੈ ਜੋ ਬਾਕੀ ਪਿੰਡ ਵਾਸੀਆਂ ਤੋਂ ਵੱਖਰੇ ਵਿਚਾਰ ਰੱਖਦਾ ਹੋਇਆ, ਆਪਣੀ ਜ਼ਿੰਦਗੀ ਨੂੰ ਵੱਖਰੇ ਢੰਗ ਨਾਲ ਜੀਣ ਦੀ ਚੋਣ ਕਰਦਾ ਹੈ। ਪਿੰਡ ਵਾਸੀ ਉਸਨੂੰ ਨਾ ਮਾਰਨ ਦੀ ਇੱਛਾ ਰੱਖ ਸਕਦੇ ਹਨ। ਇਸ ਦੀ ਬਜਾਇ, ਹੋ ਸਕਦਾ ਹੈ ਕਿ ਉਹ ਉਸਨੂੰ ਪਾਣੀ ਲੈਣ, ਬਾਜ਼ਾਰ ਵਿੱਚੋਂ ਸਮਾਨ ਖਰੀਦਣ ਦੀ ਆਗਿਆ ਨਾ ਦੇਣ ਅਤੇ ਉਸ ਦਾ ਪੂਰਨ ਬਾਈਕਾਟ ਕਰ ਦੇਣ, ਜਿਸ ਨਾਲ ਕਿ ਉਸਦਾ ਜੀਉਣਾ ਅਸੰਭਵ ਹੋ ਜਾਵੇਗਾ। ਇਸ ਦਲੀਲ ਨਾਲ ਕਿ ਬਾਈਕਾਟ ਕਰਨਾ ਆਦਮੀ ਨੂੰ ਮਾਰਨ ਨਾਲੋਂ ਕਿਤੇ ਵੱਖਰਾ ਹੈ, ਕੋਈ ਕਹਿ ਸਕਦਾ ਹੈ ਕਿ ਬਾਈਕਾਟ ਕੋਈ ਵਹਿਸ਼ੀ ਜ਼ਬਰ ਨਹੀਂ ਸੀ। ਹਾਲਾਂਕਿ ਜੇ ਅਸੀਂ ਸਵਾਲ ਨੂੰ ਇਸ ਤਰ੍ਹਾਂ ਪੁੱਛੀਏ: ਕੀ ਆਦਮੀ ਦਾ ਬਾਈਕਾਟ ਕਰਨਾ ਉਸਨੂੰ ਮਾਰਨ ਬਰਾਬਰ ਨਹੀਂ ਸੀ? ਇਸ ਦਾ ਜਵਾਬ ਸਚਮੁੱਚ ਹਾਂ ਹੋਵੇਗਾ।

ਅਗਲਾ ਸਵਾਲ ਹੇਠ ਲਿਖੇ ਅਨੁਸਾਰ ਹੋ ਸਕਦਾ ਹੈ। ਜੇ ਨੈਤਿਕ ਤਾਕਤ ਨਾਕਾਫੀ ਸਾਬਤ ਹੁੰਦੀ ਹੈ ਅਤੇ ਇਸ ਨਾਲ ਯੁੱਧ ਟਾਲਿਆ ਨਹੀਂ ਜਾਂਦਾ, ਕੀ ਫਿਰ ਕਿਸੇ ਨੂੰ ਜ਼ਾਲਮ ਤਾਕਤ ਦਾ ਸਹਾਰਾ ਨਹੀਂ ਲੈਣਾ ਚਾਹੀਦਾ? ਜਿਹੜੇ ਨਿਹੱਥੇ ਟਾਕਰੇ ਦੇ ਸਮਰਥਕ ਹਨ, ਉਹ ਹਮਲਾਵਰ ਦੁਸ਼ਮਣ ਦੇ ਅੰਦਰ ਨੈਤਿਕ ਤਾਕਤ ਦੀ ਆਸ ਰੱਖ ਸਕਦੇ ਹਨ। ਉਹ ਆਸ ਰੱਖ ਸਕਦੇ ਹਨ ਆਪਣੀ ਨੈਤਿਕ ਤਾਕਤ ਦਾ ਪ੍ਰਗਟਾਵਾ ਕਰਨ ‘ਤੇ ਦੁਸ਼ਮਣ ਸ਼ਰਮਸਾਰ ਹੋਵੇਗਾ, ਨਰਮ ਪਵੇਗਾ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਟਾਲਦੇ ਹੋਏ ਪਿੱਛੇ ਹਟੇਗਾ। ਪ੍ਰੋਫੈਸਰ ਬਰਟਰੈਂਡ ਰਸਲ ਦੀ ਤਜਵੀਜ਼ ਬਿਲਕੁਲ ਅਜਿਹੀਆਂ ਉਮੀਦਾਂ ‘ਤੇ ਅਧਾਰਤ ਸੀ। ਹਾਲਾਂਕਿ, ਇਹ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ।

ਉਦੋਂ ਕੀ, ਜੇ ਕੋਈ ਦੁਸ਼ਮਣ ਪੂਰੀ ਤਰ੍ਹਾਂ ਬੇਰਹਿਮ ਹੋ ਜਾਂਦਾ ਹੈ, ਅਤੇ ਸਾਰੀ ਨੈਤਿਕਤਾ ਨੂੰ ਤਿਆਗ ਦਿੰਦਾ ਹੈ, ਫਿਰ ਉਹ ਸਾਰੇ ਨਿਹੱਥੇ ਲੋਕਾਂ ਦੇ ਵਿਰੁੱਧ ਜ਼ਬਰਦਸਤੀ ਤਾਕਤ ਵਰਤਦਾ ਹੈ? ਨਿਹੱਥੇ ਟਾਕਰੇ ਦੁਆਰਾ ਪੈਦਾ ਕੀਤੀ ਗਈ ਨੈਤਿਕ ਤਾਕਤ ਫਿਰ ਕਿੰਨੀ ਦੇਰ ਤੱਕ ਚੱਲੇਗੀ? ਜੇ ਸਾਡੀ ਹਾਰ ਬਹੁਤ ਜਲਦੀ ਹੁੰਦੀ ਜਾਪਦੀ ਹੈ ਤਾਂ ਕੀ ਸਾਨੂੰ ਫਿਰ ਵੀ ਹਥਿਆਰਬੰਦ ਤਾਕਤ ਦਾ ਸਹਾਰਾ ਨਹੀਂ ਲੈਣਾ ਚਾਹੀਦਾ? ਜੇ ਦੁਸ਼ਮਣ ਉੱਪਰ ਧਾਵਾ ਨਹੀਂ ਬੋਲਣਾ ਹੈ, ਤਾਂ ਕੀ ਸਾਨੂੰ ਆਪਣੀ ਰੱਖਿਆ ਲਈ ਵੀ ਅਜਿਹਾ ਨਹੀਂ ਕਰਨਾ ਚਾਹੀਦਾ? ਜੇ ਅਜਿਹੇ ਵਿਕਲਪ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਦੁਸ਼ਮਣ ਦੇ ਵਹਿਸ਼ੀ ਜ਼ਬਰ ਹੱਥੋਂ ਮਾਰੇ ਜਾਣ ਅਤੇ ਖੁਦਕੁਸ਼ੀ ਕੀਤੇ ਜਾਣ ਵਿੱਚ ਕੀ ਫਰਕ ਹੋਵੇਗਾ? ਸਾਨੂੰ ਕੁੱਝ ਇਸ ਤਰ੍ਹਾਂ ਦੇ ਲੋਕ ਵੀ ਮਿਲ ਸਕਦੇ ਹਨ ਜੋ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਨਿਹੱਥੇ ਟਾਕਰੇ ਦੀ ਯੋਜਨਾ ਦੀ ਸਫਲਤਾ ਸਿਰਫ ਨੈਤਿਕ ਤਾਕਤ ਦੁਆਰਾ ਦੁਸ਼ਮਣ ਦੀ ਜ਼ਮੀਰ ਨੂੰ ਉਤੇਜਿਤ ਕਰਨ ‘ਤੇ ਹੀ ਨਿਰਭਰ ਨਹੀਂ ਕਰਦੀ, ਬਲਕਿ ਦੋ ਹੋਰ ਕਾਰਨਾਂ ਉੱਪਰ ਵੀ ਕਰਦੀ ਹੈ: ਨਿਹੱਥੇ ਟਾਕਰਾ ਕਰਨ ਵਾਲਿਆਂ ਦੀ ਨੈਤਿਕ ਤਾਕਤ ਦੀ ਮਜ਼ਬੂਤੀ ਅਤੇ ਦੁਸ਼ਮਣ ਖਿਲਾਫ ਐਲਾਣੇ ਗਏ ਅਸਹਿਯੋਗ। ਅਸਲ ਵਿੱਚ, ਪ੍ਰੋਫੈਸਰ ਬਰਟਰੈਂਡ ਰਸਲ ਦੀ ਤਜਵੀਜ਼ ਦਾ ਅਧਾਰ ਬਿਲਕੁਲ ਇਹ ਸੀ।

ਸਾਨੂੰ, ਭਾਰਤ ਵਿੱਚ, ਇਹ ਸਮਝਾਉਣ ਲਈ ਕਿਸੇ ਉਦਾਰਹਣ ਦੀ ਜ਼ਰੂਰਤ ਨਹੀਂ ਹੈ ਕਿ ਨਿਹੱਥੇ ਲੋਕਾਂ ਦੁਆਰਾ ਵਿਰੋਧ ਦੇ ਰੂਪ ਵਿੱਚ ਅਸਹਿਯੋਗ ਕਿੰਨੀ ਦੇਰ ਤੱਕ ਚੱਲ ਸਕਦਾ ਹੈ। ਇਸ ਦੀ ਕਾਰਜਸ਼ੀਲਤਾ ਬਾਰੇ ਗੱਲ ਕਰਨਾ ਬਹੁਤ ਸੌਖਾ ਹੈ, ਪਰ ਅਸਹਿਯੋਗ ਦਾ ਅਭਿਆਸ ਕਰਨਾ ਉਸ ਨਾਲੋਂ ਕਿਤੇ ਵੱਖਰਾ ਸਾਬਤ ਹੁੰਦਾ ਹੈ। ਸਾਡੇ ਦੇਸ਼ ਦੇ ਲੋਕਾਂ ਨੇ ਪਿਛਲੇ ਵੀਹ ਸਾਲਾਂ ਦੌਰਾਨ ਇਸ ਸਿੱਟੇ ‘ਤੇ ਪਹੁੰਚਣ ਲਈ ਕਾਫੀ ਤਜਰਬਾ ਹਾਸਲ ਕੀਤਾ ਹੈ ਕਿ ਜਦੋਂ ਅਸਹਿਯੋਗ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ, ਤਾਂ ਇਸਦਾ ਵਿਰੋਧੀਆਂ ਉੱਪਰ ਕੋਈ ਅਸਰ ਨਹੀਂ ਹੁੰਦਾ। ਜੇ ਸਾਡੇ ਲੋਕ ਪੂਰੀ ਇਮਾਨਦਾਰੀ ਨਾਲ ਬੋਲਣ, ਉਹ ਪੂਰੀ ਦੁਨੀਆ ਅੱਗੇ ਅਸਹਿਯੋਗ ਦੀ ਅਸਲ ਕਦਰ ਦਾ ਖੁਲਾਸਾ ਕਰ ਸਕਦੇ ਹਨ। ਜੇ ਨੈਤਿਕ ਤਾਕਤ ਜਾਂ ਨੈਤਿਕ ਤਾਕਤ ਅਤੇ ਅਸਹਿਯੋਗ ਦੇ ਸੁਮੇਲ ਨਾਲ ਸਚਮੁੱਚ ਹੀ ਕੋਈ ਕਾਰਗਰ ਨਤੀਜੇ ਨਿਕਲਦੇ ਹਨ, ਤਾਂ ਕੋਈ ਵੀ ਇੰਨਾ ਨਾਦਾਨ ਨਹੀਂ ਹੋਵੇਗਾ ਕਿ ਹਥਿਆਰਬੰਦ ਤਾਕਤ ਦਾ ਸਹਾਰਾ ਲੈਣ ਲਈ ਜ਼ੋਰ ਪਾਵੇ। ਇੱਥੇ ਨੁਕਤਾ ਇਹ ਹੈ: ਜੇਕਰ ਅਸਹਿਯੋਗ ਦੁਆਰਾ ਅਣਸੁਖਾਵੇਂ ਨਤੀਜੇ ਟਾਲੇ ਨਹੀਂ ਜਾਂਦੇ? ਕੀ ਫਿਰ ਵੀ ਹਥਿਆਰਬੰਦ ਤਾਕਤ ਦਾ ਸਹਾਰਾ ਨਹੀਂ ਲੈਣਾ ਚਾਹੀਦਾ?

ਤੀਜਾ ਸਵਾਲ ਹੈ: ਉਦੋਂ ਕੀ, ਜੇ ਅਹਿੰਸਾ ਦਾ ਉਦੇਸ਼ – ਵਹਿਸ਼ੀ ਜ਼ਬਰ ਨੂੰ ਹਮੇਸ਼ਾ ਲਈ ਤਬਾਹ ਕਰਨਾ – ਨਿਹੱਥੇ ਟਾਕਰੇ ਰਾਹੀਂ ਅਧੂਰਾ ਹੀ ਰਹਿੰਦਾ ਹੈ? ਕੀ ਹਥਿਆਰਬੰਦ ਤਾਕਤ ਨੂੰ ਅਜੇ ਵੀ ਨਹੀਂ ਲਗਾਉਣਾ ਚਾਹੀਦਾ? ਇਹ ਸਵਾਲ ਪਿਛਲੇ ਵਰਗਾ ਹੀ ਜਾਪਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ। ਪਿਛਲਾ ਸਵਾਲ ਇਸ ਨਾਲ ਸੰਬੰਧਤ ਹੈ ਕਿ ਜ਼ਾਲਮ ਤਾਕਤ ਦੇ ਰੂਪ ਵਿੱਚ ਹਮਲੇ ਦੀ ਸਥਿਤੀ ਵਿੱਚ ਕੀ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਸਵਾਲ ਪੂਰੀ ਤਰ੍ਹਾਂ ਨਾਲ ਜ਼ੋਰਦਾਰ ਤਾਕਤ ਤੋਂ ਦੂਰ ਰਹਿਣ ਨਾਲ ਸੰਬੰਧਤ ਹੈ। ਜੇ ਅਹਿੰਸਾ ਦੇ ਸਮਰਥਕਾਂ ਦਾ ਪ੍ਰੋਗਰਾਮ ਇਹ ਨਿਸ਼ਚਿਤ ਕਰਨਾ ਹੈ ਕਿ ਜ਼ਾਲਮ ਤਾਕਤ ਦੇ ਰੂਪ ਵਿੱਚ ਸਾਰੇ ਹਮਲਿਆਂ ਨੂੰ ਹਮੇਸ਼ਾ ਨਿਹੱਥੇ ਹੀ ਟੱਕਰਣਾ ਹੈ, ਤਾਂ ਨਿਹੱਥਾ ਪ੍ਰਤਿਰੋਧ ਸਚਮੁੱਚ ਹੀ ਸਮੱਸਿਆਜਨਕ ਹੈ।

ਇਸ ਸਮਝ ਨਾਲ ਨਿਹੱਥੇ ਪ੍ਰਤਿਰੋਧ ਨੂੰ ਅਪਣਾਉਣ ਦਾ ਮਤਲਬ ਇਹ ਹੋਵੇਗਾ ਕਿ ਦੁਨੀਆ ਕਦੇ ਵੀ ਵਹਿਸ਼ੀ ਤਾਕਤ ਦੀ ਪਕੜ ਤੋਂ ਮੁਕਤ ਨਹੀਂ ਹੋ ਸਕੇਗੀ। ਜੇ ਇੱਕ ਪੀੜ੍ਹੀ ਦੁਆਰਾ ਅਪਣਾਏ ਗਏ ਨਿਹੱਥੇ ਟਾਕਰੇ ਦੇ ਲਾਭ ਅਗਲੀ ਪੀੜ੍ਹੀ ਤੱਕ ਨਹੀਂ ਜਾਂਦੇ, ਤਾਂ ਇਸ ਜ਼ਾਲਮ ਤਾਕਤ ਦੀ ਪਕੜ ਤੋਂ ਮੁਕਤ ਹੋਣਾ ਸੰਭਵ ਨਹੀਂ ਹੋਵੇਗਾ, ਅਤੇ ਅਹਿੰਸਾ ਦਾ ਸਿਧਾਂਤ ਕਦੇ ਵੀ ਸਫਲ ਨਹੀਂ  ਹੋਵੇਗਾ। ਜੇ ਵਹਿਸ਼ੀ ਜ਼ਬਰ ਦੀਆਂ ਘਟਨਾਵਾਂ ਹਮੇਸ਼ਾ ਲਈ ਖਤਮ ਨਹੀਂ ਹੋ ਜਾਂਦੀਆਂ, ਨਿਹੱਥਾ ਵਿਰੋਧ ਇੱਕ ਬੱਚੇ ਦੀਆਂ ਮਸ਼ਕਾਂ ਨਾਲੋਂ ਜ਼ਿਆਦਾ ਮਹੱਤਵ ਨਾ ਰੱਖਦਾ ਨਜ਼ਰ ਆਵੇਗਾ। ਜੇਕਰ ਨਿਹੱਥੇ ਟਾਕਰੇ ਰਾਹੀਂ ਵਹਿਸ਼ੀ ਜ਼ਬਰ ਦੇ ਖਾਤਮੇ ਦਾ ਉਦੇਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਤਾਂ ਫਿਰ ਜ਼ੋਰਦਾਰ ਤਾਕਤ ਨਾਲ ਟਾਕਰੇ ਦਾ ਸਹਾਰਾ ਲਏ ਜਾਣ ਦਾ ਸਵਾਲ ਹੋਰ ਵੀ ਮਹੱਤਵਪੂਰਣ ਬਣ ਜਾਂਦਾ ਹੈ।

ਹੁਣ ਤਾਂ, ਹੇਠ ਲਿਖੇ ਸਵਾਲ ਦੀ ਪੜਤਾਲ ਕਰਨ ਦੀ ਜ਼ਰੂਰਤ ਹੋਵੇਗੀ: ਜੇ ਇੱਕ ਸਮੇਂ ਜ਼ੋਰਦਾਰ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਕੀ ਕੋਈ ਗਾਰੰਟੀ ਦਿੱਤੀ ਜਾ ਸਕਦੀ ਹੈ ਕਿ ਕੋਈ ਜ਼ਾਲਮ ਤਾਕਤ ਮੁੜ ਆਪਣਾ ਸਿਰ ਨਹੀਂ ਉਠਾਏਗੀ। ਇਸ ਦਾ ਜਵਾਬ ਹੈ ਕਿ ਜ਼ੋਰਦਾਰ ਤਾਕਤ ਦੁਆਰਾ ਉਹਨਾਂ ਦੀ ਜਿੱਤ ਤੋਂ ਬਾਅਦ, ਜੇ ਜੇਤੂ ਆਪਣੀ ਜਿੱਤ ਨੂੰ ਕੁੱਝ ਸਵਾਰਥੀ ਹਿੱਤਾਂ ਲਈ ਨਹੀਂ, ਬਲਕਿ ਇੱਕ ਨਵੀਂ ਦੁਨੀਆ ਦੀ ਸਿਰਜਣਾ ਲਈ ਵਰਤਦੇ ਹਨ, ਤਾਂ ਜ਼ੋਰਦਾਰ ਤਾਕਤ ਦੀ ਇੱਕ ਵਾਰ ਵਰਤੋਂ ਤੋਂ ਬਾਅਦ ਇਸਦਾ ਖਾਤਮਾ ਹੋਣ ਦੀ ਸੰਭਾਵਨਾ ਹੈ। ਵਿਚਾਰਨਯੋਗ ਸਵਾਲ ਇਹ ਹੈ ਕਿ ਕੀ ਅਜਿਹੇ ਉਦੇਸ਼ਾਂ ਲਈ ਜ਼ੋਰਦਾਰ ਤਾਕਤ ਨੂੰ ਉਚਿਤ ਕਿਹਾ ਜਾ ਸਕਦਾ ਹੈ।

ਉਪਰੋਕਤ ਤਰਕ ਹੇਠ ਲਿਖੇ ਸਿਧਾਂਤਾਂ ਦਾ ਅਭਿਆਸ ਕਰਨ ਵਿੱਚ ਸਹਾਇਤਾ ਕਰਨਗੇ:-

ਪਹਿਲਾ ਸਿਧਾਂਤ ਇਹ ਹੋਵੇਗਾ ਕਿ ਇਹ ਸੁਝਾਅ ਦੇਣਾ ਮੂਰਖਤਾ ਹੋਵੇਗੀ ਕਿ ਜੰਗੀ ਤਾਕਤ ਦਾ ਕਦੇ ਸਹਾਰਾ ਨਹੀਂ ਲੈਣਾ ਚਾਹੀਦਾ। ਇਸ ਦੇ ਉਲਟ, ਸਾਡਾ ਮਤ ਹੈ ਕਿ ਕਿਸੇ ਵੀ ਕਠੋਰ ਤਾਕਤ ਦਾ ਕਦੇ ਵੀ ਸਹਾਰਾ ਨਾ ਲੈਣ ਲਈ ਜ਼ੋਰ ਪਾਉਣਾ ਅਸੰਵੇਦਨਸ਼ੀਲ ਹੋਣ ਦੇ ਬਰਾਬਰ ਹੈ। ਅਸੀਂ ਜਾਣਦੇ ਹਾਂ ਕਿ ਅਮਰੀਕਾ ਵਿਚਲੇ ਨੀਗਰੋਜ਼ (ਐਫਰੋ-ਅਮੈਰੀਕਨ) ਕਈ ਸਾਲਾਂ ਤੱਕ ਗੁਲਾਮੀ ਦੇ ਜੂਲੇ ਹੇਠ ਰਹੇ। ਉਹਨਾਂ ਦੀ ਮੁਕਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਜੰਗੀ ਤਾਕਤ ਨਾਲ ਲੈਸ ਇੱਕ ਮਹਾਨ ਯੁੱਧ ਲੜਣਾ ਪਿਆ। ਜੇ ਉਹਨਾਂ ਦਾ ਮੁਕਤੀ ਸੰਘਰਸ਼ ਸਿਰਫ ਨੈਤਿਕ ਤਾਕਤ ‘ਤੇ ਨਿਰਭਰ ਕਰਦਾ, ਤਾਂ ਇਹ ਸਚਮੁੱਚ ਹੀ ਅਨਿਸ਼ਚਿਤ ਹੈ ਕਿ ਨੀਗਰੋਜ਼ (ਐਫਰੋ-ਅਮੈਰੀਕਨ) ਅੱਜ ਤੱਕ ਵੀ ਗੁਲਾਮੀ ਤੋਂ ਮੁਕਤ ਹੋ ਗਏ ਹੁੰਦੇ। ਅਸਲ ਵਿੱਚ ਸਾਨੂੰ ਪੂਰਾ ਯਕੀਨ ਹੈ ਕਿ ਅਜਿਹੇ ਕਿਸੇ ਇੱਕ ਵੀ ਸੂਝਵਾਨ ਵਿਅਕਤੀ ਨੂੰ ਲੱਭਣਾ ਮੁਸ਼ਕਲ ਹੋਵੇਗਾ ਜਿਸਨੂੰ ਨੀਗਰੋਜ਼ (ਐਫਰੋ-ਅਮੈਰੀਕਨ) ਲਈ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਜੰਗੀ ਤਾਕਤ ਦੀ ਵਰਤੋਂ ਕਰਨਾ ਅਮਰੀਕੀ ਰਾਸ਼ਟਰ ਦੇ ਸੰਬੰਧੀ ਨੈਤਿਕ ਤੌਰ ‘ਤੇ ਗਲਤ ਜਾਪਦਾ ਹੈ। ਅੱਜ ਦੁਨੀਆ ਦੇ ਕਈ ਦੇਸ਼ ਗੁਲਾਮੀ ਦੇ ਬੈਂਤ ਨਾਲ ਝੰਬੇ ਹੋਏ ਹਨ। ਉਹਨਾਂ ਸਾਰਿਆਂ ਨੇ ਆਪਣੀ ਆਜ਼ਾਦੀ ਹਾਸਲ ਕਰਨੀ ਹੈ। ਇਹ ਸੁਝਾਅ ਦੇਣਾ ਕਿ ਭਾਵੇਂ ਉਹ ਨੈਤਿਕ ਤਾਕਤ ਦੇ ਜ਼ਰੀਏ ਆਪਣੀ ਆਜ਼ਾਦੀ ਹਾਸਲ ਕਰ ਸਕਦੇ ਹਨ, ਫਿਰ ਵੀ ਜੰਗੀ ਤਾਕਤ ਨੂੰ ਅਪਣਾਉਣਾ ਲਾਜ਼ਮੀ ਹੈ, ਬੇਸ਼ੱਕ ਹੀ ਵਿਅਰਥ ਹੈ। ਇਸੇ ਤਰ੍ਹਾਂ, ਇਸ ਗੱਲ ‘ਤੇ ਜ਼ੋਰ ਦੇਣਾ ਕਿ ਜੰਗੀ ਤਾਕਤ ਨੂੰ ਨਹੀਂ ਵਰਤਣਾ ਚਾਹੀਦਾ ਭਾਵੇਂ ਉਹਨਾਂ ਦੀ ਆਜ਼ਾਦੀ ਨੈਤਿਕ ਤੌਰ ‘ਤੇ ਹਾਸਲ ਨਹੀਂ ਕੀਤੀ ਜਾ ਸਕਦੀ, ਬਿਲਕੁਲ ਹੀ ਮੂਰਖਤਾ ਹੋਵੇਗੀ। ਤਾਕਤ ਇੱਕ ਸਾਧਨ ਹੈ, ਆਜ਼ਾਦੀ ਅੰਤ ਹੈ। ਜੇ ਅੰਤ ਨੇਕ ਅਤੇ ਪਵਿੱਤਰ ਹੈ, ਤਾਂ ਨੈਤਿਕਤਾ ਦੇ ਕਿਸੇ ਫਲਸਫੇ ਨੂੰ ਉਹ ਅੰਤ ਹਾਸਲ ਕਰਨ ਲਈ ਅਤਿਵਾਦੀ ਸਾਧਨਾਂ ਤੱਕ ਦੀ ਵਰਤੋਂ ਦੇ ਰਾਹ ਵਿੱਚ ਆਉਣ ਦੀ ਆਗਿਆ ਨਹੀਂ ਹੈ। ਜੇਕਰ ਨੈਤਿਕਤਾ ਦਾ ਅਜਿਹਾ  ਫਲਸਫਾ ਅੜਿੱਕਾ ਬਣਦਾ ਹੈ, ਤਾਂ ਸੌਖਿਆਂ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਕੂੜ ਫਲਸਫਾ ਹੈ। ਅਹਿੰਸਾ ਇੱਕ ਸਾਧਨ ਹੈ, ਆਪਣੇ ਆਪ ਵਿੱਚ ਕੋਈ ਅੰਤ ਨਹੀਂ, ਅਤੇ ਸਾਰੇ ਸਿਧਾਂਤਾਂ ਵਿੱਚੋਂ ਸਭ ਤੋਂ ਪਹਿਲਾ ਇਹ ਹੋਵੇਗਾ ਕਿ ਸਾਧਨਾਂ ਨੂੰ ਉਚਿਤ ਮੰਨਿਆ ਜਾਵੇਗਾ, ਜੇਕਰ ਅੰਤ ਉਚਿਤ ਹੋਵੇਗਾ। ਅਹਿੰਸਾ ਦੇ ਵਿਖਿਆਨ ਦੌਰਾਨ ਸਾਹਮਣੇ ਆਉਂਦੇ ਨੁਕਸਦਾਇਕ ਜਾਂ ਕੱਟੜਪੰਥੀ ਵਿਚਾਰਾਂ ਦੇ ਉਭਾਰ ਦਾ ਕਾਰਨ ਇਹ ਹੈ ਕਿ ਇਸ ਗੱਲ ‘ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਕਿ ਸਾਧਨਾਂ ਅਤੇ ਅੰਤ ਵਿੱਚ ਕੀ ਸ਼ਾਮਲ ਹੈ। ਅਹਿੰਸਾ ਨੂੰ, ਕਿਸੇ ਵੀ ਸਥਿਤੀ ਵਿੱਚ, ਆਪਣੇ ਆਪ ਵਿੱਚ ਕੋਈ ਅੰਤ ਨਹੀਂ ਮੰਨਿਆ ਜਾ ਸਕਦਾ। ਬਿਨਾਂ ਕਿਸੇ ਸ਼ੱਕ, ਇਹ ਇੱਕ ਸੰਭਾਵਿਤ ਸਾਧਨ ਹੈ ਜੋ ਵਰਤਿਆ ਜਾ ਸਕਦਾ ਹੈ। ਜੇ ਅਹਿੰਸਾ ਦੇ ਸਾਧਨ ਅੰਤ ਹਾਸਲ ਕਰਨ ਲਈ ਕਾਫੀ ਹੁੰਦੇ, ਤਾਂ ਫਿਰ ਜੰਗੀ ਤਾਕਤ ਦਾ ਸਹਾਰਾ ਲੈਣ ਦੀ ਜ਼ਰੂਰਤ ਹੀ ਨਹੀਂ ਹੋਣੀ ਸੀ। ਹਾਲਾਂਕਿ, ਜੇ ਅੰਤ ਹਾਸਲ ਕਰਨ ਲਈ ਅਹਿੰਸਾਵਾਦੀ ਸਾਧਨ ਕਾਫੀ ਨਹੀਂ ਹੁੰਦੇ, ਅਤੇ ਇਸ ਸਥਿਤੀ ਵਿੱਚ ਅੰਤ ਪ੍ਰਭਾਵਤ ਹੁੰਦਾ ਹੈ, ਤਾਂ ਕੋਈ ਮੂਰਖ ਹੀ ਇਸ ਗੱਲ ‘ਤੇ ਜ਼ੋਰ ਦੇਵੇਗਾ ਕਿ ਅਹਿੰਸਾ ਤੋਂ ਬਿਨਾਂ ਕੋਈ ਸਾਧਨ ਨਹੀਂ ਅਪਣਾਉਣਾ ਚਾਹੀਦਾ।

ਦੂਜਾ ਸਿਧਾਂਤ ਇਹ ਹੋਵੇਗਾ ਕਿ ਕਿਸੇ ਨਾਲ ਅਨਿਆਂ ਕਰਨ ਦੀ ਮਨਸ਼ਾ ਨਾਲ ਜ਼ੋਰਦਾਰ ਤਾਕਤ ਦੀ ਵਰਤੋਂ ਕਰਨਾ ਸਚਮੁੱਚ ਹੀ ਪਾਪ ਹੋਵੇਗਾ, ਪਰ ਵਹਿਸ਼ੀ ਜ਼ਬਰ ਨੂੰ ਖਤਮ ਕਰਨ ਲਈ ਜ਼ੋਰਦਾਰ ਤਾਕਤ ਦੀ ਵਰਤੋਂ ਕਰਨ ਵਿੱਚ ਕੁੱਝ ਵੀ ਮਾੜਾ ਨਹੀਂ ਹੈ। ਦਰਅਸਲ, ਇਹ ਕਾਫੀ ਨੈਤਿਕ ਹੋਵੇਗਾ। ਅਹਿੰਸਾ ਦੇ ਸਮਰਥਕ ਇਸ ਮੁੱਦੇ ‘ਤੇ ਆਪਣੇ ਵਿਚਾਰਾਂ ਨੂੰ ਥੋੜਾ ਬਹੁਤ ਗੜਬੜਾਉਂਦੇ ਪ੍ਰਤੀਤ ਹੁੰਦੇ ਹਨ। ਇੱਕ ਪਾਸੇ, ਉਹ ਮੰਨਦੇ ਹਨ ਕਿ ਕਿਸੇ ਫੈਸਲੇ ਨੂੰ ਸਿਰੇ ਚਾੜਣ ਲਈ ਕਦੇ ਵੀ ਜ਼ੋਰਦਾਰ ਤਾਕਤ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਪਰ ਇਸ ਦੇ ਨਾਲ ਹੀ, ਜਦੋਂ ਕੋਈ ਤੁਹਾਡੇ ਖਿਲਾਫ ਜ਼ਾਲਮ ਤਾਕਤ ਅਪਣਾਉਂਦਾ ਹੈ, ਉਹ ਤੁਹਾਨੂੰ ਉਸ ਤਾਕਤ ਨੂੰ ਵੀ ਰੋਕਣ ਨਹੀਂ ਦੇਣਗੇ। ਉਹ, ਬਦਕਿਸਮਤੀ ਨਾਲ, ਇਸ ਸੰਬੰਧ ਵਿੱਚ ਆਪਣੇ ਵਿਚਾਰਾਂ ਵਿਚਲੀ ਅੰਤਰ-ਵਿਰੋਧਤਾ ਨੂੰ ਵੇਖਣ ਵਿੱਚ ਅਸਫਲ ਰਹਿੰਦੇ ਹਨ। ਕਿਸੇ ਖਾਸ ਵਹਿਸ਼ੀ ਜ਼ਬਰ ਨੂੰ ਨਾ ਰੋਕਣਾ ਉਸ ਤਾਕਤ ਨੂੰ ਖੁੱਲ੍ਹੀ ਛੂਟ ਦੇ ਦੇਵੇਗਾ, ਬਲਕਿ ਉਸ ਨੂੰ (ਉਸ ਜ਼ਾਲਮ ਤਾਕਤ ਨੂੰ) ਆਪਣੇ ਫੈਸਲੇ ਸਿਰੇ ਚਾੜਣ ਵਿੱਚ ਸਹਾਇਤਾ ਕਰੇਗਾ।

ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਨੂੰ ਉਪਰੋਕਤ ਤੋਂ ਘੜਿਆ ਜਾ ਸਕਦਾ ਹੈ। ਜੇ ਇੱਕ ਜ਼ਾਲਮ ਤਾਕਤ ਨੂੰ ਤੁਹਾਡੇ ਖਿਲਾਫ ਲਗਾਇਆ ਜਾਂਦਾ ਹੈ, ਤਾਂ ਤੁਸੀਂ, ਜੇ ਲੋੜ ਪਵੇ ਤਾਂ ਇਸਨੂੰ ਜ਼ੋਰਦਾਰ ਤਾਕਤ ਦੇ ਬਲ ‘ਤੇ ਰੋਕ ਸਕਦੇ ਹੋ। ਹਾਲਾਂਕਿ, ਦੁਸ਼ਮਣ ਨੂੰ ਹਰਾ ਕੇ ਇਸ ਮੁੱਦੇ ਨੂੰ ਆਪਣੇ ਹੱਕ ਵਿੱਚ ਲਿਆਉਣ ਤੋਂ ਬਾਅਦ, ਇੱਕ ਜੇਤੂ ਦੇ ਰੂਪ ਵਿੱਚ, ਤੁਸੀਂ ਜ਼ੋਰਦਾਰ ਤਾਕਤ ਰਾਹੀਂ ਹਾਸਲ ਕੀਤੇ ਰੁਤਬੇ ਨੂੰ ਆਪਣੇ ਪਰਾਜਿਤ ਕੀਤੇ ਦੁਸ਼ਮਣ ਖਿਲਾਫ ਅਨਿਆਂ ਕਰਨ ਲਈ ਨਹੀਂ  ਵਰਤ ਸਕਦੇ।

ਜ਼ੋਰਦਾਰ ਤਾਕਤ ਲਗਾਉਣ ਤੋਂ ਬਾਅਦ ਕਿਸੇ ਇੱਕ ਦੀ ਹਕੂਮਤ ਨੂੰ ਦੂਜਿਆਂ ਉੱਪਰ ਥੋਪਣਾ ਵੱਖਰੀ ਗੱਲ ਹੈ। ਇਹ ਦੋਵੇਂ ਦੋ ਵੱਖਰੇ ਮਾਮਲੇ ਹਨ, ਅਤੇ ਇਹ ਬਿਲਕੁਲ ਇਸ ਲਈ ਹੈ ਕਿਉਂਕਿ ਗਲਤ ਵਿਚਾਰਾਂ ਦੀ ਭਰਮਾਰ ਹੋਣ ਕਰਕੇ ਅਕਸਰ ਇਹਨਾਂ ਵਿਚਲੇ ਫਰਕ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ ਹੈ। ਸਾਡੀ ਨਜ਼ਰ ਵਿੱਚ, ਜ਼ਾਲਮ ਤਾਕਤ ਦੇ ਵਿਰੁੱਧ ਜ਼ੋਰਦਾਰ ਤਾਕਤ ਦੀ ਵਰਤੋਂ ਕਰਨਾ ਲਾਜ਼ਮੀ ਹੈ। ਇਹ ਸਿਰਫ ਲਾਜ਼ਮੀ ਹੀ ਨਹੀਂ, ਬਲਕਿ ਇਹ ਜਵਾਬ ਨਿਆਂਪੂਰਨ ਵੀ ਹੋਵੇਗਾ। ਕਿਸੇ ਇੱਕ ਜ਼ਾਲਮ ਤਾਕਤ ਨੂੰ ਤਬਾਹ ਕਰਨ ਲਈ ਦੂਜੀ ਜ਼ੋਰਦਾਰ ਤਾਕਤ ਦਾ ਹੋਣਾ ਹੀ ਇੱਕੋ ਇੱਕ ਰਸਤਾ ਹੈ, ਅਤੇ ਜੇ ਉਸ ਜ਼ਾਕਮ ਤਾਕਤ ਦਾ ਖਾਤਮਾ ਲੋੜੀਂਦਾ ਹੈ, ਤਾਂ ਜ਼ੋਰਦਾਰ ਤਾਕਤ ਦੀ ਵਰਤੋਂ ਬਿਲਕੁਲ ਜਾਇਜ਼ ਹੈ। ਬਹੁਤ ਸਾਰੇ ਲੋਕ ਇਹ ਸਮਝਣ ਵਿੱਚ ਅਸਫਲ ਰਹਿੰਦੇ ਹਨ ਕਿ ਦੁਨੀਆ ਦੀਆਂ ਬੇਇਨਸਾਫੀਆਂ ਇੱਕ ਦੂਜੇ ਖਿਲਾਫ ਜ਼ਾਲਮ ਤਾਕਤ ਦੀ ਵਰਤੋਂ ਕਾਰਨ ਨਹੀਂ, ਬਲਕਿ ਜੇਤੂ ਧਿਰ ਦੁਆਰਾ ਪਰਾਜਿਤ ਉੱਪਰ ਅਨੁਚਿਤ ਹਾਲਤਾਂ ਥੋਪਣ ਕਾਰਨ ਪੈਦਾ ਹੁੰਦੀਆਂ ਹਨ। ਕਠੋਰ ਤਾਕਤਾਂ ਦੀ ਵਰਤੋਂ ਖਿਲਾਫ ਦੁਹਾਈ ਦੇਣ ਦੀ ਬਜਾਏ, ਜੇ ਸ਼ਾਂਤੀਵਾਦੀ ਆਪਣੇ ਰੋਸ ਦਾ ਪ੍ਰਗਟਾਵਾ, ਯੁੱਧਾਂ ਦੌਰਾਨ ਜੇਤੂ ਦੇਸ਼ਾਂ ਵੱਲੋਂ ਜ਼ਾਲਮ ਤਾਕਤਾਂ ਦੁਆਰਾ ਬਰਬਾਦ ਕੀਤੇ ਦੇਸ਼ਾਂ ਨਾਲ ਕੀਤੀ ਜਾਂਦੀ ਬੇਇਨਸਾਫੀ ਖਿਲਾਫ ਕਰਦੇ ਹਨ, ਤਾਂ ਦੁਨੀਆ ਦੀਆਂ ਬੇਇਨਸਾਫੀਆਂ ਖਤਮ ਹੋ ਸਕਦੀਆਂ ਹਨ; ਜੇ ਬੇਇਨਸਾਫੀ ਦਾ ਖਾਤਮਾ ਹੁੰਦਾ ਹੈ, ਤਾਂ ਕੋਈ ਯੁੱਧ ਨਹੀਂ ਹੋਵੇਗਾ; ਅਤੇ ਜੇ ਕੋਈ ਯੁੱਧ ਨਹੀਂ ਹੋਵੇਗਾ, ਤਾਂ ਕਠੋਰ ਤਾਕਤ ਦਾ ਸਹਾਰਾ ਲੈਣ ਦੀ ਲੋੜ ਨਹੀਂ ਰਹੇਗੀ। ਸਾਡੇ ਅਨੁਸਾਰ, ਅਹਿੰਸਾ ਦਾ ਰਾਜ ਕਾਇਮ ਕਰਨ ਲਈ ਇਸ ਮਹੱਤਵਪੂਰਨ ਸਿਧਾਂਤ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਤੀਜਾ ਸਿਧਾਂਤ ਇਹ ਹੈ ਕਿ ਜੇਕਰ ਨਿਹੱਥੇ ਟਾਕਰੇ ਦਾ ਰਾਹ ਇਕੱਲੇ ਇੱਕ ਦੇਸ਼ ਦੁਆਰਾ ਅਖਤਿਆਰ ਕੀਤਾ ਜਾਂਦਾ ਹੈ, ਬਾਕੀ ਦੇਸ਼ ਅਜਿਹਾ ਨਹੀਂ ਕਰਦੇ, ਤਾਂ ਨਿਹੱਥੇ ਟਾਕਰੇ ਦੇ ਸਾਧਨਾਂ ਦਾ ਅਸਫਲ ਹੋਣਾ ਲਾਜ਼ਮੀ ਹੈ। ਇਹ ਮੰਨਣਾ ਬੇਬੁਨਿਆਦ ਹੋਵੇਗਾ ਕਿ ਜੇਕਰ ਇੱਕ ਦੇਸ਼ ਨਿਹੱਥੇ ਟਾਕਰੇ ਦਾ ਸਹਾਰਾ ਲੈਂਦਾ ਹੈ, ਤਾਂ ਦੂਜੇ ਦੇਸ਼ ਵੀ ਇਸ ਨੂੰ ਅਪਣਾ ਲੈਣਗੇ। ਇੱਕ ਨਵਾਂ ਮਾਰਗ ਆਮ ਤੌਰ ‘ਤੇ ਸਵੀਕਾਰਿਆ ਜਾਂਦਾ ਹੈ ਬਸ਼ਰਤੇ ਉਹ ਇੱਕ ਸੌਖਾ ਰਾਹ ਜਾਪਦਾ ਹੋਵੇ, ਆਮ ਨਾਲੋਂ ਮੁਸ਼ਕਲ ਜਾਪਣ ਦੀ ਸੂਰਤ ਵਿੱਚ ਅਜਿਹਾ ਨਹੀਂ ਹੋਵੇਗਾ। ਦੂਜਾ ਪਹਿਲੂ ਇਹ ਹੈ ਕਿ ਢੰਗ ਤਰੀਕੇ ਆਮ ਤੌਰ ‘ਤੇ ਇਕੱਲਤਾ ਵਿੱਚ ਨਹੀਂ ਸਵੀਕਾਰੇ ਜਾਂਦੇ। ਉਦਾਹਰਣ ਵਜੋਂ, ਜੇ ਇੱਕ ਦੇਸ਼ ਆਪਣੇ ਆਪ ਵਿੱਚ ਸਮਾਜਵਾਦੀ ਹੋ ਗਿਆ ਹੈ, ਤਾਂ ਆਮ ਤੌਰ ‘ਤੇ ਹੀ ਦੂਜੇ ਦੇਸ਼ਾਂ ਦੁਆਰਾ ਸਮਾਜਵਾਦੀ ਪ੍ਰਣਾਲੀ ਲਾਗੂ ਨਹੀਂ ਕਰ ਲਈ ਜਾਵੇਗੀ। ਹਾਲਾਂਕਿ, ਜੇ ਸਮਾਜਵਾਦ ਨੂੰ ਸਾਰੇ ਦੇਸ਼ਾਂ ਦੁਆਰਾ ਮਿਲ ਕੇ ਅਪਣਾਇਆ ਜਾਂਦਾ ਹੈ, ਤਾਂ ਇਹ ਨਿਸ਼ਚਿਤ ਤੌਰ ‘ਤੇ ਲਾਗੂ ਕੀਤਾ ਜਾ ਸਕਦਾ ਹੈ। ਇਹ ਹੀ ਨਿਹੱਥੇ ਟਾਕਰੇ ‘ਤੇ ਲਾਗੂ ਹੁੰਦਾ ਹੈ। ਇੱਕ ਪ੍ਰਬੰਧ ਨੂੰ ਚਲਾਉਣ ਅਤੇ ਸ਼ੁਰੂਆਤ ਦੇ ਮਕਸਦ ਨਾਲ ਉਸਨੂੰ ਗ੍ਰਹਿਣ ਕਰਨ ਵਿੱਚ ਇੱਕ ਵੱਡਾ ਫਰਕ ਹੈ। ਅਕਸਰ, ਇੱਕ ਪ੍ਰਬੰਧ ਨੂੰ ਚਲਾਉਣ ਲਈ ਕਿਸੇ ਉਦੇਸ਼ ਨੂੰ ਗ੍ਰਹਿਣ ਕਰਨਾ, ਮੁੱਖ ਆਦਰਸ਼ਾਂ ਦੇ ਗੁੰਝਲਦਾਰ ਰਹਿਣ ਨਾਲ, ਇੱਕ ਬਲਿਦਾਨ ਮਾਤਰ ਰਹਿ ਸਕਦਾ ਹੈ। ਇੱਕ ਇਕੱਲੇ ਦੇਸ਼ ਵਜੋਂ ਆਪਣੇ ਆਪ ਨਿਹੱਥੇ ਟਾਕਰੇ ਜਿਹੀ ਖਤਰਨਾਕ ਤਜਵੀਜ਼ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈ ਲੈਣੀ, ਸੂਰਬੀਰਤਾ ਦਾ ਸੰਕੇਤ ਤਾਂ ਹੋ ਸਕਦਾ ਹੈ, ਪਰ ਸਮਝਦਾਰੀ ਵਾਲਾ ਫੈਸਲਾ ਨਹੀਂ ਹੋ ਸਕਦਾ। ਇਹ ਸੱਚ ਹੈ ਕਿ ਨਿਹੱਥੇ ਟਾਕਰਾ ਕਰਨਾ ਅਸਰਦਾਰ ਸਿੱਧ ਹੋ ਸਕਦਾ ਹੈ ਜੇ ਸਾਰੇ ਦੇਸ਼ ਹੀ ਇਸਨੂੰ ਸੁਭਾਵਿਕ ਰੋਸ ਦੇ ਰੂਪ ਵਿੱਚ ਲਾਗੂ ਕਰਨ। ਇਸਦੇ ਲਈ ਕੋਈ ਅੰਤਰਰਾਸ਼ਟਰੀ ਸੰਸਥਾ ਵੀ ਹੋ ਸਕਦੀ ਹੈ, ਜਿਸ ਨਾਲ ਸਾਰੇ ਦੇਸ਼ ਅਹਿੰਸਾ ਦਾ ਸਿਧਾਂਤ ਸਵੀਕਾਰ ਕਰਨ ਲਈ ਰਜ਼ਾਮੰਦ ਹੁੰਦੇ ਹੋਣ। ਹਾਲਾਂਕਿ, ਇਹ ਕਿਸੇ ਇੱਕ ਜਾਂ ਦੋ ਦੇਸ਼ਾਂ ਦੁਆਰਾ ਆਪਣੇ ਆਪ ਅਪਣਾਏ ਜਾਣ ਵਾਲਾ ਉਪਾਅ ਨਹੀਂ ਹੋ ਸਕਦਾ।

ਅਹਿੰਸਾ ਦਾ ਸਿਧਾਂਤ ਪ੍ਰਾਚੀਨ ਭਾਰਤ ਵਿੱਚ ਵੀ ਹੋਂਦ ਵਿੱਚ ਰਿਹਾ ਹੈ। ਜਿਵੇਂ ਕਿ ਆਰੀਅਨਾਂ ਲਈ, ਉਹ ਹਿੰਸਾ ਵੱਲ ਉਦੇਸ਼ ਦੇ ਨਾਲ ਨਾਲ ਅਭਿਆਸ ਦਾ ਰੁਝਾਨ ਰੱਖਦੇ ਸਨ। ‘ਯਦਨਾ’ ਉਹਨਾਂ ਦੇ ਧਰਮ ਦਾ ਆਧਾਰ ਸੀ। ਉਹਨਾਂ ਦੇ ‘ਯਦਨਾ’ ਵਿੱਚ, ਹਿੰਸਾ ਅਤੇ ਸ਼ਰਾਬ ਦੋ ਜ਼ਰੂਰੀ ਅੰਸ਼ ਹੁੰਦੇ ਸਨ। ਹਿੰਸਾ ਨੂੰ ਇੰਨੇ ਕੱਟੜ ਢੰਗਾਂ ਨਾਲ ਅਮਲ ਵਿੱਚ ਲਿਆਇਆ ਗਿਆ ਸੀ ਕਿ ਕੁੱਝ ਆਰੀਅਨ ਲੋਕ ਇਸ ਤੋਂ ਅੱਕ ਗਏ। ਮਹਾਂਵੀਰ ਉਹਨਾਂ ਵਿੱਚੋਂ ਇੱਕ ਸੀ। ਉਹ ਆਰੀਅਨ ਧਰਮ ਵਿਚਲੀ ਹਿੰਸਾ ਨੂੰ ਨਫ਼ਰਤ ਕਰਦਾ ਸੀ ਅਤੇ ਜੈਨ ਧਰਮ ਨੂੰ ਲੱਭਣ ਤੁਰ ਪਿਆ ਸੀ। ਇਹਨਾਂ ਦੋਵਾਂ ਧਰਮਾਂ ਦੇ ਫ਼ਲਸਫ਼ਿਆਂ ਵਿੱਚ, ਹਾਲਾਂਕਿ, ਆਪਣੀ ਆਪਣੀ ਕੱਟੜਤਾ ਵੀ ਸੀ। ਆਰੀਅਨ ਧਰਮ ਦੀ ਅਤਿ ਦਰਜੇ ਦੀ ਹਿੰਸਾ ਦੇ ਵਿਰੋਧ ਵਿੱਚ ਜੈਨ ਧਰਮ ਦੀ ਅਤਿ ਦਰਜੇ ਦੀ ਅਹਿੰਸਾ! ਇਹ ਦੋਵੇਂ ਹੀ ਗੈਰ-ਵਿਹਾਰਕ ਸਨ। ਇਸ ਲਈ ਹੀ ਗੌਤਮ ਬੁੱਧ ਨੇ ਇੱਕ ਹੋਰ ਧਰਮ ਦੀ ਸਥਾਪਨਾ ਕੀਤੀ। ਦੋਵਾਂ ਕੱਟੜਤਾਵਾਂ ਨੂੰ ਰੱਦ ਕਰਦਿਆਂ, ਬੁੱਧ ਧਰਮ ਵਿਚਲੇ ਰਸਤੇ ਨੂੰ ਅਖਤਿਆਰ ਕਰਨ ਦੀ ਕੋਸ਼ਿਸ਼ ਸੀ। ‘ਜਿੱਥੇ ਤੱਕ ਹੋ ਸਕੇ, ਅਹਿੰਸਾ। ਜੇ ਜ਼ਰੂਰੀ ਹੋਵੇ ਤਾਂ, ਹਿੰਸਾ।’ ਇਹ ਬੋਧੀ ਕਹਾਵਤ ਬਣ ਗਈ। ਜੇ ਅੱਜ ਦੀ ਤਰੀਕ ਤੱਕ ਸਾਡੇ ਦੇਸ਼ ਵਿੱਚ ਬੁੱਧ ਧਰਮ ਬਚ ਜਾਂਦਾ, ਤਾਂ ਅਹਿੰਸਾਵਾਦੀ ਵਿਖਿਆਨ ਦੇ ਉਭਾਰ ਦਾ ਕੋਈ ਅਧਾਰ ਨਾ ਹੁੰਦਾ। ਸਾਡੇ ਬ੍ਰਾਹਮਣ ਭਰਾ, ਗੌਤਮ ਬੁੱਧ ਨੂੰ ਮਾਤ ਦੇਣ ਦੇ ਜ਼ਰੀਏ ਲੋਕਾਂ ਨੂੰ ਆਪਣੇ ਅਧੀਨ ਕਰਨ ਦੇ ਯਤਨ ਵਜੋਂ, ਉਭਰ ਕੇ ਸਾਹਮਣੇ ਆਏ ਕਿਉਂਕਿ ਲੋਕ ਹਿੰਸਾ ਦੇ ਵਿਰੁੱਧ ਸਨ, ਉਹਨਾਂ ਨੇ ਅਹਿੰਸਾ ਦਾ ਝੰਡਾ ਚੁੱਕ ਲਿਆ, ਅਤੇ ਆਪਣੇ ਨਵੇਂ ਵਿਸ਼ਵਾਸ ਨੂੰ ਦਰਸਾਉਣ ਲਈ ਗਾਂ ਦਾ ਮਾਸ ਖਾਣਾ ਛੱਡ ਦਿੱਤਾ ਅਤੇ ਸ਼ਾਕਾਹਾਰੀ ਬਣ ਗਏ। ਬੁੱਧ ਦੀ ਵਿਚਾਰਧਾਰਾ ਇਸ ਤਰ੍ਹਾਂ ਪਿਛਾਂਹ ਚਲੀ ਗਈ, ਅਤੇ ਹਿੰਦੂ ਮਾਨਸਿਕਤਾ ਪੂਰੀ ਤਰ੍ਹਾਂ ਅਹਿੰਸਾ ਨਾਲ ਰੰਗੀ ਗਈ। ਹਜ਼ਾਰਾਂ ਸਾਲਾਂ ਤੱਕ, ਸਾਡੇ ਲੋਕ, ਅਜਿਹੀ ਮਾਨਸਿਕਤਾ ਨੂੰ ਅਨੁਭਵ ਕਰਦੇ ਹੋਏ, ਆਗਿਆਕਾਰੀ ਬਣਦੇ ਗਏ, ਇਸ ਲਈ ਉਹਨਾਂ ਦਾ ਆਤਮ-ਵਿਸ਼ਵਾਸ ਵੀ ਗਵਾਚ ਗਿਆ। ਇਸ ਲਈ, ਕੋਈ ਇਹ ਵਿਸ਼ਵਾਸ ਨਾਲ ਕਹਿ ਸਕਦਾ ਹੈ ਕਿ ਉਹ, ਜੋ ਲੋਕਾਂ ਨੂੰ ਕੱਟੜ ਅਹਿੰਸਾ ਦੇ ਉਸ ਜਾਣੂ ਰਸਤੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਸਾਡੀ ਰਾਇ ਵਿੱਚ, ਉਹ ਸਾਡਾ ਦੋਸਤ ਹੋਣ ਦੀ ਬਜਾਇ ਸਾਡਾ ਦੁਸ਼ਮਣ ਹੈ।

ਅਸੀਂ ਸਹਿਮਤ ਹਾਂ ਕਿ ਸਾਰੀ ਮਨੁੱਖੀ ਹੋਂਦ ਕੋਲ ਨੈਤਿਕ ਸਿਧਾਂਤਾਂ ਦੇ ਰੂਪ ਵਿੱਚ ਕੋਈ ਬੁਨਿਆਦ ਜ਼ਰੂਰ ਹੋਣੀ ਚਾਹੀਦੀ ਹੈ। ਇਹ ਸੱਚ ਹੈ ਕਿ ਇਹ ਸਾਡੀ ਨਿੱਜੀ ਜ਼ਿੰਦਗੀ ‘ਤੇ ਹੀ ਨਹੀਂ, ਬਲਕਿ ਰਾਜਨੀਤੀ ਦੇ ਖੇਤਰ ਵਿੱਚ ਵੀ ਲਾਗੂ ਹੋਣਾ ਚਾਹੀਦਾ ਹੈ। ਬੀਤੇ ਸਮੇਂ ਵਿੱਚ, ਗਾਂਧੀ ਅਤੇ ਤਿਲਕ ਵਿਚਾਲੇ 1920 ਵਿੱਚ ਇਸ ਸਵਾਲ ‘ਤੇ ਬਹਿਸ ਹੋਈ ਸੀ। ਤਿਲਕ ਦਾ ਵਿਚਾਰ ਸੀ ਕਿ ਰਾਜਨੀਤੀ ਵਿੱਚ ਸ਼ਥਮ ਪ੍ਰਤਿਸ਼ਥਮ (ਅੱਖ ਦੇ ਬਦਲੇ ਅੱਖ, ਅਤੇ ਦੰਦ ਦੇ ਬਦਲੇ ਦੰਦ) ਦਾ ਪਾਲਣ ਕਰਨਾ ਚਾਹੀਦਾ ਹੈ। ਬਾਅਦ ਵਿੱਚ, ਸ਼ਾਇਦ ਇਸ ਪ੍ਰਗਟਾਵੇ ਦੀ ਬੇਰਹਿਮੀ ਕਾਰਨ ਹੋਈ ਨਮੋਸ਼ੀ ਕਰਕੇ, ਉਸਨੇ ਇਸ ਉੱਪਰ ਇਹ ਹਵਾਲੇ ਦੇ ਕੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦੇ ਸ਼ਬਦਾਂ ਦੇ ਗਲਤ ਅਰਥ ਕੱਢੇ ਗਏ ਹਨ। ਇੱਕ ਸਪੱਸ਼ਟੀਕਰਨ ਦਿੰਦੇ ਹੋਏ, ਉਸਨੇ ਰਾਜਨੀਤੀ ਵਿੱਚ ਗੌਤਮ ਬੁੱਧ ਦੇ ‘ਅਕਰੋਧਿਨ ਜਿਨ ਕ੍ਰੋਧਮ ਅਸਾਧੁਮ ਸਾਧਨਾ ਜਿਨ, ਕਦਰਿਏ ਦਾਣੇ ਸਾਛੇਨ ਲੋਕਵਾਦਿਨਾ’ (ਦੂਜਿਆਂ ਦੇ ਗੁੱਸੇ ਨੂੰ ਸ਼ਾਂਤੀ ਸਥਾਪਨਾ ਨਾਲ, ਬਦਮਾਸ਼ੀ ਨੂੰ ਗੌਰਵਤਾ ਨਾਲ, ਅਤੇ ਝੂਠ ਨੂੰ ਸੱਚ ਨਾਲ ਜਿੱਤਣ ਦੀ ਕੋਸ਼ਿਸ ਕਰਦੇ ਰਹੋ) ਵਿਚਾਰਾਂ ਨਾਲ ਅਸਹਿਮਤ ਹੁੰਦੇ ਹੋਏ ਇਸ ਦੇ ਉਲਟ ਗੀਤਾ ਵਿੱਚੋਂ ‘ਯੇ ਯਥਾ ਮਾਂ ਪ੍ਰਪਦਯੰਤੇ ਤਾਂਸਤਥੈਵ ਭਜਾਮਯਹਮ’ (ਦੂਜਿਆਂ ਨਾਲ ਉਵੇਂ ਹੀ ਪੇਸ਼ ਆਓ, ਜਿਵੇਂ ਉਹ ਤੁਹਾਡੇ ਨਾਲ ਆਉਂਦੇ ਹਨ) ਨੂੰ ਰਾਜਨੀਤੀ ਵਿੱਚ ਪਾਲਣ ਕੀਤੇ ਜਾਣ ਵਾਲੇ ਸਿਧਾਂਤ ਵਜੋਂ ਸਹਿਮਤੀ ਪ੍ਰਗਟਾਈ। ਗਾਂਧੀ ਨੇ, ਇਸ ਦੇ ਉਲਟ, ਦਾਅਵਾ ਕੀਤਾ ਕਿ ਬੁੱਧ ਦਾ ਉਪਦੇਸ਼ ਗੀਤਾ ਦੇ ਉਪਦੇਸ਼ਾਂ ਨਾਲੋਂ ਉੱਚਾ ਸੀ। ਇੱਥੇ ਅਸੀਂ ਗਾਂਧੀ ਨਾਲ ਸਹਿਮਤ ਹਾਂ। ਅਸੀਂ ਗੀਤਾ ਵਿਚਲੇ ਉਪਰੋਕਤ ਸਿਧਾਂਤ ਅਤੇ ਨਾਨਾ ਫਡਨਵੀਸ ਦੇ “ਅੱਖ ਦੇ ਬਦਲੇ ਅੱਖ, ਅਤੇ ਦੰਦ ਦੇ ਬਦਲੇ ਦੰਦ” ਵਿੱਚ ਕੋਈ ਫਰਕ ਨਹੀਂ ਦੇਖਦੇ। ਇਸ ਸਭ ਵਿੱਚ, ਗੌਤਮ ਬੁੱਧ ਦੇ ਇਸ ਖ਼ਾਸ ਸਿਧਾਂਤ ਵੱਲ ਗਾਂਧੀ ਦੇ ਝੁਕਾਅ ਦੇ ਬਾਵਜੂਦ, ਗੌਤਮ ਬੁੱਧ ਅਤੇ ਗਾਂਧੀ ਦੇ ਅਹਿੰਸਾ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਅਜੇ ਵੀ ਬਹੁਤ ਵੱਡਾ ਅੰਤਰ ਹੈ। ਗੌਤਮ ਬੁੱਧ ਅਹਿੰਸਾ ਨੂੰ ਇੱਕ ਸਿਧਾਂਤ ਦੇ ਮਾਮਲੇ ਵਜੋਂ ਦੇਖਦੇ ਹਨ, ਨਾ ਕਿ ਨਿਯਮ ਦੇ ਤੌਰ ‘ਤੇ। ਗਾਂਧੀ ਹਾਲਾਂਕਿ, ਅਹਿੰਸਾ ਦਾ ਨਿਯਮ ਦੇ ਤੌਰ ‘ਤੇ ਪ੍ਰਚਾਰ ਕਰਦੇ ਹਨ। ਇੱਕ ਨਿਯਮ ਦਾ ਇੱਕ ਸਿਧਾਂਤ ਨਾਲੋਂ ਅੰਤਰ ਹੁੰਦਾ ਹੈ, ਅਤੇ ਇਹ ਅੰਤਰ ਕਾਫੀ ਪ੍ਰਮੁੱਖ ਹੈ। ਇੱਕ ਸਿਧਾਂਤ ਦੀ ਪਾਲਣਾ ਕਰਨੀ ਹੁੰਦੀ ਹੈ, ਜਦੋਂ ਕਿ ਨਿਯਮਾਂ ਨੂੰ ਮੰਨਣਾ ਲਾਜ਼ਮੀ ਹੁੰਦਾ ਹੈ। ਜਦੋਂ ਇੱਕ ਨਿਯਮ ਲਾਗੂ ਹੁੰਦਾ ਹੈ, ਮਨੁੱਖ ਉਸ ਨਿਯਮ ਦਾ ਗੁਲਾਮ ਬਣ ਜਾਂਦਾ ਹੈ। ਇੱਕ ਸਿਧਾਂਤ ਦੇ ਲਈ, ਜਦੋਂ ਉਸਨੂੰ ਅਪਣਾ ਲਿਆ ਜਾਂਦਾ ਹੈ, ਅਸੀਂ ਉਸ ਨੂੰ ਮਾਨਤਾ ਦਿੰਦੇ ਹਾਂ, ਉਸਦੇ ਗੁਲਾਮ ਨਹੀਂ  ਬਣਦੇ। ਇਸ ਅੰਤਰ ਨੂੰ ਅੱਖੋਂ ਪਰੋਖੇ ਕਰਨ ਤੋਂ ਬਾਅਦ, ਕਈ ਜਮਾਨਿਆਂ ਨੇ ਇਸਦਾ ਮੁੱਲ ਤਾਰਿਆ ਹੈ। ਸਿਧਾਂਤਾਂ ਦੇ ਨਾਲ, ਵਿਅਕਤੀ ਅਭਿਆਸ ਵਿੱਚ ਲਚਕੀਲਾ ਹੁੰਦਾ ਹੈ। ਦੂਜੇ ਪਾਸੇ, ਨਿਯਮ ਸਖ਼ਤ ਹੁੰਦੇ ਹਨ; ਉਹ ਤੋੜੇ ਨਹੀਂ ਜਾ ਸਕਦੇ। ਨਿਯਮ, ਸਮਾਜ ਵਿੱਚ ਦਬਾਅ ਅਤੇ ਦਰਾਰਾਂ ਪੈਦਾ ਕਰ ਸਕਦੇ ਹਨ ਅਤੇ ਕਰਦੇ ਹਨ। ਹਾਲਾਂਕਿ, ਨਿਯਮ ਅਣਗੌਲਿਆ ਕਰਨ ਵਾਲਿਆਂ ਲਈ ਲਾਜ਼ਮੀ ਹੁੰਦੇ ਹਨ, ਅਤੇ ਸਿਧਾਂਤ ਸੂਝਵਾਨਾਂ ਲਈ ਹੁੰਦੇ ਹਨ। ਸਿਧਾਂਤ ਦੁਆਰਾ ਕਿਸੇ ਵੀ ਤਰੱਕੀ ਵਿੱਚ ਰੁਕਾਵਟ ਪੈਦਾ ਨਹੀਂ ਹੁੰਦੀ, ਪਰ ਨਿਯਮਾਂ ਨਾਲ ਤਰੱਕੀ ਰੁਕ ਸਕਦੀ ਹੈ। ਇਹ ਜਾਪਦਾ ਹੈ ਕਿ ਗਾਂਧੀ ਇਹਨਾਂ ਮਹੱਤਵਪੂਰਨ ਭਿੰਨਤਾਵਾਂ ਨੂੰ ਸਮਝਣ ਵਿੱਚ ਅਸਫਲ ਰਿਹਾ ਹੈ।

ਇਤਫਾਕੀਆ ਤੌਰ ‘ਤੇ, ਇਹ ਪਤਾ ਲਗਾਉਣਾ ਮਹੱਤਵਪੂਰਨ ਹੋਵੇਗਾ ਕਿ ਕੀ ਅਹਿੰਸਾ ਦੇ ਅਹਿਮ ਮੁੱਦੇ ‘ਤੇ ਗਾਂਧੀ ਦੇ ਵਿਚਾਰਾਂ ਵਿੱਚ ਸਮੇਂ ਸਮੇਂ ‘ਤੇ ਕੋਈ ਤਬਦੀਲੀਆਂ ਆਈਆਂ ਹਨ। ਬੀਤੇ ਸਮੇਂ ਦੇ ਉਸਦੇ ਵਿਚਾਰਾਂ ਨੂੰ ਸਮਝਣ ਲਈ, ਅਸੀਂ ਉਸਦੇ ਪਿਛਲੇ ਲੇਖਾਂ ਦੇ ਕੁੱਝ ਹਵਾਲਿਆਂ ‘ਤੇ ਝਾਤ ਮਾਰ ਸਕਦੇ ਹਾਂ।

‘ਯੰਗ ਇੰਡੀਆ’ ਵਿੱਚ, ਮਿਤੀ ਮਾਰਚ 2, 1922 ਨੂੰ ਗਾਂਧੀ ਨੇ ਲਿਖਿਆ:

‘ਮੈਨੂੰ ਅਫ਼ਸੋਸ ਹੈ ਕਿ ਮੈਂ ਕੁੱਝ ਹਿੰਦੂਆਂ ਅਤੇ ਮੁਹੰਮਦਨਾਂ ਵਿੱਚ ਇਸ ਗੱਲ ਕਰਕੇ ਘਬਰਾਹਟ ਦਾ ਡਰ ਮਹਿਸੂਸ ਕੀਤਾ ਹੈ ਕਿ ਮੈਂ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ ਅਤੇ ਮੈਂ ਆਪਣੀ ਅਹਿੰਸਾ ਗ੍ਰਹਿਣ ਕਰਨ ਦੀ ਜ਼ਿੱਦ ਨਾਲ ਭਾਰਤ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕਰ ਰਿਹਾ ਹਾਂ।

ਮੈਂ ਇਹ ਦਲੇਰੀ ਨਾਲ ਕਹਿ ਸਕਦਾ ਹਾਂ ਕਿ ਹਿੰਸਾ ਕਿਸੇ ਵੀ ਧਰਮ ਦਾ ਅਕੀਦਾ ਨਹੀਂ ਹੈ ਅਤੇ ਇਹ ਕਿ, ਅਹਿੰਸਾ ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਸਭ ਲਈ ਲਾਜ਼ਮੀ ਹੁੰਦੀ ਹੈ, ਹਿੰਸਾ ਸਿਰਫ ਕੁੱਝ ਮਾਮਲਿਆਂ ਵਿੱਚ ਹੀ ਜਾਇਜ਼ ਹੁੰਦੀ ਹੈ। ਮੈਂ ਜਿਸ ਅਹਿੰਸਾ ਦਾ ਕਾਂਗਰਸ ਦੇ ਮੰਚਾਂ ਤੋਂ ਪ੍ਰਚਾਰ ਕਰਦਾ ਰਿਹਾ ਹਾਂ, ਉਹ ਅਹਿੰਸਾ ਇੱਕ ਨੀਤੀ ਵਜੋਂ ਹੈ। ਜੇ ਉਹ ਅਹਿੰਸਾ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਨਹੀਂ ਰੱਖਦੇ, ਤਾਂ ਉਹਨਾਂ ਨੂੰ ਇਸਦੀ ਨਿਖੇਧੀ ਕਰਨੀ ਚਾਹੀਦੀ ਹੈ, ਪ੍ਰੰਤੂ ਜਦੋਂ ਉਹਨਾਂ ਦੇ ਦਿਲ ਵਿੱਚ ਇਸਦਾ ਵਿਰੋਧ ਹੈ ਤਾਂ ਇਸਦੇ ਉਪਯੋਗੀ ਹੋਣਾ ਕਬੂਲਣ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਇਹ ਕਿੰਨਾ ਵਿਨਾਸ਼ਕਾਰੀ ਹੋਵੇਗਾ, ਕਿ ਹਿੰਸਾ ਦੇ ਉਪਯੋਗੀ ਹੋਣ ਵਿੱਚ ਵਿਸ਼ਵਾਸ ਨਾ ਕਰਦੇ ਹੋਏ, ਜੇ ਮੈਂ ਕਿਸੇ ਹਿੰਸਕ ਜਥੇਬੰਦੀ ਵਿੱਚ ਸ਼ਾਮਲ ਹੋ ਜਾਂਦਾ ਹਾਂ ਅਤੇ ਬੇਚੈਨ ਦਿਲ ਨਾਲ ਬੰਦੂਕ ਫੜਦਾ ਹਾਂ। ਪਾਠਕ ਮੇਰੇ ‘ਤੇ ਵਿਸ਼ਵਾਸ ਕਰਨਗੇ ਜੇ ਮੈਂ ਕਹਿ ਸਕਾਂ ਕਿ ਮੇਰੇ ਵਿੱਚ ਇੱਕ ਮੱਖੀ ਮਾਰਨ ਦੀ ਸਮਰਥਾ ਹੈ। ਪਰ ਮੈਂ ਮੱਖੀਆਂ ਮਾਰਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। ਹੁਣ, ਮੰਨ ਲਓ ਕਿ ਮੈਂ ਇੱਕ ਮੱਖੀ-ਮਾਰ ਮੁਹਿੰਮ ਵਿੱਚ ਮਾਰਨ ਦੇ ਲਈ ਸ਼ਾਮਲ ਹੁੰਦਾ ਹਾਂ। ਕੀ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਆਗਿਆ ਮਿਲਣ ਤੋਂ ਪਹਿਲਾਂ, ਮੇਰੇ ਕੋਲੋਂ ਵਿਨਾਸ਼ ਦੇ ਸਾਰੇ ਉਪਲਬਧ ਉਪਕਰਣਾਂ ਦੀ ਵਰਤੋਂ ਕੀਤੇ ਜਾਣ ਦੀ ਉਮੀਦ ਨਹੀਂ ਕੀਤੀ ਜਾਵੇਗੀ ਜਿਸ ਨਾਲ ਮੈਂ ਮੱਖੀ-ਮਾਰੂ ਫੌਜ ਨਾਲ ਜੁੜਿਆ ਰਹਿ ਸਕਾਂ? ਜੇ ਕਾਂਗਰਸ ਜਾਂ ਖਿਲਾਫਤ ਕਮੇਟੀਆਂ ਵਿਚਲੇ ਲੋਕ ਇਸ ਸਾਧਾਰਣ ਸੱਚਾਈ ਨੂੰ ਮਹਿਸੂਸ ਕਰ ਸਕਦੇ ਹਨ, ਤਾਂ ਉਹ ਜ਼ਰੂਰ ਹੀ ਇਸ ਸਾਲ ਸੰਘਰਸ਼ ਨੂੰ ਸਫਲਤਾਪੂਰਵਕ ਸਿੱਟੇ ‘ਤੇ ਲੈ ਜਾਣਗੇ, ਜਾਂ ਫਿਰ ਅਹਿੰਸਾ ਤੋਂ ਇੰਨੇ ਅੱਕ ਜਾਣਗੇ ਕਿ ਇਸ ਪਖੰਡ ਨੂੰ ਵਿਚਾਲੇ ਹੀ ਛੱਡ ਦੇਣਗੇ ਅਤੇ ਕੁੱਝ ਨਵੇਂ ਪ੍ਰੋਗਰਾਮ ਤੈਅ ਕਰਨਗੇ।’

ਇਸ ਤੋਂ ਬਾਅਦ, ਮਾਰਚ 9, 1922 ਦੇ ਅੰਕ ਵਿੱਚ ਉਸਨੇ ਆਪਣੇ ਵਿਚਾਰਾਂ ਨੂੰ ਹੇਠ ਲਿਖੇ ਅਨੁਸਾਰ ਵਧੇਰੇ ਸਪੱਸ਼ਟ ਰੂਪ ਵਿੱਚ ਬਿਆਨ ਕੀਤਾ:

ਲਾਹੌਰ ਦਾ ਇੱਕ ਪੱਤਰ-ਪ੍ਰੇਰਕ ਲਿਖਦਾ ਹੈ:

‘”ਜਿੱਥੋਂ ਤੱਕ ਬਰਦੌਲੀ ਦੇ ਫੈਸਲੇ ਸੰਬੰਧੀ ਤੱਥ ਸਾਹਮਣੇ ਆਏ ਹਨ, ਅਜਿਹਾ ਜਾਪਦਾ ਹੈ ਕਿ ਇਹ ਫੈਸਲਾ ਪੰਡਤ ਮਾਲਵੀਆ ਦੇ ਪ੍ਰਭਾਵ ਹੇਠ ਅਹਿੰਸਾ ਦੇ ਅਢੁਕਵੇਂ ਵਿਚਾਰਾਂ ਅਧੀਨ ਆਇਆ ਸੀ। ਪਹਿਲੇ ਮਾਮਲੇ ਵਿੱਚ, ਇਹ ਕਾਰਜ ਸਭ ਤੋਂ ਅਯੋਗ ਸੀ ਅਤੇ ਬਾਅਦ ਵਾਲੇ ਮਾਮਲੇ ਵਿੱਚ, ਸਭ ਤੋਂ ਨਾਸਮਝ। ਕੀ ਅਜਿਹਾ ਨਹੀਂ ਕਿ ਕਾਂਗਰਸ ਦਾ ਆਦਰਸ਼ ‘ਸਵਰਾਜ’ ਹੈ, ਅਤੇ ਅਹਿੰਸਾ ਨਹੀਂ ਹੈ?”

‘ਇਸਦੇ ਲੇਖਕ ਲਈ ਹਮਦਰਦੀ ਰੱਖਣਾ ਅਸੰਭਵ ਹੈ। ਉਸਦੇ ਪੱਤਰ ਵਿੱਚ ਉਸ ਰਵੱਈਏ ਦਾ ਝਲਕਾਰਾ ਸੀ ਜੋ ਮੈਂ ਦਿੱਲੀ ਵਿੱਚ ਆਮ ਦੇਖਦਾ ਹਾਂ। ਮੈਂ ਪਹਿਲਾਂ ਹੀ ਇਹ ਭਰੋਸਾ ਦੇ ਦਿੱਤਾ ਹੈ ਕਿ ਪੰਡਤ ਮਾਲਵੀਆ ਦਾ ਬਰਦੌਲੀ ਦੇ ਫੈਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨਾ ਹੀ ਅਹਿੰਸਾ ਦੇ ਅਢੁਕਵੇਂ ਵਿਚਾਰਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਹੈ। ਪੱਤਰ-ਪ੍ਰੇਰਕ ਦਾ ਪੱਤਰ ਇਸਦੇ ਲਈ ਸਭ ਤੋਂ ਉੱਤਮ ਪ੍ਰਮਾਣ ਹੈ। ਮੇਰੇ ਲਈ ਬਰਦੌਲੀ ਦਾ ਫੈਸਲਾ ਸੀਮਤ ਅਹਿੰਸਾ ਦੇ ਰਾਸ਼ਟਰੀ ਵਾਅਦੇ ਦਾ ਤਰਕਪੂਰਨ ਸਿੱਟਾ ਹੈ।’

‘ਮੈਂ ਇਸ ਰਾਇ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹਾਂ ਕਿ ਰਾਸ਼ਟਰ ਦਾ ਟੀਚਾ ‘ਸਵਰਾਜ’ ਹੈ, ਅਹਿੰਸਾ ਨਹੀਂ। ਇਹ ਸੱਚ ਹੈ ਕਿ ਮੇਰਾ ਟੀਚਾ ਓਨਾ ਹੀ ਸਵਰਾਜ ਹੈ ਜਿੰਨਾ ਕਿ ਅਹਿੰਸਾ ਹੈ, ਕਿਉਂਕਿ ਮੈਂ ਮੰਨਦਾ ਹਾਂ ਕਿ ਸਵਰਾਜ ਲੋਕਾਂ ਨੂੰ ਸਿਰਫ਼ ਅਹਿੰਸਾ ਜ਼ਰੀਏ ਹੀ ਮਿਲ ਸਕਦਾ ਹੈ। ਪਰ ਕੀ ਮੈਂ ਇਹਨਾਂ ਕਾਲਮਾਂ ਵਿੱਚ ਵਾਰ ਵਾਰ ਇਹ ਨਹੀਂ ਕਿਹਾ ਕਿ ਮੈਂ ਚਾਹਾਂਗਾ ਕਿ ਭਾਰਤ ਆਜ਼ਾਦ ਹੋਵੇ ਭਾਂਵੇ ਹਿੰਸਾ ਜ਼ਰੀਏ ਹੀ ਹੋਵੇ, ਬਜਾਏ ਇਸ ਦੇ ਕਿ ਉਹ ਗੁਲਾਮ ਹੀ ਰਹੇ?’

ਮਈ 29, 1924 ਦੇ ‘ਯੰਗ ਇੰਡੀਆ’ ਅੰਕ ਵਿੱਚ ਹਿੰਦੂ-ਮੁਸਲਿਮ “ਦੰਗਿਆਂ” ਦੇ ਵਿਸ਼ੇ ‘ਤੇ ਉਸਨੇ ਲਿਖਿਆ:

‘ਮੈਂ ਅੱਜ ਆਪਣੇ ਆਲੇ ਦੁਆਲੇ ਜੋ ਵੇਖ ਰਿਹਾ ਹਾਂ, ਹਾਲਾਂਕਿ, ਇਹ ਅਹਿੰਸਾ ਦੇ ਅਕੀਦੇ ਵਿਰੁੱਧ ਪ੍ਰਤੀਕਰਮ ਹੈ। ਮੈਂ ਹਿੰਸਾ ਦੀ ਲਹਿਰ ਨਜ਼ਦੀਕ ਆਉਂਦੀ ਮਹਿਸੂਸ ਕਰ ਰਿਹਾ ਹਾਂ। ਹਿੰਦੂ-ਮੁਸਲਿਮ ਤਣਾਅ ਇਸ ਰੁਝਾਨ ਦਾ ਗੰਭੀਰ ਪ੍ਰਤੀਬਿੰਬ ਹੈ।

ਮੈਂ ਭਾਰਤ ਨੂੰ ਕਦੇ ਵੀ ਅਹਿੰਸਾ ਦਾ ਕੱਟੜ ਰੂਪ ਪੇਸ਼ ਨਹੀਂ ਕੀਤਾ ਹੈ, ਸਿਰਫ ਇਸ ਲਈ ਕਿ ਮੈਂ ਉਸ ਪੁਰਾਤਨ ਸੰਦੇਸ਼ ਨੂੰ ਦੁਬਾਰਾ ਪੇਸ਼ ਕਰਨ ਲਈ ਆਪਣੇ ਆਪ ਨੂੰ ਢੁਕਵਾਂ ਨਹੀਂ ਸਮਝਦਾ। ਹਾਲਾਂਕਿ ਮੇਰੀ ਬੁੱਧੀ ਨੇ ਇਸ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ, ਇਹ ਅਜੇ ਤੱਕ ਮੇਰੇ ਸਾਰੇ ਜੀਵ ਦਾ ਹਿੱਸਾ ਨਹੀਂ ਬਣ ਸਕੀ। ਮੇਰੀ ਤਾਕਤ ਲੋਕਾਂ ਨੂੰ ਕੁੱਝ ਅਜਿਹਾ ਕਰਨ ਲਈ ਕਹਿਣ ਵਿੱਚ ਨਹੀਂ ਹੈ ਜਿਸਦੀ ਮੈਂ ਆਪਣੀ ਜ਼ਿੰਦਗੀ ਵਿੱਚ ਵਾਰ ਵਾਰ ਕੋਸ਼ਿਸ਼ ਨਹੀਂ ਕੀਤੀ। ਮੈਂ ਅੱਜ ਆਪਣੇ ਦੇਸ਼ ਵਾਸੀਆਂ ਨੂੰ, ਵੱਖ ਵੱਖ ਨਸਲਾਂ ਦੇ ਸੰਬੰਧਾਂ ਨੂੰ ਨਿਯਮਿਤ ਕਰਨ ਅਤੇ ਸਵਰਾਜ ਹਾਸਲ ਕਰਨ ਦੇ ਉਦੇਸ਼ ਲਈ, ਅਹਿੰਸਾ ਨੂੰ ਆਪਣੇ ਅਕੀਦੇ ਦੇ ਤੌਰ ‘ਤੇ ਅਪਣਾਉਣ ਲਈ ਕਹਿ ਰਿਹਾ ਹਾਂ। ਹਿੰਦੂਆਂ ਅਤੇ ਮੁਸਲਮਾਨਾਂ, ਇਸਾਈਆਂ, ਸਿੱਖਾਂ ਅਤੇ ਪਾਰਸੀਆਂ ਨੂੰ ਹਿੰਸਾ ਦਾ ਸਹਾਰਾ ਲੈ ਕੇ ਆਪਣੇ ਮਤਭੇਦਾਂ ਦਾ ਨਿਪਟਾਰਾ ਨਹੀਂ ਕਰਨਾ ਚਾਹੀਦਾ ਅਤੇ ਸਵਰਾਜ ਹਾਸਲ ਕਰਨ ਦਾ ਸਾਧਨ ਅਹਿੰਸਾ ਹੋਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ, ਤੁਸੀਂ ਚੋਰਾਂ ਅਤੇ ਲੁਟੇਰਿਆਂ ਨਾਲ, ਜਾਂ ਭਾਰਤ ਨੂੰ ਗੁਲਾਮ ਬਣਾਉਣ ਵਾਲੇ ਦੇਸ਼ਾਂ ਨਾਲ ਪੇਸ਼ ਆਉਣ ਸਮੇਂ ‘ਹਿੰਸਾ ਨੂੰ ਰੋਕੋ, ਅਹਿੰਸਾ ਦਾ ਸਹਾਰਾ ਲਓ’। ਪਰ ਭਾਵੇਂ ਕਿ ਅਸੀਂ ਅਜਿਹਾ ਕਰਨ ਦੇ ਯੋਗ ਹਾਂ, ਸਾਨੂੰ ਫਿਰ ਵੀ ਆਪਣੇ ਆਪ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ। ਮਾਮੂਲੀ ਜਿਹੀ ਗੱਲ ‘ਤੇ ਪਿਸਤੋਲ ਚੁੱਕ ਲੈਣਾ ਤਾਕਤ ਦਾ ਸੰਕੇਤ ਨਹੀਂ, ਬਲਕਿ ਕਮਜ਼ੋਰੀ ਦੀ ਨਿਸ਼ਾਨੀ ਹੈ। ਆਪਸੀ ਘਸੁੰਨਬਾਜ਼ੀਆਂ ਸਾਨੂੰ ਹਿੰਸਾ ਦੀ ਨਹੀਂ ਬਲਕਿ ਨਪੁੰਸਕਤਾ ਦੀ ਸਿਖਲਾਈ ਦੇ ਰਹੀਆਂ ਹਨ। ਮੇਰਾ ਅਹਿੰਸਾ ਦਾ ਢੰਗ ਕਦੇ ਵੀ ਮਜ਼ਬੂਤੀ ਦਾ ਨੁਕਸਾਨ ਨਹੀਂ ਕਰ ਸਕਦਾ, ਪਰ ਜੇ ਦੇਸ਼ ਇਸ ਦੀ ਇੱਛਾ ਰੱਖਦਾ ਹੈ ਤਾਂ ਇਹ ਇਕੱਲਾ ਹੀ ਖ਼ਤਰੇ ਦੇ ਸਮੇਂ ਵਿੱਚ ਅਨੁਸ਼ਾਸਿਤ ਅਤੇ ਸਾਂਝੀ ਹਿੰਸਾ ਦੀ ਪੇਸ਼ਕਸ਼ ਨੂੰ ਸੰਭਵ ਬਣਾ ਦੇਵੇਗਾ।’

ਇਸ ਨੂੰ ਸਮਝਣ ਲਈ ਕਿਸੇ ਵਿਸਥਾਰ ਦੀ ਜ਼ਰੂਰਤ ਨਹੀਂ ਹੈ ਕਿ ਗਾਂਧੀ ਦੇ ਪਹਿਲੇ ਵਿਚਾਰ, ਜੋ ਉਪਰੋਕਤ ਹਵਾਲਿਆਂ ਵਿੱਚ ਪ੍ਰਗਟ ਕੀਤੇ ਗਏ ਹਨ, ਉਹ ਉਸਦੇ ਮੌਜੂਦਾ ਵਿਚਾਰਾਂ ਦੇ ਮੁਕਾਬਲੇ ਵੱਖਰੇ ਹਨ। ਹੋਰ ਅੱਗੇ ਦੀ ਪੜਤਾਲ ਕਰਨ ‘ਤੇ, ਇਸਦਾ ਪੂਰੀ ਤਰ੍ਹਾਂ ਖੁਲਾਸਾ ਹੋ ਜਾਵੇਗਾ ਜੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਸਦੇ ਵਿਚਾਰ ਕਿਉਂ ਅਤੇ ਕਿਵੇਂ ਬਦਲ ਗਏ। ਇਸ ਤਬਦੀਲੀ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਜਾਪਦਾ ਹੈ ਕਿ ਸ਼ਾਇਦ ਉਸਨੇ ਇਹ ਭਾਵਨਾ ਪੈਦਾ ਕੀਤੀ ਹੈ ਕਿ ਇੱਕ ‘ਭਾਰਤ ਦੇ ਨੇਤਾ’ ਵਜੋਂ ਉਸਦਾ ਕੱਦ ਇੰਨਾ ਉੱਚਾ ਨਹੀਂ  ਹੈ। ਸ਼ਾਇਦ ਹਾਲ ਹੀ ਵਿੱਚ, ਉਸਨੇ ਇੱਕ ‘ਦੁਨੀਆ ਦੇ ਸੁਧਾਰਕ’ ਵਜੋਂ ਜਾਣੇ ਜਾਣ ਦੀ ਇੱਛਾ ਪੈਦਾ ਕੀਤੀ ਹੈ। ਗਾਂਧੀ ਦੇ ਬਹੁਤ ਸਾਰੇ ਸ਼ਾਗਿਰਦ ਉਸਦੀ ਪ੍ਰਸਿੱਧੀ ਅਤੇ ਵੱਕਾਰ ਦੀ ਇੱਛਾ ਬਾਰੇ ਸਾਡੇ ਨਾਲ ਅਸਹਿਮਤ ਹੋ ਸਕਦੇ ਹਨ, ਪਰ ਇਹ ਫਿਰ ਵੀ ਇੱਕ ਮੰਨਿਆ-ਪਰਮੰਨਿਆ ਸੱਚ ਹੈ। ਗਾਂਧੀ ਆਪਣੇ ਆਪ ਨੂੰ ਇੱਕ ‘ਅਨਮੋਲ ਖਜ਼ਾਨਾ’ ਅਤੇ ‘ਸਾਰੀਆਂ ਮੁਸੀਬਤਾਂ ਦਾ ਇਲਾਜ’ ਮੰਨੇ ਜਾਂਦੇ ਨਿਹੱਥੇ ਟਾਕਰੇ ਦੇ ਪਿਤਾਮਾ ਵਜੋਂ ਵੇਖਦਾ ਹੈ। ਹੁਣ ਉਹ ਇਸਨੂੰ ਇੱਕ ਸਿਧਾਂਤ ਵਿੱਚ ਬਦਲਣ ਦੀ ਇੱਛਾ ਰੱਖਦਾ ਹੈ ਜਿਸਨੂੰ ਇਕੱਲੇ ਭਾਰਤ ਦੀ ਮੁਕਤੀ ਹੀ ਨਹੀਂ, ਬਲਕਿ ਪੂਰੀ ਦੁਨੀਆ ਦੀ ਮੁਕਤੀ ਲਈ ਹੀ ਅਮਲ ਵਿੱਚ ਲਿਆਂਦਾ ਜਾਵੇ। ਭਾਰਤ ਵਿੱਚ ਇਸ ਸਿਧਾਂਤ ਨੂੰ ਲਾਗੂ ਕਰਦਿਆਂ, ਉਹ ਸਪੱਸ਼ਟ ਤੌਰ ‘ਤੇ ਇਸਦੀ ਪ੍ਰਭਾਵਸ਼ੀਲਤਾ ਪੂਰੀ ਦੁਨੀਆਂ ਅੱਗੇ ਸਾਬਤ ਕਰਨਾ ਚਾਹੁੰਦਾ ਹੈ। ਜੇ ਇਹ ਕੀਤਾ ਜਾ ਸਕਦਾ ਹੈ, ਤਾਂ ਇਹ ਗਾਂਧੀ ਨੂੰ ਦੁਨੀਆ ਵਿੱਚ ਪਹਿਲੇ ਦਰਜੇ ‘ਤੇ ਸਥਾਪਤ ਕਰੇਗਾ। ਇਹ ਸਥਿਤੀ ਹੀ ਉਹ ਆਪਣੇ ਲਈ ਭਾਲਦਾ ਹੈ।

ਭਾਰਤ ਦਾ ਨੇਤਾ ਜਾਂ ਦੁਨੀਆਂ ਦਾ ਸੁਧਾਰਕ?

ਕਾਂਗਰਸ ਦੀ ਅੰਦਰੂਨੀ ਲੜਾਈ ਦੌਰਾਨ, ਗਾਂਧੀ ਦੀ ਵਿਸ਼ਵ-ਸੁਧਾਰਕ ਦਾ ਚੋਲਾ ਪਹਿਨਣ ਦੀ ਇੱਛਾ ਹੋਰ ਵੀ ਗੂੜ੍ਹੀ ਹੋ ਸਕਦੀ ਹੈ। ਇਸ ਪ੍ਰਕਿਰਿਆ ਵਿੱਚ, ਅਹਿੰਸਾ ਸੰਬੰਧੀ ਉਸਦੇ ਵਿਚਾਰਾਂ ਵਿੱਚ ਤਬਦੀਲੀ ਆਈ।

ਇਸ ਗੱਲ ਦਾ ਸਬੂਤ ‘ਯੰਗ ਇੰਡੀਆ’ ਦੇ ਫਰਵਰੀ 23, 1922 ਦੇ ਅੰਕ ਵਿੱਚ ਲਿਖੇ ਲੇਖ ਵਿੱਚ ਪਾਇਆ ਜਾ ਸਕਦਾ ਹੈ, ਜਿਸਦਾ ਸਿਰਲੇਖ ਸੀ, ‘ਮੇਰੇ ਦੁੱਖਾਂ ਦਾ ਅੰਤ ਨਹੀਂ’। ਬਰਦੌਲੀ ਦੇ ਕਾਨੂੰਨ ਤੋੜ ਰਹੇ ਫੈਸਲੇ ਉੱਪਰ ਪਾਲ ਰਿਚਰਡ ਨਾਮ ਦੇ ਇੱਕ ਸੱਜਣ ਨਾਲ ਗੱਲਬਾਤ ਦੌਰਾਨ, ਗਾਂਧੀ ਨੇ ਕਿਹਾ:

‘ਮੈਂ ਭਾਰਤ ਦੀ ਆਜ਼ਾਦੀ ਲਈ ਕੰਮ ਨਹੀਂ ਕਰਦਾ। ਮੈਂ ਦੁਨੀਆ ਵਿੱਚ ਅਹਿੰਸਾ ਲਈ ਕੰਮ ਕਰਦਾ ਹਾਂ, ਅਤੇ ਇਹ ਹੀ ਮੇਰੇ ਅਤੇ ਤਿਲਕ ਵਿੱਚ ਅੰਤਰ ਹੈ। ਸ੍ਰੀ ਤਿਲਕ ਮੈਨੂੰ ਦੱਸ ਰਹੇ ਸੀ, “ਮੈਂ ਆਪਣੇ ਦੇਸ਼ ਦੀ ਆਜ਼ਾਦੀ ਲਈ ਸੱਚ ਦੀ ਵੀ ਕੁਰਬਾਨੀ ਦੇਵਾਂਗਾ” ਪਰ ਮੈਂ ਸੱਚ ਦੀ ਖਾਤਰ ਆਜ਼ਾਦੀ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ।’

ਗਾਂਧੀ ਨਾਲ ਆਪਣੀ ਉਪਰੋਕਤ ਗੱਲਬਾਤ ਵਿੱਚੋਂ ਇਹ ਵਿਸਫੋਟਕ ਖੁਲਾਸਾ ਕਰਦਿਆਂ ਸ੍ਰੀ ਰਿਚਰਡ ਨੇ ਟਿੱਪਣੀ ਕੀਤੀ ਕਿ ਗਾਂਧੀ ਦੀ ਪਿਆਸ ‘ਭਾਰਤ ਦਾ ਨੇਤਾ’ ਦਾ ਕੱਦ ਹਾਸਲ ਕਰਨ ਨਾਲ ਬੁਝਣ ਵਾਲੀ ਨਹੀਂ ਸੀ, ਉਹ ਹੁਣ ਇੱਕ ‘ਵਿਸ਼ਵ ਸੁਧਾਰਕ’ ਬਣ ਜਾਣ ਦੀ ਇੱਛਾ ਰੱਖਦਾ ਸੀ। ‘ਕੀ ਇਹ ਸੱਚ ਸੀ?’ ਲੋਕਮਾਨਿਆ ਅਖਬਾਰ, ਜਿਸ ਵਿੱਚ ਇਹ ਟਿੱਪਣੀ ਛਪੀ ਸੀ, ਦੇ ਸੰਪਾਦਕ ਨੇ ਗਾਂਧੀ ਨੂੰ ਪੁੱਛਿਆ, ਜਿਸਦਾ ਉੱਤਰ ਉਸਨੇ ਇਸ ਸਿਰਲੇਖ ਹੇਠ ਦਿੱਤਾ ਸੀ, ‘ਮੇਰੇ ਦੁੱਖਾਂ ਦਾ ਅੰਤ ਨਹੀਂ।’ ਉਸਨੂੰ ਇਸ ਵਿੱਚ ਇਹ ਸ਼ਾਮਲ ਕਰਨ ਲਈ ਮਜਬੂਰ ਕੀਤਾ ਗਿਆ, ‘ਇਸ ਸਾਰ (ਸ੍ਰੀ ਰਿਚਰਡ ਨੇ ਮੇਰੇ ਮੂੰਹ ਵਿੱਚ ਜੋ ਸ਼ਬਦ ਪਾਏ ਹਨ) ਤੋਂ ਮੁਨਕਰ ਹੋਣਾ ਸੰਭਵ ਨਹੀਂ ਹੈ।’

ਗਾਂਧੀ ਦੀਆਂ ਅਹਿੰਸਾ ਦੀਆਂ ਵਧੀਕੀਆਂ, ਉਸ ਵੱਲੋਂ ਇਸ ਦੇਸ਼ ਨਾਲ ਕੀਤੇ ਗਏ ਅਨੇਕਾਂ ਨਾ ਪੂਰੇ ਹੋਣ ਵਾਲੇ ਨੁਕਸਾਨਾਂ ਵਿੱਚੋਂ ਹੀ ਕੁੱਝ ਹਨ। ਇਹ ਆਮ ਵਰਤਾਰਾ ਹੈ ਕਿ ਪੀਣ ਦੇ ਆਦੀ ਆਦਮੀ, ਆਪਣੀਆਂ ਪਤਨੀਆਂ ‘ਤੇ ਬੇਰਹਿਮੀ ਕਰਦੇ ਹਨ। ਹਾਲਾਂਕਿ, ਇੱਕ ਨੇਤਾ ਜਿਸਨੇ ਉਸ ਦੇਸ਼ ਨਾਲ ਹੀ ਬੇਰਹਿਮੀ ਕੀਤੀ ਹੋਵੇ, ਜਿਸਦੀ ਉਸਨੇ ਅਗਵਾਈ ਕੀਤੀ ਹੈ, ਉਸ ਵਰਗਾ ਸਾਨੂੰ ਪੂਰੀ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦਾ। ਭਾਰਤ ਨੂੰ ਛੱਡ ਕੇ ਕਿਤੇ ਵੀ ਨਹੀਂ। ਅਜਿਹਾ ਲੱਗਦਾ ਹੈ ਕਿ ਇਹ ਮਤਵਾਲੇਪਣ ਦੀ ਹਾਲਤ ਵਿੱਚ ਹੋਇਆ ਹੈ। ਕੋਈ ਵਿਅਕਤੀ ਮਦਹੋਸ਼ ਹੋਣ ਲਈ ਸ਼ਰਾਬ ਪੀਂਦਾ ਹੈ, ਪਰ ਸਿਰਫ ਸ਼ਰਾਬ ਹੀ ਮਦਹੋਸ਼ ਹੋਣ ਦਾ ਸਾਧਨ ਨਹੀਂ ਹੈ। ਇਹ ਤੱਥ ਕਿ, ਮਹਾਤਮਾ ਬਣਨ ਦੀ ਲਾਲਸਾ ਵੀ ਤੁਹਾਨੂੰ ਮਦਹੋਸ਼ ਕਰ ਦਿੰਦੀ ਹੈ, ਗਾਂਧੀ ਨੇ ਸੱਚ ਕਰ ਦਿੱਤਾ ਹੈ।

ਤਰਜ਼ਮਾ : ਅੰਤਰਪ੍ਰੀਤ

Leave a Reply

Your email address will not be published. Required fields are marked *

Social profiles