ਫਿਲਮ ਸਮੀਖਿਆ: ‘ਪਿੰਕ’ – ਜਗੀਰੂ ਜਕੜ ਤੋਂ ਮੰਡੀ ਦੀ ਮੁੱਠੀ ਤੱਕ ਔਰਤਾਂ – ਸੀਮਾ ਆਜ਼ਾਦ

Read Time:14 Minute, 29 Second

ਪਿਛਲੇ ਸਾਲ ਆਈ ਫਿਲਮ ‘ਪਿੰਕ’ ਦੀ ਬਹੁਤ ਹੀ ਸ਼ਲਾਘਾ ਹੋਈ ’ਤੇ ਇਸਦੇ ਜ਼ਰੀਏ ਔਰਤ ਮੁਕਤੀ ਦੇ ਸਵਾਲਾਂ ’ਤੇ ਬਹੁਤ ਗੱਲਾਂ ਹੋਈਆਂ। ਲਿੰਗ ਸਮਾਨਤਾ ਦੇ ਨਜ਼ਰੀਏ ਤੋਂ ਫ਼ਿਲਮ ‘ਪਿੰਕ’ ਬਹੁਤ ਜਰੂਰੀ ਸਵਾਲ ਖੜੇ ਕਰਦੀ ਹੈ, ਇਸ ਪੱਖ ਤੋਂ ਇਹ ਫਿਲਮ ਕਾਫ਼ੀ ਚੰਗੀ ਹੈ ਅਤੇ ਦੇਖੀ ਜਾਣੀ ਚਾਹੀਦੀ ਹੈ। ਇਸਦੀ ਸੱਚਾਈ ’ਤੇ ਬਹੁਤ ਲੋਕਾਂ ਨੇ ਬਹੁਤ ਕੁਝ ਲਿਖਿਆ ਵੀ ਹੈ। ਪਰ ਫਿਲਮ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਹ ਫਿਲਮ ਇਹਨਾਂ ਸਵਾਲਾਂ ਨਾਲ ਟਕਰਾਉਂਦੇ ਹੋਏ ਮੁਕਤੀ ਦੇ ਬਦਲਾਵ ਦੇ ਰੂਪ ਵਿੱਚ ਬਾਜ਼ਾਰੀ ਜਾਂ ਸਾਮਰਾਜੀ ਤਾਕਤਾਂ ਦੇ ਪੰਜੇ ’ਚ ਫਸਣ ਦਾ ਰਾਹ ਦਿਖਾਉਂਦੀ ਹੈ। ਉਹ ਸਾਮਰਾਜੀ ਬਾਜ਼ਾਰ ਜੋ ਖ਼ੁਦ ਔਰਤਾਂ ਨੂੰ ਮਨੁੱਖ ਤੋਂ ਜ਼ਿਆਦਾ ਆਪਣੇ ਉਤਪਾਦਾਂ ਨੂੰ ਵਰਤਣ ਵਾਲਾ ‘ਮਾਲ’ ਹੀ ਸਮਝਦਾ ਹੈ। ਜਗੀਰੂ ਜਕੜ ਨੂੰ ਤੋੜ ਕੇ ਬਾਹਰ ਨਿਕਲ ਰਹੀਆਂ ਕੁੜੀਆਂ ਨੂੰ ਇਹ ਸਮਝਾਉਣ ਦਾ ਜਤਨ ਕਰਦੀ ਹੈ ਕਿ ਇਸ ਵਿੱਚ ਜਕੜੇ ਜਾਣ ਦੇ ਬਾਵਜੂਦ ਤੁਹਾਡੀ ‘ਨਾ ਦਾ ਮਤਲਬ ਨਾ ਹੀ ਹੋਵੇਗਾ’ ਆਓ ਅਤੇ ਇਸਨੂੰ ਖੁੱਲੇ ਦਿਲ ਨਾਲ ਅਪਣਾਓ, ਇਹੀ ਤੁਹਾਡੀ ਮੁਕਤੀ ਦਾ ਰਾਹ ਹੈ। ਪੂਰੀ ਫਿਲਮ ਇਹਨਾਂ ਦੋ ਸੱਭਿਆਚਾਰਾਂ ਦੇ ਵਿੱਚਲੀ ਟੱਕਰ ਹੈ ਜਿੱਥੇ ਜਗੀਰੂ ਸੱਭਿਆਚਾਰ ਉੱਤੇ ਹੱਲਾ ਬੋਲਿਆ ਗਿਆ ਹੈ। ਇੱਥੇ ਹੀ ਇਹ ਫਿਲਮ ਸਭ ਨੂੰ ਚੰਗੀ ਲਗਦੀ ਹੈ, ਇਹ ਹੀ ਇਸ ਫਿਲਮ ਦਾ ਸਕਰਾਤਮਕ ਪੱਖ ਹੈ। ਪਰ ਇਸ ਨਾਲ ਭਿੜਦੇ ਹੋਏ ਫ਼ਿਲਮਕਾਰ, ਨਿਰਦੇਸ਼ਕ ਅਤੇ ‘ਨਾਇਕ’ ਨੇ ਮੰਡੀ ਦੇ ਸੱਭਿਆਚਾਰ ਦਾ ਪੱਖ ਲਿਆ ਹੈ।

ਫ਼ਿਲਮ ਦਾ ਕੇਂਦਰ ਤਿੰਨ ਕੁੜੀਆਂ ਹਨ, ਜੋ ਆਪਣੇ ਘਰਾਂ ਅਤੇ ਸਮਾਜ ਦੇ ਜਗੀਰੂ ਬੰਧਨਾਂ ਨੂੰ ਤੋੜ ਕੇ ਦਿੱਲੀ ਦੇ ਇੱਕ ਫਲੈਟ ’ਚ ਰਹਿੰਦੀਆਂ ਹਨ, ਪਰ ਉਹ ਪਹਿਲਾਂ ਹੀ ਇੰਨਾ ਜਗੀਰੂ ਜਕੜ ’ਚ ਨਹੀਂ ਸਨ ਜਿੰਨਾ ਕਿ ਭਾਰਤ ਦੀ ਇੱਕ ਵੱਡੀ ਔਰਤ ਆਬਾਦੀ ਜਕੜੀ ਹੋਈ ਹੈ ਅਤੇ ਇਸਤੋਂ ਦੁਖੀ ਹੈ। ਇਹ ‘ਵਰਕਿੰਗ ਵੂਮੇਨ’ ਹਨ, ਜੋ ਆਪਣੇ ਬਲ ’ਤੇ ਆਪਣਾ ਖਰਚਾ ਚਲਾਉਂਦੀਆਂ ਹਨ, ਸਗੋਂ ਇਹਨਾਂ ਵਿੱਚ ਇੱਕ ਕੁੜੀ ਆਪਣੇ ਘਰ ਵਿੱਚ ਇੱਕਲੀ ਹੀ ਕਮਾਉਣ ਵਾਲੀ ਹੈ ਅਤੇ ਭਰਾ ਦੀ ਬਿਮਾਰੀ ਦਾ ਖਰਚ ਚੱਕ ਰਹੀ ਹੈ, ਜਿਸ ਲਈ ਉਸਨੂੰ ਸਮੇਂ–ਸਮੇਂ ’ਤੇ ਕਰਜ਼ਾ ਵੀ ਲੈਣਾ ਪੈਂਦਾ ਹੈ। ਇਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਣ ਵਾਲੀਆਂ ਕੁੜੀਆਂ ਹਨ।

ਇੱਕ ਦਿਨ ਇਹ ਕੁੜੀਆਂ ਆਪਣੇ ਇੱਕ ਵਾਕਫ਼ ਮਿੱਤਰ ਦੇ ਅਣਜਾਣ ਦੋਸਤਾਂ ਨਾਲ ਇੱਕ ਰਿਜ਼ੋਰਟ ’ਚ ਪਾਰਟੀ ਲਈ ਜਾਂਦੀਆਂ ਹਨ, ਜਿੱਥੇ ਉਹ ਰਾਤ ਦੇ ਖਾਣੇ ਨਾਲ ਡ੍ਰਿੰਕ (ਦਾਰੂ) ਵੀ ਪੀ ਲੈਂਦੀਆਂ ਹਨ, ਆਪਸ ਵਿੱਚ ਉਹ ਅਸ਼ਲੀਲ ਮਜ਼ਾਕ ਕਰਦੀਆਂ ਅਤੇ ਸੁਣਦੀਆਂ ਹਨ, ਫੇਰ ਉਹ ਮੁੰਡੇ ਇਹਨਾਂ ਕੁੜੀਆਂ ਨਾਲ ਨਾਪਾਕ ਹਰਕ਼ਤ ਕਰਦੇ ਹਨ। ਉਹਨਾਂ ’ਚੋਂ ਇੱਕ ਮੁੰਡਾ ਕਾਫ਼ੀ ਅੱਗੇ ਵੱਧ ਜਾਂਦਾ ਹੈ ਅਤੇ ਉਸਦੇ ਕਬਜ਼ੇ ਤੋਂ ਖ਼ੁਦ ਨੂੰ ਛੁਡਾਉਣ ਲਈ ਇੱਕ ਕੁੜੀ ਉਸਦੇ ਸਿਰ ’ਤੇ ਕੱਚ ਦੀ ਬੋਤਲ ਨਾਲ ਵਾਰ ਕਰਦੀ ਹੈ ਅਤੇ ਤਿੰਨੋ ਕੁੜੀਆਂ ਉੱਥੋਂ ਭੱਜ ਜਾਂਦੀਆਂ ਹਨ। ਹਸਪਾਤਾਲੋਂ ਮੁੜਨ ਤੋਂ ਬਾਅਦ ਉਹ ਮੁੰਡੇ ਉਨ੍ਹਾਂ ਨੂੰ ਧਮਕੀਆਂ ਦੇਣਾ ਸ਼ੁਰੂ ਕਰ ਦਿੰਦੇ ਹਨ। ਕੁੜੀਆਂ ਪੁਲਿਸ ਕੋਲ ਜਾਂਦੀਆਂ ਹਨ ਉੱਥੇ ਉਹਨਾਂ ਦੀ ਰਿਪੋਰਟ ਨਹੀਂ ਲਿਖੀ ਜਾਂਦੀ, ਸਗੋਂ ਜ਼ਖਮੀ ਮੁੰਡਾ ਮਾਣਯੋਗ ਮੰਤਰੀ ਦਾ ਭਤੀਜਾ ਹੈ, ਇਸ ਕਰਕੇ ਉਸਦੇ ਵੱਲੋਂ ਤਿੰਨਾਂ ਕੁੜੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ਼ ਹੋ ਜਾਂਦਾ ਹੈ। ਹਮਲਾ ਕਰਨ ਵਾਲੀ ਕੁੜੀ ਜੇਲ੍ਹ ਵੀ ਪਹੁੰਚ ਜਾਂਦੀ ਹੈ। ਕੁੜੀਆਂ ਦੇ ਵਕੀਲ ਦੇ ਰੂਪ ਵਿੱਚ ਅਮਿਤਾਭ ਬੱਚਨ ਦਾ ਆਗਮਨ ਹੁੰਦਾ ਹੈ ਜੋ ਉਹਨਾਂ ਦੇ ਗੁਆਂਢ ਵਿੱਚ ਰਹਿੰਦਾ ਹੈ ਅਤੇ ਪਹਿਲਾਂ ਤੋਂ ਹੀ ਉਹਨਾਂ ’ਤੇ ਨਜ਼ਰ ਵੀ ਰੱਖਦਾ ਹੈ। ਉਹ ਕੁੜੀ ਦੀ ਜ਼ਮਾਨਤ ਕਰਾ ਲੈਂਦੇ ਹਨ ਅਤੇ ਫ਼ਿਰ ਅਦਾਲਤ ’ਚ ਮੁਕੱਦਮਾ ਸ਼ੁਰੂ ਕਰਦੇ ਹਨ।

ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਣ ਵਾਲੀਆਂ ਕੁੜੀਆਂ ਲਈ ਸਮਾਜ ਵਿੱਚ ਜੋ ਕਾਲਪਨਿਕ ਧਾਰਨਾਵਾਂ ਹਨ, ਉਹਨਾਂ ਨੂੰ ਵਿਰੋਧੀ ਵਕੀਲ ਰਾਹੀਂ ਚੱਕ ਕੇ, ਕੋਰਟ ਵਿੱਚ ਉਹਨਾਂ ’ਤੇ ਚੰਗਾ ਹਮਲਾ ਕੀਤਾ ਗਿਆ ਹੈ, ਇਹ ਹੀ ਇਸ ਫਿਲਮ ਦਾ ਚੰਗਾ ਲੱਗਣ ਵਾਲਾ ਪੱਖ ਹੈ। ਅਖੀਰ ਵਿੱਚ ਕੁੜੀਆਂ ਬਰੀ ਹੋ ਜਾਂਦੀਆਂ ਹਨ ਅਤੇ ਤਿੰਨਾਂ ਮੁੰਡਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ। ਕੁੜੀਆਂ ਸੁੰਨ ਹੋ ਕੇ ਨਾਇਕ ਦਾ ਧੰਨਵਾਦ ਕਰਦੀਆਂ ਹਨ ਅਤੇ ਇੱਥੇ ਫਿਲਮ ਖ਼ਤਮ ਹੋ ਜਾਂਦੀ ਹੈ। ਹੁਣ ਜੇ ਫਿਲਮ ਦੇ ਜ਼ਰੀਏ ਅਸੀਂ ਔਰਤ–ਮੁਕਤੀ ਦੇ ਰਾਹ ਦੀ ਗੱਲ ਕਰੀਏ ਤਾਂ ਸਾਡੇ ਹੱਥ ਖ਼ਾਲੀ ਹੀ ਰਹਿੰਦੇ ਹਨ।

ਅੱਜਕੱਲ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਕੁੜੀਆਂ ਦੀ ਗਿਣਤੀ ਵਧੇਰੇ ਹੈ ਜੋ ਜਗੀਰੂ ਕੈਦ ਨੂੰ ਕਾਫ਼ੀ ਹੱਦ ਤੱਕ ਤੋੜ ਕੇ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਲਈ ਜੂਝ ਰਹੀਆਂ ਹਨ ਅਤੇ ਜਿਉਂ ਵੀ ਰਹੀਆਂ ਹਨ। ਉਹ ਆਪਣੀ ਇਸ ਆਜ਼ਾਦੀ ਨੂੰ ਮਾਣਨਾ ਚਾਹੁੰਦੀਆਂ ਹਨ ਅਤੇ ਉਹਨਾਂ ਦੇ ਇਸ ਅਹਿਸਾਸ (ਇੱਛਾ) ਨੂੰ ਮੁਨਾਫ਼ੇ ਵਿੱਚ ਬਦਲਣ ਲਈ ਸਾਮਰਾਜਵਾਦੀ ਮੰਡੀ ਤਿਆਰ ਬੈਠੀ ਹੈ। ਭਾਂਤ- ਭਾਂਤ ਦੇ ਨਾਇਟ ਕੱਲਬ, ਰਿਜ਼ੋਰਟ, ਡਾਂਸ ਕੱਲਬ, ਬਾਰ ਇਹਨਾਂ ਨੂੰ ਆਜ਼ਾਦੀ ਨੂੰ ਮਨਾਉਣ ਦਾ ਸੱਦਾ ਦਿੰਦੇ ਹਨ ਤਾਂ ਜੋ ਇੱਥੇ ਆਉਣ ਵਾਲਿਆਂ ਦੀ ਮਹਿਨਤ ਦੀ ਕਮਾਈ ਉਹਨਾਂ ਦੇ ਮੁਨਾਫ਼ੇ ਵਿੱਚ ਬਦਲ ਸਕੇ। ਪਹਿਲਾਂ ਇਹਨਾਂ ਵਿੱਚ ਸਿਰਫ਼ ਅਮੀਰ ਘਰਾਂ ਦੇ ਮੁੰਡੇ ਕੁੜੀਆਂ ਹੀ ਜਾਂਦੇ ਸੀ ਪਰ ਹੁਣ ਇਸਦਾ ਪਸਾਰ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਇਸ ਪਾਸੇ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ। ਜਗੀਰੂ ਜਕੜ ਨੂੰ ਤੋੜਣ ਲਈ ਵੱਖ-ਵੱਖ ਪੱਧਰਾਂ ’ਤੇ ਜੂਝ ਰਹੀਆਂ ਕੁੜੀਆਂ ਨੂੰ ਵੀ ਝਿਜਕ ਛੱਡ ਕੇ ਇਸਨੂੰ ਅਪਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪਿੰਕ ਵੀ ਕਹਿੰਦੀ ਹੈ – “ਕੁੜੀਆਂ ਆਪਣੀ ਮੁਕਤੀ ਲਈ ਇਸ ਪਾਸੇ ਵਧਣ, ਆਜ਼ਾਦੀ ਨੂੰ ਇਸੇ ਢੰਗ ਨਾਲ ਮਾਣੋ।”

ਫਿਲਮ ਦੀ ਇੱਕ ਕਿਰਦਾਰ ਫ਼ਲਕ ਅਲੀ ਜਿਸਦੀ ਆਪਣੀ ਆਰਥਿਕ ਸਮਰੱਥਾ ਵੀ ਐਨੀ ਨਹੀਂ ਹੈ ਕਿ ਉਹ ਐਵੇਂ ਦੇ ਰਿਜ਼ੋਰਟ ’ਚ ਖਾਣਾ ਖਾਣ, ਦਾਰੂ ਪੀਣ ਅਤੇ ਆਨੰਦ ਮਾਨਣ ਲਈ ਜਾ ਸਕੇ, ਪਰ ਉਹ ਦੂਜਿਆਂ ਦੇ ਪੈਸਿਆਂ ਦੀ ਤਾਕਤ ’ਤੇ, ਜਿਹੜੇ ਉਸ ਲਈ ਅਣਜਾਣ ਵੀ ਹਨ; ਜਾਂਦੀ ਹੈ। ਪਰ ਕੋਰਟ ਵਿੱਚ ਖਿੱਝ ਕੇ ਉਹ ਆਪਣੀ ਵਰਕਿੰਗ ਵੂਮੇਨ ਦੀ ਕੁਦਰਤੀ ਚੇਤਨਾ ’ਚੋਂ ਬੋਲ ਪੈਂਦੀ ਹੈ – “ਹਾਂ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ, ਉਸ ਦਿਨ ਤੋਂ ਅੱਜ ਤੱਕ ਮੈਨੂੰ ਇਸੇ ਗੱਲ ਦਾ ਦੁੱਖ ਹੈ।” ਕਿੰਤੂ ਕੁੜੀਆਂ ਦੇ ਵਕੀਲ ਬਣੇ ਅਮਿਤਾਭ ਬੱਚਨ, ਜਿਹੜੇ ਕਿ ਫਿਲਮ ਦੇ ਨਾਇਕ ਮਤਲਬ ਫਿਲਮ ਦੀ ਅਸਲ ਆਵਾਜ਼ ਹਨ, ਜੋ ਕਿ ਨਿਰਦੇਸ਼ਕ ਦੀ ਆਵਾਜ਼ ਹੈ, ਜਿਹੜੇ ਕਿ ਮੰਡੀ ਦੇ ਦੌਰ ਦੇ, ਸਾਮਰਾਜਵਾਦੀ ਰਾਜ ਦੇ ਵਕੀਲ ਹਨ, ਉਹ ਇਸਨੂੰ ਜਾਇਜ਼ ਠਹਿਰਾਉਂਦੇ ਹਨ। ਉਹ ਇਹ ਤਰਕ ਦਿੰਦੇ ਹਨ ਕਿ ਜਦੋਂ ਮੁੰਡੇ ਦਾਰੂ ਪੀ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ, ਜਦੋਂ ਮੁੰਡੇ ਨਾਈਟ ਕਲੱਬ, ਬਾਰ, ਡਿਸਕੋ, ਵੱਡੇ ਰਿਜ਼ੋਰਟ ’ਚ ਪਾਰਟੀਆਂ ਕਰਕੇ ਪੈਸਾ ਉਡਾ ਸਕਦੇ ਹਨ ਤਾਂ ਕੁੜੀਆਂ ਕਿਉਂ ਨਹੀਂ। ਇਹ ਔਰਤਾਂ ਦੀ ਮਰਦਾਂ ਨਾਲ ਬਰਾਬਰੀ ਦੀ ਝੂਠੀ ਨਾਰੀਵਾਦੀ ਅਤੇ ਪੂੰਜੀਵਾਦੀ ਪਰਿਭਾਸ਼ਾ ਹੈ, ਜਿਸ ਵਿੱਚ ਮੁੱਢਲੀ ਗੱਲ ਇਹ ਹੈ ਕਿ ਔਰਤਾਂ ਆਪਣੇ ਜਿਸਮ ਨੂੰ ‘ਮਾਲ’ ਦੇ ਰੂਪ ’ਚ ਵਰਤਣ ਲਈ ਆਜ਼ਾਦ ਹਨ। ਇਸੇ ਤਰਕ ਦੇ ਅਧਾਰ ਉੱਤੇ ਉਹ ਵੇਸਵਾਗਰੀ ਨੂੰ ਵੀ ਕਾਨੂੰਨਨ ਇੱਕ ਪੇਸ਼ੇ ਦੇ ਤੌਰ ’ਤੇ ਮਾਨਤਾ ਦੇਣ ਦੀ ਵਕਾਲਤ ਕਰਦਾ ਹੈ। ਫਿਲਮ ਵੀ ਇਸੇ ਤਰਾਂ ਦੀ ਬਰਾਬਰੀ ਦੀ ਗੱਲ ਕਰਦੀ ਹੈ।

ਇੱਕ ਫਿਲਮ ‘ਸੇਂਚੁਰੀ ਆਫ਼ ਦਾ ਸੇਲ੍ਫ਼’ ਵਿੱਚ ਇਸ ਗੱਲ ਨੂੰ ਚੰਗੇ ਢੰਗ ਨਾਲ ਦਿਖਾਇਆ ਗਿਆ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਪੂੰਜੀਪਤੀਆਂ ਅਤੇ ਸਾਮਰਾਜਵਾਦੀਆਂ ਨੇ ਆਪਣੀ ਮੰਡੀ ਵਧਾਉਣ ਲਈ ਲੋਕਾਂ ਦੇ ਦਿਮਾਗਾਂ ’ਤੇ ਕਬਜ਼ੇ ਕਰਨ ਲਈ ਕਿਸ ਕਿਸਮ ਦੇ ਤਜ਼ਰਬੇ ਕੀਤੇ। ਉਹਨਾਂ ’ਚੋਂ ਇੱਕ ਹੈ – ਔਰਤਾਂ ਦਾ ਸਿਗਰਟ ਪੀਣ ਨੂੰ ਉਹਨਾਂ ਦੀ ਆਜ਼ਾਦੀ ਨਾਲ ਜੋੜਨਾ। ਉਹਨਾਂ ਨੇ ਸਿਗਰਟ ਦੇ ਇਸ਼ਤਿਹਾਰ ਵਿੱਚ ਮਹਿਲਾਵਾਂ ਨੂੰ ਵਰਤਿਆ ਅਤੇ ਉਹਨਾਂ ਦੀ ਸਥਿਰ ਹੁੰਦੀ ਮੰਡੀ ਚਾਣ-ਚੱਕ ਵੱਧਣ ਲੱਗੀ। ਲਿੰਗ ਬਰਾਬਰੀ ਦੇ ਨਜ਼ਰੀਏ ਤੋਂ ਵੇਖਾਂਗੇ ਤਾਂ ਇਹ ਸਭ ਸਹੀ ਵੀ ਹੈ ਕਿ ਸਿਗਰੇਟ ਜਾਂ ਸ਼ਰਾਬ ਪੀਣ ਦਾ ਚਾਹ ਕਿਸੇ ਦੀ ਵੀ ਨਿੱਜੀ ਖਵਾਇਸ਼ ਹੈ ਅਤੇ ਇਸ ਵਿੱਚ ਮਰਦ ਜਾਂ ਔਰਤ ਹੋਣ ਕਰਕੇ ਠੀਕ ਜਾਂ ਗਲਤ ਕਰਾਰ ਦੇਣਾ ਗਲਤ ਹੈ। ਇਸੇ ਤਰ੍ਹਾਂ ਬਾਰ, ਪੱਬ ਜਾਂ ਨਾਈਟ ਕਲੱਬ ’ਚ ਜਾਣਾ ਕਿਸੇ ਵੀ ਮਹਿਲਾ ਦੀ ਨਿੱਜੀ ਆਜ਼ਾਦੀ ਦੀ ਗੱਲ ਹੈ ਅਤੇ ਇਸ ਆਜ਼ਾਦੀ ’ਤੇ ਜਦੋਂ ਵੀ ਹਮਲਾ ਹੁੰਦਾ ਹੈ ਤਾਂ ਅਸੀਂ ਜਾਣ ਵਾਲੀਆਂ ਔਰਤਾਂ ਦੇ ਹੱਕ ’ਚ ਹੀ ਖੜੇ ਹੋਵਾਂਗੇ। ਪਰ ਸਿਆਸੀ ਜਾਂ ਜਮਾਤੀ ਪੱਖ ਤੋਂ ਵੇਖਾਂਗੇ ਤਾਂ ਇਸਦੇ ਇਸ ਪਹਿਲੂ ਨੂੰ ਵੀ ਅਣ-ਦੇਖਿਆ ਨਹੀਂ ਕੀਤਾ ਜਾ ਸਕਦਾ ਕਿ ਇਹ ਔਰਤਾਂ ਦੇ ਅੰਦਰ ਸੁਭਾਵਿਕ ਹੀ ਉੱਠੀ ਮੰਗ ਹੈ ਜਾਂ ਇਸਨੂੰ ਮੰਡੀ ਦੀਆਂ ਤਾਕਤਾਂ ਨੇ ਪੈਦਾ ਕੀਤਾ ਹੈ ? ਇਹ ਪ੍ਰਬੰਧ ਸਾਡੀ ਆਜ਼ਾਦੀ ਦੀ ਚਾਹ ਨੂੰ ਆਪਣੇ ਨਫ਼ੇ ਲਈ ਵਰਤਦਾ ਹੈ। ‘ਪਿੰਕ’ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਨ ਤੋਂ ਜ਼ਿਆਦਾ ਇਸ ਸਾਜਿਸ਼ ਦਾ ਹਿੱਸਾ ਲਗਦੀ ਹੈ।

ਔਰਤ ਆਜ਼ਾਦੀ ਦੀ ਸਹਿਜ-ਸੁਭਾਅ ਮੰਗ ਤਾਂ ਇਹ ਹੈ ਕਿ ਸਾਨੂੰ ਘਰ ਦੇ ਅੰਦਰ ਅਤੇ ਬਾਹਰ ਬਰਾਬਰੀ ਦਾ ਵਤੀਰਾ ਮਿਲੇ ਨਾ ਕਿ ‘ਸੈਕੰਡ ਸੈਕਸ’ ਵਾਂਗ। ਸਾਨੂੰ ਆਪਣੀ ਇੱਛਾ ਦੇ ਵਿਸ਼ੇ ਲੈ ਕੇ ਆਪਣੀ ਮਰਜ਼ੀ ਦੇ ਸਕੂਲਾਂ ਜਾਂ ਕਾਲਜਾਂ ’ਚ ਪੜਨ ਦਿੱਤਾ ਜਾਵੇ, ਮਨ ਭਾਉਂਦੇ ਹਮਸਫ਼ਰ ਦੀ ਚੋਣ ਕਰਨ ਅਤੇ ਉਸਨੂੰ ਠੁਕਰਾਉਣ ਦਾ ਵੀ ਅਧਿਕਾਰ ਮਿਲੇ, ਬੱਚੇ ਕਿੰਨੇ ’ਤੇ ਕਦੋਂ ਪੈਦਾ ਕਰਨੇ ਹਨ, ਇਸ ਵਿੱਚ ਉਸਦਾ ਮੱਤ ਵੀ ਸ਼ਾਮਿਲ ਕਰਨ ਦਾ ਹੱਕ ਮਿਲੇ, ਆਪਣੀ ਮਰਜ਼ੀ ਨਾਲ ਨੌਕਰੀ ਕਰਨ ਅਤੇ ਛੱਡਣ ਦਾ ਅਧਿਕਾਰ ਅਤੇ ਆਪਣੀ ਜਾਇਦਾਦ ਨੂੰ ਆਪਣੇ ਤਰੀਕੇ ਨਾਲ ਵਰਤਣ ਦਾ ਹੱਕ ਮਿਲੇ। ਭਾਰਤ ਦੀਆਂ ਬਹੁਗਿਣਤੀ ਔਰਤ ਆਬਾਦੀ ਤਾਂ ਹਾਲੇ ਇਹਨਾਂ ਹੱਕਾਂ ਤੋਂ ਵਾਂਝੀ ਹੈ ਅਤੇ ਇਹਨਾਂ ਲਈ ਲੜ੍ਹ ਰਹੀ ਹੈ। ਜਦਕਿ ਮੁਕਤੀ ਦੇ ਇਹਨਾਂ ਸਵਾਲਾਂ ਦੀ ਫਿਲਮ ਗੱਲ ਤੱਕ ਨਹੀਂ ਕਰਦੀ ਹੈ। ਫਿਲਮ ਦੇਖਦੇ ਹੀ 70ਵਿਆਂ ਦਾ ਮਥੁਰਾ ਬਲਾਤਕਾਰ ਕਾਂਡ ਚੇਤੇ ਆ ਗਿਆ, ਜਿਸਦੇ ਵਿੱਚ ਮਥੁਰਾ ਨਾਂ ਦੀ ਆਦਿਵਾਸੀ ਕੁੜੀ ਦਾ ਪੁਲਿਸ ਥਾਣੇ ਵਿੱਚ ਪੁਲਿਸ ਦੇ ਲੋਕਾਂ ਵੱਲੋਂ ਬਲਾਤਕਾਰ ਕੀਤਾ ਗਿਆ ਸੀ। ਜਦੋਂ ਇਹ ਕੇਸ ਕੋਰਟ ’ਚ ਗਿਆ ਤਾਂ ਪੁਲਿਸ ਨੇ ਇਹ ਦਲੀਲ ਦਿੱਤੀ ਕਿ “ਮਥੁਰਾ ਸੈਕਸ ਦੀ ਆਦੀ ਸੀ” ਅਤੇ ਕੋਰਟ ਨੇ ਵੀ ਇਸ ਅਧਾਰ ’ਤੇ ਪੁਲਸੀਆਂ ਨੂੰ ਬਰੀ ਕਰ ਦਿੱਤਾ ਕਿ ਪੁਲਿਸ ਵਾਲਿਆਂ ਅਤੇ ਮਥੁਰਾ ਦੇ ਜਿਸਮ ’ਤੇ ਕੋਈ ਵੀ ਸੱਟ ਜਾਂ ਝਰੀਟ ਦਾ ਨਿਸ਼ਾਨ ਨਹੀਂ ਹੈ, ਜਿਸਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਜ਼ਬਰ-ਜਿਨਾਹ ਨਹੀਂ ਬਲਕਿ ਦੋ-ਤਰਫੀ ਮੰਜੂਰੀ ਨਾਲ ਹੋਇਆ ਸੈਕਸ ਹੈ।

ਭੰਵਰੀ ਦੇਵੀ ਬਲਾਤਕਾਰ ’ਚ ਕੋਰਟ ਅੰਦਰ ਬਹਿਸ ਇਸ ਗੱਲ ’ਤੇ ਸੀ ਕਿ ਭੰਵਰੀ ਕਿਓਂਕਿ ਦਲਿਤ ਜਾਤ ਦੀ ਸੀ, ਇਸ ਲਈ ਉੱਚੀ ਜਾਤ ਦੇ ਦੋਸ਼ੀ ਮਰਦ ਉਸਨੂੰ ਛੋਹ ਵੀ ਕਿਵੇਂ ਸਕਦੇ ਹਨ। ਇਸੇ ਤਰਕ ਉੱਤੇ ਕੋਰਟ ਨੇ ਉਹਨਾਂ ਉੱਚੀ ਜਾਤ ਦੇ ਗੁਨਾਹਗਾਰਾਂ ਨੂੰ ਬਰੀ ਕਰ ਦਿੱਤਾ ਸੀ। ਇਹ ਸਾਫ਼ ਹੈ ਕਿ ਕਿਓਂਕਿ ਇਹ ਔਰਤਾਂ ਆਦਿਵਾਸੀ, ਦਲਿਤ, ਪੇਂਡੂ ਹਨ ਅਤੇ ਗਰੀਬ ਪਿਛੋਕੜ ਤੋਂ ਸਨ ਇਸ ਲਈ ਕੋਰਟ ਵੀ ਇਹਨਾਂ ਦੇ ਮਾਮਲਿਆਂ ’ਚ ‘ਰਜ਼ਾਮੰਦੀ’ ਨੂੰ ਇਸੇ ਪੱਖ ਤੋਂ ਵੇਖਦੀ ਹੈ ਅਤੇ ਉਹਨਾਂ ਦੀ ‘ਨਾ’ ਉਸਦੀ ਸਮਝ ਤੋਂ ਦੂਰ ਹੈ। ਇਸਤੋਂ ਇਲਾਵਾ ਬਸਤਰ ’ਚ ਭਾਰਤੀ ਫੌਜ ਵੱਲੋਂ ਉੱਥੇ ਦੀਆਂ ਔਰਤਾਂ ਦੇ ਬਲਾਤਕਾਰ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਉਹਨਾਂ ਦੀ ਤਾਂ ਕਿਸੇ ਵੀ ‘ਨਾ’ ਦਾ ਕੋਈ ਅਰਥ ਨਹੀਂ ਹੈ, ਪਰ ਫਿਲਮ ਬਣਾਉਣ ਵਾਲਿਆਂ ਦੀ ਨਿਗਾਹ ਉਸ ਪਾਸੇ ਕਿਉਂ ਜਾਓ? ਉਹਨਾਂ ਦੀ ‘ਟਾਰਗੇਟ ਆਡੀਆਂਸ’ ਤਾਂ ਸ਼ਹਿਰਾਂ ’ਚ ਵੱਸਣ ਵਾਲੀਆਂ ਉਹ ਕੁੜੀਆਂ ਹਨ, ਜੋ ਜਗੀਰੂ ਜਕੜ ’ਚੋਂ ਮੁਕਤ ਹੋ ਰਹੀਆਂ ਹਨ। ਉਹਨਾਂ ਨੂੰ ਹੀ ਫਿਲਮ ’ਚ ਕਿਹਾ ਗਿਆ ਹੈ ਕਿ “ਆਓ ਅਤੇ ਇੱਥੇ ਪੈਸੇ ਖਰਚ ਕਰਕੇ ਆਪਣੀ ਆਜ਼ਾਦੀ ਨੂੰ ‘ਸੈਲੀਬ੍ਰੇਟ’ ਕਰੋ। ਖਾਓ, ਪੀਓ, ਮੌਜ ਕਰੋ ਅਤੇ ਸਭ ਕੁਝ ਭੁੱਲ ਕੇ ਸਿਰਫ਼ ਆਪਣੀ ਆਜ਼ਾਦੀ ਨਾਲ ਮਤਲਬ ਰੱਖੋ। ਇਸ ਆਜ਼ਾਦੀ ਨੂੰ ਮਾਣਦੇ ਹੋਏ ਜੇ ਕਿਤੇ ਤੁਸੀਂ ਫ਼ਸ ਵੀ ਗਈਆਂ, ਤਾਂ ਕੋਈ ਕਾਬਿਲ ਵਕੀਲ ਅਤੇ ਕੋਰਟ ਹੀ ਤੁਹਾਨੂੰ ਬਚਾਵੇਗਾ, ਕੋਈ ਔਰਤ ਜਥੇਬੰਦੀ, ਔਰਤ ਅੰਦੋਲਨ ਜਾਂ ਸੜਕਾਂ ਉੱਤੇ ਉਤਰਿਆ ਹਜੂਮ ਨਹੀਂ।” ਫਿਲਮ ਦਾ ਪੋਸਟਰ ਵੀ ਐਵੇਂ ਦਾ ਹੀ ਬਣਾਇਆ ਗਿਆ ਹੈ, ਜਿਸ ਵਿੱਚ ਵਕੀਲ ਦੇ ਰੂਪ ’ਚ ਅਮਿਤਾਭ ਬੱਚਨ ਤਿੰਨਾਂ ਕੁੜੀਆਂ ਦੇ ਰਖਵਾਲੇ ਦੇ ਰੂਪ ਵਿੱਚ ਹਨ।

ਬੇਸ਼ਕ ਫਿਲਮ ਵਿੱਚ ਔਰਤਾਂ ਦੇ ਲਈ ਸਮਾਜ ਦੇ ਜਗੀਰੂ ਨਜ਼ਰੀਏ ’ਤੇ ਸਵਾਲ ਖੜਾ ਕੀਤਾ ਗਿਆ ਹੈ, ਪਰ  ਬਦਲ ਦੇ ਬਤੌਰ ਉਸਨੂੰ ਸਾਮਰਾਜਵਾਦੀ ਮੰਡੀ ਦੇ ਪਸਾਰ ਨਾਲ ਜੋੜ ਦਿੱਤਾ ਗਿਆ ਹੈ। ਅਸਲ ਵਿੱਚ ਮੁਕਤੀ ਅਤੇ ਆਜ਼ਾਦੀ ਦੇ ਸਵਾਲ ਨੂੰ ਉਠਾਉਣਾ ਸੌਖਾ ਹੈ ਪਰ ਇਸਦਾ ਬਦਲ ਦੇਣਾ ਸਮਝਦਾਰੀ ਦੀ ਮੰਗ ਕਰਦਾ ਹੈ ਅਤੇ ਇੱਥੇ ਹੀ ਮੁਕਤੀਬੋਧ ਦਾ ਇਹ ਸਵਾਲ ਉੱਠਦਾ ਹੈ ਕਿ “ਕਾਮਰੇਡ ਤੁਹਾਡੀ ਰਾਜਨੀਤੀ ਕੀ ਹੈ” ਅਤੇ ਇੱਥੇ ਪਿੰਕ ਬਣਾਉਣ ਵਾਲੀ ਪੂਰੀ ਟੀਮ ਸਾਮਰਾਜੀ ਮੰਡੀ ਨਾਲ ਖਲੋਤੀ ਦਿਖਦੀ ਹੈ, ਜੋ ਔਰਤਾਂ ਨੂੰ ਵੀ ‘ਮਾਲ’ ਬਣਾਕੇ ਉਹਨਾਂ ਦੀ ਲੁੱਟ ਕਰਦੀ ਹੈ। ਜਗੀਰੂ ਪ੍ਰਬੰਧ ਵਿੱਚ ਔਰਤਾਂ ਦੀ ਲੁੱਟ ਉਹਨਾਂ ਦੀ ‘ਰਜ਼ਾਮੰਦੀ’ ਤੋਂ ਬਿਨ੍ਹਾਂ ਹੁੰਦੀ ਹੈ ਅਤੇ ਪੂੰਜੀਵਾਦੀ-ਸਾਮਰਾਜੀ ਰਾਜ ਵਿੱਚ ਉਹਨਾਂ ਦੀ ‘ਰਜ਼ਾਮੰਦੀ’ ਨਾਲ ਹੁੰਦੀ ਹੈ। ਫਿਲਮ ਦਾ ਪੂਰਾ ਜ਼ੋਰ ਸਿਰਫ਼ ਇਸ ‘ਰਜ਼ਾਮੰਦੀ’ ’ਤੇ ਹੀ ਹੈ, ਭਾਵੇਂ ਇਹ ਰਜ਼ਾਮੰਦੀ ਕਿਸੇ ਮਜ਼ਬੂਰੀ ਜਾਂ ਗਰੀਬੀ ਦੇ ਭਾਰ ਹੇਠ ਆ ਕੇ ਹੀ ਕਿਉਂ ਨਾ ਦਿੱਤੀ ਗਈ ਹੋਵੇ।

ਤਰਜ਼ਮਾ : ਅਰਪਨ

Leave a Reply

Your email address will not be published. Required fields are marked *

Social profiles